ਪਿਛਲੇ ਸਾਲ ਅੱਜ ਦੇ ਦਿਨ ਸਿਰਫ 64 ਮਰੀਜ਼ ਆਏ ਸਨ ਸਾਹਮਣੇ, ਇਸ ਵਾਰ ਚਾਰ ਗੁਣਾ ਵਧਿਆ ਅੰਕੜਾ
Dengue: (ਨਰਿੰਦਰ ਸਿੰਘ ਬਠੋਈ) ਪਟਿਆਲਾ। ਪਟਿਆਲਾ ’ਚ ਡੇਂਗੂ ਦਿਨ ਪ੍ਰਤੀ ਦਿਨ ਕੰਟਰੋਲ ਤੋਂ ਬਾਹਰ ਹੁੰਦਾ ਜਾ ਰਿਹਾ ਹੈ ਅਤੇ ਹਰ ਰੋਜ਼ ਦਰਜਨ ਦੇ ਕਰੀਬ ਮਰੀਜ ਮਿਲਣ ਕਾਰਨ ਇਹ ਅੰਕੜਾ 240 ਦੇ ਕਰੀਬ ਪਹੁੰਚ ਗਿਆ ਹੈ। ਜਦ ਕਿ ਪਿਛਲੇ ਸਾਲ ਅੱਜ ਦੇ ਦਿਨਾਂ ’ਚ ਇਹ ਅੰਕੜਾ 64 ਦੇ ਕਰੀਬ ਸੀ, ਪਰ ਇਸ ਵਾਰ ਇਹ ਅੰਕੜਾ ਚਾਰ ਗੁਣਾ ਜ਼ਿਆਦਾ ਹੋ ਗਿਆ ਹੈ ਅਤੇ ਆਉਣ ਵਾਲੇ ਦਿਨਾਂ ’ਚ ਮੀਂਹ ਪੈਣ ਦੀਆਂ ਹੋਈ ਚਰਚਾਵਾਂ ਕਾਰਨ ਇਹ ਅੰਕੜਾ ਹੋਰ ਵੀ ਵੱਧ ਸਕਦਾ ਹੈ। ਜਿਸ ਕਾਰਨ ਜ਼ਿਲ੍ਹੇ ’ਚ ਸਥਿਤੀ ’ਚ ਹੋਰ ਵੀ ਜਿਆਦਾ ਵਿਗੜਣ ਦੇ ਹਾਲਾਤ ਬਣੇ ਹੋਏ ਹਨ।
ਪਟਿਆਲਾ ਸ਼ਹਿਰੀ, ਨਾਭਾ ਤਹਿਸੀਲ ਦਾ ਇਲਾਕਾ ਡੇਂਗੂ ਦੇ ਲਈ ਹਾਟ-ਸਪਾਟ ਬਣਿਆ ਹੋਇਆ ਹੈ-ਸਿਹਤ ਅਧਿਕਾਰੀ
ਇਸ ਸਮੇਂ ਪਟਿਆਲਾ ਸ਼ਹਿਰੀ ਅਤੇ ਨਾਭਾ ਤਹਿਸੀਲ ਦਾ ਇਲਾਕਾ ਡੇਂਗੂ ਦੇ ਲਈ ਹਾਟ-ਸਪਾਟ ਬਣੇ ਹੋਏ ਹਨ, ਇੱਥੇ ਰਿਪੋਰਟ ਹੋਏ ਸਾਰੇ ਕੇਸ ਪੰਚਾਇਤਾਂ, ਮਿਉਸੀਪਲ ਕਮੇਟੀ ਅਤੇ ਨਗਰ ਨਿਗਮ ਨਾਲ ਸਾਂਝੇ ਕੀਤੇ ਜਾ ਰਹੇ ਹਨ ਤਾਂ ਜੋ ਉਨ੍ਹਾਂ ਵੱਲੋਂ ਫੋਗਿੰਗ ਸਮੇਂ ਸਿਰ ਕਰਵਾਈ ਜਾ ਸਕੇ। ਇਸ ਸਬੰਧੀ ਜਦੋਂ ਜ਼ਿਲ੍ਹਾ ਸਿਹਤ ਅਧਿਕਾਰੀਆਂ ਨਾਲ ਗੱਲ ਕੀਤੀ ਗਈ ਤਾਂ ਉਨ੍ਹਾਂ ਕਿਹਾ ਕਿ ਬਰਸਾਤਾਂ ਦਾ ਮੌਸ਼ਮ ਇੱਕ ਮਹੀਨਾ ਪਹਿਲਾ ਸ਼ੁਰੂ ਹੋਣ ਅਤੇ ਮੀਹਾਂ ਦਾ ਇਹ ਸ਼ਿਲਸ਼ਿਲਾ ਲੰਬਾ ਚੱਲਣ ਕਾਰਨ ਇਹ ਅੰਕੜਾ ਹਰ ਰੋਜ਼ ਵੱਧ ਰਿਹਾ ਹੈ। ਉਨ੍ਹਾਂ ਕਿਹਾ ਕਿ ਲੋਕਾਂ ਦਾ ਡੇਂਗੂ ਲਾਰਵੇ ਪ੍ਰਤੀ ਜਾਗਰੂਕ ਨਾ ਹੋਣਾ ਅਤੇ ਆਪਣੇ ਆਲੇ-ਦੁਆਲੇ ਦੀ ਸਾਫ-ਸਫਾਈ ਨਾ ਕਰਨਾ ਵੀ ਇਹ ਡੇਂਗੂ ਦਾ ਕਹਿਰ ਵੱਧਣ ਦਾ ਮੁੱਖ ਕਾਰਨ ਹੈ। ਉਨ੍ਹਾਂ ਕਿਹਾ ਕਿ ਜੇਕਰ ਲੋਕ ਜਲਦ ਡੇਂਗੂ ਪ੍ਰਤੀ ਜਾਗਰੂਕ ਨਾ ਹੋਏ ਤਾਂ ਇਹ ਮੁਸੀਬਤ ਲੰਬੀ ਚੱਲ ਸਕਦੀ ਹੈ।
ਆਉਣ ਵਾਲੇ ਦਿਨਾਂ ’ਚ ਮੀਂਹ ਦੀਆਂ ਚਰਚਾਵਾਂ ਕਾਰਨ ਅੰਕੜਾ ਹੋਰ ਵੱਧ ਦਾ ਹੈ ਖਦਸਾ
ਇਸ ਸਬੰਧੀ ਜਾਣਕਾਰੀ ਦਿੰਦਿਆ ਸਿਵਲ ਸਰਜਨ ਡਾ. ਜਗਪਾਲਇੰਦਰ ਸਿੰਘ ਨੇ ਦੱਸਿਆ ਹਰੇਕ ਸ਼ੁੱਕਰਵਾਰ ਮਨਾਏ ਜਾ ਰਹੇ ਡਰਾਈ-ਡੇਅ ਤਹਿਤ ਸਿਹਤ ਵਿਭਾਗ ਦੀਆਂ ਟੀਮਾਂ ਵੱਲੋਂ ਗਲੀ / ਮੁਹੱਲਿਆਂ ਵਿਚ ਘਰ-ਘਰ ਜਾ ਕੇ ਪਾਣੀ ਦੇ ਖੜੇ ਸਰੋਤਾਂ ਦੀ ਚੈਕਿੰਗ ਕੀਤੀ ਗਈ, ਜਿਸ ’ਚ ਨਰਸਿੰਗ ਵਿਦਿਆਰਥਣਾਂ ਅਤੇ ਆਸ਼ਾ ਵਰਕਰਾਂ ਵੱਲੋਂ ਵੀ ਭਾਗ ਲਿਆ ਗਿਆ। ਉਨ੍ਹਾਂ ਦੱਸਿਆ ਕਿ ਪਟਿਆਲਾ ਦੇ ਸਾਰੇ ਸਰਕਾਰੀ ਹਸਪਤਾਲਾਂ ਵਿੱਚ ਡੇਂਗੂ ਦੇ ਇਲਾਜ ਸਬੰਧੀ ਪ੍ਰਬੰਧ ਮੁਕੰਮਲ ਹਨ ਅਤੇ ਲੋੜੀਂਦੀਆਂ ਹਰੇਕ ਤਰ੍ਹਾਂ ਦੀਆਂ ਦਵਾਈਆਂ ਮੌਜੂਦ ਹਨ ਤੇ ਸਾਰੇ ਇਲਾਕਿਆਂ ਵਿੱਚ ਸਿਹਤ ਵਿਭਾਗ ਦੀਆਂ ਟੀਮਾਂ ਪੂਰੀ ਚੌਕਸੀ ਨਾਲ ਕੰਮ ਕਰ ਰਹੀਆਂ ਹਨ।
ਇਹ ਵੀ ਪੜ੍ਹੋ: Barnala Murder News: ਕਸਬਾ ਸ਼ਹਿਣਾ ਦੀ ਸਾਬਕਾ ਸਰਪੰਚ ਦੇ ਪੁੱਤ ਦਾ ਗੋਲੀਆਂ ਮਾਰ ਕੇ ਕਤਲ
