ਡੀਸੀ ਵੱਲੋਂ ਸੱਦੀ ਮੀਟਿੰਗ ‘ਚ ਅਕਾਲੀ ਆਗੂ ਆਪਸ ‘ਚ ਭਿੜੇ

ਸੀਨੀਅਰ ਡਿਪਟੀ ਮੇਅਰ ਦੀ ਪੱਗ ਲੱਥੀ

  • ਅਕਾਲੀ ਆਗੂ ਆਪਣੇ ਗੰਨਮੈਨ ਦੀ ਸਰਕਾਰੀ ਏ.ਕੇ. 47 ਰਾਈਫਲ ਲੈ ਕੇ ਫਰਾਰ
ਸ੍ਰੀ ਅੰਮ੍ਰਿਤਸਰ, (ਰਾਜਨ ਮਾਨ) ਡਿਪਟੀ ਕਮਿਸ਼ਨਰ ਵਰੁਣ ਰੂਜ਼ਮ ਵੱਲੋਂ ਵਿਕਾਸ ਕਾਰਜਾਂ ਲਈ ਸੱਦੀ ਗਈ ਮੀਟਿੰਗ ਵਿੱਚ ਸ਼੍ਰੋਮਣੀ ਅਕਾਲੀ ਦਲ ਦੇ ਆਗੂਆਂ ਦੀ ਆਪਸ ਵਿੱਚ ਹੀ ਲੜਾਈ ਹੋ ਗਈ ਲੜਾਈ ਦੌਰਾਨ  ਅਕਾਲੀ ਆਗੂ ਤੇ ਨਗਰ ਨਿਗਮ ਦੇ ਸੀਨੀਅਰ ਡਿਪਟੀ ਮੇਅਰ ਅਵਤਾਰ ਸਿੰਘ ਟਰੱਕਾਂ ਵਾਲੇ ਦੀ ਪੱਗ ਵੀ ਉਤਰ ਗਈ। ਪੁਲਿਸ ਨੇ ਇਸ ਸਬੰਧੀ ਅਕਾਲੀ ਆਗੂ ਗੋਲਡੀ ਵਿਰੁੱਧ ਕੇਸ ਦਰਜ ਕਰ ਲਿਆ ਹੈ।
ਪ੍ਰਾਪਤ ਜਾਣਕਾਰੀ ਅਨੁਸਾਰ ਡਿਪਟੀ ਕਮਿਸ਼ਨਰ ਵਰੁਣ ਰੂਜ਼ਮ ਵੱਲੋਂ ਵਿਕਾਸ ਕਾਰਜਾਂ ਨੂੰ ਲੈ ਕੇ ਕਾਰਪੋਰੇਸ਼ਨ ਤੇ ਪ੍ਰਸ਼ਾਸਨ ਵਿਚਕਾਰ ਮੀਟਿੰਗ ਸੱਦੀ ਸੀ। ਇਸ ਦੌਰਾਨ ਕੰਮਾਂ ਨੂੰ ਲੈ ਕੇ ਅਕਾਲੀ ਦਲ ਦੇ ਡਿਪਟੀ ਮੇਅਰ ਅਵਤਾਰ ਸਿੰਘ ਟਰੱਕਾਂ ਵਾਲੇ ਅਤੇ ਅਕਾਲੀ ਆਗੂ ਨਵਦੀਪ ਸਿੰਘ ਗੋਲਡੀ ਵਿਚਕਾਰ ਤਕਰਾਰ ਹੋ ਗਈ। ਡਿਪਟੀ ਮੇਅਰ ਨੇ ਗੋਲਡੀ ਨੂੰ ਮੀਟਿੰਗ ਵਿੱਚੋਂ ਚਲੇ ਜਾਣ ਲਈ ਕਿਹਾ ਤਾਂ ਗੋਲਡੀ ਬਾਹਰ ਚਲਾ ਗਿਆ। ਫਿਰ ਕੁਝ ਮਿੰਟਾਂ ਬਾਅਦ ਵਾਪਸ ਆਇਆ ਤਾਂ ਇਨ੍ਹਾਂ ਵਿਚਕਾਰ ਮੁੜ ਤਕਰਾਰ ਹੋ ਗਈ ।
