ਸਫ਼ਾਈ ਸੇਵਕ ਤੋਂ ਪ੍ਰਤੀ ਮਹੀਨਾ 6 ਹਜ਼ਾਰ ਰੁਪਏ ਰਿਸ਼ਵਤ ਮੰਗਣ ਅਤੇ ਲੈਣ ਦੇ ਦੋਸ਼ ਹੇਠ ਗ੍ਰਿਫ਼ਤਾਰ ਕੀਤਾ | Bribery
Bribery: (ਜਸਵੀਰ ਸਿੰਘ ਗਹਿਲ) ਲੁਧਿਆਣਾ। ਵਿਜੀਲੈਂਸ ਬਿਊਰੋ ਨੇ ਨਗਰ ਨਿਗਮ ਜ਼ੋਨ-ਬੀ, ਲੁਧਿਆਣਾ ਦੇ ਲੰਬੜਦਾਰ ਨੂੰ ਇੱਕ ਸਫ਼ਾਈ ਸੇਵਕ ਤੋਂ ਪ੍ਰਤੀ ਮਹੀਨਾ 6 ਹਜ਼ਾਰ ਰੁਪਏ ਰਿਸ਼ਵਤ ਮੰਗਣ ਅਤੇ ਲੈਣ ਦੇ ਦੋਸ਼ ਹੇਠ ਗ੍ਰਿਫ਼ਤਾਰ ਕੀਤਾ ਹੈ। ਇਸ ਸਬੰਧੀ ਹੋਰ ਜਾਣਕਾਰੀ ਦਿੰਦਿਆਂ ਇੱਥੇ ਵਿਜੀਲੈਂਸ ਬਿਊਰੋ ਦੇ ਬੁਲਾਰੇ ਨੇ ਦੱਸਿਆ ਕਿ ਲੰਬੜਦਾਰ ਸੰਜੇ ਕੁਮਾਰ ਵਾਸੀ ਸਰਪੰਚ ਕਲੋਨੀ, ਕੁਲੀਏਵਾਲ (ਲੁਧਿਆਣਾ) ਖਿਲਾਫ ਇਹ ਕੇਸ ਨਗਰ ਨਿਗਮ ਲੁਧਿਆਣਾ ਦੇ ਸਫ਼ਾਈ ਸੇਵਕ ਸੰਦੀਪ ਵਾਸੀ ਐੱਲਆਈਜੀ ਕਲੋਨੀ ਜਮਾਲਪੁਰ (ਲੁਧਿਆਣਾ) ਵੱਲੋਂ ਮੁੱਖ ਮੰਤਰੀ ਦੀ ਭ੍ਰਿਸ਼ਟਾਚਾਰ ਵਿਰੋਧੀ ਐਕਸ਼ਨ ਲਾਈਨ ’ਤੇ ਦਰਜ ਕਰਵਾਈ ਗਈ ਸ਼ਿਕਾਇਤ ਉਪਰੰਤ ਦਰਜ ਕੀਤਾ ਗਿਆ ਹੈ।
ਇਹ ਵੀ ਪੜ੍ਹੋ: Farmers Tractor March: 26 ਦੇ ਟਰੈਕਟਰ ਮਾਰਚ ਲਈ ਕਿਸਾਨ ਪੱਬਾਂ ਭਾਰ
ਸ਼ਿਕਾਇਤਕਰਤਾ ਨੇ ਸ਼ਿਕਾਇਤ ਵਿੱਚ ਦੋਸ਼ ਲਗਾਇਆ ਕਿ ਉਕਤ ਸੰਜੇ ਕੁਮਾਰ ਉਸ ਦੀਆਂ ਹਾਜ਼ਰੀਆਂ ਲਗਾਉਣ ਅਤੇ ਹਾਜ਼ਰੀਆਂ ਦਾ ਰਿਕਾਰਡ ਰੱਖਣ ਲਈ ਮਹੀਨਾਵਾਰ ਰਿਸ਼ਵਤ ਦੇਣ ਦੀ ਮੰਗ ਕਰਦਾ ਸੀ। ਉਹਨਾਂ ਅੱਗੇ ਦੱਸਿਆ ਕਿ ਇਸ ਮੰਤਵ ਲਈ ਇਹ ਮੁਲਜ਼ਮ ਪਿਛਲੇ ਦੋ ਸਾਲਾਂ ਦੌਰਾਨ ਉਸ ਕੋਲੋਂ ਹੁਣ ਤੱਕ 1,40,000 ਰੁਪਏ ਵਸੂਲ ਚੁੱਕਾ ਹੈ। ਆਪਣੇ ਦਾਅਵਿਆਂ ਨੂੰ ਸਾਬਤ ਕਰਨ ਲਈ ਸ਼ਿਕਾਇਤਕਰਤਾ ਨੇ ਮੁਲਜ਼ਮ ਨਾਲ ਰਿਸ਼ਵਤ ਦੀ ਮੰਗ ਸਬੰਧੀ ਰਿਕਾਰਡ ਕੀਤੀ ਗੱਲਬਾਤ ਵੀ ਬਿਊਰੋ ਕੋਲ ਪੇਸ਼ ਕੀਤੀ। Bribery
ਬੁਲਾਰੇ ਨੇ ਅੱਗੇ ਕਿਹਾ ਕਿ ਸ਼ਿਕਾਇਤ ਦੀ ਪੂਰੀ ਜਾਂਚ ਉਪਰੰਤ ਲਾਏ ਗਏ ਦੋਸ਼ ਸਹੀ ਪਾਏ ਗਏ, ਜਿਹੜੇ ਜ਼ੁਬਾਨੀ ਅਤੇ ਦਸਤਾਵੇਜ਼ੀ ਦੋਵਾਂ ਸਬੂਤਾਂ ਦੁਆਰਾ ਸਮਰਥਿਤ ਸਨ। ਇਸ ਸਬੰਧੀ ਵਿਜੀਲੈਂਸ ਬਿਊਰੋ ਵੱਲੋਂ ਉਕਤ ਮੁਲਜ਼ਮ ਵਿਰੁੱਧ ਭ੍ਰਿਸ਼ਟਾਚਾਰ ਰੋਕੂ ਕਾਨੂੰਨ ਤਹਿਤ ਵਿਜੀਲੈਂਸ ਬਿਊਰੋ ਦੇ ਥਾਣਾ ਲੁਧਿਆਣਾ ਰੇਂਜ ਵਿਖੇ ਕੇਸ ਦਰਜ ਕੀਤਾ ਗਿਆ ਹੈ। ਉਨ੍ਹਾਂ ਅੱਗੇ ਕਿਹਾ ਕਿ ਇਸ ਕੇਸ ਦੀ ਅਗਲੇਰੀ ਜਾਂਚ ਜਾਰੀ ਹੈ।