ਡਾਕਟਰਾਂ ਖ਼ਿਲਾਫ਼ ਹਿੰਸਾ ਰੋਕਣ ਦੀ ਮੰਗ ਨੂੰ ਲੈ ਕੇ ਰੋਸ ਪ੍ਰਦਰਸ਼ਨ
ਕੋਟਕਪੂਰਾ, ( ਅਜੈ ਮਨਚੰਦਾ)। ਇੰਡੀਅਨ ਮੈਡੀਕਲ ਐਸੋਸੀਏਸ਼ਨ (Indian Medical Association) ਕੋਟਕਪੂਰਾ ਵੱਲੋਂ ਪ੍ਰਧਾਨ ਡਾ. ਰਵੀ ਬਾਂਸਲ ਅਤੇ ਸੈਕਟਰੀ ਡਾ. ਰਾਜਨ ਸਿੰਗਲਾਂ ਦੀ ਅਗਵਾਈ ਹੇਠ ਡਾਕਟਰਾਂ ਖ਼ਿਲਾਫ਼ ਹਿੰਸਾ ਰੋਕਣ ਦੀ ਮੰਗ ਨੂੰ ਲੈ ਕੇ ਓਪੀਡੀ ਬੰਦ ਰੱਖੀ ਗਈ। ਇਸ ਦੌਰਾਨ ਰੋਸ ਪ੍ਰਦਰਸ਼ਨ ਕਰਦਿਆਂ ਜ਼ੋਰਦਾਰ ਨਾਅਰੇਬਾਜ਼ੀ ਵੀ ਕੀਤੀ ਗਈ। ਸਥਾਨਕ ਸਿਵਲ ਹਸਪਤਾਲ ਵਿਖੇ ਇਕੱਠ ਦੌਰਾਨ ਡਾ. ਰਵੀ ਬਾਂਸਲ, ਡਾ. ਰਾਜਨ ਸਿੰਗਲਾ, ਡਾ. ਰਜਨੀਸ਼ ਲੱਡਾ, ਡਾ. ਜਸਬੀਰ ਸਿੰਘ, ਡਾ. ਆਰਸੀ ਗਰਗ ਤੇ ਡਾ. ਪੀਐੱਸ ਬਰਾੜ ਨੇ ਕਿਹਾ ਕਿ ਰਾਜਸਥਾਨ ਦੇ ਦੌਸਾ ‘ਚ ਇਕ ਮਰੀਜ਼ ਦੀ ਮੌਤ ਹੋ ਜਾਣ ‘ਤੇ ਗੋਲਡ ਮੈਡਲ ਜੇਤੂ ਇੱਕ ਗਾਇਨੀਕੋਲੋਜਿਸਟ ਨੂੰ ਗਲਤ ਤਰੀਕੇ ਨਾਲ ਜਿੰਮੇਵਾਰ ਠਹਿਰਾਉਣ ਅਤੇ ਉਸ ਖਿਲਾਫ ਐੱਫ.ਆਈ.ਆਰ ਦਰਜ ਕਰਨਾ ਤੋਂ ਬਾਅਦ ਉਸ ਵੱਲੋਂ ਆਤਮ ਹੱਤਿਆ ਵਰਗਾ ਕਦਮ ਚੁੱਕਣ ਲਈ ਮਜਬੂਰ ਹੋਣਾ ਬਹੁਤ ਹੀ ਗੰਭੀਰ ਮਾਮਲਾ ਹੈ।
ਉਨਾਂ ਕਿਹਾ ਕਿ ਕਾਨੂੰਨ ਵਿੱਚ ਇਸ ਸਬੰਧ ਵਿੱਚ ਸਪੱਸ਼ਟ ਤੌਰ ‘ਤੇ ਜ਼ਿਕਰ ਕੀਤਾ ਗਿਆ ਹੈ ਕਿ ਜਦੋਂ ਤੱਕ ਗਠਿਤ ਮੈਡੀਕਲ ਬੋਰਡ ਕਿਸੇ ਇਲਾਜ ਪੋ੍ਟੋਕਾਲ ‘ਚ ਲਾਪਰਵਾਹੀ ਦਾ ਪਤਾ ਨਹੀਂ ਲਗਾਉਂਦਾ, ਉੱਦੋਂ ਤੱਕ ਕਿਸੇ ਵੀ ਡਾਕਟਰ ਖਿਲਾਫ ਕੋਈ ਐੱਫ.ਆਈ.