ਬਿਜਨੈਸ ਬਣਦਾ ਜਾ ਰਹੀ ਐ ਕਾਂਗਰਸ ਪਾਰਟੀ, ਪੈਸੇ ਵਾਲੇ ਨੂੰ ਮਿਲਦੀ ਐ ਟਿਕਟ : ਸ਼ਮਸ਼ੇਰ ਦੂਲੋਂ
ਵਰਕਰ ਨੂੰ ਨਹੀਂ ਮਿਲ ਰਹੀ ਐ ਟਿਕਟ, ਪੈਸੇ ਵਾਲੇ ਲੋਕਾਂ ਨੂੰ ਮਿਲਦੀ ਐ ਤਰਜੀਹ
ਚੰਡੀਗੜ੍ਹ, ਅਸ਼ਵਨੀ ਚਾਵਲਾ
ਕਾਂਗਰਸ ਪਾਰਟੀ ਵੱਲੋਂ ਟਿਕਟਾਂ ਦੀ ਵੰਡ ਤੋਂ ਬਾਅਦ ਹੀ ਪੰਜਾਬ ਵਿੱਚ ਤੁਫ਼ਾਨ ਉੱਠ ਖੜ੍ਹਾ ਹੋਇਆ ਹੈ। ਪੰਜਾਬ ‘ਚ ਵੱਡੇ ਲੀਡਰ ਜਿੱਥੇ ਉਮੀਦਵਾਰਾਂ ਖ਼ਿਲਾਫ਼ ਖੜ੍ਹੇ ਹੋਏ ਗਏ ਹਨ ਤਾਂ ਪਾਰਟੀ ਦੇ ਸੀਨੀਅਰ ਲੀਡਰ ਅਤੇ ਰਾਜ ਸਭਾ ਮੈਂਬਰ ਸ਼ਮਸ਼ੇਰ ਸਿੰਘ ਦੂਲੋ ਨੇ ਕਾਂਗਰਸ ਪਾਰਟੀ ਨੂੰ ਹੀ ਵਪਾਰੀਆਂ ਦੀ ਪਾਰਟੀ ਕਰਾਰ ਦੇ ਦਿੱਤਾ ਹੈ। ਸ਼ਮਸ਼ੇਰ ਸਿੰਘ ਦੂਲੋਂ ਵੱਲੋਂ ਇੱਕ ਟੀ.ਵੀ. ਪੱਤਰਕਾਰ ਨਾਲ ਗੱਲਬਾਤ ਕਰਦੇ ਹੋਏ ਕਿਹਾ ਕਿ ਕਾਂਗਰਸ ਪਾਰਟੀ ਦਾ ਕਲਚਰ ਹੀ ਕਾਫ਼ੀ ਜ਼ਿਆਦਾ ਬਦਲ ਗਿਆ ਹੈ। ਇਹ ਪਾਰਟੀਆਂ ਵਿੱਚ ਲੋਕ ਸੇਵਾ ਦੀ ਥਾਂ ਸਿਆਸਤ ਦਾ ਇੱਕ ਬਿਜ਼ਨਸ ਬਣਦਾ ਜਾ ਰਿਹਾ ਹੈ। ਇਸ ਬਿਜ਼ਨਸ ਲਈ ਪੈਸੇ ਵਾਲੇ ਜਿਹੜੇ ਲੋਕ ਹਨ, ਉਹ ਕਿਸੇ ਨਾਲ ਕਿਸੇ ਤਰ੍ਹਾਂ ਟਿਕਟਾਂ ਵਿੱਚ ਐਂਟਰੀ ਕਰ ਲੈਂਦੇ ਹਨ। ਉਨ੍ਹਾਂ ਕਿਹਾ ਕਿ ਹਮੇਸ਼ਾ ਕਿਹਾ ਜਾਂਦਾ ਹੈ ਕਿ ਵਰਕਰਾਂ ਦੇ ਸਿਰ ‘ਤੇ ਪਾਰਟੀ ਖੜ੍ਹੀ ਹੈ, ਜਦੋਂ ਕਿ ਵਰਕਰਾਂ ਨੂੰ ਤਾਂ ਮੌਕਾ ਹੀ ਨਹੀਂ ਮਿਲਦਾ ਹੈ।
