ਸਿਖਰਾਂ ’ਤੇ ਐ ਪੰਜਾਬ ’ਚ ‘ਅਪਰਾਧ’, ਰੋਜ਼ਾਨਾ 3 ਜ਼ਬਰ-ਜਨਾਹ, 2 ਕਤਲ, 5 ਕਿਡਨੈਪਿੰਗ

ਪੰਜਾਬ ’ਚ ਰੋਜ਼ਾਨਾ ਦਰਜ ਹੋ ਰਹੀਆਂ 123 ਐਫ.ਆਈ.ਆਰ.

  •  ਰੋਜ਼ਾਨਾ 2 ਤੋਂ ਜ਼ਿਆਦਾ ਵਿਅਕਤੀਆਂ ਨੂੰ ਕਤਲ ਕਰਨ ਦੀ ਹੋ ਰਹੀ ਐ ਕੋਸ਼ਿਸ਼

ਚੰਡੀਗੜ੍ਹ੍ਹ, (ਅਸ਼ਵਨੀ ਚਾਵਲਾ)। ਅਪਰਾਧ ਦੀ ਦੁਨੀਆ ਵਿੱਚ ਪੰਜਾਬ ਕਾਫ਼ੀ ਜ਼ਿਆਦਾ ਅੱਗੇ ਵਧਦਾ ਜਾ ਰਿਹਾ ਹੈ। ਪੰਜਾਬ ਵਿੱਚ ਹਰ ਦਿਨ ਹਰ ਘੰਟੇ ਅਪਰਾਧ ਹੋ ਰਿਹਾ ਹੈ ਪਰ ਪੰਜਾਬ ਸਰਕਾਰ ਇਸ ਨੂੰ ਰੋਕਣ ਵਿੱਚ ਨਾਕਾਮਯਾਬ ਸਾਬਤ ਹੋ ਰਹੀ ਹੈ। ਪੰਜਾਬ ਵਿੱਚ ਰੋਜ਼ਾਨਾ ਜਿੱਥੇ 3 ਬੇਟੀਆਂ ਨੂੰ ਹਵਸ ਦਾ ਸ਼ਿਕਾਰ ਬਣਾਉਂਦੇ ਹੋਏ ਜ਼ਬਰ-ਜਨਾਹ ਕੀਤਾ ਜਾ ਰਿਹਾ ਹੈ ਉੱਥੇ 5 ਲੋਕਾਂ ਨੂੰ ਅਗਵਾ ਕੀਤਾ ਰਿਹਾ ਹੈ ਅਗਵਾ ਪਿੱਛੇ ਜ਼ਿਆਦਾਤਰ ਵੱਡੇ ਗੈਂਗ ਸ਼ਾਮਲ ਹਨ, ਜਿਹੜੇ ਕਿ ਪੰਜਾਬ ਨੂੰ ਅਪਰਾਧ ਦੀ ਦੁਨੀਆ ਵਿੱਚ ਕਾਫ਼ੀ ਜ਼ਿਆਦਾ ਅੱਗੇ ਲੈ ਕੇ ਜਾ ਰਹੇ ਹਨ।

Crime in Punjab

ਪੰਜਾਬ ਵਿੱਚ ਰੋਜਾਨਾ 2 ਜਣਿਆਂ ਨੂੰ ਮੌਤ ਦੇ ਘਾਟ ਉਤਾਰਦੇ ਹੋਏ ਕਤਲ ਕਰ ਦਿੱਤਾ ਜਾਂਦਾ ਹੈ, ਜਿਸ ਵਿੱਚ ਨਿੱਜੀ ਰੰਜਿਸ਼ ਦੇ ਨਾਲ ਹੀ ਕਈ ਤਰ੍ਹਾਂ ਦੇ ਕਾਰਨ ਸਾਹਮਣੇ ਆ ਰਹੇ ਹਨ। ਇੱਥੇ ਹੀ 2 ਤੋਂ ਜ਼ਿਆਦਾ ਜਣਿਆਂ ਨੂੰ ਰੋਜ਼ਾਨਾ ਕਤਲ ਕਰਨ ਦੀ ਕੋਸ਼ਿਸ਼ ਕੀਤੀ ਜਾਂਦੀ ਹੈ ਪਰ ਉਨ੍ਹਾਂ ਦੀ ਕਿਸਮਤ ਸਾਥ ਦਿੰਦੇ ਹੋਏ ਉਨ੍ਹਾਂ ਦੀ ਜਾਨ ਬਚ ਰਹੀ ਹੈ ,ਨਹੀਂ ਤਾਂ ਪੰਜਾਬ ਵਿੱਚ ਕਤਲ ਦੇ ਅੰਕੜੇ ਕਾਫ਼ੀ ਜ਼ਿਆਦਾ ਹੁੰਦੇ। ਇਸ ਨਾਲ ਹੀ ਪੰਜਾਬ ਵਿੱਚ ਰੋਜਾਨਾ ਸਵੇਰ ਹੋਣ ਤੋਂ ਬਾਅਦ ਹੀ ਅਪਰਾਧ ਦੀ ਦੁਨੀਆ ਵਿੱਚ ਘਟਨਾਵਾਂ ਵਾਪਰਨੀਆਂ ਸ਼ੁਰੂ ਹੋ ਜਾਂਦੀਆਂ ਹਨ ਅਤੇ ਸ਼ਾਮ ਤੱਕ ਵੱਡੀ ਗਿਣਤੀ ਵਿੱਚ ਅਪਰਾਧ ਹੋਣ ਕਾਰਨ ਰੋਜ਼ਾਨਾ 123 ਤੋਂ ਜ਼ਿਆਦਾ ਐਫ.ਆਈ.ਆਰ. ਦਰਜ ਹੋ ਰਹੀਆਂ ਹਨ।

