ਮੁਫ਼ਤ ਬਿਜਲੀ (Free Electricity) ਵਾਲੇ ਸਾਵਧਾਨ, ਜੇ ਬਿਜਲੀ ਚੋਰੀ ਫੜੀ ਗਈ ਤਾਂ ਹੋ ਸਕਦੀ ਐ ਸਹੂਲਤ ਬੰਦ!
ਪਟਿਆਲਾ (ਖੁਸ਼ਵੀਰ ਸਿੰਘ ਤੂਰ)। ਪੰਜਾਬ ਸਰਕਾਰ ਵੱਲੋਂ ਦਿੱਤੀ ਜਾ ਰਹੀ ਮਹੀਨਾਵਾਰ 300 ਯੂਨਿਟ ਮੁਫ਼ਤ ਬਿਜਲੀ ਦਾ ਲਾਭ ਲੈਣ ਵਾਲੇ ਖਪਤਕਾਰ ਸਾਵਧਾਨ ਹੋ ਜਾਣ। ਜੇਕਰ ਉਹ ਆਪਣੀਆਂ ਮੁਫ਼ਤ ਬਿਜਲੀ ਵਾਲੀਆਂ ਯੂਨਿਟਾਂ ਬਚਾਉਣ ਦੇ ਚੱਕਰ ਵਿੱਚ ਬਿਜਲੀ ਚੋਰੀ ਕਰਦੇ ਫੜੇ ਗਏ ਤਾਂ ਉਨ੍ਹਾਂ ਨੂੰ ਜ਼ੁਰਮਾਨਾ ਤਾਂ ਪਵੇਗਾ ਹੀ ਤੇ ਨਾਲ ਹੀ ਮੁਫ਼ਤ ਮਿਲ ਰਹੀ 600 ਯੂਨਿਟਾਂ ਤੋਂ ਵੀ ਹੱਥ ਧੋਣੇ ਪੈ ਸਕਦੇ ਹਨ। ਬਿਜਲੀ ਚੋਰੀ ਰੋਕਣ ਲਈ ਫੀਲਡ ਦੇ ਅਧਿਕਾਰੀਆਂ ਵੱਲੋਂ ਇਹ ਸੁਝਾਅ ਉੱਚ ਅਧਿਕਾਰੀਆਂ ਨੂੰ ਦਿੱਤਾ ਗਿਆ ਹੈ ਤਾਂ ਜੋ ਬਿਜਲੀ ਚੋਰੀ ਹੋਣ ਦੇ ਮਾਮਲਿਆਂ ਨਾਲ ਨਜਿੱਠਿਆ ਜਾ ਸਕੇ।
ਦੱਸਣਯੋਗ ਹੈ ਕਿ ਪੰਜਾਬ ਸਰਕਾਰ ਵੱਲੋਂ ਆਪਣੀ ਗਾਰੰਟੀ ਪੂਰੀ ਕਰਦਿਆਂ ਪੰਜਾਬ ਦੇ ਖਪਤਕਾਰਾਂ ਨੂੰ ਦੋ ਮਹੀਨਿਆਂ ਦੀ 600 ਯੂਨਿਟ ਮੁਫ਼ਤ ਬਿਜਲੀ (Free Electricity) ਦੀ ਸਹੂਲਤ ਦਿੱਤੀ ਗਈ ਹੈ। ਸਰਦੀਆਂ ਵਿੱਚ ਤਾਂ ਭਾਵੇਂ ਇਸ ਸਹੂਲਤ ਕਾਰਨ ਪੰਜਾਬ ਦੇ ਲਗਭਗ 90 ਫੀਸਦੀ ਖਪਤਕਾਰਾਂ ਨੂੰ ਬਿਜਲੀ ਬਿੱਲ ਆਏ ਹੀ ਨਹੀਂ ਹਨ। ਇੱਧਰ ਗਰਮੀਆਂ ਵਿੱਚ ਬਿਜਲੀ ਦੀ ਖਪਤ ਜ਼ਿਆਦਾ ਹੋਣ ਕਾਰਨ ਲੋਕਾਂ ਵੱਲੋਂ ਬਿਜਲੀ ਚੋਰੀ ਕਰਨ ਦੀਆਂ ਘਟਨਾਵਾਂ ਵਿੱਚ ਵਾਧਾ ਹੋ ਜਾਂਦਾ ਹੈ। ਪਾਵਰਕੌਮ ਦੇ ਅਧਿਕਾਰੀਆਂ ਨੂੰ ਵੀ ਇਹ ਡਰ ਸਤਾ ਰਿਹਾ ਹੈ ਕਿ ਗਰਮੀਆਂ ਵਿੱਚ ਖਪਤਕਾਰਾਂ ਵੱਲੋਂ ਆਪਣੀ 600 ਯੂਨਿਟਾਂ ਤੋਂ ਵੱਧ ਦੀ ਖਪਤ ਦੇ ਡਰ ਤੋਂ ਬਿਜਲੀ ਚੋਰੀ ਕਰਨ ਦਾ ਰੁਝਾਣ ਵਧਣ ਦੀ ਸੰਭਾਵਨਾ ਹੈ।
ਫੀਲਡ ਅਧਿਕਾਰੀਆਂ ਨੇ ਬਿਜਲੀ ਚੋਰੀ ਰੋਕਣ ਲਈ ਉੱਚ ਅਧਿਕਾਰੀਆਂ ਨੂੰ ਭੇਜਿਆ ਸੁਝਾਅ
ਇਸੇ ਮੱਦੇਨਜ਼ਰ ਉਪ ਮੁੱਖ ਇੰਜੀਨੀਅਰ ਵੰਡ ਹਲਕਾ ਸੰਗਰੂਰ ਵੱਲੋਂ ਪਿਛਲੇ ਦਿਨਾਂ ਦੌਰਾਨ ਆਪਣੇ ਉੱਚ ਅਧਿਕਾਰੀਆਂ ਨੂੰ ਸੁਝਾਅ ਦਿੱਤਾ ਗਿਆ ਹੈ ਕਿ ਜੇਕਰ ਇਹ ਹਦਾਇਤਾਂ ਕਰ ਦਿੱਤੀਆਂ ਜਾਣ ਕਿ ਜਿਹੜਾ ਘਰੇਲੂ ਖਪਤਕਾਰ ਇੱਕ ਵਾਰ ਬਿਜਲੀ ਚੋਰੀ ਕਰਦਾ ਫੜਿਆ ਜਾਂਦਾ ਹੈ ਤਾਂ ਉਸ ਨੂੰ ਬਿਜਲੀ ਚੋਰੀ ਦੇ ਜ਼ੁਰਮਾਨੇ ਦੇ ਨਾਲ-ਨਾਲ ਉਸ ਦੇ ਕੁਨੈਕਸ਼ਨ ’ਤੇ ਦਿੱਤੀ ਜਾਂਦੀ 600 ਯੂਨਿਟ ਮੁਫ਼ਤ ਬਿਜਲੀ (Free Electricity) ਸਹੂਲਤ ਹਮੇਸ਼ਾ ਲਈ ਬੰਦ ਕਰ ਦਿੱਤੀ ਜਾਵੇ ਤਾਂ ਅਜਿਹਾ ਕਰਨ ਨਾਲ ਫੀਲਡ ਵਿੱਚ ਹੋਣ ਵਾਲੀ ਬਿਜਲੀ ਚੋਰੀ ਨੂੰ ਠੱ੍ਹਲ ਪਾਉਣ ਵਿੱਚ ਕਾਫ਼ੀ ਹੱਦ ਤੱਕ ਮੱਦਦ ਮਿਲੇਗੀ।