ਆਰ ਦਰਜ ਕੀਤੀ ਹੀ ਨਹੀਂ ਜਾ ਸਕਦੀ ਪਰੰਤੂ ਇਸ ਮਾਮਲੇ ਵਿੱਚ ਉਕਤ ਕਾਨੂੰਨ ਨੂੰ ਅਣਗੌਲਿਆਂ ਕਰਦੇ ਹੋਏ ਡਾਕਟਰ ਖਿਲਾਫ ਐੱਫ.ਆਈ.ਆਰ ਦਰਜ ਕਰ ਦਿੱਤੀ ਗਈ। ਉਨਾਂ ਕਿਹਾ ਕਿ ਡਾਕਟਰ ਹਮੇਸ਼ਾ ਹੀ ਬੜੀ ਮਹਿਨਤ ਅਤੇ ਇਮਾਨਦਾਰੀ ਨਾਲ ਮਰੀਜ਼ਾਂ ਦਾ ਇਲਾਜ ਕਰਦੇ ਹੋਏ ਅਤੇ ਉਨਾਂ ਦਾ ਜਾਨ ਬਚਾਉਣ ਲਈ ਹਰ ਸੰਭਵ ਯਤਨ ਕਰਦੇ ਹੋਏ ਪਰੰਤੂ ਅਜਿਹੀਆਂ ਗੈਰ ਭਰੋਸੇਯੋਗ ਪ੍ਰਸਥਿਤੀਆਂ ਵਿੱਚ ਡਾਕਟਰ ਆਪਣੇ ਕਿੱਤੇ ਨਾਲ ਕਿਵੇਂ ਇਨਸਾਫ ਕਰ ਸਕਦੇ ਹਨ।
ਉਨਾਂ ਇਸ ਮਾਮਲੇ ਨਾਲ ਸਬੰਧਿਤ ਦੋਸ਼ੀਆਂ ਖ਼ਿਲਾਫ਼ ਸਖਤ ਤੋਂ ਸਖਤ ਸਜ਼ਾ ਦੀ ਮੰਗ ਕਰਦੇ ਹੋਏ ਕਿਹਾ ਕਿ ਇਹ ਯਕੀਨੀ ਬਣਾਇਆ ਜਾਵੇ ਕਿ ਅਜਿਹੀਆਂ ਘਟਨਾਵਾਂ ਆਉਣ ਵਾਲੇ ਸਮੇਂ ’ਚ ਨਾ ਵਾਪਰਨ। ਇਸ ਦੌਰਾਨ ਆਈ.ਐੱਮ.ਏ. ਕੋਟਕਪੂਰਾ ਦੇ ਸਮੂਹ ਮੈਂਬਰ ਜ਼ਿਲ੍ਹਾ ਪੁਲਿਸ ਮੁਖੀ ਵਰੁਣ ਸ਼ਰਮਾ ਨੂੰ ਮਿਲੇ ਅਤੇ ਉਨਾਂ੍ਹ ਨੂੰ ਇੱਕ ਮੰਗ ਪੱਤਰ ਵੀ ਦਿੱਤਾ। ਇਸ ਮੌਕੇ ਡਾ.ਹਰਿੰਦਰ ਗਾਂਧੀ, ਡਾ.ਟੋਨੀ ਕਟਾਰੀਆ, ਡਾ.ਮੁਕਤਾ ਕਟਾਰੀਆ, ਡਾ.ਵਿਕਰਮਜੀਤ ਸਿੰਘ, ਡਾ.ਐੱਨ.ਐੱਮ ਚੋਪੜਾ, ਡਾ.ਕਮਲ ਸੇਠੀ, ਡਾ.ਪੇ੍ਮ ਪਾਲ ਬਾਂਸਲ, ਡਾ.ਅਮਿਤ ਜਿੰਦਲ, ਡਾ.ਮਨਵੀਰ ਚੋਪੜਾ, ਡਾ.ਮਾਧਵ ਗਰਗ, ਡਾ.ਗਗਨਦੀਪ ਨਾਰੰਗ ਅਤੇ ਡਾ.ਕਰਮਜੀਤ ਕੌਰ ਆਦਿ ਵੀ ਹਾਜ਼ਰ ਸਨ।
ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter,Instagram, Linkedin , YouTube‘ਤੇ ਫਾਲੋ ਕਰੋ