Jagjit Singh Dallewal: ਡੱਲੇਵਾਲ ਨੂੰ ਮਰਨ ਵਰਤ ਤੇ ਬੈਠਿਆਂ ਬੀਤੇ 14 ਦਿਨ, ਦਿਨੋ-ਦਿਨ ਸਿਹਤ ਹੋ ਰਹੀ ਖਰਾਬ

Dallewal

ਜੇਕਰ ਕਿਸਾਨਾਂ ਦੇ ਮਸੀਹਾ ਆਗੂ ਡੱਲੇਵਾਲ ਨੂੰ ਕੁੱਝ ਹੁੰਦਾ ਤਾਂ ਕੇਂਦਰ ਸਰਕਾਰ ਹੋਵੇਗੀ ਜਿੰਮੇਵਾਰ : ਚੱਠਾ | Jagjit Singh Dallewal

ਸੁਨਾਮ ਊਧਮ ਸਿੰਘ ਵਾਲਾ (ਕਰਮ ਥਿੰਦ)। Jagjit Singh Dallewal: ਕੇਂਦਰ ਸਰਕਾਰ ਵੱਲੋਂ ਦਿੱਲੀ ਦੇ ਬਾਰਡਰਾਂ ਤੇ 13 ਮਹੀਨੇ ਚੱਲੇ ਅੰਦੋਲਨ ਦੌਰਾਨ ਮੰਨੀਆ ਮੰਗਾਂ ਨੂੰ ਲਾਗੂ ਕਰਵਾਉਣ ਲਈ ਸੰਯੁਕਤ ਕਿਸਾਨ ਮੋਰਚਾ (ਗੈਰ ਰਾਜਨੀਤਿਕ) ਅਤੇ ਕਿਸਾਨ ਮਜ਼ਦੂਰ ਮੋਰਚਾ 13 ਫਰਵਰੀ ਤੋਂ ਖਨੌਰੀ ਤੇ ਸ਼ੰਭੂ ਬਾਰਡਰ ਤੇ ਡਟਿਆ ਹੋਇਆ ਹੈ। ਪਰ ਕੇਂਦਰ ਸਰਕਾਰ ਗੱਲਬਾਤ ਰਾਹੀਂ ਮੰਗਾਂ ਪੂਰੀਆਂ ਕਰਨ ਦੀ ਬਜਾਏ ਡੰਡੇ ਦੇ ਜ਼ੋਰ ਨਾਲ ਸੰਘਰਸ਼ ਨੂੰ ਦਬਾਉਣਾ ਚਾਹੁੰਦੀ ਹੈ ਦੂਜੇ ਪਾਸੇ ਕੇਂਦਰ ਸਰਕਾਰ ਤੇ ਦਬਾਅ ਬਣਾ ਕੇ ਮੰਗਾਂ ਮਨਵਾਉਣ ਲਈ ਭਾਰਤੀ ਕਿਸਾਨ ਯੂਨੀਅਨ ਏਕਤਾ ਸਿੱਧੂਪੁਰ ਦੇ ਸੂਬਾ ਪ੍ਰਧਾਨ ਸ੍ਰ ਜਗਜੀਤ ਸਿੰਘ ਡੱਲੇਵਾਲ 26 ਨਵੰਬਰ ਤੋਂ ਖਨੋਰੀ ਬਾਰਡਰ ਤੇ ਮਰਨ ਵਰਤ ਤੇ ਬੈਠੇ ਹੋਏ ਹਨ।

Jagjit Singh Dallewal
ਕਿਸਾਨ ਆਗੂ ਰਣ ਸਿੰਘ ਚੱਠਾ।

ਇਨ੍ਹਾਂ ਵਿਚਾਰਾਂ ਦਾ ਪ੍ਰਗਟਾਵਾ ਭਾਰਤੀ ਕਿਸਾਨ ਯੂਨੀਅਨ ਏਕਤਾ ਸਿੱਧੂਪੁਰ ਦੇ ਜ਼ਿਲ੍ਹਾ ਜਨਰਲ ਸਕੱਤਰ ਰਣ ਸਿੰਘ ਚੱਠਾ ਨੇ ਪ੍ਰੈਸ ਨਾਲ ਗੱਲਬਾਤ ਕਰਦਿਆਂ ਕੀਤਾ। ਨੌਜਵਾਨ ਕਿਸਾਨ ਆਗੂ ਰਣ ਸਿੰਘ ਚੱਠਾ ਨੇ ਕਿਹਾ ਕਿ ਡੱਲੇਵਾਲ ਵੱਲੋਂ ਕਿਸਾਨੀ ਮੰਗਾਂ ਲਈ ਮਰਨ ਵਰਤ ਤੇ ਬੈਠਣ ਤੋਂ ਪਹਿਲਾਂ ਹੀ ਕੇਂਦਰ ਸਰਕਾਰ ਨੇ ਅਖੌਤੀ ਕਿਸਾਨ ਹਿਤੈਸ਼ੀ ਕਹਾਉਂਦੀ ਪੰਜਾਬ ਸਰਕਾਰ ਰਾਹੀਂ ਡੱਲੇਵਾਲ ਨੂੰ ਮਰਨ ਵਰਤ ਤੋਂ ਬੈਠਣ ਤੋਂ ਪਹਿਲਾਂ ਹੀ 25 ਨਵੰਬਰ ਦੀ ਰਾਤ ਦੇ ਸਮੇਂ ਟਰਾਲੀ ਦੇ ਦਰਵਾਜ਼ੇ ਤੋੜ ਕੇ ਗ੍ਰਿਫਤਾਰ ਕਰਕੇ ਸੰਘਰਸ਼ ਨੂੰ ਤਾਰਪੀਡੋ ਕਰਨ ਦੀ ਕੋਸ਼ਿਸ਼ ਕੀਤੀ ਸੀ ਪਰ ਡੱਲੇਵਾਲ ਨੇ ਪੁਲਿਸ ਦੀ ਹਿਰਾਸਤ ’ਚ ਹੀ ਆਪਣਾ ਮਰਨ ਵਰਤ ਦਿੱਤੇ ਸਮੇਂ ਤੋਂ ਪਹਿਲਾਂ ਹੀ ਸ਼ੁਰੂ ਕਰ ਦਿੱਤਾ।

