ਜ਼ਿਲ੍ਹਾ ਸ੍ਰੀ ਮੁਕਤਸਰ ਸਾਹਿਬ ‘ਚ ਲਗਾਤਾਰ ਵੱਧ ਰਹੇ ਡੇਂਗੂ ਦੇ ਕੇਸ

Dengue

ਸਿਹਤ ਵਿਭਾਗ ਨੇ ਡੇਂਗੂ ਤੋਂ ਬਚਣ ਲਈ ਹਰ ਸ਼ੁੱਕਰਵਾਰ ਡੇਂਗੂ ‘ਤੇ ਵਾਰ ਮੁਹਿੰਮ ਅਧੀਨ ਪਾਣੀ ਵਾਲੇ ਬਰਤਨਾ ਨੂੰ ਸਾਫ ਕਰਨ ਦੀ ਕੀਤੀ ਅਪੀਲ

ਮਲੋਟ (ਮਨੋਜ)। ਜ਼ਿਲ੍ਹੇ ਵਿਚ ਡੇਂਗੂ ਦੇ ਵੱਧ ਰਹੇ ਕੇਸਾਂ ਦੇ ਮੱਦੇਨਜ਼ਰ ਸਿਹਤ ਵਿਭਾਗ ਵਲੋਂ ਲੋਕਾਂ ਨੂੰ ਸਾਵਧਾਨੀਆਂ ਵਰਤਣ ਦੀ ਅਪੀਲ ਕੀਤੀ ਗਈ ਹੈ ਅਤੇ ਡੇਂਗੂ ਵਿਰੋਧੀ ਗਤੀਵਿਧੀਆਂ ਹੋਰ ਤੇਜ ਕੀਤੀਆਂ ਗਈਆਂ ਹਨ।ਇਸ ਸਬੰਧ ਵਿਚ ਜਾਣਕਾਰੀ ਦਿੰਦਿਆਂ ਡਾ. ਰੀਟਾ ਬਾਲਾ ਸਿਵਲ ਸਰਜਨ ਨੇ ਕਿਹਾ ਕਿ ਜ਼ਿਲ੍ਹੇ ਵਿਚ ਡੇਂਗੂ ਦੇ ਰੋਜਾਨਾ ਨਵੇਂ ਕੇਸ ਰਿਪੋਰਟ ਹੋਣੇ ਸ਼ੁਰੂ ਹੋ ਗਏ ਹਨ ਅਤੇ ਜਿਲ੍ਹੇ ਵਿਚ ਕੇਸਾਂ ਦੀ ਗਿਣਤੀ ਵੱਧ ਕੇ 25 ਹੋ ਗਈ ਹੈ।

ਇਸ ਲਈ ਸਿਹਤ ਵਿਭਾਗ ਵੱਲੋਂ ਡਿਪਟੀ ਕਮਿਸ਼ਨਰ ਸ੍ਰੀ ਮੁਕਤਸਰ ਸਾਹਿਬ ਅਤੇ ਜ਼ਿਲ੍ਹਾ ਪ੍ਰਸ਼ਾਸ਼ਨ ਦੇ ਸਹਿਯੋਗ ਨਾਲ ਵੱਧ ਰਹੇ ਡੇਂਗੂ ਦੇ ਕੇਸਾਂ ਨੂੰ ਰੋਕਣ ਲਈ ਡੇਂਗੂ ਵਿਰੋਧੀ ਗਤੀਵਿਧੀਆਂ ਹੋਰ ਤੇਜ਼ ਕੀਤੀਆਂ ਗਈਆਂ ਹਨ। ਉਨ੍ਹਾਂ ਲੋਕਾਂ ਨੂੰ ਅਪੀਲ ਕੀਤੀ ਕਿ ਘਰਾਂ ਦੇ ਅੰਦਰ ਅਤੇ ਆਲੇ ਦੁਆਲੇ ਪਾਣੀ ਇਕੱਠਾ ਨਾ ਹੋਣ ਦਿੱਤਾ ਜਾਵੇ ਤਾਂ ਜੋ ਡੇਂਗੂ ਅਤੇ ਮਲੇਰੀਆ ਫੈਲਾਉਣ ਵਾਲੇ ਮੱਛਰ ਪੈਦਾ ਨਾ ਹੋ ਸਕਣ। ਉਨ੍ਹਾ ਦੱਸਿਆ ਕਿ ਅੱਜ ਸਿਹਤ ਵਿਭਾਗ ਦੀਆਂ ਟੀਮਾਂ ਵੱਲੋਂ ਡੇਂਗੂ ਅਤੇ ਮਲੇਰੀਆ ਵਿਰੋਧੀ ਗਤੀਵਿਧੀਆਂ ਕੀਤੀਆਂ ਗਈਆਂ ਅਤੇ ਖੜੇ ਪਾਣੀ ਵਿਚ ਬੀ.ਟੀ.ਆਈ. ਅਤੇ ਟੈਮੀਫਾਸ ਸਪਰੇ ਕੀਤੀ ਗਈ ਜਿਸ ਨਾਲ ਪਾਣੀ ਵਿਚ ਪੈਦਾ ਹੋਣ ਵਾਲੇ ਮੱਛਰਾਂ ਦੀ ਪੈਦਾਇਸ਼ ਨੂੰ ਰੋਕਿਆ ਜਾ ਸਕੇ।

