ਸਰਕਾਰੀ ਸਨਮਾਨਾਂ ਨਾਲ ਹੋਵੇਗਾ ਸਸਕਾਰ
ਜੀਵਨ ਰਾਮਗੜ੍ਹ, ਬਰਨਾਲਾ: ਅਜ਼ਾਦੀ ਸੰਗਰਾਮ ਦੀਆਂ ਵੱਖ ਵੱਖ ਲਹਿਰਾਂ ‘ਚ ਜ਼ਿਕਰਯੋਗ ਹਿੱਸਾ ਪਾਉਣ ਵਾਲੇ ਪਿੰਡ ਰਾਮਗੜ੍ਹ ਦੇ ਅਜ਼ਾਦੀ ਘੁਲਾਟੀਆ ਕਾਮਰੇਡ ਜਗਤ ਰਾਮਗੜ੍ਹ ਦਾ ਅੱਜ ਦਿਲ ਦਾ ਦੌਰਾ ਪੈਣ ਕਾਰਨ ਦੇਹਾਂਤ ਹੋ ਗਿਆ । ਕਰੀਬ 97 ਸਾਲਾਂ ਦੇ ਜਗਤ ਰਾਮਗੜ੍ਹ ਆਖਰੀ ਸਮੇਂ ਤੱਕ ਰਿਸ਼ਟ ਪੁਸ਼ਟ ਰਹੇ। ਅੱਜ ਉਹ ਡਿਪਟੀ ਕਮਿਸ਼ਨਰ ਦਫ਼ਤਰ ਵਿਖੇ ਅਜ਼ਾਦੀ ਘੁਲਾਟੀਆਂ ਦੀ ਮੀਟਿੰਗ ‘ਚ ਹਿੱਸਾ ਲੈਣ ਜਾ ਰਹੇ ਸਨ ਤਾਂ ਰਾਹ ‘ਚ ਅਚਾਨਕ ਉਨ੍ਹਾਂ ਨੂੰ ਦਿਲ ਦਾ ਦੌਰਾ ਪੈ ਗਿਆ।
ਕਾਬਿਲੇ ਜ਼ਿਕਰ ਹੈ ਕਿ ਸ੍ਰੀ ਜਗਤ ਰਾਮਗੜ੍ਹ ਦਾ ਜਨਮ 22 ਦਸਬੰਰ 1921 ਨੂੰ ਅਜ਼ਾਦੀ ਪਰਵਾਨਿਆਂ ਦੇ ਘਰ ਹੀ ਹੋਇਆ ਸੀ। ਜਵਾਨੀ ਪਹਿਰ ਉਨ੍ਹਾਂ ਵਿਦਿਆਰਥੀ ਜੀਵਨ ‘ਚ ਅਨੇਕਾਂ ਘੋਲ ਲੜੇ।ਉਨ੍ਹਾਂ ਸ਼ਹੀਦ ਭਗਤ ਸਿੰਘ ਜੀ ਦੀ ਭੈਣ ਅਮਰ ਕੌਰ ਨਾਲ ਲਾਹੌਰ ਸੈਂਟਰਲ ਜੇਲ੍ਹ ਵੀ ਕੱਟੀ ਅਤੇ ਸੁਭਾਸ਼ ਚੰਦਰ ਬੋਸ਼ ਦੇ ਭਰਾ ਸਰਤ ਚੰਦਰ ਬੋਸ਼ ਦੀ ਅਗਵਾਈ ਹੇਠ ਵੀ ਅਜ਼ਾਦੀ ਦੀ ਜੰਗ ਲੜੀ।
ਇਸ ਤੋਂ ਇਲਾਵਾ ਜਗਤਰਾਮਗੜ੍ਹ ਨੇ ਕਿਸਾਨਾਂ ਦੇ ਹੱਕਾਂ ਖਾਤਿਰ ਵੀ ਜੇਲ੍ਹਾਂ ਕੱਟੀਆਂ ਅਤੇ ਪੰਜਾਬੀ ਸੂਬੇ ਦੀ ਲੜਾਈ ‘ਚ ਵੀ ਜੇਲ੍ਹ ਕੱਟੀ। ਅੱਜ ਉਨ੍ਹਾਂ ਦੇ ਦੇਹਾਂਤ ‘ਤੇ ਵੱਖ ਵੱਖ ਇਨਕਲਾਬੀ, ਜਨਤਕ, ਸੰਘਰਸ਼ਸੀਲ ਤੇ ਸਮਾਜ ਸੇਵੀ ਜਥੇਬੰਦੀਆਂ ਤੋਂ ਇਲਾਵਾ ਪੁਲਿਸ ਤੇ ਸਿਵਲ ਪ੍ਰਸਾਸ਼ਨਿਕ ਅਧਿਕਾਰੀਆਂ, ਸਿਆਸੀ ਆਗੂਆਂ ਤੇ ਵੱਖ ਵੱਖ ਪੰਚਾਇਤਾਂ, ਕਲੱਬਾਂ ਤੇ ਪ੍ਰਵਾਸੀ ਭਾਰਤੀਆਂ ਨੇ ਗਹਿਰੇ ਦੁੱਖ ਦਾ ਪ੍ਰਗਟਾਵਾ ਕੀਤਾ। ਉਨ੍ਹਾਂ ਦਾ ਅੰਤਿਮ ਸਸਕਾਰ ਮੰਗਲਵਾਰ ਸਵੇਰੇ 10 ਵਜੇ ਪਿੰਡ ਰਾਮਗੜ੍ਹ ਵਿਖੇ ਸਰਕਾਰੀ ਸਨਮਾਨਾਂ ਨਾਲ ਕੀਤਾ ਜਾਵੇਗਾ।