ਚੰਡੀਗੜ੍ਹ ਵਿਖੇ ਧਰਨਾ ਦੇ ਰਹੇ ਪ੍ਰਦਰਸ਼ਨਕਾਰੀ ਭਖੇ
ਚੰਡੀਗੜ੍ਹ | ਚੰਡੀਗੜ੍ਹ ਵਿਖੇ ਪੰਜਾਬ ਸਰਕਾਰ ਖ਼ਿਲਾਫ਼ ਧਰਨਾ ਦੇ ਰਹੇ ਅਨੁਸੂਚਿਤ ਜਾਤੀ ਦੇ ਪਰਿਵਾਰਕ ਮੈਂਬਰਾਂ ਨੇ ਸਪੱਸ਼ਟ ਤੌਰ ‘ਤੇ ਝੂਠੇ ਮਾਮਲੇ ਰੱਦ ਤੇ ਦੋਸ਼ੀਆਂ ਨੂੰ ਗ੍ਰਿਫ਼ਤਾਰ ਕਰਨ ਦੀ ਮੰਗ ਕਰਦਿਆਂ ਕਿਹਾ ਕਿ ਉਹ ਉਸ ਸਮੇਂ ਤੱਕ ਆਪਣੇ ਧਰਨੇ ਤੇ ਸੰਕੇਤਕ ਭੁੱਖ ਹੜਤਾਲ ਤੋਂ ਨਹੀਂ ਉੱਠਣਗੇ, ਜਦੋਂ ਤੱਕ ਕਿ ਉਨ੍ਹਾਂ ਦੀ ਮੰਗ ਨੂੰ ਪ੍ਰਵਾਨ ਨਹੀਂ ਕੀਤਾ ਜਾਂਦਾ ਹੈ। ਨੈਸ਼ਨਲ ਸ਼ਡਿਊਲਡ ਕਾਸਟ ਅਲਾਇੰਸ ਦੇ ਪ੍ਰਧਾਨ ਪਰਮਜੀਤ ਸਿੰਘ ਕੈਂਥ ਨੇ ਕਿਹਾ ਕਿ ਰਾਜਨੀਤਕ ਆਗੂਆਂ ਦੇ ਕਹਿਣ ‘ਤੇ ਮੁੱਖ ਮੰਤਰੀ ਅਮਰਿੰਦਰ ਸਿੰਘ ਦੇ ਜ਼ਿਲ੍ਹੇ ਵਿੱਚ ਹੀ ਝੂਠੇ ਮਾਮਲੇ ਦਰਜ ਕੀਤੇ ਜਾ ਰਹੇ ਹਨ, ਜਦੋਂ ਕਿ ਅਮਰਿੰਦਰ ਸਿੰਘ ਅੱਖਾਂ ਬੰਦ ਕਰਕੇ ਬੈਠੇ ਹਨ। ਉਨ੍ਹਾਂ ਕਿਹਾ ਕਿ ਸਿਆਸੀ ਆਗੂ ਹੁਣ ਤਾਂ ਦਲਿਤਾ ‘ਤੇ ਝੂਠੇ ਮਾਮਲੇ ਦਰਜ ਕਰਵਾਉਣ ਤੋਂ ਬਾਅਦ ਉਨ੍ਹਾਂ ਨੂੰ ਅਪਮਾਨਿਤ ਕਰਨ ਲੱਗ ਪਏ ਹਨ। ਉਨ੍ਹਾਂ ਦੱਸਿਆ ਕਿ ਮੁੱਖ ਮੰਤਰੀ ਅਮਰਿੰਦਰ ਸਿੰਘ ਦੇ ਜ਼ਿਲ੍ਹੇ ਦੇ ਅਧੀਨ ਆਉਂਦੇ ਸ਼ੁਤਰਾਣਾ ਹਲਕੇ ਦੇ ਪਿੰਡ ਅਤਾਲਾਂ ਦੇ ਵਸਨੀਕ ਕਾਲਾ ਸਿੰਘ ਤੇ ਸ਼ੇਰਗੜ੍ਹ ਦੇ ਚਰਨਜੀਤ ਸਿੰਘ ਨਾਲ ਸ਼ਰ੍ਹੇਆਮ ਧੱਕਾ ਕੀਤਾ ਜਾ ਰਿਹਾ ਹੈ। ਇਨ੍ਹਾਂ ਪੀੜਤਾਂ ਨਾਲ ਮਾਰ-ਕੁੱਟ ਕਰਨ ਦੇ ਨਾਲ ਹੀ ਅਗਵਾ ਤੱਕ ਕੀਤਾ ਗਿਆ ਪਰ ਪੰਜਾਬ ਪੁਲਿਸ ਸਿਰਫ਼ ਸਿਆਸੀ ਆਗੂਆਂ ਦੇ ਕਾਰਨ ਚੁੱਪ ਵੱਟੀ ਬੈਠੀ ਹੈ।
