ਸੰਘੇੜਾ ‘ਚ ਇੱਕ ਨੌਜਵਾਨ ਦੀ ਨਸ਼ੇ ਦੀ ਓਵਰਡੋਜ਼ ਨਾਲ ਮੌਤ
ਬਰਨਾਲਾ, (ਜਸਵੀਰ ਸਿੰਘ ਗਹਿਲ) ਜ਼ਿਲ੍ਹੇ ਦੇ ਪਿੰਡ ਸੰਘੇੜਾ ਵਿਖੇ ਨਸ਼ੇ ਦੀ ਓਵਰਡੋਜ ਨਾਲ ਇੱਕ ਨੌਜਵਾਨ ਦੀ ਮੌਤ ਹੋ ਜਾਣ ਦਾ ਦੁਖਦਾਈ ਸਮਾਚਾਰ ਹੈ। ਪੁਲਿਸ ਨੇ ਇਸ ਮਾਮਲੇ ‘ਚ ਲਾਸ਼ ਨੂੰ ਕਬਜ਼ੇ ‘ਚ ਲੈ ਕੇ ਅਣਪਛਾਤੇ ਵਿਅਕਤੀਆਂ ਖਿਲਾਫ਼ 304 ਦਾ ਮਾਮਲਾ ਦਰਜ਼ ਕਰਕੇ ਕਾਰਵਾਈ ਆਰੰਭ ਦਿੱਤੀ ਹੈ। ਸਥਾਨਕ ਸਿਵਲ ਹਸਪਤਾਲ ‘ਚ ਭਰੇ ਮਨ ਨਾਲ ਬਲਵੀਰ ਸਿੰਘ ਨੇ ਦੱਸਿਆ ਕਿ ਉਸਦਾ ਪੁੱਤਰ ਧੰਨਪਾਲ ਸਿੰਘ ਬੀਏ ਪਾਸ ਸੀ ਜੋ ਕੁਝ ਕੁ ਸਾਲ ਪਹਿਲਾਂ ਮਾੜੀ ਸੰਗਤ ‘ਚ ਪੈ ਕੇ ਨਸ਼ਿਆਂ ਦਾ ਸ਼ਿਕਾਰ ਹੋ ਗਿਆ ਸੀ ਤੇ ਕੱਲ੍ਹ ਰਾਤ ਤੋਂ ਹੀ ਘਰ ਨਹੀਂ ਸੀ ਆਇਆ। ਉਨ੍ਹਾਂ ਫੋਨ ਵੀ ਲਗਾਇਆ ਪਰ ਅੱਗੋਂ ਕੋਈ ਜਵਾਬ ਨਾ ਮਿਲਿਆ।
ਉਨ੍ਹਾਂ ਨੂੰ ਸਵੇਰੇ ਪਿੰਡ ਦੇ ਹੀ ਕੁੱਝ ਵਿਅਕਤੀਆਂ ਤੋਂ ਪਤਾ ਲੱਗਾ ਕਿ ਧੰਨਪਾਲ ਸਿੰਘ ਪਿੰਡ ਦੀ ਸੂਜਾ ਪੱਤੀ ‘ਚ ਕਿਸੇ ਦੇ ਘਰ ਦੀ ਛੱਤ ‘ਤੇ ਪਿਆ ਹੈ। ਜਦ ਉਨ੍ਹਾਂ ਮੌਕੇ ‘ਤੇ ਪੁੱਜ ਕੇ ਦੇਖਿਆ ਤਾਂ ਧੰਨਪਾਲ ਸਿੰਘ (25) ਮ੍ਰਿਤਕ ਹਾਲਤ ‘ਚ ਪਿਆ ਸੀ। ਉਨ੍ਹਾਂ ਇਸ ਦੀ ਸੂਚਨਾ ਪੁਲਿਸ ਨੂੰ ਦਿੱਤੀ ਤਾਂ ਥਾਣਾ ਸਿਟੀ- 1 ਦੇ ਐਸਐਚਓ ਗੁਲਾਬ ਸਿੰਘ ਨੇ ਸਮੇਤ ਪੁਲਿਸ ਪਾਰਟੀ ਮੌਕੇ ‘ਤੇ ਪੁੱਜ ਕੇ ਲਾਸ਼ ਨੂੰ ਕਬਜ਼ੇ ‘ਚ ਲੈਣ ਪਿੱਛੋਂ ਪੋਸਟਮਾਰਟਮ ਲਈ ਸਿਵਲ ਹਸਪਤਾਲ ਦੀ ਮੋਰਚਰੀ ‘ਚ ਰਖਵਾ ਦਿੱਤਾ।
ਉਨ੍ਹਾਂ ਦੱਸਿਆ ਕਿ ਉਨ੍ਹਾਂ ਦਾ ਪੁੱਤਰ ਬੇਰੁਜ਼ਗਾਰ ਸੀ ਤੇ ਬੇਰੁਜਗਾਰੀ ਦੇ ਬਹਾਨੇ ਹੀ ਨਸ਼ੇ ਦਾ ਸੇਵਨ ਕਰ ਰਿਹਾ ਸੀ। ਲੱਖ ਸਮਝਾਇਆ ਪਰ ਨਹੀਂ ਸਮਝਿਆ, ਆਖਿਰ ਦੁਨੀਆਂ ਤੋਂ ਚਲਾ ਗਿਆ। ਉਨ੍ਹਾਂ ਸ਼ਿਕਵਾ ਕਰਦਿਆਂ ਕਿਹਾ ਕਿ ਪੁਲਿਸ ਤੋਂ ਕੁੱਝ ਵੀ ਲੁਕਿਆ ਨਹੀਂ ਹੈ ਕਿ ਸੰਘੇੜਾ ‘ਚ ਕੌਣ ਕੌਣ ਨਸ਼ਾ ਵੇਚਦਾ ਹੈ। ਉਨ੍ਹਾਂ ਦਾ ਪੁੱਤਰ ਤਾਂ ਚਲਾ ਗਿਆ ਇਸ ਲਈ ਉਹ ਹੁਣ ਕਿਸੇ ‘ਤੇ ਵੀ ਕੋਈ ਕਾਰਵਾਈ ਕਰਵਾ ਕੇ ਕਿਸੇ ਨਾਲ ਦੁਸ਼ਮਣੀ ਨਹੀਂ ਪਾਉਣੀ ਚਾਹੁੰਦੇ। ਖ਼ਬਰ ਲਿਖੇ ਜਾਣ ਤੱਕ ਮ੍ਰਿਤਕ ਦੀ ਲਾਸ਼ ਦਾ ਪੋਸਟਮਾਰਟਮ ਕੀਤਾ ਜਾ ਰਿਹਾ ਸੀ।
ਡੀਐਸਪੀ ਲਖਵੀਰ ਸਿੰਘ ਟਿਵਾਣਾ ਨੇ ਕਿਹਾ ਕਿ ਮ੍ਰਿਤਕ ਨੌਜਵਾਨ ਦੇ ਪਰਿਵਾਰਕ ਮੈਂਬਰਾਂ ਦੇ ਬਿਆਨ ਲਿਖ ਲਏ ਗਏ ਹਨ ਜਿਸ ਪਿੱਛੋਂ ਪੁਲਿਸ ਵੱਲੋਂ ਅਣਪਛਾਤੇ ਵਿਅਕਤੀਆਂ ਖਿਲਾਫ਼ 304 ਦਾ ਮਾਮਲਾ ਦਰਜ਼ ਕੀਤਾ ਜਾ ਚੁੱਕਾ ਹੈ। ਉਨ੍ਹਾਂ ਕਿਹਾ ਕਿ ਪੋਸਟਮਾਰਟਮ ਦੀ ਰਿਪੋਰਟ ਆਉਣ ‘ਤੇ ਹੀ ਨੌਜਵਾਨ ਦੀ ਮੌਤ ਦੇ ਅਸਲ ਕਾਰਨਾਂ ਬਾਰੇ ਕੁੱਝ ਕਿਹਾ ਜਾ ਸਕਦਾ ਹੈ। ਬਾਕੀ ਮਾਮਲੇ ਦੀ ਪੜਤਾਲ ਜਾਰੀ ਹੈ ਜੇਕਰ ਕੋਈ ਸੁਰਾਗ ਮਿਲਦਾ ਹੈ ਤਾਂ ਬਣਦੀ ਕਾਨੂੰਨੀ ਕਾਰਵਾਈ ਅਮਲ ‘ਚ ਲਿਆਂਦੀ ਜਾਵੇਗੀ।
ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