ਪੰਜਾਬ ਵਿੱਚ ਲਗਾਤਾਰ ਵਧ ਰਹੇ ਅਪਰਾਧਾਂ ਦੇ ਗ੍ਰਾਫ ਨੂੰ ਨੱਥ ਪਾਉਣ ਲਈ ਕਾਂਗਰਸ ਨੇ ਸੱਤਾ ਵਿੱਚ ਆਉਣ ਤੋਂ ਪਹਿਲਾਂ ਕਾਫ਼ੀ ਵੱਡੇ-ਵੱਡੇ ਵਾਅਦੇ ਕੀਤੇ ਸਨ ਪਰ ਪੰਜਾਬ ਵਿੱਚ ਲਗਾਤਾਰ ਵਧ ਰਹੇ ਅਪਰਾਧ ਨੂੰ ਰੋਕਣ ਵਿੱਚ ਹੁਣ ਕਾਂਗਰਸ ਸਰਕਾਰ ਵੀ ਕਾਮਯਾਬ ਸਾਬਤ ਹੁੰਦੀ ਨਜ਼ਰ ਨਹੀਂ ਆ ਰਹੀ ਹੈ। ਪੰਜਾਬ ਵਿੱਚ ਅਪਰਾਧ ਦੇ ਇਹ ਅੰਕੜੇ ਉਹ ਹਨ, ਜਿਹੜੇ ਕਿ ਪੁਲਿਸ ਵੱਲੋਂ ਦਰਜ ਕੀਤੇ ਗਏ ਹਨ, ਜਦੋਂ ਕਿ ਵੱਡੀ ਗਿਣਤੀ ਵਿੱਚ ਇਹੋ ਜਿਹੇ ਮਾਮਲੇ ਵੀ ਹਨ, ਜਿਹੜੇ ਕਿ ਬਿਨਾਂ ਦਰਜ ਹੋਏ ਹੀ ਨਿਪਟਾ ਦਿੱਤੇ ਜਾਂਦੇ ਹਨ ਜਾਂ ਫਿਰ ਪੁਲਿਸ ਕਾਰਵਾਈ ਅਧੀਨ ਹੀ ਨਹੀਂ ਆਉਂਦੇ। ਇਹ ਸਾਰੇ ਅੰਕੜੇ ਨੈਸ਼ਨਲ ਅਪਰਾਧ ਰਿਕਾਰਡ ਬਿਊਰੋ ਵੱਲੋਂ ਜਾਰੀ ਕੀਤੇ ਗਏ ਹਨ ਅਤੇ ਇਹ ਬੀਤੇ ਸਾਲ 2019 ਦੇ ਅੰਕੜੇ ਹਨ, ਜਿਹੜੇ ਕਿ ਪੰਜਾਬ ਪੁਲਿਸ ਵੱਲੋਂ ਭੇਜੇ ਗਏ ਰਿਕਾਰਡ ਅਨੁਸਾਰ ਹਨ।

