ਸਿੱਖਿਆ ਵਿਭਾਗ ਦੀ ਡਿਜ਼ੀਟਲ ਪੜ੍ਹਾਈ
ਕਰੋਨਾ ਦੀ ਲਪੇਟ ਵਿੱਚ ਆਏ ਸਾਰੇ ਮੁਲਕ ਦੇ ਲੋਕ ਆਪੋ-ਆਪਣੇ ਘਰਾਂ ਵਿੱਚ ਤੜਨ ਲਈ ਮਜ਼ਬੂਰ ਹਨ ਅਤੇ ਹਰ ਪ੍ਰਕਾਰ ਦੇ ਕੰਮ-ਕਾਰ ਤੋਂ ਵਿਹਲੇ ਹੋ ਕੇ ਔਖੇ-ਸੌਖੇ ਆਪਣਾ ਵਕਤ ਗੁਜ਼ਾਰ ਰਹੇ ਹਨ। ਸਾਰੇ ਮੁਲਕ ਵਿੱਚ ਲਾਕਡਾਊਨ ਦੀ ਸਥਿਤੀ ਕਾਰਨ ਹੁਣ ਤੱਕ ਸਿਰਫ ਪੁਲਿਸ ਪ੍ਰਸ਼ਾਸਨ, ਸਿਹਤ ਵਿਭਾਗ ਅਤੇ ਨਗਰ ਨਿਗਮ ਦੇ ਮੁਲਾਜ਼ਮਾਂ ਹੀ ਲੋਕਾਂ ਦੀ ਸੁਰੱਖਿਆ, ਇਲਾਜ ਅਤੇ ਜਰੂਰਤਾਂ ਪੂਰੀਆਂ ਕਰਨ ਲਈ ਪੂਰੀ ਮੁਸ਼ਤੈਦੀ ਨਾਲ ਡਟੇ ਹੋਏ ਸਨ ਪਰੰਤੂ ਪਿਛਲੇ ਕੁਝ ਸਮੇਂ ਤੋਂ ਸਿੱਖਿਆ ਵਿਭਾਗ ਵੀ ਪੂਰੇ ਜੋਸ਼ੋ-ਖਰੋਸ਼ ਨਾਲ ਆਪਣੇ ਵਿਦਿਆਰਥੀਆਂ ਦੀ ਪੜ੍ਹਾਈ ਲਈ ਲਾਮਬੰਦ ਹੋ ਕੇ ਸਾਹਮਣੇ ਆਇਆ ਹੈ।
ਸਿੱਖਿਆ ਸਕੱਤਰ ਸ੍ਰੀ ਕ੍ਰਿਸ਼ਨ ਕੁਮਾਰ ਦੀ ਸੂਝ-ਬੂਝ ਅਤੇ ਯੋਗ ਅਗਵਾਈ ਸਦਕਾ ਅੱਜ ਪੰਜਾਬ ਭਰ ਦੇ ਅਧਿਆਪਕ ਆਪਣੇ ਵਿਦਿਆਰਥੀਆਂ ਨੂੰ ਆਨਲਾਈਨ ਸਿੱਖਿਆ ਮੁਹੱਈਆ ਕਰਵਾ ਰਹੇ ਹਨ। ਅਧਿਆਪਕਾਂ ਦੁਆਰਾ ਬੱਚਿਆਂ ਨੂੰ ਘਰ ਬੈਠੇ-ਬੈਠੇ ਪੜ੍ਹਾਉਣਾ ਕੋਈ ਇੱਕ ਫੁਰਨਾ ਨਹੀਂ ਸੀ ਕਿ ਕਿਸੇ ਦੇ ਮਨ ਵਿੱਚ ਆਇਆ ਤਾਂ ਆਨਲਾਈਨ ਪੜ੍ਹਾਈ ਦਾ ਕੰਮ ਸ਼ੁਰੂ ਹੋ ਗਿਆ।
ਇਸ ਕੰਮ ਲਈ ਸਿੱਖਿਆ ਸਕੱਤਰ ਵੱਲੋਂ ਇੱਕ ਪੂਰੀ ਰਣਨੀਤੀ ਤਿਆਰ ਕੀਤੀ ਗਈ, ਜਿਸ ਦੇ ਤਹਿਤ ਉਨ੍ਹਾਂ ਵੱਲੋਂ ਇਕ ਟੀਮ ਤਿਆਰ ਕੀਤੀ ਗਈ। ਉਸ ਟੀਮ ਨੂੰ ਸਾਰੀਆਂ ਜਮਾਤਾਂ ਦਾ ਸਿਲੇਬਸ ਪੀ. ਡੀ. ਐੱਫ. ਫਾਇਲ ਦੇ ਰੂਪ ਵਿੱਚ ਤਿਆਰ ਕਰਨ ਨੂੰ ਦਿੱਤਾ ਗਿਆ ਅਤੇ ਇਸਦੇ ਨਾਲ ਨਾਲ ਸੰਚਾਰ ਦੇ ਸਾਧਨਾਂ ਜਿਵੇਂ ਕਿ ਫੋਨ, ਵਟਸਐਪ, ਯੂ-ਟਿਊਬ, ਫੇਸਬੁੱਕ, ਮੋਬਾਇਲ ਲਰਨਿੰਗ ਐਪਸ, ਗੂਗਲ ਡਰਾਇਵ, ਐਜੂਸੈਟ ਆਦਿ ਦੀ ਵਰਤੋਂ ਲਈ ਅਧਿਆਪਕਾਂ ਨੂੰ ਜਾਣਕਾਰੀ ਦਿੱੱਤੀ ਗਈ ਕਿ ਕਿਸ ਤਰ੍ਹਾਂ ਇਹਨਾਂ ਸੰਚਾਰ ਸਾਧਨਾਂ ਦੀ ਵਰਤੋਂ ਵਿਦਿਆਰਥੀਆਂ ਨੁੰ ਪੜ੍ਹਾਈ ਨਾਲ ਜੋੜਨ ਲਈ ਕੀਤੀ ਜਾ ਸਕਦੀ ਹੈ।
