Malerkotla News: ਕੌਂਸਲਰ ਹਬੀਬ ਵੱਲੋਂ ਪੁਲਿਸ ’ਤੇ ਭੇਦਭਾਵ ਦੇ ਦੋਸ਼, ਆਮ ਆਦਮੀ ਪਾਰਟੀ ਤੋਂ ਦਿੱਤਾ ਅਸਤੀਫਾ

Malerkotla News
ਮਲੇਰਕੋਟਲਾ : ਕੌਸਲਰ ਹਬੀਬ ਜਾਣਕਾਰੀ ਦੇਣ ਮੌਕੇ।

ਮਾਲੇਰਕੋਟਲਾ ’ਚ ਕਿਸੇ ਦੀ ਜਗ੍ਹਾ ’ਤੇ ਨਜਾਇਜ਼ ਕਬਜ਼ੇ ਦੀ ਕੋਸ਼ਿਸ਼

Malerkotla News: (ਗੁਰਤੇਜ ਜੋਸ਼ੀ) ਮਾਲੇਰਕੋਟਲਾ। ਕਿਲ੍ਹਾ ਰਹਿਮਤਗੜ੍ਹ ਵਾਲੀ ਡਰੇਨ ਨੇੜੇ ਸਥਿਤ ਕੌਂਸਲਰ ਮੁਹੰਮਦ ਹਬੀਬ ਦੀ ਥਾਂ ’ਤੇ ਕੁਝ ਜਣਿਆਂ ਵੱਲੋਂ ਨਾਜਾਇਜ਼ ਕਬਜ਼ਾ ਕਰਨ ਦੀ ਕੋਸ਼ਿਸ਼ ਕੀਤੀ ਗਈ। ਉਕਤ ਥਾਂ ’ਤੇ ਪਹਿਲਾਂ ਤੋਂ ਹੀ ਅਦਾਲਤ ਵੱਲੋਂ ਸਟੇਅ ਆਰਡਰ ਜਾਰੀ ਹੈ। ਇਸ ਸਬੰਧੀ ਪ੍ਰੈਸ ਕਾਨਫਰੰਸ ਦੌਰਾਨ ਕੌਂਸਲਰ ਹਬੀਬ ਦੇ ਵਕੀਲ ਪਰਵੇਜ ਅਲੀ ਨੇ ਦੱਸਿਆ ਕਿ ਇਹ ਜਗ੍ਹਾ ਕੌਂਸਲਰ ਹਬੀਬ ਵੱਲੋਂ ਕਈ ਸਾਲ ਪਹਿਲਾਂ ਬਿਆਨਾ ਕੀਤੀ ਗਈ ਸੀ, ਜਿਸ ਦੀ ਰਜਿਸਟਰੀ ਅਜੇ ਹੋਣੀ ਬਾਕੀ ਹੈ। ਦੂਜੇ ਪਾਸੇ ਇੱਕ ਮਹਿਲਾ ਤੇ ਉਸ ਦੇ ਸਾਥੀਆਂ ਨੇ ਕਿਸੇ ਹੋਰ ਹਿੱਸੇਦਾਰ ਤੋਂ ਕੁਝ ਜ਼ਮੀਨ ਖਰੀਦ ਕਰਨ ਦਾ ਦਾਅਵਾ ਕਰਦੇ ਹੋਏ ਹਬੀਬ ਦੀ ਜਗ੍ਹਾ ’ਤੇ ਕਬਜ਼ੇ ਦੀ ਕੋਸ਼ਿਸ਼ ਕੀਤੀ।

