ਪੰਜ ਦਰਿੰਦਿਆਂ ਦੀ ਕਰਤੂਤ ਨੇ ਫ਼ਿਰ ਇੱਕ ਲੜਕੀ ਨੂੰ ਬਿਨਾਂ ਬੁਲਾਈ ਮੌਤ ਦੇ ਦਿੱਤੀ ਹੈ। ਇਹ ਉਦੋਂ ਹੋਇਆ ਜਦੋਂ ਪੁਲਿਸ ਦਾ ਸਮੁੱਚੀ ਦਿੱਲੀ ’ਚ ਜ਼ੋਰਦਾਰ ਪਹਿਰਾ ਸੀ, ਕਹਿਣ ਨੂੰ ਤਾਂ ਸੁਰੱਖਿਆ ਐਨੀ ਸਖ਼ਤ ਸੀ ਕਿ ਪਰਿੰਦਾ ਵੀ ਪਰ ਨਹੀਂ ਮਾਰ ਸਕਦਾ ਸੀ। (Delhi Population) ਨਵੇਂ ਵਰੇ੍ਹੇ ਦਾ ਜਸ਼ਨ ਮਨਾਇਆ ਜਾ ਰਿਹਾ ਹੋਵੇ, ਜਾਂ ਕੋਈ ਵਿਸ਼ੇਸ਼ ਤਿਉਹਾਰ, ਉਸ ’ਚ ਕੋਈ ਅਣਹੋਣੀ ਨਾ ਹੋਵੇ, ਦਿੱਲੀ ਪੁਲਿਸ ਸਖਤ ਸੁਰੱਖਿਆ ਚੌਕਸੀ ਰੱਖਦੀ ਹੈ। ਹਰੇਕ ਖੇਤਰ, ਸੜਕ, ਮੁਹੱਲੇ, ਗਲੀ ਅਤੇ ਚੌਂਕ-ਚੁਰਾਹੇ ’ਤੇ ਚੌਕਸੀ ਰਹਿੰਦੀ ਹੈ।
ਇਸ ਲਈ ਮਹੀਨਿਆਂ ਪਹਿਲਾਂ ਤਿਆਰੀ ਕਰਦੀ ਹੈ ਪੁਲਿਸ ਪਰ ਫ਼ਿਰ ਵੀ ਧੋਖਾ ਖਾ ਗਈ ਸਾਲ ਦੀ ਆਖਰੀ ਤਰੀਕ ਨੂੰ ਉਨ੍ਹਾਂ ਦੀ ਨੱਕ ਹੇਠਾਂ ਪੰਜ ਲੜਕਿਆਂ ਨੇ ਇੱਕ ਸਕੂਟੀ ਸਵਾਰ ਵੀਹ ਸਾਲ ਦੀ ਲੜਕੀ ਨੂੰ ਪਹਿਲਾਂ ਟੱਕਰ ਮਾਰੀ, ਲੜਕੀ ਤੜਫਦੀ ਸੜਕ ’ਤੇ ਡਿੱਗੀ, ਉਸ ਦਾ ਇੱਕ ਪੈਰ ਸਕੂਟੀ ’ਚ ਫਸ ਗਿਆ, ਮੱਦਦ ਲਈ ਰੌਲਾ ਪਾਇਆ, ਤਾਂ ਵੀ ਮੁਲਜ਼ਮਾਂ ਨੂੰ ਰਹਿਮ ਨਹੀਂ ਆਇਆ, ਇਸ ਤੋਂ ਬਾਅਦ ਜੋ ਉਨ੍ਹਾਂ ਨੇ ਲੜਕੀ ਨਾਲ ਅਣਮਨੁੱਖੀ ਕਾਰਾ ਕੀਤਾ, ਉਸ ਨੂੰ ਦੇਖ ਕੇ ਮਨੁੱਖਤਾ ਵੀ ਸ਼ਰਮਸਾਰ ਹੋਈ।
ਮਰਨ ਤੋਂ ਬਾਅਦ ਵੀ ਤਰਸ ਨਾ ਆਇਆ
