ਸਰਕਾਰੀ ਹਸਪਤਾਲਾਂ ਤੋਂ ਕੰਨੀ ਕਤਰਾਉਂਦੇ ਨੇ ਲੋਕ
ਸਰਕਾਰੀ ਹਸਪਤਾਲਾਂ ਦੇ ਡਾਕਟਰ ਲੋਕਾਂ ਦੀਆਂ ਕਰਨ ਲੱਗੇ ਮਿੰਨਤਾਂ
ਸੰਗਰੂਰ, (ਗੁਰਪ੍ਰੀਤ ਸਿੰਘ)। ਕੋਰੋਨਾ ਮਹਾਂਮਾਰੀ ਕਾਰਨ ਜ਼ਿਲ੍ਹਾ ਸੰਗਰੂਰ ਵਿੱਚ ਬਹੁਤ ਹੀ ਗੁੰਝਲਦਾਰ ਸਥਿਤੀ ਬਣ ਗਈ ਹੈ ਇੱਕ ਪਾਸੇ ਸਿਹਤ ਵਿਭਾਗ ਵੱਲੋਂ ਦਿਨੋਂ-ਦਿਨ ਵਧੀ ਰਹੀ ਕੋਰੋਨਾ ਦੀ ਬਿਮਾਰੀ ਕਾਰਨ ਟੈਸਟਿੰਗ ਦੀ ਪ੍ਰਕਿਰਿਆ ਤੇਜ਼ ਕਰਨ ਦੀ ਕੋਸ਼ਿਸ਼ ਕਰ ਰਿਹਾ ਹੈ। ਦੂਜੇ ਪਾਸੇ ਲੋਕ ਸਰਕਾਰੀ ਹਸਪਤਾਲਾਂ ਵਿੱਚ ਹੁੰਦੀ ਕਥਿਤ ਦੁਰਦਸ਼ਾ ਤੋਂ ਦੁਖੀ ਹੋ ਕੇ ਕੋਰੋਨਾ ਦੀ ਜਾਂਚ ਕਰਵਾਉਣ ਤੋਂ ਭੱਜਣ ਲੱਗੇ ਹਨ, ਜਿਸ ਕਾਰਨ ਪਿੰਡਾਂ ਵਿੱਚ ਟੈਸਟ ਕਰਨ ਜਾ ਰਹੀਆਂ ਸਿਹਤ ਵਿਭਾਗ ਦੀਆਂ ਟੀਮਾਂ ਨੂੰ ਬੇਰੰਗ ਪਰਤਣਾ ਪੈ ਰਿਹਾ ਹੈ।
ਹਾਸਲ ਕੀਤੀ ਜਾਣਕਾਰੀ ਮੁਤਾਬਕ ਜ਼ਿਲ੍ਹਾ ਸੰਗਰੂਰ ਦੇ ਪਿੰਡਾਂ ਵਿੱਚ ਕੋਵਿਡ 19 ਦੇ ਟੈਸਟ ਕਰਨ ਜਾ ਰਹੀਆਂ ਸਿਹਤ ਵਿਭਾਗ ਦੀਆਂ ਟੀਮਾਂ ਨੂੰ ਬਗੈਰ ਟੈਸਟਾਂ ਤੋਂ ਵਾਪਸ ਪਰਤਣਾ ਪੈ ਰਿਹਾ ਹੈ ਪਿਛਲੇ ਦਿਨੀਂ ਜ਼ਿਲ੍ਹਾ ਸੰਗਰੂਰ ਦੇ ਪਿੰਡ ਫਤਹਿਗੜ੍ਹ ਛੰਨਾ, ਦੇਹ ਕਲਾਂ, ਚੱਠਾ ਨਨਹੇੜਾ ਵਿੱਚ ਲੋਕਾਂ ਵੱਲੋਂ ਟੈਸਟ ਕਰਨ ਵਾਲੀਆਂ ਟੀਮਾਂ ਨੂੰ ਵਾਪਸ ਪਰਤਣਾ ਪਿਆ। ਇਸ ਤੋਂ ਇਲਾਵਾ ਚੱਠਾ ਨਨਹੇੜਾ ਪਿੰਡ ਵਿੱਚ ਹਾਲਾਤ ਇਹ ਬਣ ਗਏ ਪਿੰਡ ਦੀ ਪੰਚਾਇਤ, ਕਲੱਬ ਤੇ ਯੂਥ ਕਲੱਬ ਵੱਲੋਂ ਪਿੰਡ ਦੀ ਧਾਰਮਿਕ ਥਾਂ ਤੋਂ ਲੋਕਾਂ ਨੂੰ ਅਨਾਊਂਸਮੈਂਟ ਕਰਵਾ ਦਿੱਤੀ ਕਿ ਸਿਹਤ ਵਿਭਾਗ ਦੀ ਟੀਮ ਦਾ ਕੋਈ ਸਹਿਯੋਗ ਨਾ ਕੀਤਾ ਜਾਵੇ ਅਤੇ ਪਿੰਡ ਦਾ ਕੋਈ ਵੀ ਵਿਅਕਤੀ ਕੋਰੋਨਾ ਦਾ ਟੈਸਟ ਨਾ ਕਰਵਾਏ।
