ਅਦਾਲਤ ਨੇ 22 ਮਈ ਤੱਕ ਪੁਲਿਸ ਰਿਮਾਂਡ ’ਤੇ ਭੇਜਿਆ
(ਗੁਰਪ੍ਰੀਤ ਪੱਕਾ) ਫਰੀਦਕੋਟ। ਆਮਦਨ ਤੋਂ ਵੱਧ ਜਾਇਦਾਦ ਮਾਮਲੇ ’ਚ ਪੰਜਾਬ ਵਿਜੀਲੈਂਸ ਬਿਊਰੋ ਵੱਲੋਂ ਮੰਗਲਵਾਰ ਨੂੰ ਗਿ੍ਰਫ਼ਤਾਰ ਕੀਤੇ ਗਏ ਫਰੀਦਕੋਟ ਤੋਂ ਸਾਬਕਾ ਕਾਂਗਰਸੀ ਵਿਧਾਇਕ ਕੁਸ਼ਲਦੀਪ ਸਿੰਘ ਢਿੱਲੋਂ (MLA Kiki Dhillon) ਉਰਫ ਕਿੱਕੀ ਢਿੱਲੋਂ ਨੂੰ ਫਰੀਦਕੋਟ ਅਦਾਲਤ ’ਚ ਪੇਸ਼ ਕੀਤਾ ਗਿਆ ਅਦਾਲਤ ਨੇ ਕਿੱਕੀ ਢਿੱਲੋਂ ਨੂੰ 22 ਮਈ ਤੱਕ ਪੁਲਿਸ ਰਿਮਾਂਡ ’ਤੇ ਭੇਜ ਦਿੱਤਾ ਹੈ।
ਆਮਦਨ ਤੋਂ ਵੱਧ ਜਾਇਦਾਦ ਦਾ ਮਾਮਲਾ
ਅੱਜ ਪੇਸ਼ੀ ਤੋਂ ਪਹਿਲਾਂ ਕਈ ਕਾਂਗਰਸੀ ਲੀਡਰ ਜਿਨ੍ਹਾਂ ’ਚ ਸੁਖਵਿੰਦਰ ਸਿੰਘ ਸੁਖ ਸਰਕਾਰੀਆ,ਭਾਰਤ ਭੂਸ਼ਨ ਆਸ਼ੂ,ਤਿ੍ਰਪਤ ਰਜਿੰਦਰ ਬਾਜਵਾ,ਕੁਲਬੀਰ ਜ਼ੀਰਾ ਅਤੇ ਰਾਜਾ ਅਮਰਿੰਦਰ ਵੜਿੰਗ ਤੋਂ ਇਲਾਵਾ ਵੱਡੀ ਗਿਣਤੀ ’ਚ ਕਾਂਗਰਸੀ ਸਮਰਥਕ ਅਦਾਲਤ ਪੁੱਜੇ।ਇਸ ਮੌਕੇ ਰਾਜਾ ਵੜਿੰਗ ਨੇ ਕਿਹਾ ਕਿ ਆਪ ਸਰਕਾਰ ਵੱਲੋਂ ਰਾਜਨੀਤਿਕ ਰੰਜਿਸ਼ ਅਤੇ ਬਦਲਾਖੋਰੀ ਦੀ ਨੀਅਤ ਨਾਲ ਮਾਮਲਾ ਦਰਜ ਕੀਤਾ ਗਿਆ ਹੈ ਅਤੇ ਜੋ ਵੀ ਧਾਰਾਵਾਂ ਲਾਈਆਂ ਗਈਆਂ ਹਨ, ਉਹ ਸਭ ਗਲਤ ਤਰੀਕੇ ਨਾਲ ਲਾ ਕੇ ਮਾਮਲਾ ਦਰਜ ਕੀਤਾ ਗਿਆ ਹੈ।
ਉਨ੍ਹਾਂ ਕਿਹਾ ਕਿ ਸਾਨੂੰ ਭਾਰਤ ਦੀ ਨਿਆ ਪ੍ਰਣਾਲੀ ’ਤੇ ਪੂਰਾ ਭਰੋਸਾ ਹੈ, ਕਿੱਕੀ ਢਿੱਲੋਂ ਅਦਾਲਤ ’ਚੋਂ ਇਸ ਮਾਮਲੇ ’ਚ ਬਰੀ ਹੋ ਕੇ ਨਿਕਲਣਗੇ। ਬਚਾਅ ਪੱਖ ਦੇ ਵਕੀਲ ਸਤਿੰਦਰਜੀਤ ਸਿੰਘ ਨੇ ਕਿਹਾ ਕਿ ਉਨ੍ਹਾਂ ਨੇ ਅਦਾਲਤ ਨੂੰ ਦੱਸਿਆ ਕਿ ਉਨ੍ਹਾਂ ਖਿਲਾਫ਼ ਕੋਈ ਸਬੂਤ ਨਹੀਂ ਹੈ ਅਤੇ ਇਹ ਮਾਮਲਾ ਸਿਆਸਤ ਤੋਂ ਪ੍ਰੇਰਿਤ ਹੈ। ਉਨ੍ਹਾਂ ਨੇ ਵਿਜੀਲੈਂਸ ਜਾਂਚ ਵਿਚ ਹਰ ਤਰ੍ਹਾਂ ਦਾ ਸਹਿਯੋਗ ਦਿੱਤਾ ਅਤੇ 11 ਵਾਰ ਉਹ ਵਿਜੀਲੈਂਸ ਸਾਹਮਣੇ ਪੇਸ਼ ਵੀ ਹੋਏ।
ਇਹ ਵੀ ਪੜ੍ਹੋ : 15 ਦਿਨ ਪਹਿਲਾਂ ਨੌਕਰੀ ’ਤੇ ਰੱਖੇ ਨੌਕਰ ਨੇ 15 ਲੱਖ ’ਤੇ ਕੀਤਾ ਹੱਥ ਸਾਫ਼
ਇਸ ਮੌਕੇ ਕੁਸ਼ਲਦੀਪ ਢਿੱਲੋਂ ਨੇ ਵੀ ਅਦਾਲਤ ’ਤੇ ਭਰੋਸਾ ਜਤਾਇਆ ਅਤੇ ਆਪਣੇ ਖਿਲਾਫ ਦਰਜ ਮਾਮਲੇ ਨੂੰ ਬੇਬੁਨਿਆਦ ਦੱਸਿਆ।
ਦੱਸ ਦਈਏ ਕਿ ਬੀਤੇ ਕੱਲ੍ਹ ਵਿਜੀਲੈਂਸ ਦਫਤਰ ਫਿਰੋਜ਼ਪੁਰ ਵਿਖੇ ਕੁਸ਼ਲਦੀਪ ਸਿੰਘ ਢਿੱਲੋਂ ਨੂੰ ਸੱਦਿਆ ਸੀ ਤੇ ਉਨ੍ਹਾਂ ਨੂੰ ਆਮਦਨ ਤੋਂ ਵੱਧ ਜਾਇਦਾਦ ਬਣਾਉਣ ਦੇ ਮਾਮਲੇ ’ਚ ਗਿ੍ਰਫਤਾਰ ਕਰ ਲਿਆ ਗਿਆ ਸੀ। ਕੁਸ਼ਲਦੀਪ ਸਿੰਘ ਢਿੱਲੋਂ ਨੂੰ ਹੁਣ ਦੁਬਾਰਾ 22 ਮਈ ਨੂੰ ਫਰੀਦਕੋਟ ਦੀ ਅਦਾਲਤ ’ਚ ਪੇਸ਼ ਕੀਤਾ ਜਾਵੇਗਾ।