ਲੜਕੀ ਨੂੰ ਕਈ ਕਿਲੋਮੀਟਰ ਦੂਰ ਤੱਕ ਜਖਮੀ ਹਾਲਤ ’ਚ ਕਾਰ ਨਾਲ ਘਸੀਟਿਆ, ਹੱਡੀਆਂ ਵੀ ਘਸੀਸਣ ਕਾਰਨ ਟੱੁਟਣ ਲੱਗੀਆਂ, ਪੂਰੀ ਸੜਕ ਖੂਨ ਨਾਲ ਲਾਲ ਹੁੰਦੀ ਗਈ, ਸਾਹ ਜਵਾਬ ਦੇ ਚੁੱਕੇ ਸਨ, ਪਰ ਉਦੋਂ ਵੀ ਕਾਰ ਨੂੰ ਪੰਜੇ ਦਰਿੰਦੇ ਤੇਜ਼ੀ ਨਾਲ ਭਜਾਉਂਦੇ ਗਏ। ਸਮਝ ਵੀ ਚੁੱਕੇ ਸਨ, ਕਿ ਲੜਕੀ ਦੀਆਂ ਚੀਕਾਂ ਬੰਦ ਹੋ ਗਈਆਂ ਹਨ, ਭਾਵ ਮਰ ਗਈ ਹੈ। ਇਸ ਦੇ ਬਾਵਜ਼ੂਦ ਉਨ੍ਹਾਂ ਦੀ ਦਰਿੰਦਗੀ ਰੁਕਣ ਦਾ ਨਾਂਅ ਨਹੀਂ ਲੈ ਰਹੀ ਸੀ। ਦੁੱਖ ਦੀ ਗੱਲ ਇਹ ਹੈ ਕਿ 10 ਤੋਂ 12 ਕਿਲੋਮੀਟਰ ਤੱਕ, ਜਿਸ ਸੜਕ ’ਤੇ ਲੜਕੀ ਨਾਲ ਅਣਮਨੁੱਖੀ ਕਾਰਾ ਹੁੰਦਾ ਰਿਹਾ, ਉਸ ਵਿਚਕਾਰ ਦੋ ਪੁਲਿਸ ਚੈੱਕ ਪੋਸਟਾਂ, ਇੱਕ ਚੌਂਕੀ, ਇੱਕ ਪੁਲਿਸ ਥਾਣਾ ਵੀ ਲੰਘਿਆ ਇਸ ਤੋਂ ਇਲਾਵਾ ਲੋਕਾਂ ਦੀ ਆਵਾਜਾਈ ਵੀ ਹਲਕੀ-ਫੁਲਕੀ ਰਹੀ ਵਕਤ ਸਵੇਰ ਦਾ ਸੀ, ਇਸ ਲਈ ਜ਼ਿਆਦਾ ਲੋਕਾਂ ਦੀ ਭੀੜ ਨਹੀਂ ਸੀ ਪੂਰੀ ਘਟਨਾ ਦੀ ਤਸਵੀਰ ਨੂੰ ਦੇਖੀਏ, ਤਾਂ ਅੰਜਲੀ ਨਾਂਅ ਦੀ ਇਸ ਲੜਕੀ ਦੀ ਮੌਤ, ਡਾਵਾਂਡੋਲ ਸੁਰੱਖਿਆ ਪ੍ਰਬੰਧਾਂ ਦੀ ਭੇਂਟ ਚੜ੍ਹ ਗਈ ਹੈ। (Delhi Population)
ਨਿਰਭਇਆ ਵੀ ਇੱਥੇ ਹੀ ਹੋਇਆ
