ਇਲਾਕੇ ‘ਚ ਫੈਲਿਆ ਤਣਾਅ, ਦਲਿਤ ਜਥੇਬੰਦੀਆਂ ਨੇ ਆਰੰਭ ਕੀਤਾ ਧਰਨਾ
ਗੁਰਪ੍ਰੀਤ ਸਿੰਘ/ਸੰਗਰੂਰ । ਲਹਿਰਾਗਾਗਾ ਦੇ ਪਿੰਡ ਚੰਗਾਲੀਵਾਲਾ ਵਿਖੇ ਅੰਨ੍ਹੇਵਾਹ ਕੁੱਟਮਾਰ ਦਾ ਸ਼ਿਕਾਰ ਹੋਏ ਦਲਿਤ ਨੌਜਵਾਨ ਜਗਮੇਲ ਸਿੰਘ ਦੀ ਅੱਜ ਪੀਜੀਆਈ ਚੰਡੀਗੜ੍ਹ ਵਿਖੇ ਮੌਤ ਹੋ ਗਈ ਅੱਜ ਉਸ ਦੀ ਮੌਤ ਦੀ ਖ਼ਬਰ ਸੁਣ ਕੇ ਇਲਾਕੇ ਵਿੱਚ ਤਣਾਅ ਵਾਲਾ ਮਾਹੌਲ ਪੈਦਾ ਹੋ ਗਿਆ ਬਸਪਾ ਸਮੇਤ ਕਈ ਜਥੇਬੰਦੀਆਂ ਨੇ ਧਰਨਾ ਆਰੰਭ ਕਰਕੇ ਇਹ ਐਲਾਨ ਕਰ ਦਿੱਤਾ ਗਿਆ ਕਿ ਜਿੰਨਾ ਚਿਰ ਮ੍ਰਿਤਕ ਦੇ ਕਾਤਲਾਂ ਨੂੰ ਗ੍ਰਿਫ਼ਤਾਰ ਨਹੀਂ ਕੀਤਾ ਜਾਂਦਾ, ਉਦੋਂ ਤੱਕ ਧਰਨਾ ਜਾਰੀ ਰਹੇਗਾ।
ਜਾਣਕਾਰੀ ਮੁਤਾਬਕ ਕਿਸੇ ਨਿੱਜੀ ਰੰਜਿਸ਼ ਦੌਰਾਨ 7 ਨਵੰਬਰ ਨੂੰ ਪਿੰਡ ਦੇ ਕੁਝ ਵਿਅਕਤੀਆਂ ਨੇ ਜਗਮੇਲ ਸਿੰਘ ਨੂੰ ਇੱਕ ਕਮਰੇ ਵਿੱਚ ਬੰਦ ਕਰਕੇ ਉਸ ਨਾਲ ਅਣਮਨੁੱਖੀ ਤਸ਼ੱਦਦ ਕੀਤਾ ਸੀ ਇਸ ਮਾਮਲੇ ਦੀ ਜਾਣਕਾਰੀ ਪਿੰਡ ਨਿਵਾਸੀਆਂ ਤੱਕ ਪੁੱਜਣ ਤੋਂ ਬਾਅਦ ਉਸਨੂੰ ਗੰਭੀਰ ਜ਼ਖਮੀ ਹਾਲਤ ਵਿੱਚ ਹਸਪਤਾਲ ਵਿੱਚ ਭਰਤੀ ਕਰਵਾਇਆ ਗਿਆ, ਜਿੱਥੇ ਉਸਦੀ ਹਾਲਤ ਨੂੰ ਨਾਜ਼ੁਕ ਕਰਾਰ ਦਿੰਦੇ ਉਸਨੂੰ ਸੰਗਰੂਰ ਅਤੇ ਫਿਰ ਚੰਡੀਗੜ੍ਹ ਰੈਫਰ ਕਰ ਦਿੱਤਾ ਗਿਆ। ਅੱਜ ਚੰਡੀਗੜ੍ਹ ਵਿਖੇ ਜ਼ਖਮਾਂ ਦੀ ਤਾਬ ਨਾ ਝਲਦਾ ਹੋਇਆ ਜਗਮੇਲ ਦਮ ਤੋੜ ਗਿਆ ਦਲਿਤ ਨੌਜਵਾਨ ਦੀ ਮੌਤ ਦੀ ਖ਼ਬਰ ਸੁਣਦੇ ਸਾਰ ਹੀ ਕਈ ਜਥੇਬੰਦੀਆਂ ਜਿਨ੍ਹਾਂ ਵਿੱਚ ਬਹੁਜਨ ਸਮਾਜ ਪਾਰਟੀ, ਜ਼ਮੀਨ ਪ੍ਰਾਪਤੀ ਸੰਘਰਸ਼ ਕਮੇਟੀ ਤੇ ਹੋਰਾਂ ਵੱਲੋਂ ਧਰਨਾ ਆਰੰਭ ਕਰ ਦਿੱਤਾ ਅਤੇ ਐਲਾਨ ਕਰ ਦਿੱਤਾ ਕਿ ਜਿੰਨਾ ਚਿਰ ਕਥਿਤ ਦੋਸ਼ੀਆਂ ਨੂੰ ਗ੍ਰਿਫ਼ਤਾਰ ਨਹੀਂ ਕੀਤਾ ਜਾਂਦਾ, ਉਹ ਮ੍ਰਿਤਕ ਦਾ ਅੰਤਮ ਸਸਕਾਰ ਨਹੀਂ ਕਰਨਗੇ।
ਚਾਰ ਜਣਿਆਂ ਖਿਲਾਫ਼ ਮਾਮਲਾ ਦਰਜ : ਕਾਂਗੜਾ
ਹਾਲਾਤ ਨੂੰ ਵੇਖਦੇ ਹੋਏ ਅਨੁਸੂਚਿਤ ਜਾਤੀ ਕਮਿਸ਼ਨ ਦੀ ਮੈਂਬਰ ਪੂਨਮ ਕਾਂਗੜਾ ਵੀ ਪਿੰਡ ਚੰਗਾਲੀਵਾਲਾ ਪੁੱਜੇ ਉਨ੍ਹਾਂ ਉੱਥੇ ਪਰਿਵਾਰਿਕ ਮੈਬਰਾਂ ਨੂੰ ਆਰਥਿਕ ਮੱਦਦ ਦਵਾਉਣ ਦਾ ਭਰੋਸਾ ਦਵਾਇਆ, ਉਥੇ ਹੀ ਮੁਲਜ਼ਮਾਂ ਖਿਲਾਫ ਪੁਲਿਸ ਦੀ ਢਿੱਲੀ ਕਾਰਵਾਈ ਲਈ ਪੁਲਿਸ ਦੀ ਖਿਚਾਈ ਕੀਤੀ। ਪੂਨਮ ਕਾਂਗੜਾ ਨੇ ਕਿਹਾ ਕਿ ਚਾਰੇ ਮੁਲਜ਼ਮਾਂ ਖਿਲਾਫ ਐਸ.ਸੀ./ ਐਸ.ਟੀ. ਐਕਟ ਸਮੇਤ ਧਾਰਾ 302 ਤਹਿਤ ਜ਼ੁਰਮ ਵਿੱਚ ਵਾਧਾ ਕਰ ਦਿੱਤਾ ਗਿਆ ਹੈ। ਉਨ੍ਹਾਂ ਨੇ ਭਰੋਸਾ ਦਵਾਇਆ ਕਿ ਮੁਲਜ਼ਮਾਂ ਨੂੰ ਕਿਸੇ ਵੀ ਬਖਸ਼ਿਆ ਨਹੀਂ ਜਾਵੇਗਾ। ਖ਼ਬਰ ਲਿਖੇ ਜਾਣ ਤੱਕ ਮਾਮਲਾ ਕਿਸੇ ਤਣ ਪੱਤਣ ਨਹੀਂ ਲੱਗਿਆ ਸੀ।
Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।