
ਸਿਹਤ ਟੀਮਾਂ ਵੱਲੋਂ ਹੌਟਸਪੌਟ ਤੇ ਸਲੱਮ ਏਰੀਆ ’ਚ ਕੀਤੀਆਂ ਗਈਆਂ ਡਰਾਈ ਡੇਅ ਗਤੀਵਿਧੀਆਂ
Dengue Cases: (ਨਰਿੰਦਰ ਸਿੰਘ ਬਠੋਈ) ਪਟਿਆਲਾ। ਜ਼ਿਲ੍ਹੇ ’ਚ ਡੇਂਗੂ ਦਾ ਕਹਿਰ ਦਿਨ ਪ੍ਰਤੀ ਦਿਨ ਵੱਧਦਾ ਜਾ ਰਿਹਾ ਹੈ। ਸਮੁੱਚੇ ਪਟਿਆਲਾ ਜ਼ਿਲ੍ਹੇ ਵਿੱਚ ਹੁਣ ਤੱਕ 33 ਡੇਂਗੂ ਦੇ ਕੇਸ ਪਾਏ ਗਏ ਹਨ ਅਤੇ ਇਹ ਅੰਕੜਾ ਹਰ ਰੋਜ਼ ਵੱਧ ਰਿਹਾ ਹੈ। ਇਸ ਲਈ ਤੇਜ਼ ਬੁਖਾਰ ਅਤੇ ਬਦਨ ਦਰਦ ਦੀ ਸ਼ਿਕਾਇਤ ਹੋਣ ਤੇ ਡੇਂਗੂ ਜਾਂਚ ਕਰਵਾਉਣੀ ਚਾਹੀਦੀ ਹੈ।
ਇਸ ਕੜੀ ਤਹਿਤ ਸਿਵਲ ਸਰਜਨ ਪਟਿਆਲਾ ਡਾ. ਜਗਪਾਲਇੰਦਰ ਸਿੰਘ ਦੀ ਅਗਵਾਈ ਵਿੱਚ ਸਿਹਤ ਵਿਭਾਗ ਦੀਆਂ ਟੀਮਾਂ ਵੱਲੋਂ ਪਟਿਆਲਾ ਜ਼ਿਲ੍ਹੇ ਵਿੱਚ ਪੈਂਦੇ ਹੌਟਸਪੌਟ ਏਰੀਆਜ਼ ਅਤੇ ਸਲੱਮ ਏਰੀਆ ਵਿੱਚ ਡੇਂਗੂ ਵਿਰੋਧੀ ਡਰਾਈ ਡੇਅ ਗਤੀਵਿਧੀਆਂ ਕੀਤੀਆਂ ਗਈਆਂ। ਇਸ ਦੌਰਾਨ ਗਾਂਧੀ ਨਗਰ, ਡੋਗਰਾ ਮੁਹੱਲਾ, ਤਫੱਜਲਪੁਰਾ ਬੰਨ੍ਹਾਂ ਰੋਡ, ਰੋਜ਼ ਕਲੋਨੀ, ਜਗਦੀਸ਼ ਕਲੋਨੀ, ਰਾਜਪੁਰਾ ਚੁੰਗੀ ਰੋੜ ਕੁੱਟ ਮੁਹੱਲਾ, ਸੰਜੇ ਕਲੋਨੀ, ਪ੍ਰਤਾਪ ਨਗਰ, ਕਾਕਾ ਕਲੋਨੀ, ਬਡੂੰਗਰ, ਸਿਕਲੀਗਰ ਬਸਤੀ (ਥਾਪਰ ਕਾਲਜ ਦੇ ਪਿਛਲੇ ਪਾਸੇ), ਧੀਰੂ ਕੀ ਮਾਜਰੀ, ਤਿ੍ਰਪੜੀ ਨੇੜੇ ਸਥਿਤ ਇੰਦਰਾ ਕਲੋਨੀ ਦੇ ਘਰਾਂ ਵਿੱਚ ਡੇਂਗੂ ਦੇ ਲਾਰਵੇ ਦੀ ਜਾਂਚ ਕੀਤੀ ਗਈ ਅਤੇ ਕਈ ਥਾਵਾਂ ਉੱਤੇ ਮਿਲਿਆ ਲਾਰਵਾ ਮੌਕੇ ਉੱਤੇ ਹੀ ਨਸ਼ਟ ਕਰਵਾਇਆ ਗਿਆ।