ਅਕਾਲੀ ਆਗੂਆਂ  ਵਿੱਚ ਲੜਾਈ ਵਧਦੀ ਵੇਖ ਡਿਪਟੀ ਕਮਿਸ਼ਨਰ ਤੇ ਹੋਰ ਅਧਾਕਾਰੀ ਮੀਟਿੰਗ ਨੂੰ ਮੁਲਤਵੀ ਕਰਕੇ ਚਲਦੇ ਬਣੇ  ਬਾਅਦ ਵਿੱਚ ਇਨ੍ਹਾਂ ਆਗੂਆਂ ਵਿੱਚ ਜੰਗ ਸ਼ੁਰੂ ਹੋ ਗਈ ਦੋਵਾਂ ਧਿਰਾਂ ਵਿਚਕਾਰ ਜੰਮਕੇ ਗਾਲੀ ਗਲੋਚ ਹੋਇਆ ਤੇ ਫਿਰ ਹੱਥੋ ਪਾਈ ਦੌਰਾਨ ਅਵਤਾਰ ਸਿੰਘ ਟਰੱਕਾਂ ਵਾਲੇ ਦੀ ਪੱਗ ਲਹਿ ਗਈ।  ਜਦੋਂ ਬਾਕੀ ਅਕਾਲੀ ਨੇਤਾਵਾਂ ਨੇ ਗੋਲਡੀ ਨੂੰ ਰੋਕਿਆ ਤਾਂ ਉਹ ਆਪਣੇ ਹੀ ਗੰਨਮੈਨ ਦੀ ਏ.ਕੇ. 47 ਰਾਈਫਲ ਲੈ ਕੇ ਮੌਕੇ ਤੋਂ ਫਰਾਰ ਹੋ ਗਿਆ। ਗੋਲਡੀ ਆਪਣੀਆਂ ਦੋਵੇਂ ਦੋ ਨਿੱਜੀ ਗੱਡੀਆਂ ਵੀ ਉੱਥੇ ਹੀ ਛੱਡ ਕੇ ਚਲਾ ਗਿਆ ਜਿਸ ਨੂੰ ਪੁਲਿਸ ਨੇ ਆਪਣੇ ਕਬਜ਼ੇ ਵਿੱਚ ਲੈ ਲਿਆ ਹੈ ਗੋਲਡੀ ਅੰਮ੍ਰਿਤਸਰ ਦੀ ਡੀ.ਟੀ.ਓ. ਲਵਪ੍ਰੀਤ ਕੌਰ ਕਲਸੀ ਦਾ ਪਤੀ ਹੈ ਪੁਲਿਸ ਵੱਲੋਂ ਪੂਰੇ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ।
ਸੀਨੀਅਰ ਡਿਪਟੀ ਮੇਅਰ ਅਵਤਾਰ ਸਿੰਘ ਨੇ ਪੁਲਿਸ ਨੂੰ ਲਿਖਤੀ ਸ਼ਿਕਾਇਤ ਕਰ ਦਿੱਤੀ ਹੈ । ਉਧਰ ਅਕਾਲੀ ਆਗੂ ਨਵਦੀਪ ਸਿੰਘ ਗੋਲਡੀ ਵਿਰੁੱਧ ਥਾਣਾ ਸਿਵਲ ਲਾਈਨ ਵਿੱਚ ਸਰਕਾਰੀ ਕੰਮ ਵਿੱਚ ਵਿਘਣ ਪਾਉਣ ਤੇ ਅਸਲਾ ਐਕਟ ਅਧੀਨ ਕੇਸ ਦਰਜ ਕਰ ਲਿਆ ਗਿਆ ਹੈ। ਪੁਲਿਸ ਨੇ ਅਵਤਾਰ ਸਿੰਘ ਟਰੱਕਾਂ ਵਾਲੇ ਦੇ ਘਰ ਦੀ ਸੁਰੱਖਿਆ ਵਧਾ ਦਿੱਤੀ ਹੈ।