ਵਕੀਲ ਅਨੁਸਾਰ, ਜਦੋਂ ਕੌਂਸਲਰ ਵੱਲੋਂ ਥਾਣਾ ਸਿਟੀ-1 ਨੂੰ ਸੂਚਨਾ ਦਿੱਤੀ ਗਈ, ਤਾਂ ਕੋਈ ਕਾਰਵਾਈ ਨਹੀਂ ਹੋਈ। ਆਖਰਕਾਰ 112 ’ਤੇ ਕਾਲ ਕਰਨ ’ਤੇ ਪੁਲਿਸ ਮੌਕੇ ’ਤੇ ਤਾਂ ਪਹੁੰਚੀ, ਪਰ ਕਿਸੇ ਅਣਜਾਣੇ ਫੋਨ ਆਉਣ ਤੋਂ ਬਾਅਦ ਵਾਪਿਸ ਚਲੀ ਗਈ। ਉਨ੍ਹਾਂ ਕਿਹਾ ਕਿ ਪੁਲਿਸ ਦੀ ਇਹ ਕਾਰਵਾਈ ਨਿੰਦਣਯੋਗ ਤੇ ਪੱਖਪਾਤੀ ਹੈ। ਬਾਅਦ ਵਿੱਚ ਜਦੋਂ ਕੌਂਸਲਰ ਹਬੀਬ ਆਪਣੇ ਸਾਥੀਆਂ ਸਮੇਤ ਥਾਣੇ ਪਹੁੰਚੇ, ਤਾਂ ਪੁਲਿਸ ਵੱਲੋਂ ਸਿਰਫ ਇਹ ਕਿਹਾ ਗਿਆ ਕਿ ਰਿਪੋਰਟ ਦੇ ਦਿਓ, ਜਾਂਚ ਕਰਾਂਗੇ।

ਇਹ ਵੀ ਪੜ੍ਹੋ: Ferozepur Crime News: ਆਸ਼ੀਸ਼ ਚੋਪੜਾ ਗੈਂਗ ਦੇ ਦੋ ਮੈਂਬਰ ਗ੍ਰਿਫ਼ਤਾਰ ਤੇ 205 ਗ੍ਰਾਮ ਹੈਰੋਇਨ ਵੀ ਬਰਾਮਦ

ਵਕੀਲ ਪਰਵੇਜ ਅਲੀ ਨੇ ਕਿਹਾ ਕਿ ਜੇਕਰ ਸੱਤਾਧਾਰੀ ਪਾਰਟੀ ਦਾ ਕੌਂਸਲਰ ਵੀ ਇਸ ਤਰ੍ਹਾਂ ਦੇ ਧੱਕੇ ਦਾ ਸ਼ਿਕਾਰ ਹੋ ਸਕਦਾ ਹੈ, ਤਾਂ ਆਮ ਜਨਤਾ ਦੀ ਹਾਲਤ ਦਾ ਅੰਦਾਜ਼ਾ ਲਗਾਉਣਾ ਮੁਸ਼ਕਲ ਨਹੀਂ। ਉਨ੍ਹਾਂ ਦੱਸਿਆ ਕਿ ਇਸ ਮਾਮਲੇ ਸਬੰਧੀ ਇੱਕ ਦਰਖਾਸਤ ਪੰਜਾਬ ਦੇ ਡੀਜੀਪੀ ਤੇ ਐਸਐਸਪੀ ਮਾਲੇਰਕੋਟਲਾ ਨੂੰ ਭੇਜੀ ਗਈ ਹੈ ਅਤੇ ਜਲਦੀ ਹੀ ਹਾਈਕੋਰਟ ਦਾ ਰੁਖ ਕੀਤਾ ਜਾਵੇਗਾ। ਥਾਣਾ ਸਿਟੀ-1 ਦੇ ਇੰਚਾਰਜ ਬਲਵੀਰ ਸਿੰਘ ਨੇ ਕਿਹਾ ਕਿ ਮਾਮਲੇ ਦੀ ਜਾਂਚ ਜਾਰੀ ਹੈ ਅਤੇ ਜਾਂਚ ਪੂਰੀ ਹੋਣ ਤੋਂ ਪਹਿਲਾਂ ਕੋਈ ਟਿੱਪਣੀ ਕਰਨਾ ਠੀਕ ਨਹੀਂ।