
Motivational Story: ਪਟਨਾ ਦੇ ਅਪੰਗ ਜੋੜੇ ਦੀ ਹੱਡ-ਬੀਤੀ ਅਪੰਗਤਾ ਸਹਾਰੇ ਮੰਗਣ ਵਾਲਿਆਂ ਤੇ ਕੰਮ ਲਈ ਵਿਦੇਸ਼ਾਂ ਨੂੰ ਭੱਜਣ ਵਾਲਿਆਂ ਲਈ ਪ੍ਰੇਰਣਾ ਦਾਇਕ
ਲੁਧਿਆਣਾ (ਜਸਵੀਰ ਸਿੰਘ ਗਹਿਲ)। ‘ਹਿੰਮਤ ਏ ਮਰਦਾ, ਮੱਦਦ ਏ ਖੁਦਾ’ ਕਹਾਵਤ ਵਿੱਚ ਜੀਵਨ ਦਾ ਉਹ ਸਾਰ ਛੁਪਿਆ ਹੋਇਆ ਹੈ, ਜਿਸ ਨੂੰ ਆਪਣੀ ਜ਼ਿੰਦਗੀ ਵਿੱਚ ਢਾਲ ਲੈਣ ਵਾਲਿਆਂ ਦਾ ਦੁਨੀਆਂ ਵਿੱਚ ਅੱਜ ਵੱਖਰਾ ਮੁਕਾਮ ਹੈ। ਇਸੇ ਕਹਾਵਤ ’ਤੇ ਪਹਿਰਾ ਦਿੰਦਿਆਂ 25 ਸਾਲ ਪਹਿਲਾਂ ਲੁਧਿਆਣਾ ਆਏ ਇੱਕ ਅਪੰਗ ਨੌਜਵਾਨ ਦੀ ਹੱਡ-ਬੀਤੀ ਅਪੰਗਤਾ ਸਹਾਰੇ ਮੰਗ ਕੇ ਖਾਣ ਅਤੇ ਕੰਮ ਦੀ ਭਾਲ ’ਚ ਵਿਦੇਸ਼ਾਂ ਵੱਲ ਨੂੰ ਭੱਜਣ ਵਾਲਿਆਂ ਲਈ ਪੇ੍ਰਰਣਾਦਾਇਕ ਉਦਾਹਰਨ ਹੈ।
ਆਪਣੇ ਮਾਤਾ-ਪਿਤਾ ਨਾਲ ਪਟਨਾ ਵਿਖੇ ਖੇਤਾਂ ’ਚ ਮਜ਼ਦੂਰੀ ਕਰਨ ਵਾਲਾ ਪਰਗੇਜ ਗਿਰੀ ਉਰਫ਼ ਸੰਜੇ ਜੋ ਸਿਰਫ਼ ਦਸਤਖ਼ਤ ਹੀ ਕਰਨ ਜਾਣਦਾ ਹੈ। ਆਪਣੇ ਮਨ ’ਚ ਆਪਣੀਆਂ ਤਿੰਨੇ ਧੀਆਂ ਲਈ ਵੱਡੇ ਸੁਫ਼ਨੇ ਸੰਜੋਈ ਬੈਠਾ ਹੈ। ਉਸ ਦੇ ਇਹ ਸੁਫ਼ਨੇ ਸੱਚ ਜਰੂਰ ਹੋਣਗੇ, ਕਿਉਂਕਿ ਉਸ ਵਿੱਚ ਮੁਸ਼ਕਿਲਾਂ ’ਚ ਹੌਂਸਲੇ ਨਾਲ ਆਪਣੀ ਕਿਰਤ ’ਚ ਜੁਟੇ ਰਹਿਣ, ਔਖ ਵਿੱਚ ਸਬਰ ਤੇ ਸ਼ੁਕਰ ਵਰਗੇ ਮੌਜ਼ੂਦ ਗੁਣ ਹਨ। ਹੈਰਾਨੀ ਦੀ ਗੱਲ ਹੈ ਕਿ ਸੰਜੇ ਕੋਲ ਭਾਵੇਂ ਬਹੁਤੀ ਪੂੰਜੀ ਨਹੀਂ ਸੀ ਪਰ ਉਸਨੇ ਥੋੜ੍ਹੇ ਨਾਲ ਹੀ ਢਾਬਾ ਖੋਲ੍ਹਿਆ ਜੋ ਅੱਜ ਘਰ ਦੇ ਗੁਜ਼ਾਰੇ ਦੇ ਨਾਲ ਹੀ ਉਸਦੇ ਸੁਫ਼ਨਿਆਂ ਨੂੰ ਪੂਰਾ ਕਰਨ ਦਾ ਸਬੱਬ ਬਣ ਚੁੱਕਾ ਹੈ। Motivational Story