ਸਵਾਲ ਕਈ ਖੜੇ੍ਹ ਹੁੰਦੇ ਹਨ, ਅੱਵਲ ਤਾਂ ਇਹੀ ਕਿ, ਕੀ ਦਿੱਲੀ ਪੁਲਿਸ ਦੀ ਨਵੇਂ ਸਾਲ ਵਰਗੇ ਵਿਸ਼ੇਸ਼ ਮੌਕੇ ’ਤੇ ਸਖਤ ਸੁਰੱਖਿਆ ਸਿਰਫ਼ ਕਾਗਜ਼ਾਂ ’ਚ ਹੀ ਸਖ਼ਤ ਹੁੰਦੀ ਹੈ। ਇਹ ਦੋਸ਼ ਇਸ ਲਈ ਵੀ ਮਜ਼ਬੂਤ ਹੁੰਦਾ ਹੈ ਕਿਉਂਕਿ ਕੰਝਾਵਲਾ ਦੀ ਇਹ ਤਾਜ਼ੀ ਘਟਨਾ ਗਵਾਹੀ ਦਿੰਦੀ ਹੈ। ਇਸੇ ਦਿੱਲੀ ’ਚ ਇੱਕ ਲੜਕੀ ਦੇ ਸਰੀਰ ਦੇ 35 ਟੁਕੜੇ ਕੀਤੇ ਜਾਂਦੇ ਹਨ, ਉਨ੍ਹਾਂ ਨੂੰ ਮੁਲਜ਼ਮ ਵੱਲੋਂ ਜੰਗਲਾਂ ’ਚ ਜਾਨਵਰਾਂ ਦੇ ਖਾਣ ਲਈ ਸੁੱਟ ਦਿੱਤਾ ਜਾਂਦਾ ਹੈ, ਪਰ ਪੁਲਿਸ ਨੂੰ ਭਿਣਕ ਨਹੀਂ ਲੱਗਦੀ ਇਹੀ ਉਹ ਰਾਜਧਾਨੀ ਹੈ ਜਿੱਥੇ ਨਿਰਭਇਆ ਕਾਂਡ ਹੰੁਦਾ ਹੈ, ਪੂਰੇ ਸੰਸਾਰ ਨੂੰ ਪਤਾ ਹੈ, ਦੱਸਣ ਦੀ ਲੋੜ ਨਹੀਂ, ਉਦੋਂ ਵੀ ਪੁਲਿਸ ਗੂੜ੍ਹੀ ਨੀਂਦ ’ਚ ਸੁੱਤੀ ਪਈ ਸੀ। (Delhi Population)
ਦਿੱਲੀ ਪੁਲਿਸ ਦੀ ਕਮਾਨ ਕੇਜਰੀਵਾਲ ਨੇ ਮੰਗੀ
ਸਵਾਲ ਇੱਥੇ ਸਿਆਸੀ ਰੂਪ ਨਾਲ ਲੜਨ ਦਾ ਨਹੀਂ, ਜਿਵੇਂ ਅਰਵਿੰਦ ਕੇਜਰੀਵਾਲ ਕਹਿੰਦੇ ਹਨ ਕਿ ਕੇਂਦਰ ਸਰਕਾਰ ਨੂੰ ਦਿੱਲੀ ਪੁਲਿਸ ਦੀ ਕਮਾਨ ਉਨ੍ਹਾਂ ਨੂੰ ਸੌਂਪ ਦੇਣੀ ਚਾਹੀਦੀ ਹੈ, ਸਵਾਲ ਇਹ ਨਹੀਂ ਹੈ। ਪੁਲਿਸ ਚਾਹੇ ਕੇਂਦਰ ਦੇ ਅਧੀਨ ਰਹੇ, ਜਾਂ ਦਿੱਲੀ ਸਰਕਾਰ ਕੋਲ? ਅਲਟੀਮੇਟਲੀ ਸੁਰੱਖਿਆ ਪੁਲਿਸ ਨੇ ਹੀ ਕਰਨੀ ਹੈ, ਦਿੱਲੀ ਦੇ ਮੁੱਖ ਮੰਤਰੀ ਜਾਂ ਗ੍ਰਹਿ ਮੰਤਰੀ ਤਾਂ ਖੁਦ ਮੈਦਾਨ ’ਚ ਉੱਤਰਨਗੇ ਨਹੀਂ? ਕਿਉਂ ਨਾ ਪੁਲਿਸ ਨੂੰ ਮਿਲ ਕੇ ਹੀ ਮਜ਼ਬੂਤ ਬਣਾਇਆ ਜਾਵੇ, ਤਾਂ ਕਿ ਬਿਨਾਂ ਅਡੰਬਰ ਦੇ ਜਨਮਾਨਸ ਦੀ ਸੁਰੱਖਿਆ ’ਚ ਮੁਸ਼ਤੈਦ ਹੋ ਸਕੇ।