ਸਥਿਤੀ ਗੁੰਝਲਦਾਰ ਹੁੰਦੀ ਵੇਖ ਕੌਹਰੀਆਂ ਦੇ ਐਸ.ਐਮ.ਓ. ਤੇਜਿੰਦਰ ਸਿੰਘ ਨੂੰ ਮੌਕੇ ‘ਤੇ ਆ ਕੇ ਸਥਿਤੀ ਨੂੰ ਸਾਂਭਿਆ ਗਿਆ ਪੁਲਿਸ ਪਾਰਟੀ ਵੱਲੋਂ ਵੀ ਸਥਿਤੀ ‘ਤੇ ਨਿਗ੍ਹਾ ਰੱਖੀ ਜਾ ਰਹੀ ਹੈ । ਅਜਿਹੇ ਹੀ ਹਾਲਾਤ ਜ਼ਿਲ੍ਹਾ ਸੰਗਰੂਰ ਦੇ ਕਈ ਪਿੰਡਾਂ ਵਿੱਚ ਅਜਿਹੇ ਹਾਲਾਤ ਬਣਦੇ ਜਾ ਰਹੇ ਹਨ ਜ਼ਿਕਰਯੋਗ ਹੈ ਕਿ ਪਿੰਡ ਚੱਠਾ ਨਨਹੇੜਾ ਵਿੱਚ ਦੋ ਮਰੀਜ਼ ਪਾਜ਼ਿਟਿਵ ਸਨ, ਜਿਸ ਕਾਰਨ ਇਸ ਪਿੰਡ ਵਿੱਚ ਸਮੂਹਿਕ ਤੌਰ ‘ਤੇ ਟੈਸਟ ਕਰਵਾਏ।
ਲੋਕ ਬਗੈਰ ਡਰ ਤੋਂ ਆਪਣਾ ਟੈਸਟ ਕਰਵਾਉਣ : ਸਿਵਲ ਸਰਜਨ
ਇਸ ਸਬੰਧੀ ਗੱਲਬਾਤ ਕਰਦਿਆਂ ਸਿਵਲ ਸਰਜਨ ਸੰਗਰੂਰ ਡਾ: ਰਾਜ ਕੁਮਾਰ ਨੇ ਕਿਹਾ ਕਿ ਕੋਵਿਡ ਮਹਾਂਮਾਰੀ ਨੂੰ ਵੇਖਦਿਆਂ ਸਿਹਤ ਵਿਭਾਗ ਵੱਲੋਂ ਟੈਸਟਿੰਗ ਤੇਜ਼ ਕੀਤੀ ਹੋਈ ਹੈ ਉਨ੍ਹਾਂ ਕਿਹਾ ਕਿ ਲੋਕਾਂ ਨੂੰ ਬਗੈਰ ਕਿਸੇ ਡਰ ਤੋਂ ਆਪਣਾ ਟੈਸਟ ਕਰਵਾਉਣਾ ਚਾਹੀਦਾ ਹੈ ਸਰਕਾਰ ਵੱਲੋਂ ਬਣਾਏ ਗਏ ਆਈਸੋਲੇਸ਼ਨ ਸੈਂਟਰਾਂ ਵਿੱਚ ਮਰੀਜ਼ਾਂ ਦੀ ਚੰਗੀ ਤਰ੍ਹਾਂ ਦੇਖ-ਭਾਲ ਹੁੰਦੀ ਹੈ ਤੇ ਉਨ੍ਹਾਂ ਦਾ ਇਲਾਜ ਸਹੀ ਤਰੀਕੇ ਨਾਲ ਹੋ ਰਿਹਾ ਹੈ ਉਨ੍ਹਾਂ ਕਿਹਾ ਕਿ ਸਿਹਤ ਵਿਭਾਗ ਵੱਲੋਂ ਲੋਕਾਂ ਨੂੰ ਜਾਗਰੂਕ ਕਰਨ ਦਾ ਯਤਨ ਕਰੇਗਾ।
ਲੋਕਾਂ ਵਿੱਚ ਸਰਕਾਰੀ ਹਸਪਤਾਲਾਂ ਤੋਂ ਆਉਣ ਲੱਗਿਆ ਹੈ ਡਰ : ਆਗੂ