ਉਨ੍ਹਾਂ ਆਖਿਆ ਕਿ ਪਾਣੀ ਨੂੰ ਕਿਤੇ ਖੜ੍ਹਾ ਨਾ ਹੋਣ ਦਿੱਤਾ ਜਾਵੇ ਤੇ ਜੇ ਕਿਤੇ ਪਾਣੀ ਖੜ੍ਹਾ ਰਹਿ ਵੀ ਜਾਂਦਾ ਹੈ ਤਾਂ ਪਾਣੀ ਦੇ ਖੜ੍ਹੇ ਸਰੋਤਾਂ ਵਿੱਚ ਕਾਲਾ ਤੇਲ ਪਾ ਦਿੱਤਾ ਜਾਵੇ। ਜੇ ਕਿਸੇ ਨੂੰ ਤੇਜ਼ ਬੁਖਾਰ, ਸਿਰਦਰਦ, ਅੱਖਾਂ ਦੇ ਪਿਛਲੇ ਹਿੱਸੇ ਵਿੱਚ ਦਰਦ ਮਹਿਸੂਸ ਹੁੰਦਾ ਹੈ ਤੇ ਸਾਰੇ ਸਰੀਰ ਵਿੱਚ ਦਰਦ ਹੁੰਦਾ ਹੈ ਤਾਂ ਨਜ਼ਦੀਕੀ ਸਿਹਤ ਕੇਂਦਰ ਵਿੱਚ ਜਾ ਕੇ ਡੇਂਗੂ ਸਬੰਧੀ ਜਾਂਚ ਕਰਵਾਈ ਜਾਵੇ। Dengue
ਜ਼ਿਲ੍ਹੇ ਦੇ ਇਨ੍ਹਾਂ ਇਲਾਕਿਆਂ ’ਚ ਕੀਤੀ ਗਈ ਚੈਕਿੰਗ
ਪਟਿਆਲੇ ਦੇ ਹੌਟ ਸਪੌਟ ਏਰੀਆਜ਼ ਸ਼ੇਰੇ-ਪੰਜਾਬ ਮਾਰਕੀਟ ਤੋਂ ਪ੍ਰੈਸ ਰੋਡ, ਗੁਰਬਕਸ਼ ਕੋਲੋਨੀ, ਭਾਰਤ ਕੋਲੋਨੀ ਨਾਭਾ ਰੋਡ, ਪ੍ਰਤਾਪ ਨਗਰ, ਕਾਕਾ ਕੋਲੋਨੀ, ਸਾਈ ਮਾਰਕੇਟ ਤੋਂ ਰਾਘੋ ਮਾਜਰਾ, ਘੁੰਮਨ ਨਗਰ ਏ ਤੋਂ ਬੀ ਆਦਿ ਜਾ ਕੇ ਸਿਹਤ ਵਿਭਾਗ ਦੀਆਂ ਟੀਮਾਂ ਵੱਲੋਂ ਜਿੱਥੇ ਮੌਕੇ ਉੱਤੇ ਮਿਲੇ ਲਾਰਵੇ ਨੂੰ ਨਸ਼ਟ ਕਰਵਾਇਆ ਗਿਆ ਉੱਥੇ ਹੀ ਲੋਕਾਂ ਨੂੰ ਡੇਂਗੂ ਤੇ ਚਿਕਨਗੁਣੀਆਂ ਵਰਗੀਆਂ ਬਿਮਾਰੀਆਂ ਬਾਰੇ ਜਾਗਰੂਕ ਵੀ ਕੀਤਾ ਗਿਆ। ਜਿਲ੍ਹਾ ਐਪੀਡੋਮੋਲੋਜਿਸਟ ਡਾ.ਸੁਮੀਤ ਸਿੰਘ ਵੱਲੋਂ ਟੀਮਾਂ ਦਾ ਨਿਰੀਖਣ ਕੀਤਾ ਗਿਆ।
ਚੈਕਿੰਗ ਦੌਰਾਨ 546 ਥਾਵਾਂ ’ਤੇ ਮਿਲੇ ਲਾਰਵੇ ਨੂੰ ਕੀਤਾ ਗਿਆ ਨਸਟ-ਡਾ. ਸੁਮੀਤ ਸਿੰਘ
