Punjab Fog Update: ਪੰਜਾਬ-ਚੰਡੀਗੜ੍ਹ ’ਚ ਸੰਘਣੀ ਧੁੰਦ ਦੀ ਮਾਰ, ਹਵਾਈ ਸਫ਼ਰ ’ਤੇ ਵੀ ਪਿਆ ਅਸਰ

Punjab Fog Update
Punjab Fog Update: ਪੰਜਾਬ-ਚੰਡੀਗੜ੍ਹ ’ਚ ਸੰਘਣੀ ਧੁੰਦ ਦੀ ਮਾਰ, ਹਵਾਈ ਸਫ਼ਰ ’ਤੇ ਵੀ ਪਿਆ ਅਸਰ

3 ਉਡਾਣਾਂ ਰੱਦ ਅਤੇ 2 ਦਾ ਰੂਟ ਬਦਲਿਆ

Punjab Fog Update: (ਐੱਮ ਕੇ ਸ਼ਾਇਨਾ) ਚੰਡੀਗੜ੍ਹ/ਮੋਹਾਲੀ। ਪੰਜਾਬ ਅਤੇ ਚੰਡੀਗੜ੍ਹ ਵਿੱਚ ਪੈ ਰਹੀ ਸੰਘਣੀ ਧੁੰਦ ਦਾ ਜ਼ੋਰ ਵੱਧ ਗਿਆ ਹੈ ਅਤੇ ਪੂਰਾ ਇਲਾਕਾ ਸੰਘਣੀ ਧੁੰਦ ਦੀ ਚਾਦਰ ਵਿੱਚ ਲਿਪਟ ਗਿਆ ਹੈ। ਮੌਸਮ ਵਿਭਾਗ ਨੇ ਚਿਤਾਵਨੀ ਦਿੱਤੀ ਹੈ ਕਿ ਆਉਣ ਵਾਲੇ ਕਈ ਦਿਨਾਂ ਤੱਕ ਰਾਹਤ ਦੀ ਕੋਈ ਉਮੀਦ ਨਹੀਂ ਹੈ ਅਤੇ ਇਸੇ ਤਰ੍ਹਾਂ ਸੰਘਣੀ ਧੁੰਦ ਛਾਈ ਰਹੇਗੀ।

ਬਦਲਦੇ ਮੌਸਮ ਦਾ ਸਿੱਧਾ ਅਸਰ ਆਮ ਜਨਜੀਵਨ ਅਤੇ ਆਵਾਜਾਈ ਸੇਵਾਵਾਂ ’ਤੇ ਪੈਣਾ ਸ਼ੁਰੂ ਹੋ ਗਿਆ ਹੈ। ਵੀਰਵਾਰ ਸਵੇਰੇ ਸੰਘਣੀ ਧੁੰਦ ਕਾਰਨ ਵਿਜ਼ੀਬਿਲਟੀ ਕਾਫੀ ਘੱਟ ਹੋ ਗਈ ਜਿਸਦਾ ਅਸਰ ਸੜਕਾਂ ਤੋਂ ਲੈ ਕੇ ਹਵਾਈ ਸੇਵਾਵਾਂ ਤੱਕ ਦਿਖਾਈ ਦਿੱਤਾ। ਵਿਜ਼ੀਬਿਲਟੀ ਘੱਟ ਹੋਣ ਕਾਰਨ ਹਵਾਈ ਆਵਾਜਾਈ ਬੁਰੀ ਤਰ੍ਹਾਂ ਪ੍ਰਭਾਵਿਤ ਹੋਈ ਹੈ। ਵੀਰਵਾਰ ਨੂੰ ਖ਼ਰਾਬ ਮੌਸਮ ਦੇ ਚੱਲਦਿਆਂ ਚੰਡੀਗੜ੍ਹ ਏਅਰਪੋਰਟ ਤੋਂ 3 ਉਡਾਣਾਂ ਨੂੰ ਰੱਦ ਕਰਨਾ ਪਿਆ, ਜਦੋਂਕਿ 2 ਉਡਾਣਾਂ ਨੂੰ ਡਾਇਵਰਟ ਕੀਤਾ ਗਿਆ ਹੈ। ਜਾਣਕਾਰੀ ਮੁਤਾਬਕ, ਜੈਪੁਰ ਅਤੇ ਦਿੱਲੀ ਜਾਣ ਵਾਲੀਆਂ ਦੋ ਫਲਾਈਟਾਂ ਰੱਦ ਕਰ ਦਿੱਤੀਆਂ ਗਈਆਂ, ਉੱਥੇ ਹੀ ਇਨ੍ਹਾਂ ਸ਼ਹਿਰਾਂ ਤੋਂ ਆਉਣ ਵਾਲੀਆਂ ਦੋ ਫਲਾਈਟਾਂ ਇੱਥੇ ਲੈਂਡ ਨਹੀਂ ਕਰ ਸਕੀਆਂ।

ਇਹ ਵੀ ਪੜ੍ਹੋ: Mohali Bus Accident: ਧੁੰਦ ਕਾਰਨ ਵਾਪਰਿਆ ਹਾਦਸਾ, ਦੋ ਸਕੂਲੀ ਬੱਸਾਂ ਦੀ ਹੋਈ ਜ਼ੋਰਦਾਰ ਟੱਕਰ

ਯਾਤਰੀਆਂ ਨੂੰ ਸਲਾਹ ਦਿੱਤੀ ਗਈ ਹੈ ਕਿ ਉਹ ਘਰੋਂ ਨਿਕਲਣ ਤੋਂ ਪਹਿਲਾਂ ਫਲਾਈਟ ਦਾ ਸਟੇਟਸ ਜ਼ਰੂਰ ਚੈਕ ਕਰਨ। ਹੈਰਾਨੀ ਦੀ ਗੱਲ ਇਹ ਹੈ ਕਿ ਸੰਘਣੀ ਧੁੰਦ ਅਤੇ ਸਰਦ ਹਵਾਵਾਂ ਦੇ ਬਾਵਜ਼ੂਦ ਦਿਨ ਅਤੇ ਰਾਤ ਦੇ ਤਾਪਮਾਨ ਵਿੱਚ ਵੱਡਾ ਅੰਤਰ ਦੇਖਣ ਨੂੰ ਮਿਲ ਰਿਹਾ ਹੈ। ਮੌਸਮ ਵਿਭਾਗ ਦੇ ਅੰਕੜਿਆਂ ਅਨੁਸਾਰ, ਰੋਪੜ ਵਿੱਚ ਵੱਧ ਤੋਂ ਵੱਧ ਤਾਪਮਾਨ 27.1 ਡਿਗਰੀ ਰਿਕਾਰਡ ਕੀਤਾ ਗਿਆ, ਜੋ ਗਰਮੀ ਦਾ ਅਹਿਸਾਸ ਕਰਵਾਉਂਦਾ ਹੈ। ਉੱਥੇ ਹੀ ਹੁਸ਼ਿਆਰਪੁਰ ਵਿੱਚ ਘੱਟੋ-ਘੱਟ ਤਾਪਮਾਨ ਡਿੱਗ ਕੇ 6.7 ਡਿਗਰੀ ’ਤੇ ਪਹੁੰਚ ਗਿਆ, ਜਿਸ ਨਾਲ ਉੱਥੇ ਕੜਾਕੇ ਦੀ ਠੰਢ ਦੀ ਹਾਲਤ ਬਣੀ ਹੋਈ ਹੈ।

ਫਿਲਹਾਲ ਸਥਿਤੀ ਅਜਿਹੀ ਹੈ ਕਿ ਸਵੇਰੇ ਸੰਘਣੀ ਧੁੰਦ ਰਹਿੰਦੀ ਹੈ, ਪਰ ਦਿਨ ਚੜ੍ਹਦੇ ਹੀ ਸੂਰਜ ਦੀ ਧੁੱਪ ਨਾਲ ਧੁੰਦ ਛੱਟ ਜਾਂਦੀ ਹੈ ਅਤੇ ਠੰਢ ਤੋਂ ਥੋੜ੍ਹੀ ਰਾਹਤ ਮਿਲ ਜਾਂਦੀ ਹੈ। ਹਾਲਾਂਕਿ, ਰਾਤ ਹੁੰਦੇ ਹੀ ਤਾਪਮਾਨ ਡਿੱਗ ਜਾਂਦਾ ਹੈ ਅਤੇ ਲੋਕ ਸੜਕਾਂ ’ਤੇ ਅੱਗ ਬਾਲ ਕੇ ਠੰਢ ਤੋਂ ਬਚਣ ਦੀ ਕੋਸ਼ਿਸ਼ ਕਰਦੇ ਨਜ਼ਰ ਆ ਰਹੇ ਹਨ। Punjab Fog Update