ਉਨ੍ਹਾਂ ਕਿਹਾ ਕਿ ਉਨ੍ਹਾਂ ਵਰਗਾ ਵਰਕਰ ਪਹਿਲਾਂ ਇਸ ਪੁਜ਼ੀਸ਼ਨ ‘ਤੇ ਪੁੱਜਾ ਹੈ, ਜਿੱਥੇ ਉਹ ਖੜ੍ਹੇ ਹਨ ਪਰ ਹੁਣ ਪਾਰਟੀ ਵਿੱਚ ਸਿਰਫ਼ ਪੈਸੇ ਵਾਲੇ ਲੋਕ ਅੱਗੇ ਆਉਣਗੇ ਤੇ ਪੈਸੇ ਵਾਲਿਆਂ ਨੂੰ ਤਰਜੀਹ ਦਿੱਤੀ ਜਾਂਦੀ ਹੈ। ਪਹਿਲਾਂ ਟਿਕਟ ਦੇਣ ਤੋਂ ਪਹਿਲਾਂ ਦੇਖਿਆ ਜਾਂਦਾ ਸੀ ਕਿ ਕਿੰਨਾ ਸਮਾਂ ਪਾਰਟੀ ਲਈ ਕੰਮ ਕੀਤਾ ਹੈ ਤੇ ਕਿੰਨਾ ਜਿਆਦਾ ਸਮਝਦਾਰ ਤੇ ਸੀਨੀਅਰ ਵਰਕਰ ਹੈ ਹਰ ਥਾਂ ‘ਤੇ ਪੈਸਾ ਖ਼ਰਚ ਹੁੰਦਾ ਹੈ, ਇਸ ਲਈ ਇਮਾਨਦਾਰ ਬੰਦੇ ਲਈ ਸਿਆਸਤ ਰਹੀ ਹੀ ਨਹੀਂ ਹੈ। ਇੱਥੇ ਹੀ ਸ਼ਮਸ਼ੇਰ ਦੂਲੋਂ ਨੇ ਕਿਹਾ ਕਿ ਪੰਜਾਬ ‘ਚ ਅਫ਼ਸਰ-ਪੁਲਿਸ ਤੇ ਤਕਸਰਾਂ ਦਾ ਨੈਕਸਸ ਬਣਿਆ ਹੋਇਆ ਹੈ, ਜਿਹੜੇ ਕਿ ਨਸ਼ੇ ਦਾ ਵਪਾਰ ਕਰ ਰਹੇ ਹਨ, ਜਿਸ ਨੂੰ ਖ਼ਤਮ ਨਹੀਂ ਕੀਤਾ ਜਾ ਸਕਦਾ ਹੈ। ਉਨ੍ਹਾਂ ਕਿਹਾ ਕਿ ਪੰਜਾਬ ‘ਚ ਕੋਈ ਵੱਡਾ ਤਸਕਰ ਨਹੀਂ ਫੜਿਆ ਗਿਆ ਹੈ ਅਤੇ ਵੱਡੇ ਮਗਰਮੱਛ ਅੱਜ ਵੀ ਬਾਹਰ ਹਨ, ਜੇਕਰ ਸਰਕਾਰ ਨੇ ਨਸ਼ਾ ਖ਼ਤਮ ਕੀਤਾ ਹੈ ਤਾਂ ਵੱਧ ਨਸ਼ਾ ਲੈਣ ਨਾਲ ਨੌਜਵਾਨਾਂ ਦੀ ਮੌਤ ਕਿਉਂ ਹੋ ਰਹੀ ਹੈ। ਉਨ੍ਹਾਂ ਕਿਹਾ ਕਿ ਪੰਜਾਬ ਵਿੱਚ ਪਿਛਲੇ 2 ਸਾਲਾਂ ਵਿੱਚ ਨਸ਼ਾ ਖਤਮ ਨਹੀਂ ਹੋਇਆ, ਸਗੋਂ ਵੱਧ ਗਿਆ ਹੈ।
Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।