ਜ਼ਿਲ੍ਹਾ ਐਪੀਡੋਮੋਲੋਜਿਸਟ ਡਾ.ਸੁਮੀਤ ਸਿੰਘ ਨੇ ਆਖਿਆ ਕਿ ਇਸ ਵਾਰੀ ਸਮੁੱਚੇ ਪਟਿਆਲਾ ਜ਼ਿਲ੍ਹੇ ਵਿੱਚ ਹੁਣ ਤੱਕ 240 ਡੇਂਗੂ ਦੇ ਕੇਸ ਪਾਏ ਗਏ ਹਨ। ਉਨ੍ਹਾਂ ਦੱਸਿਆ ਕਿ ਇਸ ਹਫਤੇ ਜਿਲ੍ਹੇ ਭਰ ਦੇ 40756 ਘਰਾਂ ਵਿਚ ਪਹੰਚ ਕੇ ਡੇਂਗੂ ਲਾਰਵੇ ਦੀ ਚੈਕਿੰਗ ਕੀਤੀ ਗਈ ਅਤੇ 546 ਥਾਂਵਾ ਤੇ ਮਿਲੇ ਲਾਰਵੇ ਨੂੰ ਟੀਮਾਂ ਵੱਲੋਂ ਮੌਕੇ ’ਤੇ ਹੀ ਨਸ਼ਟ ਕਰਵਾ ਦਿੱਤਾ ਗਿਆ। ਉਨ੍ਹਾਂ ਅੱਗੇ ਦੱਸਿਆ ਕਿ ਹੁਣ ਤੱਕ ਸਿਹਤ ਟੀਮਾਂ ਵੱਲੋਂ ਡਰਾਈ ਡੇਅ ਮੁਹਿੰਮ ਤਹਿਤ 890079 ਘਰਾਂ ਦਾ ਸਰਵੇ ਕੀਤਾ ਜਾ ਚੁੱਕਾ ਹੈ, ਜਿਨ੍ਹਾਂ ਵਿੱਚ 8433 ਥਾਂਵਾ ਤੇ ਮਿਲੇ ਲਾਰਵਾ ਨੂੰ ਮੌਕੇ ’ਤੇ ਹੀ ਨਸ਼ਟ ਕਰਵਾ ਦਿੱਤਾ ਗਿਆ ਹੈ ਅਤੇ ਸਬੰਧਤ ਪਰਿਵਾਰਾਂ ਨੂੰ ਅਗਾਂਹ ਲਈ ਬਚਾਅ ਸਬੰਧੀ ਜਾਗਰੂਕ ਕੀਤਾ ਗਿਆ।
ਜ਼ਿਲ੍ਹੇ ਦੀ ਨਾਭਾ ਤਹਿਸੀਲ ਦਾ ਇਲਾਕਾ ਬਣਿਆ ਡੇਂਗੂ ਦੇ ਲਈ ਹਾਟ-ਸਪਾਟ
ਜ਼ਿਲ੍ਹੇ ਦੀ ਨਾਭਾ ਤਹਿਸੀਲ ਦਾ ਇਲਾਕਾ ਡੇਂਗੂ ਦੇ ਲਈ ਹਾਟ-ਸਪਾਟ ਬਣਿਆ ਹੋਇਆ ਹੈ। ਇੱਕਲੇ ਨਾਭਾ ’ਚ ਹੀ ਅੱਜ ਤੱਕ 106 ਮਰੀਜ਼ ਡੇਂਗੂ ਦੇ ਪਾਏ ਗਏ ਹਨ। ਨਾਭਾ ਤੋਂ ਇਲਾਵਾ ਨਾਭਾ ਨੇੜਲੇ ਕਈ ਪਿੰਡਾਂ ’ਚ ਡੇਂਗੂ ਨੇ ਕਹਿਰ ਮਚਾਇਆ ਹੋਇਆ ਹੈ। ਜਿਸ ਕਾਰਨ ਇੱਕਲੇ ’ਚ ਨਾਭਾ ’ਚ ਡੇਂਗੂ ਮਰੀਜਾਂ ਦਾ ਅੰਕੜਾ 100 ਦੇ ਅੰਕੜੇ ਨੂੰ ਵੀ ਪਾਰ ਗਿਆ ਹੈ। ਨਾਭਾ ਤੇ ਨੇੜਲੇ ਪਿੰਡਾਂ ’ਚ ਪੰਚਾਇਤਾਂ ਵੱਲੋਂ ਲਗਾਤਾਰ ਫੋਗਿੰਗ ਵੀ ਕੀਤੀ ਜਾ ਰਹੀ ਹੈ। Dengue