ਇਹ ਖਬਰ ਵੀ ਪੜ੍ਹੋ : Ludhiana News: ਪੁਲਿਸ ਨੇ ਨਸ਼ਾ ਤਸਕਰੀ ਦੇ ਦੋਸ਼ਾਂ ’ਚ ਫੜੀਆਂ 2 ਔਰਤਾਂ

ਕਿਸਾਨ ਆਗੂ ਚੱਠਾ ਨੇ ਕਿਹਾ ਕਿ ਡੱਲੇਵਾਲ ਵੱਲੋਂ ਸ਼ੁਰੂ ਕੀਤੇ ਮਰਨ ਵਰਤ ਤੇ ਕਿਸਾਨ ਸੰਘਰਸ਼ ਦੇ ਦਬਾਅ ਹੇਠ ਆਖਿਰ ਪੰਜਾਬ ਪੁਲਿਸ ਨੂੰ 29 ਨਵੰਬਰ ਦੀ ਰਾਤ ਡੱਲੇਵਾਲ ਸਾਹਿਬ ਨੂੰ ਵਾਪਿਸ ਖਨੋਰੀ ਮੋਰਚੇ ਦੇ ’ਚ ਛੱਡਣਾ ਪਿਆ। ਚੱਠਾ ਨੇ ਕਿਹਾ ਕਿ ਡੱਲੇਵਾਲ ਨੂੰ ਮਰਨ ਵਰਤ ਤੇ ਬੈਠਿਆਂ 14 ਦਿਨ ਹੋ ਚੁੱਕੇ ਹਨ ਤੇ ਉਨਾਂ ਵੱਲੋਂ ਪਾਣੀ ਤੋਂ ਸਵਾਏ ਕੁੱਝ ਵੀ ਨਾ ਖਾਣ-ਪੀਣ ਕਰਕੇ ਦਿਨੋ-ਦਿਨ ਸਿਹਤ ਖਰਾਬ ਹੁੰਦੀ ਜਾ ਰਹੀ ਹੈ ਪਰ ਕੇਂਦਰ ਸਰਕਾਰ ਗੱਲਬਾਤ ਰਾਹੀਂ ਮੰਗਾਂ ਮੰਨਣ ਦੀ ਬਜਾਏ ਡੱਲੇਵਾਲ ਦੀ ਸ਼ਹਾਦਤ ਦੀ ਉਡੀਕ ਕਰ ਰਹੀ ਹੈ।

ਰਣ ਸਿੰਘ ਚੱਠਾ ਨੇ ਅੱਗੇ ਕਿਹਾ ਕਿ ਜੇਕਰ ਅਜਿਹਾ ਹੁੰਦਾ ਹੈ ਤਾਂ ਸਿੱਧੇ ਤੌਰ ਤੇ ਜਿੰਮੇਵਾਰ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਅਗਵਾਈ ਵਾਲੀ ਕੇਂਦਰ ਸਰਕਾਰ ਹੋਵੇਗੀ। ਕਿਸਾਨ ਆਗੂ ਚੱਠਾ ਨੇ ਕਿਹਾ ਕਿ ਜੇਕਰ ਕੇਂਦਰ ਸਰਕਾਰ ਵੱਲੋਂ ਦੇਸ਼ ਦੇ ਅੰਨਦਾਤੇ ਪ੍ਰਤੀ ਧਾਰੇ ਅੜੀਅਲ ਰਵਈਏ ਦੇ ਚੱਲਦਿਆਂ ਡੱਲੇਵਾਲ ਸ਼ਹੀਦ ਹੁੰਦੇ ਹਨ ਤਾਂ ਸਮੁੱਚੇ ਦੇਸ਼ ਦਾ ਕਿਸਾਨ ਟਿਕ ਕੇ ਨਹੀਂ ਬੈਠੇਗਾ ਤੇ ਦੇਸ਼ ਤੇ ਸੂਬੇ ਦੀਆਂ ਸਰਕਾਰਾਂ ਨੂੰ ਕਿਸਾਨਾਂ ਦੇ ਵੱਡੇ ਰੋਹ ਦਾ ਸਾਹਮਣਾ ਕਰਨਾ ਪਵੇਗਾ। Jagjit Singh Dallewal