ਉਂਜ ਭਾਵੇਂ ਪਾਵਰਕੌਮ ਮੈਨੇਜ਼ਮੈਂਟ ਵੱਲੋਂ ਅਜੇ ਇਸ ਮਾਮਲੇ ਸਬੰਧੀ ਕਿਸੇ ਪ੍ਰਕਾਰ ਦਾ ਫੈਸਲਾ ਸਾਹਮਣੇ ਨਹੀਂ ਆਇਆ ਪਰ ਆ ਰਹੇ ਗਰਮੀ ਦੇ ਸੀਜ਼ਨ ਤੋਂ ਪਹਿਲਾਂ ਖਪਤਕਾਰਾਂ ਨੂੰ ਅਜਿਹੀ ਹਦਾਇਤ ਸਾਹਮਣੇ ਆ ਸਕਦੀ ਹੈ। 300 ਯੂਨਿਟ ਮੁਫ਼ਤ ਬਿਜਲੀ ਦੀ ਸਹੂਲਤ ਦਾ ਅਸਰ ਇਹ ਹੈ ਕਿ ਸਰਦੀਆਂ ਵਿੱਚ ਬਿਜਲੀ ਦੀ ਮੰਗ ਸਾਰੇ ਰਿਕਾਰਡ ਤੋੜ ਰਹੀ ਹੈ ਕਿਉਂਕਿ ਖਪਤਕਾਰਾਂ ਵੱਲੋਂ ਹੀਟਰਾਂ ਆਦਿ ਦੀ ਵਰਤੋਂ ਵਧਣ ਕਰਕੇ ਬਿਜਲੀ ਦੀ ਮੰਗ ਵਿੱਚ ਵਾਧਾ ਹੋ ਰਿਹਾ ਹੈ। ਇਸ ਮਾਮਲੇ ਸਬੰਧੀ ਇੱਕ ਅਧਿਕਾਰੀ ਦਾ ਕਹਿਣਾ ਸੀ ਕਿ ਉਹ ਇਸ ਮਾਮਲੇ ’ਤੇ ਅਜੇ ਬਹੁਤਾ ਕੁਝ ਨਹੀਂ ਕਹਿ ਸਕਦੇ।
ਬਿਜਲੀ ਦੀ ਮੰਗ ਕਾਰਨ ਥਰਮਲਾਂ ਦੇ 12 ਯੂਨਿਟ ਚਾਲੂ
ਇੱਧਰ ਅੱਜ ਸ਼ਾਮ 6.30 ਵਜੇ ਤੱਕ ਬਿਜਲੀ ਦੀ ਮੰਗ 7 ਹਜ਼ਾਰ ਮੈਗਾਵਟ ਤੋਂ ਹੇਠਾਂ ਚੱਲ ਰਹੀ ਸੀ। ਪਾਵਰਕੌਮ ਵੱਲੋਂ ਆਪਣੇ ਸਰਕਾਰੀ ਸਮੇਤ ਪ੍ਰਾਈਵੇਟ ਥਰਮਲ ਪਲਾਂਟਾਂ ਦੇ 12 ਯੂਨਿਟ ਭਖਾਏ ਹੋਏ ਸਨ। ਸਰਕਾਰੀ ਥਰਮਲਾਂ ਦੇ 6 ਯੂਨਿਟ ਬਿਜਲੀ ਉਤਪਾਦਨ ਕਰ ਰਹੇ ਹਨ ਜਦਕਿ ਪ੍ਰਾਈਵੇਟ ਥਰਮਲ ਪਲਾਂਟਾਂ ਦੇ ਵੀ 6 ਯੂਨਿਟ ਬਿਜਲੀ ਪੈਦਾ ਕਰ ਰਹੇ ਹਨ। ਇਸ ਤੋਂ ਇਲਾਵਾ ਪਾਵਰਕੌਮ ਦੇ ਹਾਈਡ੍ਰਲ ਪ੍ਰੋਜੈਕਟ ਵੀ ਬਿਜਲੀ ਉਤਪਾਦਨ ਲਈ ਭਖੇ ਹੋਏ ਹਨ। ਗਰਮੀਆਂ ਵਿੱਚ ਵੀ ਇਸ ਵਾਰ ਬਿਜਲੀ ਦੀ ਮੰਗ ਵਧੇਰੇ ਹੋ ਸਕਦੀ ਹੈ, ਜੋ ਕਿ ਪਾਵਰਕੌਮ ਦੀ ਚਿੰਤਾ ਵਧਾ ਰਹੀ ਹੈ।