ਕੋਰੋਨਾ: ਧਾਰਨਾਵਾਂ, ਮਿੱਥਾਂ ਤੇ ਤੀਰ-ਤੁੱਕੇ

ਕੋਰੋਨਾ: ਧਾਰਨਾਵਾਂ, ਮਿੱਥਾਂ ਤੇ ਤੀਰ-ਤੁੱਕੇ

ਅੱਜ ਕਰੋਨਾ ਨੇ ਸਮੁੱਚੇ ਸੰਸਾਰ ਨੂੰ ਆਪਣੇ ਗਲਬੇ ਵਿਚ ਲੈ ਲਿਆ ਹੈ। ਦੁਨੀਆ ਭਰ ਵਿਚ ਇਸ ਬਿਮਾਰੀ ਦੇ ਪੀੜਤਾਂ ਦੀ ਗਿਣਤੀ ਕਰੋੜਾਂ ਵਿਚ ਹੈ। ਕਰੋਨਾ ਦੇ ਇਲਾਜ ਨੂੰ ਲੈ ਕੇ ਸਰਕਾਰਾਂ ਆਪਣੀ ਅਸਮਰੱਥਾ ਜਾਹਿਰ ਕਰਦੀਆਂ ਹੋਈਆਂ, ਇਲਾਜ ਨਾਲੋਂ ਪਰਹੇਜ ਚੰਗਾ ਦੇ ਸਿਧਾਂਤ ‘ਤੇ ਚੱਲਦਿਆਂ, ਲੋਕਾਂ ਨੂੰ ਸਮਾਜਿਕ ਮੇਲ-ਜੋਲ ਬੰਦ ਕਰਨ ‘ਤੇ ਜ਼ੋਰ ਦਿੱਤਾ ਜਾ ਰਿਹਾ ਹੈ। ਲੋਕ ਘਰਾਂ ਵਿਚ ਕੈਦ ਰਹਿਣ ਲਈ ਮਜਬੂਰ ਹਨ। ਸਮੁੱਚੀ ਆਰਥਿਕਤਾ ਬੁਰੀ ਤਰ੍ਹਾਂ ਝੰਬੀ ਜਾ ਚੁੱਕੀ ਹੈ। ਰੁਜਗਾਰ ਖੁੱਸ ਚੁੱਕੇ ਹਨ। ਹਰ ਪਾਸੇ ਉਪਰਾਮਤਾ, ਬੇਵੱਸੀ ਤੇ ਬੇਯਕੀਨੀ ਦਾ ਮਾਹੌਲ ਹੈ। ਅਜਿਹੇ ਵਿਚ, ਚਾਰੇ ਪਾਸੇ ਕੋਰੋਨਾ ਦੀ ਹੀ ਚਰਚਾ ਹੈ।

ਮੀਡੀਆ ‘ਤੇ ਕਰੋਨਾ ਬਾਰੇ ਚੱਲ ਰਹੀ ਚਰਚਾ ਤਿੰਨ ਪ੍ਰਕਾਰ ਦੀ ਹੈ। ਇੱਕ ਉਹ ਵਰਗ ਜੋ ਕਰੋਨਾ ਨੂੰ ਬਾਕੀ ਵਾਇਰਸਾਂ ਵਾਂਗ ਇੱਕ ਵਾਇਰਸ ਮੰਨਦਾ ਹੋਇਆ, ਇਸ ਤੋਂ ਫੈਲੇ ਡਰ ਤੇ ਸਹਿਮ ਨੂੰ ਫਜੂਲ ਕਰਾਰ ਦਿੰਦਾ ਆ ਰਿਹਾ ਹੈ। ਇਸੇ ਲੜੀ ‘ਚ ਦੂਜੀ ਕਿਸਮ ਦਾ ਵਰਗ ਉਨ੍ਹਾਂ ਲੋਕਾਂ/ਮਾਹਿਰਾਂ ਦਾ ਹੈ ਜਿਨ੍ਹਾਂ ਦਾ ਮੰਨਣਾ ਹੈ ਕਿ ਕਰੋਨਾ ਇੱਕ ਭਿਆਨਕ ਬਿਮਾਰੀ ਹੈ, ਜਿਹੜੀ ਇੱਕ-ਦੂਜੇ ਤੋਂ ਬਹੁਤ ਜਲਦੀ ਫੈਲਦੀ ਹੈ। ਇਸ ਬਿਮਾਰੀ ਦੀ ਕੋਈ ਦਵਾਈ ਨਾ ਬਣੀ ਹੋਣ ਕਾਰਨ, ਮਨੁੱਖ ਨੂੰ ਦੂਜੇ ਮਨੁੱਖਾਂ ਦੇ ਸੰਪਰਕ ਵਿਚ ਆਉਣ ਤੋਂ ਬਚਣਾ ਚਾਹੀਦਾ ਹੈ। ਇਸ ਦ੍ਰਿਸ਼ਟੀ ਤੋਂ ਸੋਸ਼ਲ ਡਿਸਟੈਂਸਿੰਗ ਕਰੋਨਾ ਤੋਂ ਬਚਾਅ ਦਾ ਇੱਕ ਵਧੀਆ ਤੇ ਅਸਰਦਾਇਕ ਢੰਗ ਹੈ।

ਤੀਜੀ ਕਿਸਮ ਦਾ ਉਹ ਵਰਗ ਹੈ ਜਿਹੜਾ ਕਿ ਕਰੋਨਾ ਨੂੰ ਮਹਿਜ ਇੱਕ ਭਿਆਨਕ ਕੁਦਰਤੀ ਬਿਮਾਰੀ ਮੰਨਣ ਦੀ ਥਾਂ, ਇਸ ਨੂੰ ਇੱਕ ਸੋਚੀ-ਸਮਝੀ ਸਾਜਿਸ਼ ਵਜੋਂ ਵੇਖਦਾ ਹੈ। ਇਸ ਵਰਗ ਦਾ ਜ਼ਿਆਦਾ ਧਿਆਨ ਕਰੋਨਾ ਜਿਹੀ ਭਿਆਨਕ ਮਹਾਂਮਾਰੀ ਨਾਲ ਨਜਿੱਠਣ ਦੀ ਬਜਾਇ ਕਰੋਨਾ ਦਾ ਖੁਰਾ-ਖੋਜ ਲੱਭਣ ਅਤੇ ਇਸ ਦੇ ਫੈਲਾਅ ਪਿੱਛੇ ਲੁਕੀਆਂ ਸਾਜਿਸ਼ਾਂ ਤੇ ਫਾਇਦੇ ਦੀ ਰਾਜਨੀਤੀ ਨੂੰ ਬੇਪਰਦ ਕਰਨ ‘ਤੇ ਹੈ। ਇਸ ਵਰਗ ਵੱਲੋਂ ਸਥਾਪਿਤ ਕੀਤੀਆਂ ਜਾ ਰਹੀਆਂ ਸਮੁੱਚੀਆਂ ਧਾਰਨਾਵਾਂ ਦਾ ਕੇਂਦਰ-ਬਿੰਦੂ ਇਸ ਗੱਲ ਵਿਚ ਨਿਹਤ ਹੈ ਕਿ ਸਮੁੱਚੇ ਸੰਸਾਰ ਨੂੰ ਕਰੋਨਾ ਜਿਹੀ ਮਹਾਂਮਾਰੀ ਵਿਚ ਝੋਂਕ ਕੇ ਚੀਨ ਅਮਰੀਕਾ ਨੂੰ ਪਛਾੜ ਕੇ ਸੰਸਾਰ ਦੀ ਸਭ ਤੋਂ ਵੱਡੀ ਸ਼ਕਤੀ ਬਣਨਾ ਚਾਹੁੰਦਾ ਹੈ।

ਇਸ ਖੋਜੀ ਵਰਗ ਵੱਲੋਂ ਆਪਣੀ ਇਸ ਧਾਰਨਾ ਨੂੰ ਸਹੀ ਮਨਵਾਉਣ ਪਿੱਛੇ ਕਈ ਪ੍ਰਸ਼ਨ ਅਤੇ ਕਈ ਤਰਕ ਹਨ ਜਿਵੇਂ ਕਿ: 1) ਕਰੋਨਾ ਵਾਕਿਆ ਹੀ ਵੁਹਾਨ ਸ਼ਹਿਰ ਦੀ ਸਮੁੰਦਰੀ ਉਤਪਾਦ ਮੰਡੀ ਵਿਚੋਂ ਆਇਆ ਜਾਂ ਇਹ ਚੀਨ ਦੁਆਰਾ ਤਿਆਰ ਕੀਤਾ ਜਾ ਰਿਹਾ ਜੈਵਿਕ ਹਥਿਆਰ ਸੀ? 2) ਚੀਨ ਨੇ ਇਸ ਬਿਮਾਰੀ ਨੂੰ ਇੱਕ ਮਹੀਨੇ ਤੋਂ ਵੱਧ ਛੁਪਾਈ ਕਿਉਂ ਰੱਖਿਆ? 3) ਕੀ ਚੀਨ ਵਿਚ ਇਸ ਬਿਮਾਰੀ ਨਾਲ ਮਰਨ ਵਾਲੇ ਲੋਕਾਂ ਦੀ ਗਿਣਤੀ ਨੂੰ ਛੁਪਾਇਆ ਜਾ ਰਿਹਾ ਹੈ? 4) ਕਰੋਨਾ ਦਾ ਫੈਲਾਅ, ਚੀਨ ਦੀ ਗਿਣੀ-ਮਿੱਥੀ ਸਾਜਿਸ਼ ਸੀ ਜਿਸ ਨਾਲ ਉਹ ਅਮਰੀਕਾ ਜਿਹੇ ਤਾਕਤਵਰ ਦੇਸ਼ ਨੂੰ ਪਛਾੜ ਕੇ ਦੁਨੀਆਂ ਦੀ ਮਹਾਂ-ਸ਼ਕਤੀ ਬਣਨਾ ਚਾਹੁੰਦਾ ਹੈ? 5) ਚੀਨ ਵਿਚ ਦੋ ਕਰੋੜ ਤੋਂ ਵੱਧ ਸਿਮ ਬੰਦ ਹੋਣ ਦਾ ਕੀ ਕਾਰਨ ਹੋ ਸਕਦਾ ਹੈ? 6) ਅਮਰੀਕਾ ਤੇ ਦੂਜੇ ਦੇਸ਼ਾਂ ਵਿਚ ਕਰੋਨਾ ਕਿਉਂ ਜਿਆਦਾ ਫੈਲਿਆ?

7) ਚੀਨ ਅੰਦਰ ਹੀ ਬੀਜਿੰਗ ਅਤੇ ਸ਼ੰਘਾਈ ਵਰਗੇ ਮਹਾਂਨਗਰ ਕਰੋਨਾ ਦੇ ਪ੍ਰਭਾਵ ਤੋਂ ਕਿਵੇਂ ਬਚੇ ਰਹਿ ਗਏ? 8) ਜਦੋਂ ਸੰਸਾਰ ਦੇ ਬਾਕੀ ਮੁਲਕ ਕਰੋਨਾ ਨਾਲ ਜੂਝ ਰਹੇ ਹਨ ਤਾਂ ਚੀਨ ਨੇ ਕਰੋਨਾ ‘ਤੇ ਕਿਵੇਂ ਕਾਬੂ ਪਾ ਲਿਆ? ਆਦਿ।

ਕਰੋਨਾ, ਕੀ ਵੁਹਾਨ ਦੀ ਸਮੁੰਦਰੀ-ਜੀਵ ਖਾਧ ਦੀ ਮੰਡੀ ਦੀ ਦੇਣ ਹੈ ਜਾਂ ਫਿਰ ਇਹ ਵਾਇਰਸ ਵੁਹਾਨ ਦੀ, ਵੁਹਾਨ ਵਿਰਓਲਜੀ ਲੈਬ ਵਿਚੋਂ ਨਿੱਕਲਿਆ ਵਾਇਰਸ ਹੈ ਜਿੱਥੇ ਕਿ ਇਸ ਨੂੰ ਜੈਵਿਕ-ਹਥਿਆਰ ਵਜੋਂ ਵਿਕਸਤ ਕੀਤਾ ਜਾ ਰਿਹਾ ਸੀ, ਇਸ ਵਿਸ਼ੇ ‘ਤੇ ਦੁਬਿਧਾ ਦੀ ਸਥਿਤੀ ਬਣੀ ਹੋਈ ਹੈ। ਅਮਰੀਕਾ, ਕਰੋਨਾ ਨੂੰ ਚੀਨ ਦੀ ਗਿਣੀ-ਮਿਥੀ ਸਾਜਿਸ਼ ਮੰਨਦਾ ਹੈ। ਚੀਨ ਕਰੋਨਾ ਨੂੰ ਕੁਦਰਤੀ ਆਪਦਾ ਮੰਨਦਾ ਹੋਇਆ, ਇਸ ਦਾ ਮੂਲ ਸ੍ਰੋਤ ਚਮਗਿੱਦੜ ਦੇ ਮੀਟ ਤੋਂ ਮਨੁੱਖ ਵਿਚ ਆਉਣ ਨੂੰ ਮਨਵਾਉਣ ‘ਤੇ ਜ਼ੋਰ ਦਿੰਦਾ ਰਿਹਾ ਹੈ। ਡੋਨਾਲਡ ਟਰੰਪ ਦੇ ਅਮਰੀਕਾ ਦੇ ਰਾਸ਼ਟਰਪਤੀ ਬਣਨ ਤੋਂ ਬਾਅਦ, ਚੀਨ ਤੇ ਅਮਰੀਕਾ ਦੇ ਰਿਸ਼ਤਿਆਂ ਵਿਚ ਕੁੜੱਤਣ ਜੱਗ-ਜਾਹਿਰ ਹੋ ਚੁੱਕੀ ਹੈ। ਅਮਰੀਕਾ ਦੇ ਚੌਧਰੀ ਵਾਲੀ ਪੁਜੀਸ਼ਨ ਨੂੰ, ਸਿੱਧੀ ਜੰਗ ਰਾਹੀਂ ਚੀਨ ਢਾਹ ਨਹੀਂ ਲਾ ਸਕਦਾ ਸੀ, ਇਸ ਲਈ ਚੀਨ ਨੇ ਕਰੋਨਾ ਦਾ ਸਹਾਰਾ ਲਿਆ।

ਇਲਜਾਮ ਤੋਂ ਬਚਣ ਲਈ ਆਪਣਾ ਵੀ ਥੋੜ੍ਹਾ-ਬਹੁਤਾ ਨੁਕਸਾਨ ਕਰਵਾਇਆ ਤਾਂ ਕਿ ਆਲਮੀ-ਭਾਈਚਾਰੇ ਵਿਚ ਇਹ ਕਿਹਾ ਜਾ ਸਕੇ ਕਿ ਕਰੋਨਾ ਨੂੰ ਫੈਲਾਉਣ ਵਿਚ ਉਸਦਾ ਕੋਈ ਹੱਥ ਨਹੀਂ ਸਗੋਂ ਉਹ ਆਪ ਇਸ ਦਾ ਪੀੜਤ ਹੈ। ਆਪਣੀ ਇਸ ਥਿਊਰੀ ਨੂੰ ਸਹੀ ਠਹਿਰਾਉਣ ਲਈ ਉਹ ਅਗਲੇ ਪ੍ਰਸ਼ਨਾਂ ਨੂੰ ਆਧਾਰ ਬਣਾਉਂਦੇ ਹਨ ਕਿ ਇਸੇ ਕਾਰਨ ਚੀਨ ਵੱਲੋਂ ਇੱਕ ਮਹੀਨੇ ਤੱਕ ਇਸ ਬਿਮਾਰੀ ਨੂੰ ਛੁਪਾਇਆ ਗਿਆ। ਇਹੀ ਕਾਰਨ ਹੈ ਕਿ ਕਰੋਨਾ ਹਜਾਰਾਂ ਕਿਲੋਮੀਟਰ ਦਾ ਸਫਰ ਤੈਅ ਕਰਕੇ ਵੱਖ-ਵੱਖ ਦੇਸ਼ਾਂ ਤੱਕ ਤਾਂ ਫੈਲ ਗਿਆ ਪਰੰਤੂ ਆਪਣੇ ਹੀ ਦੇਸ਼ ਦੇ ਬੀਜਿੰਗ ਤੇ ਸ਼ੰਘਾਈ ਤੱਕ ਨਹੀਂ ਪਹੁੰਚਿਆ। ਫਿਰ ਇਹ ਪ੍ਰਸ਼ਨ ਵਾਜਿਬ ਬਣ ਜਾਂਦਾ ਹੈ ਕਿ ਜਦੋਂ ਸਾਰੀ ਦੁਨੀਆਂ ‘ਚ ਕਰੋਨਾ ਦੀ ਕੋਈ ਵੈਕਸੀਨੇਸ਼ਨ ਨਹੀਂ ਬਣੀ ਤਾਂ ਚੀਨ ਨੇ ਇਸ ਉੱਪਰ ਕਿਵੇਂ ਕਾਬੂ ਪਾਇਆ?

ਦੂਸਰਾ ਜਦੋਂ ਸਾਰੇ ਲੋਕ ਕਰੋਨਾ ਤੋਂ ਡਰਦੇ ਅੰਦਰ ਵੜੇ ਹੋਏ ਸਨ ਉਦੋਂ ਵੀ ਚੀਨੀ ਰਾਸ਼ਟਰਪਤੀ ਜਿਨ-ਪਿੰਗ, ਬਿਨਾਂ ਮੂੰਹ ‘ਤੇ ਮਾਸਕ ਚੜ੍ਹਾਏ ਆਮ ਲੋਕਾਂ ਵਿਚ ਬੇਖੌਫ਼ ਵਿਚਰ ਰਿਹਾ ਸੀ ਤੇ ਬਾਅਦ ‘ਚ ਚੀਨ ਵੱਲੋਂ ਇਟਲੀ ਅਤੇ ਪਾਕਿਸਤਾਨ ਵਰਗੇ ਕਈ ਮੁਲਕਾਂ ਨੂੰ ਸਿਹਤ-ਸਹੂਲਤਾਂ ਨਾਲ ਸੰਬੰਧਿਤ ਸਾਮਾਨ ਤੇ ਕਰੋਨਾ ਚੈੱਕ ਕਰਨ ਵਾਲੀਆਂ ਕਿੱਟਾਂ ਵੀ ਸਪਲਾਈ ਕੀਤੀਆਂ ਗਈਆਂ। ਲਾਕ ਡਾਊਨ ਦੇ ਚੱਲਦਿਆਂ ਸਾਰੇ ਹੀ ਦੇਸ਼ਾਂ ਦੀ ਆਰਥਿਕਤਾ ਬੁਰੀ ਤਰ੍ਹਾਂ ਪ੍ਰਭਾਵਿਤ ਹੋਈ ਹੈ। ਅਜਿਹੇ ਵਿਚ ਚੀਨ ਵੱਲੋਂ ਆਪਣੇ ਦੇਸ਼ ਵਿਚ ਕਰੋਨਾ ‘ਤੇ ਕਾਬੂ ਪਾ ਲੈਣ ਦੀਆਂ ਆ ਰਹੀਆਂ ਖਬਰਾਂ, ਚੀਨ ਸ਼ੱਕ ਦੇ ਘੇਰੇ ਵਿਚ ਤਾਂ ਜ਼ਰੂਰ ਲਿਆਉਂਦੀਆਂ ਹਨ।

ਇੱਥੇ ਇੱਕ ਖਬਰ ਹੋਰ ਜਿਹੜੀ ਕਿ ਅਣ-ਸੁਲਝੀ  ਬੁਝਾਰਤ ਬਣੀ ਹੋਈ ਹੈ ਕਿ ਚੀਨ ‘ਚ ਦੋ ਕਰੋੜ ਸਿਮ ਬੰਦ ਹੋਣ ਦਾ ਕੀ ਰਾਜ਼ ਸੀ? ਇਸ ਖਦਸ਼ੇ ਦਾ ਆਧਾਰ, ਚੀਨ ਵਿਚ ਮੋਬਾਈਲ ਸਰਵਿਸ ਦੇਣ ਵਾਲੀਆਂ ਦੋ ਕੰਪਨੀਆਂ ਵੱਲੋਂ, ਦੋ ਮਹੀਨਿਆਂ ‘ਚ ਸਿਮ ਬੰਦ ਹੋਣ ਸਬੰਧੀ ਜਾਰੀ ਕੀਤੇ ਗਏ ਅੰਕੜੇ ਹਨ। ਖੋਜੀ ਪੱਤਰਕਾਰਾਂ ਤੇ ਚੈਨਲਜ ਲਈ ਇਹ ਇੱਕ ਵੱਡੀ ਗੱਲ ਸੀ ਜਿਸ ਨੂੰ ਕੋਰੋਨਾ ਨਾਲ ਚੀਨ ਵਿਚ ਹੋਈਆਂ ਮੌਤਾਂ ਦੇ ਅੰਕੜਿਆਂ ਨਾਲ ਜੋੜ ਕੇ ਵੇਖਿਆ ਜਾਣ ਲੱਗਾ ਸੀ।

ਇਸ ਤੋਂ ਇੱਕ ਸ਼ੱਕ ਇਹ ਪੈਦਾ ਹੋਇਆ ਕਿ ਕੀ ਚੀਨੀ ਸਰਕਾਰ, ਚੀਨ ਵਿਚ ਕਰੋਨਾ ਨਾਲ ਹੋਈਆਂ ਮੌਤਾਂ ਦਾ ਅੰਕੜਾ ਬਹੁਤ ਘਟਾ ਕੇ ਦੱਸਿਆ ਹੈ। ਉਸ ਸਮੇਂ ਚੀਨ ਸਰਕਾਰ ਵੱਲੋਂ ਸਰਕਾਰੀ ਤੌਰ ‘ਤੇ ਇਹ ਅੰਕੜਾ 3331 ਦੱਸਿਆ ਗਿਆ ਸਵਾਲ ਪੈਦਾ ਹੁੰਦਾ ਹੈ ਕਿ ਕੀ ਚੀਨ ਵਿਚ ਕਰੋਨਾ ਨਾਲ ਦੋ ਕਰੋੜ ਲੋਕਾਂ ਦੀ ਮੌਤ ਹੋਈ ਹੈ? ਨਹੀਂ, ਹਰ ਇੱਕ ਬੰਦ ਹੋਏ ਸਿਮ ਨੂੰ ਸਿੱਧਾ ਕਰੋਨਾ ਨਾਲ ਹੋਈ ਮੌਤ ਨਾਲ ਜੋੜ ਦੇਣਾ ਠੀਕ ਨਹੀਂ।

ਇਸ ਬੁਝਾਰਤ ਨੂੰ ਡੀ-ਕੋਡ ਕਰਨ ਲਈ ਦੋ ਥਿਊਰੀਆਂ ‘ਤੇ ਕੰਮ ਕੀਤਾ ਜਾ ਸਕਦਾ ਹੈ। ਪਹਿਲਾ ਤਾਂ ਇਹ ਕਿ ਚੀਨ ਵਿਚ ਬਹੁਤ ਸਾਰੇ ਲੋਕ ਦੋ ਸਿਮ ਰੱਖਦੇ ਹਨ ਤੇ ਕਰੋਨਾ ਫੈਲਣ ਕਾਰਨ ਹੋਏ ਲਾਕ-ਡਾਊਨ ਨਾਲ ਆਸ-ਪਾਸ ਦੇ ਇਲਾਕਿਆਂ ਤੋਂ ਵੁਹਾਨ ਸ਼ਹਰ ਵਿਚ ਕੰਮ ਕਰਦੇ ਲੋਕ ਆਪਣੇ ਘਰਾਂ ਨੂੰ ਚਲੇ ਗਏ ਹੋਣ ਤੇ ਲਾਕ-ਡਾਊਨ ਦੀ ਬੇਯਕੀਨੀ ਕਾਰਨ ਉਨ੍ਹਾਂ ਨੇ ਆਪਣੇ ਕੰਮ-ਕਾਰ ਵਾਲੇ ਸ਼ਹਿਰਾਂ ਵਾਲੇ ਸਿਮ ਬੰਦ ਕਰਵਾ ਦਿੱਤੇ ਹੋਣ, ਪਰੰਤੂ ਇਹ ਗਿਣਤੀ ਕਰੋੜਾਂ ਵਿਚ ਨਹੀਂ ਹੋ ਸਕਦੀ।

ਦੂਸਰਾ, ਹੋ ਸਕਦੈ ਕਰੋਨਾ ਨੇ ਚੀਨ ਵਿਚ ਜਾਨ-ਮਾਲ ਦਾ ਵੱਡਾ ਨੁਕਸਾਨ ਕੀਤਾ ਹੋਵੇ ਤੇ ਚੀਨ ਨੇ ਕਰੋਨਾ ਨਾਲ ਹੋਈਆਂ ਮੌਤਾਂ ਦੀ ਗਿਣਤੀ ਨੂੰ ਮੀਡੀਆ ਵਿਚ ਬਹੁਤ ਘਟਾ ਕੇ ਦੱਸਿਆ ਹੋਵੇ। ਦੋਹਾਂ ਨੁਕਤਿਆਂ ‘ਤੇ ਮੱਥਾ-ਪੱਚੀ ਕਰਨ ਬਾਅਦ ਖੋਜੀ ਪੱਤਰਕਾਰ ਵਰਗ ਇੱਕ ਸਾਂਝੀ ਸਹਿਮਤੀ ‘ਤੇ ਪਹੁੰਚਦਾ ਹੈ ਕਿ ਸਿਮ ਬੰਦ ਹੋਣ ਦੇ ਦੋਵੇਂ ਹੀ ਕਾਰਨ ਹਨ।

ਤਿੰਨੇ ਹੀ ਵਰਗਾਂ ਦੀਆਂ ਧਾਰਨਾਵਾਂ ਅਤੇ ਉਨ੍ਹਾਂ ਦੀਆਂ ਤਰਕ-ਅਧਾਰਿਤ ਵਿਆਖਿਆਵਾਂ ਆਪੋ-ਆਪਣੀ ਜਗ੍ਹਾ ਦਰੁਸਤ ਹੋ ਸਕਦੀਆਂ ਹਨ। ਪਰੰਤੂ ਸਮੁੱਚੇ ਹਾਲਾਤ ਨੂੰ ਵੇਖਦਿਆਂ ਇਸ ਗੱਲ ਵਿਚ ਕੋਈ ਦੋ-ਰਾਏ ਨਹੀਂ ਕਿ ਜਿੰਨੀ ਦੇਰ ਕਰੋਨਾ ਦੀ ਮਾਕੂਲ ਦਵਾ ਨਹੀਂ ਬਣਦੀ ਉਨੀ ਦੇਰ ਇਸ  ਨੂੰ ਹਲਕੇ ਵਿਚ ਲੈਣ ਬਾਰੇ ਸੋਚਣਾ ਵੀ ਨਹੀਂ ਚਾਹੀਦਾ। ਕੋਰੋਨਾ ਦੇ ਫੈਲਣ ਜਾਂ ਫੈਲਾਉਣ ਪਿੱਛੇ ਕਿਸੇ ਦੀ ਕੀ ਰਾਜਨੀਤੀ ਹੋ ਸਕਦੀ ਹੈ ਇਹ ਸਮਝਣਾ/ਜਾਣਨਾ ਜ਼ਰੂਰੀ ਤਾਂ ਹੈ ਪਰੰਤੂ ਹਾਲ ਦੀ ਘੜੀ ਇਸ ਮੁਸੀਬਤ ‘ਤੇ ਕਾਬੂ ਪਾਉਣ ਦਾ ਸਮਾਂ ਹੈ ਤਾਂ ਜੋ ਸਮੁੱਚੀ ਆਰਥਿਕਤਾ ਦੀ ਗੱਡੀ ਮੁੜ ਲੀਹ ‘ਤੇ ਆ ਸਕੇ।

ਸੋ ਇਹ ਬਹੁਤ ਜਰੂਰੀ ਹੈ ਕਿ ਇਸ ਮੁਸੀਬਤ ਦੇ ਸਮੇਂ ਅਸੀਂ ਸਾਰੇ ਆਪਣੀ ਅਤੇ ਦੂਸਰਿਆਂ ਦੀ ਸਿਹਤ ਦਾ ਖਿਆਲ ਕਰਦੇ ਹੋਏ, ਵਾਰ-ਵਾਰ ਹੱਥ ਧੋਈਏ, ਸੋਸ਼ਲ ਡਿਸਟੈਂਸਿੰਗ ਅਤੇ ਹੋਰ ਸਾਵਧਾਨੀਆਂ ਦਾ ਪੂਰੀ ਜਿੰਮੇਵਾਰੀ ਨਾਲ ਪਾਲਣ ਕਰੀਏ ਤਾਂ ਜੋ ਇਸ ਮੁਸ਼ਕਲ ਦੇ ਸਮੇਂ ਕਰੋਨਾ ਵਰਗੀ ਬਿਮਾਰੀ ਨਾਲ ਸੂਝ-ਬੂਝ ਨਾਲ ਸਿੱਝਿਆ ਜਾ ਸਕੇ।
ਠਾਕੁਰ ਕਲੋਨੀ, ਗਣੇਸ਼ਾ ਬਸਤੀ,
ਬਠਿੰਡਾ
ਡਾ. ਪ੍ਰਦੀਪ ਕੌੜਾ
ਮੋ: 9501115200

ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