ਕਿਰਨ ਇੰਸਾਂ/ਕੋਟਕਪੂਰਾ । ਕੋਟਕਪੂਰਾ – ਮੋਗਾ ਨੂੰ ਜਾਣ ਵਾਲੀ ਸੜਕ ‘ਤੇ ਚਾਰ ਨਕਾਬਪੋਸ਼ ਬਦਮਾਸ਼ਾਂ ਨੇ ਇਲੈਕਟਰੋਨਿਕ ਮੀਡੀਆ ਦੇ ਦੋ ਪੱਤਰਕਾਰਾਂ ਦੀ ਬੇਰਹਿਮੀ ਨਾਲ ਕੁੱਟਮਾਰ ਕਰਕੇ ਉਨ੍ਹਾਂ ਨੂੰ ਸਖਤ ਜਖਮੀ ਕਰ ਦਿੱਤਾ। ਜ਼ਖਮੀ ਪੱਤਰਕਾਰਾਂ ਵੱਲੋਂ ਸੂਚਿਤ ਕਰਨ ਦੇ ਬਾਵਜੂਦ ਪੁਲਿਸ ਇੱਕ ਘੰਟੇ ਬਾਅਦ ਸਥਾਨਕ ਬਾਬਾ ਦਿਆਲ ਸਿੰਘ ਸਿਵਲ ਹਸਪਤਾਲ ‘ਚ ਜੇਰੇ ਇਲਾਜ ਪੱਤਰਕਾਰਾਂ ਦਾ ਪਤਾ ਲੈਣ ਲਈ ਪੁੱਜੀ। ਜਾਣਕਾਰੀ ਅਨੁਸਾਰ ਵੱਖ-ਵੱਖ ਟੀ.ਵੀ. ਚੈਨਲਾਂ ਦੇ ਪੱਤਰਕਾਰ ਤਰਸੇਮ ਬਿੱਟਾ ਅਤੇ ਜੇ.ਆਰ. ਅਸ਼ੋਕ ਸਥਾਨਕ ਮੋਗਾ ਸੜਕ ‘ਤੇ ਸਥਿੱਤ ਇਕ ਸ਼ੈਲਰ ਮਾਲਕ ਨੂੰ ਮਿਲ ਕੇ ਵਾਪਸ ਪਰਤ ਰਹੇ ਸਨ ਕਿ ਦੋ ਮੋਟਰਸਾਈਕਲਾਂ ‘ਤੇ ਸਵਾਰ 4 ਨਕਾਬਪੋਸ਼ ਬਦਮਾਸ਼ਾਂ ਨੇ ਦੋਵਾਂ ਪੱਤਰਕਾਰਾਂ ‘ਤੇ ਬੇਸਬਾਲਾਂ ਅਤੇ ਹਾਕੀਆਂ ਨਾਲ ਅਚਾਨਕ ਹਮਲਾ ਕਰਕੇ ਉਨਾਂ ਨੂੰ ਸਖਤ ਜ਼ਖਮੀ ਕਰ ਦਿੱਤਾ।
ਸਿਵਲ ਹਸਪਤਾਲ ‘ਚ ਪੁੱਜੇ ਹਲਕਾ ਵਿਧਾਇਕ ਕੁਲਤਾਰ ਸਿੰਘ ਸੰਧਵਾਂ ਨੇ ਇਸ ਨਿੰਦਣਯੋਗ ਅਤੇ ਮੰਦਭਾਗੀ ਘਟਨਾ ਦੀ ਸਖਤ ਸ਼ਬਦਾਂ ‘ਚ ਨਿਖੇਧੀ ਕਰਦਿਆਂ ਆਖਿਆ ਕਿ ਅੱਜ ਪੁਲਿਸ ਦੀ ਅਣਗਹਿਲੀ ਤੇ ਲਾਪ੍ਰਵਾਹੀ ਕਾਰਨ ਗੁੰਡਾ, ਬਦਮਾਸ਼, ਚੋਰ ਅਤੇ ਲੁਟੇਰਿਆਂ ਸਮੇਤ ਹਰ ਤਰ੍ਹਾਂ ਦੇ ਸਮਾਜ ਵਿਰੋਧੀ ਅਨਸਰਾਂ ਦੇ ਹੌਂਸਲੇ ਬੁਲੰਦ ਹੋ ਰਹੇ ਹਨ। ਉਨ੍ਹਾ ਦੱਸਿਆ ਕਿ ਸ਼ਹਿਰ ‘ਚ ਇਸ ਤਰਾਂ ਦੀਆਂ ਲੁੱਟ ਖੋਹ, ਚੋਰੀ ਅਤੇ ਨਕਾਬਪੋਸ਼ਾਂ ਵਲੋਂ ਹਮਲਾ ਕਰਨ ਦੀਆਂ ਦਰਜਨ ਦੇ ਕਰੀਬ ਘਟਨਾਵਾਂ ਵਾਪਰ ਚੁੱਕੀਆਂ ਹਨ ਪਰ ਪੁਲਿਸ ਨੇ ਅਜੇ ਤੱਕ ਕਿਸੇ ਵੀ ਚੋਰ, ਲੁਟੇਰੇ ਜਾਂ ਬਦਮਾਸ਼ ਨੂੰ ਕਾਬੂ ਕਰਨ ‘ਚ ਸਫਲਤਾ ਹਾਸਲ ਨਹੀਂ ਕੀਤੀ ਜਿਸ ਕਰਕੇ ਸ਼ਹਿਰ ਵਾਸੀਆਂ ‘ਚ ਡਰ, ਸਹਿਮ ਅਤੇ ਦਹਿਸ਼ਤ ਦਾ ਮਾਹੌਲ ਪੈਦਾ ਹੋਣਾ ਸੁਭਾਵਿਕ ਹੈ।
ਜਿਲ੍ਹੇ ਭਰ ਦੇ ਪੱਤਰਕਾਰਾਂ ਨੇ 7 ਅਕਤੂਬਰ ਦਿਨ ਸੋਮਵਾਰ ਨੂੰ ਸਵੇਰੇ 10:00 ਵਜੇ ਤੱਕ ਦਾ ਅਲਟੀਮੇਟਮ ਦਿੰਦਿਆਂ ਚਿਤਾਵਨੀ ਦਿੱਤੀ ਕਿ ਜੇਕਰ ਅੱਜ ਸ਼ਾਮ ਤੱਕ ਉਕਤ ਹਮਲਾਵਰਾਂ ਨੂੰ ਕਾਬੂ ਨਾ ਕੀਤਾ ਗਿਆ ਤਾਂ ਉਹ ਜਿਲ੍ਹਾ ਪੁਲਿਸ ਮੁਖੀ ਫਰੀਦਕੋਟ ਦੇ ਦਫਤਰ ਦਾ ਘਿਰਾਓ ਕਰਨਗੇ। ਹਲਕਾ ਵਿਧਾਇਕ ਕੁਲਤਾਰ ਸਿੰਘ ਸੰਧਵਾਂ ਨੇ ਵੀ ਪੱਤਰਕਾਰਾਂ ਦੀ ਐਸਐਸਪੀ ਦਫਤਰ ਦੇ ਘਿਰਾਓ ਦੀ ਕਾਲ ਦੀ ਹਮਾਇਤ ਕਰਦਿਆਂ ਵਿਸ਼ਵਾਸ਼ ਦਿਵਾਇਆ ਕਿ ਉਨ੍ਹਾਂ ਦੀ ਪਾਰਟੀ ਵੀ ਪੁਲਿਸ ਦੀ ਅਣਗਹਿਲੀ ਅਤੇ ਗੁੰਡਾ ਅਨਸਰਾਂ ਦੀ ਬਦਮਾਸ਼ੀ ਖਿਲਾਫ ਧਰਨੇ ‘ਚ ਸ਼ਾਮਲ ਹੋਵੇਗੀ। ਮੌਕੇ ‘ਤੇ ਪੁੱਜੇ ਥਾਣਾ ਸਿਟੀ ਦੇ ਐਸਐਚਓ ਗੁਰਮੀਤ ਸਿੰਘ ਨੇ ਵਿਸ਼ਵਾਸ ਦਿਵਾਇਆ ਕਿ ਘਟਨਾ ਸਥਾਨ ਦੇ ਨੇੜਲੇ ਇਲਾਕਿਆਂ ‘ਚ ਲੱਗੇ ਸੀਸੀਟੀਵੀ ਕੈਮਰਿਆਂ ਦੀ ਫੁਟੇਜ ਦੇ ਅਧਾਰ ‘ਤੇ ਹਮਲਾਵਰਾਂ ਦੀ ਪੈੜ ਨੱਪੜ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ।
Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।