Read Also : Digital Fraud: ਯੂਪੀਆਈ ਰਾਹੀਂ ਡਿਜੀਟਲ ਧੋਖਾਧੜੀ ਨੂੰ ਰੋਕਣ ਦੀਆਂ ਤਿਆਰੀਆਂ
ਘਰ ਕਿਰਾਏ ’ਤੇ ਸੀ, ਉਪਰੋਂ ਦੁਕਾਨ ਕਿਰਾਏ ’ਤੇ ਲੈ ਕੇ ਖੋਲ੍ਹੇ ਢਾਬੇ ਨੂੰ ਵੀ ‘ਕੋਰੋਨਾ’ ਕਾਰਨ ਬੰਦ ਹੋ ਜਾਣਾ ਸੰਜੇ ਦਾ ਹੌਂਸਲਾ ਤੇ ਸਬਰ ਨਾ ਤੋੜ ਸਕੀ। ਸੰਜੇ ਨੇ ਦੱਸਿਆ ਕਿ ਉਸਦੇ ਜੀਜਾ ਨਗੇਸ਼ਵਰ ਜੋ ਲੁਧਿਆਣਾ ਵਿਖੇ ਫੁੱਲਾਂ ਨਾਲ ਗੱਡੀਆਂ ਤੇ ਪੈਲੇਸ-ਘਰ ਆਦਿ ਸਜਾਉਣ ਦਾ ਕੰਮ ਕਰਦੇ ਸਨ, ਨਾਲ 2001 ’ਚ ਉਹ ਲੁਧਿਆਣਾ ਆਇਆ ਤੇ ਕੁੱਝ ਕਾਰਨਾਂ ਕਰਕੇ ਉਸਨੂੰ 2007 ’ਚ ਵਾਪਸ ਪਟਨਾ ਜਾਣਾ ਪੈ ਗਿਆ, ਜਿੱਥੋਂ ਉਹ ਵਿਆਹ ਕਰਵਾ ਕੇ ਪਤਨੀ ਸਮੇਤ ਲੁਧਿਆਣਾ ਪਹੁੰਚੇ ਤਾਂ ਸ਼ੁਰੂ- ਸ਼ੁਰੂ ’ਚ ਉਸਨੇ ਇੱਕ ਹਜ਼ਾਰ ਰੁਪਏ ਮਹੀਨੇ ’ਤੇ ਇੱਕ ਢਾਬੇ ’ਤੇ ਕੰਮ ਕੀਤਾ।
Motivational Story
ਜਿੱਥੇ ਉਸਨੇ ਦੇਖ-ਦੇਖ ਕੇ ਹੀ ਖਾਣਾ ਬਣਾਉਣ ਦਾ ਸਮੁੱਚਾ ਕੰਮ ਸਿਖ ਲਿਆ। ਸੰਜੇ ਮੁਤਾਬਿਕ ਇੱਕੋ ਜਗ੍ਹਾ 16 ਸਾਲ ਕੰਮ ਕਰਦਿਆਂ ਉਸਦੀ ਤਨਖ਼ਾਹ ਭਾਵੇਂ 8 ਹਜ਼ਾਰ ’ਤੇ ਅੱਪੜ ਗਈ ਸੀ ਪਰ ਉਸਦੇ ਮਨ ’ਚ ਖੁਦ ਦਾ ਕੰਮ ਕਰਨ ਦੀ ਚਾਹ ਸੀ। ਅਖੀਰ 20 ਸਾਲ ਦੀ ਨੌਕਰੀ ਕਰਨ ਉਪਰੰਤ 2021 ’ਚ ਉਸਨੇ ਆਰਤੀ ਚੌਂਕ ਨੇੜੇ ਹੀ ਇੱਕ ਕਿਰਾਏ ਦੀ ਦੁਕਾਨ ’ਚ ਆਪਣੇ ਬਚਪਨ ਦੇ ਨਾਂਅ ’ਤੇ ਹੀ ‘ਸੰਜੇ ਢਾਬਾ’ ਖੋਲ੍ਹਿਆ। ਜਿਸ ਨੂੰ ਚੱਲਦਾ ਰੱਖਣ ਲਈ ‘ਕੋਰੋਨਾ’ ਕਾਲ ’ਚ ਉਸਨੂੰ ਘਰਵਾਲੀ ਦਾ ਮੰਗਲ-ਸੂਤਰ ਸਣੇ ਹੋਰ ਗਹਿਣੇ ਵੀ ਵੇਚਣੇ ਪਏ ਪਰ ਉਸਨੇ ਹੌਂਸਲਾ ਨਹੀਂ ਹਾਰਿਆ। ਬੇਸ਼ੱਕ ਬਚਪਨ ’ਚ ਹੋਏ ਇੱਕ ਹਾਦਸੇ ਤੋਂ ਬਾਅਦ ਉਸਦੀ ਖੱਬੀ ਲੱਤ ਪੂਰੀ ਸਿੱਧੀ ਨਹੀਂ ਹੁੰਦੀ, ਜਿਸ ਕਾਰਨ ਤੁਰਨ-ਫ਼ਿਰਨ ’ਚ ਔਖ ਤਾਂ ਹੁੰਦੀ ਹੈ ਪਰ ਉਹ ਦ੍ਰਿੜ ਇਰਾਦੇ ਨਾਲ ਮਿਹਨਤ ਕਰਦਾ ਰਿਹਾ।
ਕੰਮ ਵਧਣ ਕਾਰਨ ਢਾਬੇ ’ਤੇ ਰੱਖਿਆ ਮਜ਼ਦੂਰ ਜੋ ਇੱਕ ਦਿਨ ਬਿਨਾਂ ਦੱਸੇ ਗਿਆ ਤੇ ਮੁੜ ਨਹੀਂ ਆਇਆ ਤਾਂ ਉਸਨੇ ਘਰਵਾਲੀ ਨਾਲ ਸਲਾਹ ਕੀਤੀ। ਜਿਸਨੇ ਖੁਦ ਹੀ ਢਾਬੇ ’ਤੇ ਉਸ ਨਾਲ ਕੰਮ ਕਰਨ ਦੀ ਗੱਲ ਆਖੀ ਤਾਂ ਉਸਦਾ ਹੌਂਸਲਾ ਹੋਰ ਵਧ ਗਿਆ ਭਾਵੇਂ ਉਹ ਖੁਦ ਵੀ ਬਚਪਨ ਤੋਂ ਹੀ ਪੋਲੀਓ ਤੋਂ ਗ੍ਰਸਤ ਹੈ। ਸੰਜੇ ਨੇ ਕਿਹਾ ਕਿ ਕ੍ਰਮਵਾਰ ਅੱਠਵੀਂ, ਨੌਵੀਂ ’ਚ ਪੜ੍ਹਦੀਆਂ ਦੋ ਤੇ ਇੱਕ ਗੋਦੀ ਖੇਡਦੀ ਧੀ ਨੂੰ ਸੰਭਾਲਣਾ ਤੇ ਸਕੂਲ ਤੋਰਨ ਤੋਂ ਬਾਅਦ ਉਸਦੀ ਪਤਨੀ ਰੇਨੂ ਦੇਵੀ ਢਾਬੇ ’ਤੇ ਉਸਦਾ ਹੱਥ ਵਟਾਉਂਦੀ ਹੈ। ਇਸ ਨਾਲ ਉਨ੍ਹਾਂ ਨੂੰ ਮਜ਼ਦੂਰੀ ਵੀ ਬਚਣ ਲੱਗੀ ਹੈ। ਜਦਕਿ ਕੋਰੋਨਾ ਦੇ ਸਮੇਂ ’ਚ ਇੱਕ ਸਮੇਂ ਉਸਨੂੰ ਇਹ ਲੱਗਿਆ ਸੀ ਕਿ ਉਹ ਹੁਣ ਸੜਕ ’ਤੇ ਆ ਜਾਵੇਗਾ ਪਰ ਉਹ ਡੋਲਿਆ ਨਹੀਂ। ਹੁਣ ਉਹ ਉਸੇ ਢਾਬੇ ਤੋਂ ਹੀ ਖਰਚੇ ਕੱਢ ਕੇ 1500-2000 ਹਜ਼ਾਰ ਰੋਜ ਦੇ ਬਚਾ ਲੈਂਦੇ ਹਨ।
‘ਕਰਕੇ ਖਾਣ ਦਾ ਸਕੂਨ ਵੱਖਰਾ ਹੈ’