ਜਿਸ ਦੇ ਸਿਰ ’ਤੇ ਪਲਦਾ ਸੀ ਪਰਿਵਾਰ
ਸੁਰੱਖਿਆ ਵਿਵਸਥਾ, ਪੁਲਿਸ, ਫੌਜ ’ਤੇ ਰਾਜਨੀਤੀ ਨਹੀਂ ਹੋਣੀ ਚਾਹੀਦੀ, ਉਨ੍ਹਾਂ ਨੂੰ ਮਜ਼ਬੂਤ ਬਣਾਉਣ ਲਈ ਸਾਰੀਆਂ ਸਰਕਾਰਾਂ ਨੂੰ ਇੱਕਜੁਟ ਹੋ ਕੇ ਭਾਈਵਾਲੀ ਨਿਭਾਉਣੀ ਚਾਹੀਦੀ ਹੈ ਮੌਜੂਦਾ ਸਮੇਂ ਦਾ ਇਹ ਵੱਡਾ ਸਵਾਲ ਹੈ, ਜਿਸ ’ਤੇ ਕੇਂਦਰ ਅਤੇ ਸੂਬਾ ਸਰਕਾਰਾਂ ਨੂੰ ਗੰਭੀਰ ਹੋਣਾ ਹੋਵੇਗਾ? ਨਹੀਂ ਤਾਂ ਫ਼ਿਰ ਕੋਈ ਬੱਚੀ ਅਜਿਹੇ ਦਰਿੰਦਿਆਂ ਦੀ ਦਰਿੰਦਗੀ ਦਾ ਸ਼ਿਕਾਰ ਹੋਵੇਗੀ ਕੰਝਾਵਲਾ ਘਟਨਾ ਨੇ ਨਾ ਸਿਰਫ਼ ਸਾਨੂੰ ਝੰਜੋੜਿਆ ਹੈ, ਸਗੋਂ ਸਰੀਰ ਦੇ ਲੂੰ ਕੰਡੇ ਖੜ੍ਹੇ ਕਰ ਦਿੱਤੇ ਹਨ। ਜਸ਼ਨ ਦੀ ਰਾਤ ’ਚ ਦਿੱਲੀ ਨੂੰ ਜਿਸ ਅੰਦਾਜ਼ ਨਾਲ ਮੁਲਜ਼ਮਾਂ ਨੇ ਸ਼ਰਮਸਾਰ ਕੀਤਾ ਹੈ, ਉਹ ਸਜ਼ਾ ਮਾਫ਼ੀ ਦੇ ਲਾਇਕ ਤਾਂ ਕਦੇ ਨਹੀਂ? ਮੁਲਜ਼ਮਾਂ ਨੂੰ ਸਖ਼ਤ ਤੋਂ ਸਖ਼ਤ ਸਜ਼ਾ ਮਿਲੇ, ਤਾਂ ਹੀ ਦਿਲ ਨੂੰ ਤਸੱਲੀ ਹੋਵੇਗੀ ਮਿ੍ਰਤਕ ਲੜਕੀ ਆਪਣੇ ਛੋਟੇ ਪੰਜ ਭੈਣ-ਭਰਾਵਾਂ ਅਤੇ ਬਜ਼ੁਰਗ ਮਾਂ-ਬਾਪ ਦਾ ਢਿੱਡ ਭਰਨ ਦਾ ਇੱਕੋ-ਇੱਕ ਸਹਾਰਾ ਸੀ। ਉਸ ਦੀ ਕਮਾਈ ਨਾਲ ਹੀ ਪਰਿਵਾਰ ਦਾ ਪਾਲਣ-ਪੋਸ਼ਣ ਹੁੰਦਾ ਸੀ।
ਪਰਿਵਾਰ ਹਇਆ ਦੁਖੀ
