ਲੋਕ ਸਭਾ ‘ਚ ਕਾਂਗਰਸ ਦੇ ਨੇਤਾ ਅਧੀਰ ਰੰਜਨ ਨੇ ਪ੍ਰਧਾਨ ਮੰਤਰੀ ਖਿਲਾਫ਼ ਬੇਹੱਦ ਘਟੀਆ ਟਿੱਪਣੀਆਂ ਕੀਤੀਆਂ ਹਨ ਉਹਨਾਂ ਪ੍ਰਧਾਨ ਮੰਤਰੀ ਨੂੰ ਰਾਖਸ਼ ਕਹਿਣ ਦੇ ਨਾਲ-ਨਾਲ ਉਨ੍ਹਾਂ ਦੀ ਤੁਲਨਾ ‘ਗੰਦੀ ਨਾਲੀ’ ਨਾਲ ਕੀਤੀ ਹੈ ਇਹ ਮਸਲਾ ਇਸ ਕਰਕੇ ਵੀ ਗੰਭੀਰ ਹੈ ਕਿ ਇਹ ਟਿੱਪਣੀ ਕਿਸੇ ਆਮ ਸਾਂਸਦ ਨੇ ਨਹੀਂ ਸਗੋਂ ਸਦਨ ‘ਚ ਇੱਕ ਪਾਰਟੀ ਦੇ ਚੁਣੇ ਹੋਏ ਨੇਤਾ ਨੇ ਕੀਤੀ ਹੈ ਕਾਂਗਰਸ ਲਈ ਇਹ ਇਸ ਕਰਕੇ ਵੀ ਨਮੋਸ਼ੀ ਵਾਲੀ ਘਟਨਾ ਹੈ ਕਿਉਂਕਿ ਕਾਂਗਰਸ ਦੀ ਲੋਕ ਸਭਾ ਚੋਣਾਂ ‘ਚ ਕਰਾਰੀ ਹਾਰ ਹੋਈ ਹੈ ।
ਚਾਹੀਦਾ ਤਾਂ ਇਹ ਸੀ ਕਿ ਪਾਰਟੀ ਆਪਣੀ ਹਾਰ ਦੇ ਮੱਦੇਨਜ਼ਰ ਕਿਸੇ ਅਜਿਹੇ ਆਗੂ ਨੂੰ ਲੋਕ ਸਭਾ ਅੰਦਰ ਕਮਾਨ ਸੌਂਪਦੀ ਜੋ ਆਪਣੀ ਭਾਸ਼ਾ ਤੇ ਮੁੱਦਿਆਂ ਪ੍ਰਤੀ ਗੰਭੀਰਤਾ ਵਿਖਾ ਕੇ ਪਾਰਟੀ ਦੇ ਅਕਸ ਨੂੰ ਸੁਧਾਰਦਾ ਰੰਜਨ ਦੀ ਟਿੱਪਣੀ ਕਾਂਗਰਸ ਲਈ ਮੁਸ਼ਕਲ ਵਾਲੀ ਬਣ ਗਈ ਹੈ ਇਸ ਤੋਂ ਪਹਿਲਾਂ ਗੁਜਰਾਤ ਵਿਧਾਨ ਸਭਾ ਚੋਣਾਂ ਦੌਰਾਨ ਵੀ ਕਾਂਗਰਸ ਨੂੰ ਆਪਣੇ ਹੀ ਸਾਬਕਾ ਮੰਤਰੀ ਮਣੀਸ਼ੰਕਰ ਅੱਈਅਰ ਦੀਆਂ ਭਾਜਪਾ ਵਿਰੋਧੀ ਟਿੱਪਣੀਆਂ ਕਾਰਨ ਕਾਫ਼ੀ ਨੁਕਸਾਨ ਹੋਇਆ ਸੀ ਦਰਅਸਲ ਰਾਜਨੀਤਕ ਗਿਰਾਵਟ ਇੱਕ ਵੱਡੀ ਸਮੱਸਿਆ ਬਣ ਚੁੱਕੀ ਹੈ ਕਰੋੜਾਂ ਰੁਪਏ ਦੇ ਖਰਚ ਨਾਲ ਚੱਲਣ ਵਾਲੀ ਸੰਸਦ ਦੀ ਕਾਰਵਾਈ ਜਦੋਂ ਹੇਠਲੇ ਪੱਧਰ ਦੀ ਦੂਸ਼ਣਬਾਜ਼ੀ ਦੀ ਭੇਂਟ ਚੜ੍ਹ ਜਾਂਦੀ ਹੈ ਤਾਂ ਇਹ ਉਹਨਾਂ ਕਰੋੜਾਂ ਲੋਕਾਂ ਨਾਲ ਅਨਿਆਂ ਹੈ ਜਿਨ੍ਹਾਂ ਨੇ ਕਿਸੇ ਆਗੂ ਨੂੰ ਚੁਣ ਕੇ ਸੰਸਦ ‘ਚ ਭੇਜਿਆ ਹੁੰਦਾ ਹੈ ਇਹ ਵੀ ਸੱਚਾਈ ਹੈ ਕਿ ਲਗਭਗ ਹਰ ਪਾਰਟੀ ‘ਚ ਕੁਝ ਅਜਿਹੇ ਆਗੂ ਹਨ ਜੋ ਆਪਣੇ ਬੜਬੋਲੇਪਣ ਕਾਰਨ ਚਰਚਾ ‘ਚ ਆਉਂਦੇ ਹਨ ਕਈ ਵਾਰ ਆਪਣੇ ਆਗੂਆਂ ਦੀਆਂ ਇਤਰਾਜ਼ ਭਰੀਆਂ ਟਿੱਪਣੀਆਂ ਲਈ ਪਾਰਟੀ ਪ੍ਰਧਾਨ ਨੂੰ ਇਹ ਵੀ ਕਹਿਣਾ ਪੈਂਦਾ ਹੈ ਕਿ ਸਬੰਧਿਤ ਟਿੱਪਣੀ ਦਾ ਪਾਰਟੀ ਨਾਲ ਕੋਈ ਸਬੰਧ ਨਹੀਂ ਜਾਂ ਇਹ ਟਿੱਪਣੀ ਉਸ ਦੀ ਨਿੱਜੀ ਟਿੱਪਣੀ ਹੈ ਪਰ ਇਹ ਸਿਰਫ ਵਿਖਾਵਾ ਮਾਤਰ ਹੁੰਦਾ ਹੈ ਇਹ ਮਸਲੇ ਦਾ ਹੱਲ ਨਹੀਂ ਹਰ ਪਾਰਟੀ ਦੂਜੀ ਪਾਰਟੀ ਦੇ ਆਗੂਆਂ ਨੂੰ ਸਿਸ਼ਟਾਚਾਰ ਤੇ ਸੱਭਿਅਤਾ ਦੀ ਨਸੀਹਤ ਦਿੰਦੀ ਹੈ ਪਰ ਆਪਣੇ ਆਗੂਆਂ ਖਿਲਾਫ਼ ਸਖ਼ਤੀ ਵਰਤਣ ਜਾਂ ਉਸ ਨੂੰ ਪਾਰਟੀ ‘ਚੋਂ ਕੱਢਣ ਦੀ ਕਾਰਵਾਈ ਨਾਂਹ ਦੇ ਹੀ ਬਰਾਬਰ ਹੈ ਉਂਜ ਕਾਂਗਰਸ ਨੇ ਮਣੀਸ਼ੰਕਰ ਅੱਈਅਰ ਨੂੰ ਪਾਰਟੀ ‘ਚੋਂ ਜ਼ਰੂਰ ਸਸਪੈਂਡ ਕੀਤਾ ਸੀ ਇਸੇ ਤਰ੍ਹਾਂ ਭਾਜਪਾ ਨੇ ਗਿਰੀਰਾਜ ਨੂੰ ਸੋਨੀਆ ਗਾਂਧੀ ਖਿਲਾਫ਼ ਬੋਲਣ ਕਰਕੇ ਮਾਫ਼ੀ ਮੰਗਣ ਲਈ ਕਿਹਾ ਸੀ ਪਰ ਪਾਰਟੀਆਂ ਕੋਈ ਵਧੀਆ ਰਾਜਨੀਤਕ ਸੱਭਿਆਚਾਰ ਦਾ ਨਿਰਮਾਣ ਕਰਨ ‘ਚ ਨਾਕਾਮ ਰਹੀਆਂ ਹਨ ਸਾਰੀਆਂ ਪਾਰਟੀਆਂ ਨੂੰ ਆਪਣੇ ਆਗੂਆਂ ਲਈ ਬੋਲ-ਚਾਲ ਦੀ ਕੋਈ ਮਰਿਆਦਾ ਬਣਾਉਣੀ ਹੀ ਚਾਹੀਦੀ ਹੈ ਇਸ ਤੋਂ ਬਿਨਾਂ ਸੰਸਦ ਦੀ ਮਰਿਆਦਾ ਕਾਇਮ ਨਹੀਂ ਹੋ ਸਕਦੀ।
Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।