ਸਿੱਖਿਆ ਸਕੱਤਰ ਵੱਲੋਂ ਖੁਦ ਅਧਿਕਾਰੀਆਂ ਅਤੇ ਅਧਿਆਪਕਾਂ ਨਾਲ ਆਨਲਾਈਨ ਮੀਟਿੰਗਸ ਕਰਕੇ ਇੱਕ ਰਚਣਾਤਮਕ ਮਾਹੌਲ ਸਿਰਜਿਆ ਗਿਆ ਤਾਂ ਜੋ ਅਧਿਆਪਕਾਂ ਵਿੱਚ ਆਪਣੇ ਵਿਦਿਆਰਥੀਆਂ ਨਾਲ ਰਾਬਤਾ ਕਾਇਮ ਕਰਨ ਦੀ ਲਲਕ ਪੈਦਾ ਹੋ ਸਕੇ ਅਤੇ ਉਹ ਆਪਣੇ ਵਿਦਿਆਰੀਆਂ ਨੂੰ ਸਹਿਜੇ-ਸਹਿਜੇ ਪੜ੍ਹਾਈ ਨਾਲ ਜੋੜ ਸਕਣ ਤਾਂ ਜੋ ਬੱਚੇ ਆਪਣੇ ਵਿਹਲੇ ਸਮੇਂ ਦਾ ਸਦ-ਉਪਯੋਗ ਕਰ ਸਕਣ ਅਤੇ ਸਰਗਰਮ ਹੋ ਸਕਣ।
ਅੱਜ ਇੱਕ ਪਾਸੇ ਸਿੱਖਿਆ ਸਕੱਤਰ ਦੇ ਉੱਦਮਾਂ ਅਤੇ ਪ੍ਰੇਰਣਾ ਸਦਕਾ ਪੂਰਾ ਅਧਿਆਪਕ ਵਰਗ ਪੂਰੇ ਤਨ ਮਨ ਨਾਲ ਇਹਨਾਂ ਵਿਪਰੀਤ ਹਲਾਤਾਂ ਵਿੱਚ ਵੀ ਆਪਣੇ ਵਿਦਿਆਰੀਆਂ ਨੂੰ ਸਿੱਖਿਆ ਮੁਹੱਈਆ ਕਰਵਾ ਰਿਹਾ ਹੈ ਅਤੇ ਉਹਨਾਂ ਦੇ ਗਿਆਨ ਵਿੱਚ ਵਾਧਾ ਕਰਨ ਲਈ ਅਹਿਮ ਯੋਗਦਾਨ ਪਾ ਰਿਹਾ ਹੈ ਤਾਂ ਦੂਜੇ ਪਾਸੇ ਸਿੱਖਣ-ਸਿਖਾਉਣ ਦਾ ਇਹ ਨਵਾਂ ਤਰੀਕਾ ਬੱਚਿਆਂ ਨੂੰ ਬੜਾ ਭਾਅ ਰਿਹਾ ਹੈ ਅਤੇ ਉਹ ਸਵੇਰ ਉੱਠਣਸਾਰ ਤੋਂ ਹੀ ਆਪਣੇ ਅਧਿਆਪਕ ਦੇ ਫੋਨ ਦੀ ਉਤਸੁਕਤਾ ਨਾਲ ਉਡੀਕ ਕਰਨ ਲੱਗਦੇ ਹਨ ਕਿ ਅੱਜ ਸਿੱਖਣ ਨੂੰ ਕੀ ਮਿਲੇਗਾ। ਕਰੋਨਾ ਕਹਿਰ ਕਰਕੇ ਲਾਇਆ ਗਿਆ ਇਹ ਲਾਕਡਾਊਨ ਕਦ ਤੱਕ ਚੱਲੇਗਾ, ਇਹ ਤਾਂ ਪਤਾ ਨਹੀਂ ਪਰੰਤੂ ਇਸ ਲਾਕਡਾਊਨ ਦੀ ਵਜ੍ਹਾ ਸ਼ੁਰੂ ਹੋਈ ਨਵੇਂ ਤਰੀਕੇ ਦੀ ਪੜ੍ਹਾਈ ਤੋਂ ਬੱਚੇ ਬਹੁਤ ਖੁਸ਼ ਹਨ।
ਗੁਲਜ਼ਾਰ ਸ਼ਾਹ, ਮਲੇਰਕੋਟਲਾ।
ਮੋ. 98146-97007
ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।