ਉਸ ਦੇ ਦਿੱਤੇ ਪੈਸਿਆਂ ਨਾਲ ਹੀ ਭੈਣਾਂ-ਭਰਾ ਸਕੂਲਾਂ ’ਚ ਪੜ੍ਹਦੇ ਸਨ, ਬਜ਼ੁਰਗ ਮਾਂ ਦੀਆਂ ਦਵਾਈਆਂ ਆਉਂਦੀਆਂ ਸਨ। ਉਸ ਦੀ ਕਮਾਈ ਨਾਲ ਹੀ ਦੁੱਧ, ਸਬਜ਼ੀਆਂ ਬਜ਼ਾਰੋਂ ਲੈਂਦੇ ਸਨ ਹੁਣ ਕੌਣ ਕਰੇਗਾ, ਇਹ ਸਭ? ਅੰਜਲੀ ਮਰ ਕੇ ਵੀ ਨਹੀਂ ਮਰ ਸਕੇਗੀ, ਉਸ ਦੀ ਆਤਮਾ ਰੋਵੇਗੀ, ਭਟਕੇਗੀ ਘਰ ਵਾਲੇ ਜਦ ਪ੍ਰੇਸ਼ਾਨ ਹੋਣਗੇ, ਤਾਂ ਉਹ ਹੋਰ ਪ੍ਰੇਸ਼ਾਨ ਹੋਵੇਗੀ। ਘਟਨਾ ਸਬੰਧੀ ਜਿੰਨੀ ਡੂੰਘਾਈ ਨਾਲ ਸੋਚਾਂਗੇ, ਦਰਦ ਓਨਾ ਹੀ ਉੱਭਰ ਕੇ ਸਾਹਮਣੇ ਆਵੇਗਾ ਕੀ ਬੀਤ ਰਹੀ ਹੋਵੇਗੀ, ਛੋਟੇ ਭੈਣ-ਭਰਾਵਾਂ ’ਤੇ, ਕਲੇਜਾ ਫਟ ਰਿਹਾ ਹੋਵੇਗਾ ਮਾਂ-ਬਾਪ ਦਾ, ਤੜਫ਼ ਰਹੇ ਹਨ ਆਸ-ਪਾਸ ਦੇ ਗੁਆਂਢੀ ਅਤੇ ਰਿਸ਼ਤੇਦਾਰ ਦੁੱਖਾਂ ਦਾ ਪਹਾੜ ਟੁੱਟਿਆ ਹੈ। ਉਨ੍ਹਾਂ ’ਤੇ ਨਵੇਂ ਸਾਲ ਦੇ ਜ਼ਸਨ ’ਚ ਜਦੋਂ ਅਸੀਂ ਹੱਸ ਰਹੇ ਸੀ, ਉਦੋਂ ਇਹ ਪਰਿਵਾਰ ਰੋ ਰਿਹਾ ਸੀ।
ਰਾਜਨੀਤੀ ਦੀ ਤੂੰ-ਤੂ, ਮੈਂ-ਮੈਂ
ਹਿੰਦੁਸਤਾਨ ਨੂੰ ਝੰਜੋੜ ਦੇਣ ਵਾਲੀ ਇਸ ਘਟਨਾ ਤੋਂ ਬਾਅਦ ਜਿਸ ਗੱਲ ਦਾ ਸ਼ੱਕ ਸੀ, ਉਹੀ ਹੋਣ ਲੱਗਾ, ਸ਼ੁਰੂ ਹੋ ਗਈ ਰਾਜਨੀਤੀ ਤੂੰ-ਤੂੰ, ਮੈਂ-ਮੈਂ ਦਾ ਰੌਲਾ ਪੈਣ ਲੱਗਾ ਹੈ। ਆਮ ਆਦਮੀ ਪਾਰਟੀ ਉਪ ਰਾਜਪਾਲ ਦਾ ਅਸਤੀਫ਼ਾ ਮੰਗ ਰਹੀ ਹੈ। ਦਿੱਲੀ ਮਹਿਲਾ ਕਮਿਸ਼ਨ ਦੀ ਚੇਅਰਪਰਸਨ ਸਵਾਤੀ ਮਾਲੀਵਾਲ ਪੁਲਿਸ ਨੂੰ ਨੋਟਿਸ ਭੇਜ ਕੇ ਕਾਰਵਾਈ ਸਬੰਧੀ ਜਵਾਬ ਮੰਗ ਰਹੇ ਹਨ। ਸਥਾਨਕ ਲੋਕ ਵੀ ਭਿਆਨਕ ਗੁੱਸੇ ’ਚ ਹਨ, ਗੁੱਸੇ ਹੋਏ ਲੋਕ ਸਥਾਨਕ ਥਾਣੇ ਸੁੁਲਤਾਨਪੁਰੀ ਦਾ ਘਿਰਾਓ ਕਰ ਰਹੇ ਹਨ, ਦਿੱਲੀ ਪੁਲਿਸ ਖਿਲਾਫ਼ ਨਾਅਰੇ ਲਾ ਰਹੇ ਹਨ।
