ਠੰਢ ’ਚ ਬੇਸਹਾਰਿਆਂ ਦਾ ਬਣੋ ਸਹਾਰਾ

Help in Cold

ਇਨ੍ਹੀਂ ਦਿਨੀਂ ਉੱਤਰ ਭਾਰਤ ਠੰਢ ਦੇ ਕਹਿਰ ਤੋਂ ਪ੍ਰੇਸ਼ਾਨ ਹੈ, ਹਾਲਾਂਕਿ ਮੌਸਮ ਵਿਗਿਆਨੀਆਂ ਦਾ ਕਹਿਣਾ ਹੈ ਕਿ ਕੜਾਕੇ ਦੀ ਠੰਢ ਤਾਂ ਹਾਲੇ ਪੈਣ ਵਾਲੀ ਹੈ। ਆਮ ਤੌਰ ’ਤੇ ਇਹ ਮੰਨਿਆ ਜਾਂਦਾ ਹੈ ਕਿ 14 ਜਨਵਰੀ ਤੋਂ ਬਾਅਦ ਠੰਢ ਤੋਂ ਰਾਹਤ ਦੀ ਸ਼ੁਰੂਆਤ ਹੋ ਜਾਂਦੀ ਹੈ, ਪਰ ਇਸ ਵਾਰ 14 ਜਨਵਰੀ ਤੋਂ ਠੰਢ ਦੀ ਨਵੀਂ ਲਹਿਰ ਚੱਲ ਪਈ ਹੈ। ਮੈਦਾਨੀ ਇਲਾਕਿਆਂ ’ਚ ਤਾਪਮਾਨ ਮਾਈਨਸ 4 ਡਿਗਰੀ ਸੈਲਸੀਅਸ ਤੱਕ ਡਿੱਗ ਜਾਵੇਗਾ ਅਤੇ ਠੰਢ 16 ਤੋਂ 18 ਜਨਵਰੀ ਵਿਚਕਾਰ ਜ਼ੋਰਾਂ ’ਤੇ ਹੋਵੇਗਾ। ਪਿੰਡਾ ਠਾਰਦੀ ਠੰਢੀ ਹਵਾ ਹੁਣ ਕਹਿਰ ਲੱਗਣ ਲੱਗੀ ਹੈ ਅਤੇ ਅੰਗੀਠੀ ਕੋਲੋਂ ਉੱਠਣ ਦਾ ਮਨ ਨਹੀਂ ਕਰਦਾ ਮੌਸਮ ਵਿਗਿਆਨੀਆਂ ਅਨੁਸਾਰ 19 ਜਨਵਰੀ ਤੱਕ ਮੈਦਾਨੀ ਇਲਾਕਿਆਂ ’ਚ ਤਾਪਮਾਨ ਮਾਈਨਸ ਚਾਰ ਡਿਗਰੀ ਤੋਂ ਪਲੱਸ ਚਾਰ ਡਿਗਰੀ ਤੱਕ ਰਹੇਗਾ। ਧੁੱਪ ਘੱਟ ਰਹਿ ਸਕਦੀ ਹੈ, ਜਿਸ ਦੀ ਵਜ੍ਹਾ ਨਾਲ ਵੱਧ ਤੋਂ ਵੱਧ ਤਾਪਮਾਨ ਵੀ ਜ਼ਿਆਦਾ ਨਹੀਂ ਹੋਵੇਗਾ।

ਹੁਣ ਔਸਤ ਤਾਪਮਾਨ 8 ਤੋਂ 13 ਡਿਗਰੀ ਵਿਚਕਾਰ ਚੱਲ ਰਿਹਾ ਹੈ ਅਤੇ ਜੇਕਰ ਇਸ ’ਚ 4 ਡਿਗਰੀ ਦੀ ਵੀ ਕਮੀ ਆਉਂਦੀ ਹੈ, ਤਾਂ ਬਿਨਾਂ ਸ਼ੱਕ ਲੋਕਾਂ ਨੂੰ ਪ੍ਰੇਸ਼ਾਨੀ ਹੋਵੇਗੀ। ਉੱਥੇ, ਕੜਾਕੇ ਦੀ ਠੰਢ ਬੇਘਰੇ ਲੋਕਾਂ ਦੀ ਜਾਨ ’ਤੇ ਭਾਰੀ ਪੈ ਰਹੀ ਹੈ। ਕਈ ਥਾਵਾਂ ’ਤੇ ਲੋਕ ਠੰਢੀਆਂ ਰਾਤਾਂ ’ਚ ਝੌਂਪੜੀਆਂ ਅਤੇ ਖੁੱਲ੍ਹੀਆਂ ਥਾਵਾਂ ’ਤੇ ਆਪਣਾ ਜੀਵਨ ਬਤੀਤ ਕਰਨ ਨੂੰ ਮਜ਼ਬੂਰ ਹਨ ਜੋ ਕਿ ਸਰਕਾਰ ਦੇ ਠੰਢ ਦੇ ਮੌਸਮ ਨੂੰ ਦੇਖਦੇ ਹੋਏ ਕੀਤੇ ਜਾਣ ਵਾਲੇ ਅਗਾਊਂ ਪ੍ਰਬੰਧਾਂ ਦੀ ਪੋਲ ਖੋਲ੍ਹਦਾ ਹੈ। ਇਸ ਤੋਂ ਇਲਾਵਾ ਖੇਤੀ ਖੇਤਰ ਦੇ ਸਬੰਧ ’ਚ ਜਿੱਥੇ ਇੱਕ ਪਾਸੇ ਕਣਕ ਦੀ ਫਸਲ ਲਈ ਠੰਢ ਫਾਇਦੇਮੰਦ ਮੰਨੀ ਜਾ ਰਹੀ ਹੈ, ਉੱਥੇ ਦੂਜੇ ਪਾਸੇ ਸਰੋ੍ਹਂ, ਆਲੂ ਅਤੇ ਹੋਰ ਸਬਜ਼ੀ ਕਾਸ਼ਤਕਾਰਾਂ ਲਈ ਸੰਘਣਾ ਕੋਹਰਾ ਨੁਕਸਾਨ ਪਹੰੁਚਾ ਸਕਦਾ ਹੈ, ਜਿਸ ਨਾਲ ਆਉਣ ਵਾਲੇ ਸਮੇਂ ਵਿੱਚ ਰਸੋਈ ਦਾ ਬਜਟ ਵਿਗੜ ਸਕਦਾ ਹੈ।

ਪ੍ਰਸ਼ਾਸਨ ਦਾ ਉਪਰਾਲਾ ਚੰਗਾ (Help in Cold)

ਵੱਡੀ ਗਿਣਤੀ ’ਚ ਰੇਲਾਂ ਰੱਦ ਹੋ ਗਈਆਂ ਹਨ ਤੇ ਹਵਾਈ ਜਹਾਜ਼ਾਂ ਦੀ ਆਵਾਜਾਈ ’ਤੇ ਵੀ ਅਸਰ ਪੈ ਰਿਹਾ ਹੈ, ਜਿਸ ਕਾਰਨ ਜ਼ਰੂਰੀ ਯਾਤਰਾ ਕਰਨ ਵਾਲਿਆਂ ਨੂੰ ਬਹੁਤ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਠੰਢ ਦੀ ਵਜ੍ਹਾ ਨਾਲ ਬਜ਼ੁਰਗ ਅਤੇ ਬਿਮਾਰ ਲੋਕਾਂ ਨੂੰ ਕਾਫ਼ੀ ਪ੍ਰੇਸ਼ਾਨੀ ਦਾ ਸਾਹਮਣਾ ਕਰਨਾ ਪੈ ਰਿਹਾ ਹੈ ਅਤੇ ਇਨ੍ਹੀਂ ਦਿਨੀਂ ਹਾਰਟ ਅਟੈਕ ਦੇ ਮਾਮਲੇ ਵੀ ਵਧ ਜਾਂਦੇ ਹਨ ਮੌਸਮ ਦੇ ਮਿਜ਼ਾਜ ਨੂੰ ਦੇਖਦੇ ਹੋਏ ਸਰਕਾਰ ਨੂੰ ਬੇਘਰੇ ਲੋਕਾਂ ਲਈ ਹੋਰ ਜ਼ਿਆਦਾ ਆਸਰਾ ਸਥਾਨਾਂ ਦਾ ਪ੍ਰਬੰਧ ਕਰਨਾ ਚਾਹੀਦਾ ਹੈ।

ਅਜਿਹੇ ਵਿਚ ਕਈ ਥਾਈਂ ਪ੍ਰਸ਼ਾਸਨ ਨੇ ਨਕਾਰਾ ਹੋਈਆਂ ਰੋਡਵੇਜ਼ ਦੀਆਂ ਬੱਸਾਂ ਨੂੰ ਖਾਲੀ ਜਨਤਕ ਥਾਵਾਂ ’ਤੇ ਖਲ੍ਹਾਰ ਕੇ ਬੇਘਰੇ ਲੋਕਾਂ ਨੂੰ ਠੰਢ ਤੋਂ ਬਚਾਉਣ ਦਾ ਬਹੁਤ ਵਧੀਆ ਉਪਰਾਲਾ ਕੀਤਾ ਹੈ, ਅਜਿਹੇ ਹੀ ਹੋਰ ਉਪਰਾਲਿਆਂ ਦੀ ਵੀ ਬਹੁਤ ਲੋੜ ਹੈ। ਸਰਕਾਰ ਦੇ ਨਾਲ-ਨਾਲ ਧਾਰਮਿਕ ਸੰਸਥਾਵਾਂ ਨੂੰ ਵੀ ਬੇਘਰੇ ਲੋਕਾਂ ਨੂੰ ਠੰਢ ਤੋਂ ਬਚਾਉਣ ਲਈ ਸਰਕਾਰ ਨਾਲ ਮਿਲ ਕੇ ਪ੍ਰਬੰਧ ਕਰਨੇ ਚਾਹੀਦੇ ਹਨ। ਉੱਥੇ ਸਾਡੀ ਸਭ ਦੀ ਹੀ ਸਮਾਜਿਕ ਜ਼ਿੰਮੇਵਾਰੀ ਬਣਦੀ ਹੈ ਕਿ ਠੰਢ ਨਾਲ ਠਰਦੇ ਲੋਕਾਂ ਦੀ ਹਰ ਸੰਭਵ ਸਹਾਇਤਾ ਕਰੀਏ।

ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter,InstagramLinkedin , YouTube‘ਤੇ ਫਾਲੋ ਕਰੋ