ਉਨ੍ਹਾਂ ਦੱਸਿਆ ਕਿ ਚੰਡੀਗੜ੍ਹ ਵਿਖੇ ਉਨ੍ਹਾਂ ਦਾ ਧਰਨਾ ਅੱਜ ਤੀਜੇ ਦਿਨ ਨੂੰ ਵੀ ਮੁਕੰਮਲ ਕਰਨ ਜਾ ਰਿਹਾ ਹੈ ਪਰ ਸਰਕਾਰ ਵੱਲੋਂ ਇਸ ਸਬੰਧੀ ਕੋਈ ਵੀ ਕਾਰਵਾਈ ਨਹੀਂ ਕੀਤੀ ਗਈ ਹੈ ਉਨ੍ਹਾਂ ਕਿਹਾ ਕਿ ਦਲਿਤਾਂ ‘ਤੇ ਕੀਤੇ ਜਾ ਰਹੇ ਜ਼ੁਲਮ ਤੇ ਬੇਇੱਜ਼ਤ ਸਿਰਫ਼ ਹਲਕੇ ਦੇ ਵਿਧਾਇਕ ਨਿਰਮਲ ਸਿੰਘ ਦੇ ਇਸ਼ਾਰੇ ‘ਤੇ ਹੀ ਕੀਤਾ ਜਾ ਰਿਹਾ ਹੈ, ਕਿਉਂਕਿ ਵਿਧਾਇਕ ਨਿਰਮਲ ਸਿੰਘ ਨੂੰ ਪੀੜਤਾਂ ਵੱਲੋਂ ਸਾਰੀ ਜਾਣਕਾਰੀ ਦਿੱਤੀ ਗਈ ਸੀ ਪਰ ਨਿਰਮਲ ਸਿੰਘ ਵੱਲੋਂ ਪੀੜਤਾਂ ਦੇ ਹੱਕ ‘ਚ ਨਿੱਤਰਨ ਦੀ ਥਾਂ ‘ਤੇ ਦੋਸ਼ੀਆਂ ਦੇ ਹੱਕ ਵਿੱਚ ਪੁਲਿਸ ਨੂੰ ਫੋਨ ਤੱਕ ਕਰ ਦਿੱਤੇ। ਉਨ੍ਹਾਂ ਦੋਸ਼ ਲਗਾਇਆ ਕਿ ਦਲਿਤਾਂ ਨਾਲ ਧੱਕਾ ਹੋ ਰਿਹਾ ਹੈ ਪਰ ਦਲਿਤ ਵਿਧਾਇਕ ਹੋਣ ਦੇ ਬਾਵਜ਼ੂਦ ਵੀ ਨਿਰਮਲ ਸਿੰਘ ਸ਼ਾਹੂਕਾਰਾਂ ਦੀ ਮਦਦ ਕਰਨ ਵਿੱਚ ਲੱਗਾ ਹੋਇਆ ਹੈ, ਜਿਸ ਤੋਂ ਬਾਅਦ ਸ਼ੁਤਰਾਣਾ ਹਲਕੇ ‘ਚ ਇਨਸਾਫ਼ ਦੀ ਉਮੀਦ ਨਾ ਦੇ ਬਰਾਬਰ ਉਨ੍ਹਾਂ ਨੂੰ ਨਜ਼ਰ ਆ ਰਹੀ ਹੈ, ਜਿਸ ਦੇ ਚਲਦੇ ਹੀ ਮੁੱਖ ਮੰਤਰੀ ਤੱਕ ਸ਼ਿਕਾਇਤ ਕੀਤੀ ਗਈ ਸੀ। ਇਸ ਮਾਮਲੇ ‘ਚ ਹੁਣ ਤੱਕ ਕੁਝ ਵੀ ਨਾ ਹੋਣ ਕਾਰਨ ਉਹ ਧਰਨੇ ‘ਤੇ ਬੈਠੇ ਹਨ ਤੇ ਉਨ੍ਹਾਂ ਦਾ ਧਰਨਾ ਇਸੇ ਤਰ੍ਹਾਂ ਜਾਰੀ ਰਹੇਗਾ।
Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।