ਜਾਂਚ ਦੇ ਨਾਂਅ ’ਤੇ ਬਣ ਜਾਂਦੀ ਐ ਸਿਰਫ਼ ਸਪੈਸ਼ਲ ਜਾਂਚ ਟੀਮ

ਪੰਜਾਬ ਵਿੱਚ ਵੱਧ ਰਹੇ ਅਪਰਾਧ ਨੂੰ ਕੰਟਰੋਲ ਕਰਨ ਦੀ ਥਾਂ ’ਤੇ ਕਾਂਗਰਸ ਸਰਕਾਰ ਵੱਲੋਂ ਜਾਂਚ ਦੇ ਨਾਂਅ ‘ਤੇ ਸਿਰਫ਼ ਸਪੈਸ਼ਲ ਜਾਂਚ ਟੀਮ ਦਾ ਗਠਨ ਹੀ ਕੀਤਾ ਜਾ ਰਿਹਾ ਹੈ। ਪੰਜਾਬ ਵਿੱਚ ਹੋ ਰਹੇ ਕਤਲ ਤੋਂ ਬਾਅਦ ਪੰਜਾਬ ਸਰਕਾਰ ਵੱਲੋਂ ਕਤਲ ਹੋਏ ਵਿਅਕਤੀ ਦੇ ਪਰਿਵਾਰਕ ਮੈਂਬਰਾਂ ਅਤੇ ਸਾਥੀਆਂ ਨੂੰ ਸੰਤੁਸ਼ਟ ਕਰਨ ਲਈ ਸਪੈਸ਼ਲ ਜਾਂਚ ਟੀਮ ਦਾ ਹੀ ਗਠਨ ਕਰ ਦਿੱਤਾ ਜਾਂਦਾ ਹੈ। ਪਿਛਲੇ ਸਾਲਾਂ ਦੌਰਾਨ ਕਈ ਸਪੈਸ਼ਲ ਜਾਂਚ ਟੀਮਾਂ ਦਾ ਗਠਨ ਕਰਦੇ ਹੋਏ ਮਾਮਲੇ ਸੁਲਝਾਉਣ ਦੇ ਆਦੇਸ਼ ਦਿੱਤੇ ਗਏ ਹਨ ਪਰ ਸਪੈਸ਼ਲ ਜਾਂਚ ਟੀਮ ਤੋਂ ਬਾਅਦ ਅਗਲੇ ਅਪਰਾਧ ਲਈ ਇੱਕ ਹੋਰ ਸਪੈਸ਼ਲ ਜਾਂਚ ਟੀਮ ਦਾ ਗਠਨ ਕਰ ਦਿੱਤਾ ਜਾਂਦਾ ਹੈ ਪਰ ਜ਼ਿਆਦਾਤਰ ਮਾਮਲੇ ਅੱਜ ਵੀ ਅਣਸੁਲਝੇ ਹੀ ਹਨ।

ਜੇਲ੍ਹਾਂ ਤੋਂ ਚੱਲ ਰਿਹੈ ਗੈਂਗਸਟਰਾਂ ਦਾ ਨੈੱਟਵਰਕ

Crime in Punjab

ਪੰਜਾਬ ਵਿੱਚ ਗੈਂਗਸਟਰ ਕਤਲ ਕਰਨ ਤੋਂ ਲੈ ਕੇ ਫਿਰੌਤੀ ਲੈਣ ਤੇ ਅਗਵਾ ਕਰਨ ਤੱਕ ਦੇ ਮਾਮਲਿਆਂ ਜੇਲ੍ਹ ਵਿੱਚ ਬੈਠ ਕੇ ਅੰਜਾਮ ਦੇ ਰਹੇ ਹਨ। ਪੰਜਾਬ ਦੀਆਂ ਜੇਲ੍ਹਾਂ ਵਿੱਚੋਂ ਇਹ ਨੈਟਵਰਕ ਇੰਨਾ ਜ਼ਿਆਦਾ ਵੱਡੇ ਪੱਧਰ ’ਤੇ ਚੱਲ ਰਿਹਾ ਹੈ ਕਿ ਇਸ ਨੂੰ ਕਾਂਗਰਸ ਸਰਕਾਰ ਜਾਂ ਫਿਰ ਜੇਲ੍ਹ ਮੰਤਰੀ ਤੋੜਨ ਵਿੱਚ ਨਾਕਾਮਯਾਬ ਸਾਬਤ ਹੋਏ ਹਨ। ਜੇਲ੍ਹਾਂ ਵਿੱਚ ਬੈਠੇ ਗੈਂਗਸਟਰ ਆਮ ਲੋਕਾਂ ਤੋਂ ਲੈ ਕੇ ਸਿਆਸੀ ਲੀਡਰਾਂ ਤੱਕ ਨੂੰ ਧਮਕੀਆਂ ਦਿੰਦੇ ਨਜ਼ਰ ਆਉਂਦੇ ਹਨ, ਜਿਸ ਸਬੰਧੀ ਬਿਕਰਮ ਮਜੀਠੀਆ ਵੀ ਕਈ ਵਾਰ ਪ੍ਰੈਸ ਕਾਨਫਰੰਸ ਕਰ ਚੁੱਕੇ ਹਨ।

ਪੰਜਾਬ ਵਿੱਚ ਕੀ ਕਹਿੰਦੇ ਹਨ ਅਪਰਾਧ ਦੇ ਅੰਕੜੇ? (ਸਾਲ 2019)

ਜ਼ਬਰ-ਜਨਾਹ                  1002
ਅਗਵਾ                          1798
ਕਤਲ                           679
ਕਤਲ ਦੀ ਕੋਸ਼ਿਸ਼                840
ਐਫ.ਆਈ.ਆਰ.                 44997

ਰੋਜ਼ਾਨਾ

ਜ਼ਬਰ-ਜਨਾਹ                       3
ਅਗਵਾ                              5
ਕਤਲ                               2
ਕਤਲ ਦੀ ਕੋਸ਼ਿਸ਼                    2
ਐਫ.ਆਈ.ਆਰ.                    123

ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ.