ਸੁਪਰਸਟਾਰ ਅਮਿਤਾਭ ਬੱਚਨ ਨੂੰ ਹੋਇਆ ਕੋਰੋਨਾ
- ਅਮਿਤਾਭ ਬੱਚਨ ਤੇ ਅਭਿਸ਼ੇਕ ਬੱਚਨ ਦੀ ਹਾਲਾਤ ਸਥਿਰ
- ਅਭਿਸ਼ੇਕ ਬੱਚਨ ਵੀ ਕੋਰੋਨਾ ਤੋਂ ਪੀੜਤ
- ਦੋਵੇਂ ਅਦਾਕਾਰਾਂ ‘ਚ ਹਲਕੇ ਕੋਰੋਨਾ ਦੇ ਲੱਛਣ
ਮੁੰਬਈ। ਕੋਰੋਨਾ ਤੋਂ ਪੀੜਤ ਸੁਪਰਸਟਾਰ ਅਮਿਤਾਭ ਬੱਚਨ ਦੀ ਹਾਲਤ ਸਥਿਰ ਹੈ। ਸਦੀ ਦੇ ਮਹਾਂਨਾਇਕ ਅਮਿਤਾਭ ਨੂੰ ਕੋਰੋਨਾ ਹੋ ਜਾਣ ‘ਤੇ ਸ਼ਨਿੱਚਰਵਾਰ ਦੇਰ ਰਾਤ ਨਾਨਾਵਤੀ ਹਸਪਤਾਲ ‘ਚ ਭਰਤੀ ਕਰਵਾਇਆ ਗਿਆ ਸੀ। ਮਹਾਂਨਾਇਕ ਦੇ ਪੁੱਤਰ ਅਦਾਕਾਰ ਅਭਿਸ਼ੇਕ ਬੱਚਨ ਵੀ ਕੋਰੋਨਾ ਤੋਂ ਪੀੜਤ ਹਨ ਤੇ ਨਾਨਾਵਤੀ ਹਸਪਤਾਲ ‘ਚ ਭਰਤੀ ਹਨ।
ਨਾਨਾਵਤੀ ਹਸਪਤਾਲ ਦੇ ਸੂਤਰਾਂ ਅਨੁਸਾਰ ਅਮਿਤਾਭ ਬੱਚਨ ਨੂੰ ਵਾਇਰਸ ਦੇ ਹਲਕੇ ਲੱਛਣ ਹਨ ਤੇ ਉਨ੍ਹਾਂ ਦੀ ਹਾਲਤ ਸਥਿਰ ਹੈ। ਉਹ ਫਿਲਹਾਲ ਹਸਪਤਾਲ ਦੀ ਆਈਸ਼ੋਲੇਸ਼ਨ ਇਕਾਈ ‘ਚ ਹਨ। ਸੂਤਰਾਂ ਨੇ ਦੱਸਿਆ ਕਿ ਅਮਿਤਾਭ ਦੀ ਸਿਹਤ ਸਬੰਧੀ ਫਿਲਹਾਲ ਚਿੰਤਾ ਦੀ ਕੋਈ ਗੱਲ ਨਹੀਂ ਹੈ। ਇਸ ਤੋਂ ਪਹਿਲਾਂ ਮਹਾਂਰਾਸ਼ਟਰ ਦੇ ਸਿਹਤ ਮੰਤਰੀ ਰਾਜੇਸ਼ ਟੋਪੇ ਨੇ ਦੱਸਿਆ ਸੀ ਕਿ ਦੋਵਾਂ ਦੀ ਹਾਲਤ ਸਥਿਰ ਹੈ ਤੇ ਚਿੰਤਾ ਦੀ ਕੋਈ ਗੱਲ ਨਹੀਂ ਹੈ। ਟੋਪੇ ਨੇ ਕਿਹਾ, ਅਮਿਤਾਭ ਬੱਚਨ ਤੇ ਅਭਿਸ਼ੇਕ ਬੱਚਨ ‘ਚ ਹਲਕੇ ਲੱਛਣ ਹਨ, ਕੋਵਿਡ-19 ਐਂਟੀਜੇਨ ਟੈਸਟ ‘ਚ ਦੋਵਾਂ ਦੀ ਰਿਪੋਰਟ ਪਾਜ਼ਿਟਿਵ ਆਈ ਤੇ ਦੋਵਾਂ ਨੂੰ ਨਾਨਾਵਤੀ ਹਸਪਤਾਲ ‘ਚ ਭਰਤੀ ਕਰਵਾਇਆ ਗਿਆ ਹੈ।
ਜ਼ਿਕਰਯੋਗ ਹੈ ਕਿ ਸਦੀ ਦੇ ਮਹਾਂਨਾਇਕ ਅਮਿਤਾਭ ਬੱਚਨ ਤੇ ਉਨ੍ਹਾਂ ਦੇ ਪੁੱਤਰ ਅਭਿਸ਼ੇਕ ਬੱਚਨ ਨੇ ਸ਼ਨਿੱਚਰਵਾਰ ਦੇਰ ਰਾਤ ਖੁਦ ਕੋਰੋਨਾ ਪੀੜਤ ਹੋਣ ਦੀ ਜਾਣਕਾਰੀ ਦਿੱਤੀ ਸੀ। ਜਿਸ ਤੋਂ ਬਾਅਦ ਕੇਂਦਰੀ ਸਿਹਤ ਤੇ ਪਰਿਵਾਰ ਕਲਿਆਣ ਮੰਤਰੀ ਡਾ. ਹਰਸ਼ਵਰਧਨ ਤੇ ਵਾਤਾਵਰਨ ਮੰਤਰੀ ਪ੍ਰਕਾਸ਼ ਜਾਵੜੇਕਰ, ਪੱਛਮੀ ਬੰਗਾਲ ਦੀ ਮੁੱਖ ਮੰਤਰੀ ਮਮਤਾ ਬੈਨਰਜੀ ਤੇ ਉੱਤਰ ਪ੍ਰਦੇਸ਼ ਦੇ ਸਾਬਕਾ ਮੁੱਖ ਮੰਤਰੀ ਅਖਿਲੇਸ਼ ਯਾਦਵ ਨੇ ਉਨ੍ਹਾਂ ਦੇ ਛੇਤੀ ਸਿਹਤਮੰਦ ਹੋਣ ਦੀ ਕਾਮਨਾ ਕੀਤੀ ਹੈ।
ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