ਪਰਗੇਜ ਗਿਰੀ ਉਰਫ਼ ਸੰਜੇ ਦਾ ਕਹਿਣਾ ਹੈ ਕਿ ਬੇਸ਼ੱਕ ਉਹ ਦੋਵੇਂ ਪਤੀ-ਪਤਨੀ ਚੰਗੀ ਤਰ੍ਹਾਂ ਤੁਰ-ਫ਼ਿਰ ਨਹੀਂ ਸਕਦੇ ਪਰ ਅਪੰਗਤਾ ਸਹਾਰੇ ਮੰਗ ਕੇ ਖਾਣ ਵਾਲਿਆਂ ਤੋਂ ਲੱਖ ਗੁਣਾ ਚੰਗੇ ਹਨ। ਉਹ ਜੋ ਖੁਦ ਦੀ ਕਿਰਤ ਕਰਕੇ ਖਾਂਦੇ ਹਨ, ਉਸ ਦਾ ਸਕੂਨ ਹੀ ਵੱਖਰਾ ਹੈ ਜੋ ਮੰਗ ਕੇ ਢਿੱਡ ਭਰਨ ’ਤੇ ਨਹੀਂ ਮਿਲਦਾ। ਉਨ੍ਹਾਂ ਕਿਹਾ ਕਿ ਪ੍ਰਮਾਤਮਾ ਦੇ ਘਰ ਦੇਰ ਹੈ ਅੰਧੇਰ ਨਹੀਂ, ਮੰਗਣ ਦੀ ਬਜਾਇ ਕਿਰਤ ਕਰਨ ਵਾਲਿਆਂ ਨੂੰ ਪ੍ਰਮਾਤਮਾ ਫ਼ਲ ਜਰੂਰ ਦਿੰਦਾ ਹੈ।
ਸੰਜੇ ਨੇ ਦੱਸਿਆ ਕਿ ਉਸਦੇ ਢਾਬੇ ਦੀ ਪਹਿਲੀ ਕਮਾਈ ਜੋ ਉਸਨੂੰ ਇੱਕ ਕੱਪ ਚਾਹ ਪਿਲਾਉਣ ’ਤੇ ‘ਸ਼ਗਨ’ ਦੇ ਰੂਪ ’ਚ ਮਿਲੀ, ਉਸਦੇ ਲਈ ਵੱਡੀ ਹੱਲਾਸ਼ੇਰੀ ਸਾਬਤ ਹੋਈ ਹੈ, ਹੁਣ ਦਿਨ-ਬ-ਦਿਨ ਉਸਦਾ ਕਾਰੋਬਾਰ ਵਧ ਰਿਹਾ ਹੈ। ਉਹ ਆਪਣੀਆਂ ਧੀਆਂ ਨੂੰ ਨਾ ਸਿਰਫ ਉੱਚ ਸਿੱਖਿਆ ਦਿਵਾ ਕੇ ਇੱਕ ਕਾਬਿਲ ਇਨਸਾਨ ਬਣਾਏਗਾ, ਸਗੋਂ ਆਪਣੀ ਪਤਨੀ ਤੇ ਖੁਦ ਦੇ ਸੁਫ਼ਨੇ ਵੀ ਸਾਕਾਰ ਕਰੇਗਾ। ਸੰਜੇ ਨੇ ਦੱਸਿਆ ਕਿ ਉਹ ਅੱਜ ਵੀ ਕਿਰਾਏ ਦੇ ਮਕਾਨ ’ਚ ਰਹਿ ਰਿਹਾ ਹੈ ਤੇ ਉਸ ਕੋਲ ਸਿਰਫ ਇੱਕ ਸਕੂਟਰੀ ਹੈ ਰੇਨੂ ਦੇਵੀ ਨੇ ਕਿਹਾ ਕਿ ਖਾਦਾ-ਪੀਤਾ ਸਕੂਨ ਦੇਵੇ, ਇਸ ਤੋਂ ਵੱਡੀ ਕੋਈ ਦੌਲਤ ਨਹੀਂ।
ਲੁਧਿਆਣਾ ਆਰਤੀ ਚੌਂਕ ਲੁਧਿਆਣਾ ਲਾਗੇ ਆਪਣੇ ਢਾਬੇ ’ਤੇ ਪਤਨੀ ਰੇਨੂ ਦੇਵੀ ਨਾਲ ਖਾਣਾ ਤਿਆਰ ਕਰਦੇ ਹੋਏ ਪਰਗੇਜ ਗਿਰੀ ਉਰਫ਼ ਸੰਜੇ। ਤਸਵੀਰ: ਗਹਿਲ