ਦਿੱਲੀ ਪੁਲਿਸ ਦੀ ਕਮਾਨ ਕੇਜਰੀਵਾਲ ਨੇ ਮੰਗੀ
ਅਰਵਿੰਦ ਕੇਜਰੀਵਾਲ ਘਟਨਾ ’ਤੇ ਦੁੱਖ ਪ੍ਰਗਟ ਕਰਦਿਆਂ ਕਹਿੰਦੇ ਹਨ ਕਿ ਕੇਂਦਰ ਸਰਕਾਰ ਦਿੱਲੀ ਪੁਲਿਸ ਨੂੰ ਬਿਨਾਂ ਦੇਰ ਕਰੇ ਉਨ੍ਹਾਂ ਨੂੰ ਸੌਂਪ ਦੇਵੇ, ਉਹ ਖੁਦ ਦਿੱਲੀ ਵਾਸੀਆਂ ਦੀ ਸੁਰੱਖਿਆ ਸੰਭਾਲਣਗੇ ਜਦੋਂਕਿ, ਇਹ ਸਮਾਂ ਆਪਸ ’ਚ ਦੂਸ਼ਣਬਾਜ਼ੀ ਦਾ ਨਹੀਂ ਹੈ, ਸਮੱਸਿਆ ਦਾ ਹੱਲ ਲੱਭਣ ਲਈ ਸਾਰਿਆਂ ਨੂੰ ਇੱਕ ਹੋਣਾ ਚਾਹੀਦਾ ਹੈ, ਭਵਿੱਖ ’ਚ ਅਜਿਹੀ ਘਟਨਾ ਦੁਬਾਰਾ ਨਾ ਵਾਪਰੇ, ਉਸ ਲਈ ਕੰਮ ਕਰਨਾ ਚਾਹੀਦਾ ਹੈ, ਪਰ ਸਿਆਸੀ ਲੋਕ ਆਪਣੀ ਆਦਤ ਤੋਂ ਮਜ਼ਬੂਰ ਹਨ, ਰਾਜਨੀਤੀ ਕਰਨ ਤੋਂ ਕਦੋਂ ਬਾਜ ਆਉਣਗੇ, ਇੱਕ-ਦੋ ਦਿਨ ਰੋਣਗੇ, ਮਗਰਮੱਛ ਵਾਲੇ ਹੰਝੂ ਵਹਾਉਣਗੇ, ਮੁਆਵਜ਼ਾ ਰੂਪੀ ਮੱਲ੍ਹਮ ਲਾ ਕੇ ਪੀੜਤ ਪਰਿਵਾਰ ਨੂੰ ਸ਼ਾਂਤ ਕਰ ਦੇਣਗੇ, ਪਰ ਘਟਨਾ ਦੀ ਅਸਲ ਵਜ੍ਹਾ ਦੀ ਸੱਚਾਈ ਤੱਕ ਨਹੀਂ ਜਾਣਗੇ।
ਹੁਣ ਬਹੁਤ ਹੋ ਗਿਆ…
ਦਰਅਸਲ, ਇਹੀ ਉਨ੍ਹਾਂ ਦੀ ਸਭ ਤੋਂ ਵੱਡੀ ਗਲਤੀ ਹੁੰਦੀ ਹੈ ਜਦੋਂ ਕਿ, ਉਨ੍ਹਾਂ ਨੂੰ ਜਾਣਨਾ ਚਾਹੀਦਾ ਹੈ ਕਿ ਆਖ਼ਰ ਮੁਲ਼ਜਮ ਐਨੇ ਖੂੰਖਾਰ ਹੋਏ ਕਿਉਂ? ਐਨਾ ਅਣਮਨੁੱਖੀ ਵਿਹਾਰ ਕਿਉਂ ਅਪਣਾਇਆ ਬੇਕਸੂਰ ਲੜਕੀ ਨਾਲ ਕਿਉਂ ਲੜਕੀ ਦੀ ਜਾਨ ਉਨ੍ਹਾਂ ਨੇ ਬਖਸ਼ੀ ਨਹੀਂ, ਕਿਉਂ ਮੌਤ ਦੇ ਘਾਟ ਉਤਾਰਿਆ। ਫ਼ਿਲਹਾਲ, ਸਾਰੇ ਮੁਲਜ਼ਮ ਪੁਲਿਸ ਦੀ ਗਿ੍ਰਫ਼ਤ ’ਚ ਹਨ, ਉਨ੍ਹਾਂ ਨੂੰ ਸਖ਼ਤ ਤੋਂ ਸਖ਼ਤ ਸਜ਼ਾ ਮਿਲੇ, ਤਾਂ ਕਿ ਦੂਜੇ ਅਪਰਾਧੀ ਅਜਿਹੀ ਘਟਨਾ ਨੂੰ ਅੰਜ਼ਾਮ ਦੇਣ ਦੀ ਹਿੰਮਤ ਨਾ ਕਰਨ ਅਜਿਹੇ ਮਾਮਲਿਆਂ ’ਚ ਕਾਨੂੰਨ ਨੂੰ ਲਚਕੀਲਾਪਣ ਨਹੀਂ ਦਿਖਾਉਣਾ ਚਾਹੀਦਾ, ਸਖਤੀ ਵਰਤਣੀ ਚਾਹੀਦੀ ਹੈ।
ਨਿੱਤ ਵਾਪਰਦੀਆਂ ਘਟਨਾਵਾਂ
ਰਹਿਮ ਦੀ ਕੋਈ ਥਾਂ ਨਹੀਂ, ਸਜ਼ਾ ਅਜਿਹੀ ਮੁਕੱਰਰ ਹੋਵੇ, ਜੋ ਮਿ੍ਰਤਕ ਅੰਜਲੀ ਦੀ ਆਤਮਾ ਨੂੰ ਸ਼ਾਂਤੀ ਦੇੇਵੇ ਘਟਨਾ ਦੀ ਜਿੰਨੀ ਨਿੰਦਾ ਕੀਤੀ ਜਾਵੇ, ਓਨੀ ਘੱਟ ਹੈ। ਦਿੱਲੀ ’ਚ ਔਰਤਾਂ ਹੁਣ ਖੁਦ ਨੂੰ ਅਸੁਰੱਖਿਅਤ ਸਮਝਣ ਲੱਗੀਆਂ ਹਨ, ਸਮਝਣ ਵੀ ਕਿਉਂ ਨਾ? ਆਏ ਦਿਨ ਉਨ੍ਹਾਂ ਨਾਲ ਅਜਿਹੀਆਂ ਘਟਨਾਵਾਂ ਜੋ ਵਾਪਰ ਰਹੀਆਂ ਹਨ। ਐਨਸੀਆਰਬੀ ਰਿਪੋਰਟ ਦੀ ਮੰਨੀਏ ਤਾਂ ਦਿੱਲੀ ’ਚ ਔਰਤਾਂ ਨਾਲ ਘਟਨਾਵਾਂ ’ਚ ਵਾਧਾ ਦਿਨੋ-ਦਿਨ ਹੋ ਰਿਹਾ ਹੈ ਕੰਮਕਾਜੀ ਔਰਤਾਂ ਨਾਲ ਹਾਦਸੇ ਕੁਝ ਜ਼ਿਆਦਾ ਹੀ ਹੋ ਰਹੇ ਹਨ। ਪਤਾ ਨਹੀਂ ਕਿਉਂ ਸੁਰੱਖਿਆ ਦੇ ਰਖਵਾਲੇ ਕੁੰਡਲੀ ਮਾਰ ਕੇ ਬੈਠੇ ਹਨ। ਬਹੁਤ ਹੋ ਗਿਆ, ਹੁਣ ਉਨ੍ਹਾਂ ਨੂੰ ਨੀਂਦ ’ਚੋਂ ਜਾਗਣਾ ਹੋਵੇਗਾ।
ਡਾ. ਰਮੇਸ਼ ਠਾਕੁਰ