ਇਸ ਸਬੰਧੀ ਕਈ ਪਿੰਡਾਂ ਦੇ ਲੋਕਾਂ ਨਾਲ ਗੱਲਬਾਤ ਕਰਦਿਆਂ ਦੱਸਿਆ ਕਿ ਪਿੰਡਾਂ ਵਿੱਚ ਲੋਕਾਂ ਅੰਦਰ ਇਹ ਵੱਡਾ ਡਰ ਹੈ ਕਿ ਜੇਕਰ ਟੈਸਟ ਪਾਜ਼ਿਟਿਵ ਆ ਜਾਂਦਾ ਹੈ ਤਾਂ ਸਰਕਾਰੀ ਹਸਪਤਾਲ ਵਿੱਚੋਂ ਉਸਦੀ ਲਾਸ਼ ਹੀ ਮੁੜਦੀ ਹੈ ਅਤੇ ਕਈ ਲੋਕਾਂ ਵਿੱਚ ਇਹ ਡਰ ਹੈ ਕਿ ਹਸਪਤਾਲਾਂ ਵਿੱਚ ਗੁਰਦੇ ਜਾਂ ਹੋਰ ਅੰਗ ਵੀ ਕੱਢੇ ਜਾ ਸਕਦੇ ਹਨ, ਜਿਸ ਕਾਰਨ ਲੋਕਾਂ ਵਿੱਚ ਵੱਡੇ ਪੱਧਰ ‘ਤੇ ਡਰ ਦਾ ਮਾਹੌਲ ਹੈ ਇਸ ਸਬੰਧੀ ਗੱਲਬਾਤ ਕਰਦਿਆਂ ਭਾਰਤੀ ਕਿਸਾਨ ਯੂਨੀਅਨ ਸਿੱਧੂਪੁਰ ਦੇ ਆਗੂ ਰਣ ਸਿੰਘ ਚੱਠਾ ਨੇ ਕਿਹਾ ਕਿ ਸਰਕਾਰ ਨੂੰ ਲੋਕਾਂ ਵਿੱਚ ਭਰੋਸਾ ਬਣਾਉਣਾ ਪਵੇਗਾ।
ਸਰਕਾਰ ਨੂੰ ਭਰੋਸਾ ਬਣਾਉਣਾ ਪਵੇਗਾ
ਉਨ੍ਹਾਂ ਕਿਹਾ ਕਿ ਸਾਧਾਰਨ ਨਜ਼ਲਾ ਜ਼ੁਕਾਮ ਨੂੰ ਆਮ ਦਵਾਈ ਨਾਲ ਠੀਕ ਹੋ ਸਕਦਾ ਹੈ ਹੁਣ ਤਾਂ ਸਰਕਾਰ ਨੇ ਵੀ ਮੰਨਿਆ ਹੈ ਕਿ 27 ਫੀਸਦੀ ਲੋਕਾਂ ਨੂੰ ਕੋਰੋਨਾ ਹੋ ਕੇ ਠੀਕ ਵੀ ਹੋ ਚੁੱਕਿਆ ਹੈ। ਉਨ੍ਹਾਂ ਕਿਹਾ ਲੋਕ ਇਸ ਕਰਕੇ ਡਰ ਰਹੇ ਹਨ ਕਿ ਪਿਛਲੇ ਦਿਨਾਂ ਤੋਂ ਸਰਕਾਰੀ ਹਸਪਤਾਲਾਂ ਦੀ ਕਥਿਤ ਦੁਰਦਸ਼ਾ ਦੀ ਅਜਿਹੇ ਕੇਸ ਸਾਹਮਣੇ ਆਏ, ਜਿਸ ਕਾਰਨ ਉਨ੍ਹਾਂ ਨੂੰ ਹਸਪਤਾਲ ਜਾਣਾ ਮੌਤ ਦੇ ਦਰ ਜਾਣ ਦੇ ਬਰਾਬਰ ਲੱਗਿਆ ਹੈ। ਪਿਛਲੇ ਦਿਨੀਂ ਪਟਿਆਲਾ ਦੇ ਹਸਪਤਾਲ ਵਿੱਚ ਕਿਸੇ ਦੀ ਲਾਸ਼ ਕਿਸੇ ਹੋਰ ਨੂੰ ਚੁਕਵਾ ਦਿੱਤੀ। ਉਨ੍ਹਾਂ ਕਿਹਾ ਕਿ ਲੋਕਾਂ ਨੂੰ ਇਹ ਵੀ ਡਰ ਹੈ ਕਿ ਜਿਹੜੇ ਪੀੜਤ ਮੌਤ ਦਾ ਸ਼ਿਕਾਰ ਹੋ ਜਾਂਦੇ ਹਨ, ਉਨ੍ਹਾਂ ਦੇ ਸਸਕਾਰ ਸਮੇਂ ਵੀ ਕੋਈ ਨੇੜੇ ਨਹੀਂ ਜਾ ਸਕਦਾ ਅਤੇ ਨਾ ਹੀ ਕਿਸੇ ਨੂੰ ਪਤਾ ਲੱਗਦਾ ਹੈ ਕਿ ਉਨ੍ਹਾਂ ਦੇ ਸਰੀਰ ਨਾਲ ਕੀ ਕੀਤਾ ਹੈ ਉਨ੍ਹਾਂ ਕਿਹਾ ਕਿ ਸਰਕਾਰ ਨੂੰ ਭਰੋਸਾ ਬਣਾਉਣਾ ਪਵੇਗਾ।
ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ.