ਨਵੀਂ ਦਿੱਲੀ। ਦਿੱਲੀ ਦੀ ਸਾਬਕਾ ਮੁੱਖ ਮੰਤਰੀ ਅਤੇ ਕਾਂਗਰਸ ਦੀ ਸੀਨੀਅਰ ਨੇਤਾ ਸ਼ੀਲਾ ਦੀਕਸ਼ਤ ਦਾ ਐਤਵਾਰ ਨੂੰ ਸਰਕਾਰੀ ਸਨਮਾਨ ਨਾਲ ਅੰਤਿਮ ਸੰਸਕਾਰ ਕੀਤਾ ਗਿਆ। ਨਮ ਅੱਖਾਂ ਨਾਲ ਦਿੱਲੀ ਦੀ ਸਾਬਕਾ ਮੁੱਖ ਮੰਤਰੀ ਸ਼ੀਲਾ ਦੀਕਸ਼ਤ ਦਾ ਅੰਤਿਮ ਸੰਸਕਾਰ ਨਿਗਮ ਬੋਧ ਘਾਟ ‘ਤੇ ਕੀਤਾ ਗਿਆ। ਉਨ੍ਹਾਂ ਦੇ ਅੰਤਿਮ ਸੰਸਕਾਰ ਵਿਚ ਕਾਂਗਰਸ, ਭਾਜਪਾ ਸਮੇਤ ਸਿਆਸੀ ਦਲਾਂ ਦੇ ਦਿੱਗਜ਼ ਨੇਤਾ ਸ਼ਾਮਲ ਹੋਏ। ਗ੍ਰਹਿ ਮੰਤਰੀ ਅਮਿਤ ਸ਼ਾਹ ਵੀ ਸ਼ੀਲਾ ਦੀਕਸ਼ਤ ਦੇ ਅੰਤਿਮ ਸੰਸਕਾਰ ‘ਚ ਸ਼ਾਮਲ ਹੋਏ। ਸ਼ੀਲਾ ਦੀ ਅੰਤਿਮ ਵਿਦਾਈ ਦੇ ਸਮੇਂ ਸਮਰਥਕਾਂ ਨੇ ‘ਜਦੋਂ ਤਕ ਸੂਰਜ ਚਾਂਦ ਰਹੇਗਾ, ਸ਼ੀਲਾ ਜੀ ਦਾ ਨਾਮ ਰਹੇਗਾ’ ਦੇ ਨਾਅਰੇ ਲਾਏ। ਭਾਰੀ ਬਾਰਿਸ਼ ਦੇ ਬਾਵਜੂਦ ਲੋਕ ਸ਼ੀਲਾ ਦੀਕਸ਼ਤ ਨੂੰ ਅੰਤਿਮ ਵਿਦਾਈ ਦੇਣ ਲਈ ਮੌਜੂਦ ਰਹੇ। ਦੱਸ ਦੇਈਏ ਕਿ 81 ਸਾਲ ਦੀ ਉਮਰ ‘ਚ ਸ਼ੀਲਾ ਦੀਕਸ਼ਤ ਦਾ ਦਿਲ ਦਾ ਦੌਰਾ ਪੈਣ ਕਾਰਨ ਸ਼ਨੀਵਾਰ ਯਾਨੀ ਕਿ ਕੱਲ ਦਿਹਾਂਤ ਹੋ ਗਿਆ ਸੀ। 3 ਵਾਰ ਦਿੱਲੀ ਦੀ ਮੁੱਖ ਮੰਤਰੀ ਰਹੀ ਸ਼ੀਲਾ ਦੇ ਦਿਹਾਂਤ ਕਾਰਨ ਦਿੱਲੀ ‘ਚ ਦੋ ਦਿਨ ਰਾਸ਼ਟਰੀ ਸੋਗ ਦਾ ਐਲਾਨ ਕੀਤਾ ਗਿਆ। ਗਾਂਧੀ ਪਰਿਵਾਰ ਨਾਲ ਸ਼ੀਲਾ ਦਾ ਕਰੀਬੀ ਰਿਸ਼ਤਾ ਰਿਹਾ ਹੈ। ਉਨ੍ਹਾਂ ਦੇ ਪਰਿਵਾਰ ਵਿਚ ਪੁੱਤਰ ਸੰਦੀਪ ਦੀਕਸ਼ਤ ਅਤੇ ਪੁੱਤਰੀ ਲਤਿਕਾ ਦੀਕਸ਼ਤ ਹੈ।
Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।