ਇਹ ਵੀ ਪੜ੍ਹੋ: Kishtwar Cloudburst: ਜੰਮੂ-ਕਸ਼ਮੀਰ ਦੇ ਕਿਸ਼ਤਵਾੜ ’ਚ ਬੱਦਲ ਫਟਣ ਨਾਲ ਭਾਰੀ ਨੁਕਸਾਨ ਦਾ ਖਦਸ਼ਾ
ਮੀਂਹ ਦੇ ਮੌਸਮ ਨੂੰ ਧਿਆਨ ਵਿੱਚ ਰੱਖਦਿਆਂ ਸਿਵਲ ਸਰਜਨ ਡਾ. ਜਗਪਾਲਇੰਦਰ ਸਿੰਘ ਵੱਲੋਂ ਸਮੂਹ ਪਟਿਆਲਾ ਵਾਸੀਆਂ ਨੂੰ ਇਹ ਅਪੀਲ ਕੀਤੀ ਗਈ ਹੈ ਕਿ ਉਹ ਡੇਂਗੂ ਦੇ ਫੈਲਾਅ ਨੂੰ ਰੋਕਣ ਲਈ ਆਪਣੇ ਘਰਾਂ ਵਾਂਗ ਹੀ ਆਪਣੇ ਆਲੇ-ਦੁਆਲੇ ਨੂੰ ਸਾਫ-ਸੁਥਰਾ ਰੱਖਣ ਤੇ ਘਰਾਂ ਦੇ ਅੰਦਰ ਪਈਆਂ ਖਾਲੀ ਚੀਜ਼ਾਂ ਵਿੱਚ ਪਾਣੀ ਇੱਕਠਾ ਨਾ ਹੋਣ ਦੇਣ। ਡੇਂਗੂ ਵਿਰੋਧੀ ਚਲਾਏ ਡਰਾਈ ਡੇਅ ਅਭਿਆਨ ਅਧੀਨ ਸਟਾਫ ਦੀਆਂ ਟੀਮਾਂ, ਨਰਸਿੰਗ ਸਟਾਫ, ਵੀਐਚਐਨਸੀ ਮੈੱਬਰਾਂ ਤੇ ਆਸ਼ਾ ਵਰਕਰਾਂ ਦੇ ਸਹਿਯੋਗ ਨਾਲ ਇਸ ਹਫਤੇ ਜਿਲ੍ਹੇ ਭਰ ਦੇ 41103 ਘਰਾਂ ਵਿਚ ਪਹੰਚ ਕੇ ਡੇਂਗੂ ਲਾਰਵੇ ਦੀ ਚੈਕਿੰਗ ਕੀਤੀ ਗਈ ਅਤੇ 449 ਥਾਂਵਾ ਤੇ ਮਿਲੇ ਲਾਰਵੇ ਨੂੰ ਟੀਮਾਂ ਵੱਲੋਂ ਮੌਕੇ ’ਤੇ ਹੀ ਨਸ਼ਟ ਕਰਵਾ ਦਿੱਤਾ ਗਿਆ।
ਉਨ੍ਹਾਂ ਇਹ ਵੀ ਦੱਸਿਆ ਕਿ ਹੁਣ ਤੱਕ ਸਿਹਤ ਟੀਮਾਂ ਵੱਲੋਂ ਡਰਾਈ ਡੇਅ ਮੁਹਿੰਮ ਤਹਿਤ 587908 ਘਰਾਂ ਦਾ ਸਰਵੇ ਕੀਤਾ ਜਾ ਚੁੱਕਾ ਹੈ, ਜਿਹਨਾਂ ਵਿੱਚ 3655 ਥਾਂਵਾ ਤੇ ਮਿਲੇ ਲਾਰਵਾ ਮਿਲਿਆ ਜਿਸ ਨੂੰ ਟੀਮਾਂ ਵੱਲੋਂ ਮੌਕੇ ’ਤੇ ਹੀ ਨਸ਼ਟ ਕਰਵਾ ਦਿੱਤਾ ਗਿਆ ਹੈ ਅਤੇ ਸਬੰਧਿਤ ਪਰਿਵਾਰਾਂ ਨੂੰ ਅਗਾਂਹ ਲਈ ਬਚਾਅ ਸਬੰਧੀ ਜਾਗਰੂਕ ਕੀਤਾ ਗਿਆ। Dengue Cases