ਇਹ ਵੀ ਪੜ੍ਹੋ : ਮੁੱਖ ਮੰਤਰੀ ਨੇ ਹੜ੍ਹ ਪੀੜਤ ਲੋਕਾਂ ਨਾਲ ਕੀਤਾ ਵਾਅਦਾ ਨਿਭਾਇਆ, ਮੁਆਵਜ਼ੇ ਦੇ ਚੈੱਕ ਸੌਂਪੇ

ਸਿਹਤ ਵਿਭਾਗ ਦੀਆਂ ਟੀਮਾਂ ਵਲੋਂ ਘਰ ਘਰ ਜਾ ਕੇ ਲੋਕਾਂ ਨੂੰ ਡੇਂਗੂ ਅਤੇ ਮਲੇਰੀਆ ਤੋਂ ਜਾਗਰੁਕ ਕਰਨ ਲਈ ਪੈਫਲਿਟ ਵੰਡੇ ਗਏ ਅਤੇ ਲੋਕਾਂ ਨੂੰ ਘਰਾਂ ਵਿਚ ਅਤੇ ਘਰਾਂ ਦੇ ਆਸ ਪਾਸ ਪਾਣੀ ਜਮ੍ਹਾਂ ਨਾ ਹੋਣ ਸਬੰਧੀ ਜਾਣਕਾਰੀ ਦਿੱਤੀ ਗਈ। ਇਸ ਮੌਕੇ ਡਾ. ਵਰੁਣ ਵਰਮਾ ਜਿਲ੍ਹਾ ਐਪੀਡੀਮੋਲੋਜਿਸਟ ਨੇ ਆਮ ਲੋਕਾਂ ਨੂੰ ਅਪੀਲ ਕਿ ਹਰ ਸ਼ੁੱਕਰਵਾਰ ਡੇਂਗੂ ਤੇ ਵਾਰ” ਮੁਹਿੰਮ ਵਿਚ ਭਾਗ ਲੈਂਦੇ ਹੋਏ ਹਰ ਸ਼ੁੱਕਰਵਾਰ ਨੂੰ ਪਾਣੀ ਸਟੋਰ ਕਰਨ ਵਾਲੇ ਬਰਤਨਾਂ ਨੂੰ ਇਕ ਵਾਰ ਸੁਕਾ ਕੇ ਦੁਬਾਰਾ ਵਰਤੋਂ ਵਿਚ ਲਿਆਂਦਾ ਜਾਵੇ ।ਉਨ੍ਹਾ ਕਿਹਾ ਕਿ ਡੇਂਗੂ ਅਤੇ ਮਲੇਰੀਆ ਦੀ ਬੀਮਾਰੀ ਤੋਂ ਬਚਣ ਲਈ ਕੁਝ ਸਾਵਧਾਨੀਆਂ ਵਰਤਣ ਦੀ ਜਰੂਰਤ ਹੈ। ਇਸ ਮੌਕੇ ਜਸਕਰਨ ਸਿੰਘ, ਗੁਰਪਿੰਦਰ ਸਿੰਘ, ਜਗਮੀਤ ਸਿੰਘ ਸਿਹਤ ਵਰਕਰ ਅਤੇ ਬ੍ਰੀਡਿੰਗ ਚੈਕਰ ਹਾਜ਼ਰ ਸਨ।