Himachal and Punjab: ਪੰਜਾਬ ਕਰ ਰਿਹੈ ਨਸ਼ੇ ਦੀ ਸਪਲਾਈ, ਬਰਬਾਦ ਹੋ ਰਿਹੈ ਹਿਮਾਚਲ ਪ੍ਰਦੇਸ਼
- ਪੰਜਾਬ ਕਾਂਗਰਸ ਦੇ ਲੀਡਰਾਂ ਵੱਟੀ ਚੁੱਪ, ਆਮ ਆਦਮੀ ਪਾਰਟੀ ਨੇ ਕਿਹਾ ਕਿ ਪੰਜਾਬ ਨੂੰ ਬਦਨਾਮ ਕਰਨ ਦੀ ਸਾਜ਼ਿਸ਼
Himachal and Punjab: ਚੰਡੀਗੜ੍ਹ (ਅਸ਼ਵਨੀ ਚਾਵਲਾ)। ਪੰਜਾਬ ’ਚੋਂ ਕਈ ਦਹਾਕਿਆਂ ਤੋਂ ਹਿਮਾਚਲ ਦੇ ਨੌਜਵਾਨਾਂ ਨੂੰ ਨਸ਼ੇ ਦੀ ਲਤ ਲਗਾਉਣ ਲਈ ਪੰਜਾਬ ’ਚ ਬੈਠੀਆਂ ਵੱਡੀਆਂ ਤਾਕਤਾਂ ਅਹਿਮ ਭੂਮਿਕਾ ਨਿਭਾ ਰਹੀਆਂ ਹਨ ਤੇ ਪੰਜਾਬ ਵੱਲੋਂ ਆਪਣੀ ਪੂਰੀ ਤਾਕਤ ਲਾ ਕੇ ਹਿਮਾਚਲ ਪ੍ਰਦੇਸ਼ ਨੂੰ ਬਰਬਾਦ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ। ਹਿਮਾਚਲ ਪ੍ਰਦੇਸ਼ ’ਚ ਹਰ ਹਫ਼ਤੇ 1 ਜਾਂ ਫਿਰ 2 ਨੌਜਵਾਨਾਂ ਦੀ ਮੌਤ ਸਿਰਫ਼ ਨਸ਼ੇ ਦੀ ਓਵਰ ਡੋਜ ਕਰਕੇ ਹੀ ਹੋ ਰਹੀ ਹੈ ਅਤੇ ਇਸ ਦੇ ਲਈ ਸਿੱਧੇ ਤੌਰ ’ਤੇ ਪੰਜਾਬ ਹੀ ਜ਼ਿੰਮੇਵਾਰ ਹੈ। ਇਹ ਗੰਭੀਰ ਦੋਸ਼ ਹਿਮਾਚਲ ਦੇ ਧਰਮਪੂਰ ਵਿਧਾਨ ਸਭਾ ਹਲਕੇ ਦੇ ਕਾਂਗਰਸੀ ਵਿਧਾਇਕ ਚੰਦਰ ਸ਼ੇਖਰ ਠਾਕੁਰ ਵੱਲੋਂ ਲਗਾਏ ਗਏ ਹਨ।
ਨਸ਼ੇ ਦੀ ਸਪਲਾਈ ਹੋ ਰਹੀ ਐ ਪੰਜਾਬ ’ਚੋਂ, ਹਿਮਾਚਲ ’ਚ ਹਰ ਹਫ਼ਤੇ ਨਸ਼ੇ ਕਾਰਨ ਮੌਤ ਦਾ ਸ਼ਿਕਾਰ ਹੋ ਰਹੇ ਹਨ ਦੋ ਨੌਜਵਾਨ : ਚੰਦਰ ਸ਼ੇਖਰ
ਚੰਦਰ ਸ਼ੇਖਰ ਠਾਕੁਰ ਦੇ ਇਨ੍ਹਾਂ ਦੋਸ਼ ਤੋਂ ਬਾਅਦ ਆਮ ਆਦਮੀ ਪਾਰਟੀ ਵੱਲੋਂ ਹਿਮਾਚਲ ਦੇ ਕਾਂਗਰਸੀ ਵਿਧਾਇਕ ਨੂੰ ਠੋਕਵਾਂ ਜਵਾਬ ਦਿੱਤਾ ਗਿਆ ਹੈ ਪਰ ਪੰਜਾਬ ਕਾਂਗਰਸ ਅਤੇ ਉਨ੍ਹਾਂ ਦੇ ਵਿਧਾਇਕ ਇਸ ਮਾਮਲੇ ’ਚ ਚੁੱਪ ਵੱਟ ਕੇ ਬੈਠੇ ਹਨ। ਕਾਂਗਰਸ ਪਾਰਟੀ ਵੱਲੋਂ ਕੋਈ ਵੀ ਪ੍ਰਤੀਕਿਰਿਆ ਨਹੀਂ ਦਿੱਤੀ ਗਈ। ਹਿਮਾਚਲ ਦੇ ਕਾਂਗਰਸੀ ਵਿਧਾਇਕਾਂ ਵੱਲੋਂ ਮੌਜ਼ੂਦਾ ਆਮ ਆਦਮੀ ਪਾਰਟੀ ਦਾ ਸਰਕਾਰ ਦੇ ਕਾਰਜਕਾਲ ਨੂੰ ਹੀ ਨਹੀਂ, ਸਗੋਂ ਪਿਛਲੀਆਂ ਸਰਕਾਰਾਂ ਦੇ ਕਾਰਜਕਾਲ ਨੂੰ ਵੀ ਨਿਸ਼ਾਨੇ ’ਤੇ ਲਿਆ ਹੈ। ਬੀਤੇ 3 ਸਾਲ ਪਹਿਲਾਂ ਪੰਜਾਬ ’ਚ ਕਾਂਗਰਸ ਪਾਰਟੀ ਦੀ ਸਰਕਾਰ ਹੀ 5 ਸਾਲ ਸੱਤਾ ’ਚ ਰਹੀ ਹੈ।
ਧਰਮਪੁਰ ਦੇ ਵਿਧਾਇਕ ਚੰਦਰ ਸ਼ੇਖਰ ਠਾਕੁਰ ਨੇ ਕਿਹਾ ਕਿ ਹਿਮਾਚਲ ’ਚ ਫੈਲ ਰਿਹਾ ਡਰੱਗ ਦੇ ਕਾਲੇ ਕਾਰੋਬਾਰ ਅਤੇ ਖ਼ਾਸ ਕਰਕੇ ਚਿੱਟੇ ਦੇ ਵਪਾਰ, ਹਿਮਾਚਲ ਸਰਕਾਰ ਲਈ ਚਿੰਤਾ ਦਾ ਵਿਸ਼ਾ ਬਣਦਾ ਨਜ਼ਰ ਆ ਰਿਹਾ ਹੈ, ਕਿਉਂਕਿ ਇਸ ਗੰਦੇ ਨਸ਼ੇ ’ਚ ਹਿਮਾਚਲ ਦੇ ਨੌਜਵਾਨ ਫਸਦੇ ਜਾ ਰਹੇ ਹਨ। ਹਿਮਾਚਲ ਦੇ ਨੌਜਵਾਨਾਂ ’ਚੋਂ ਹਰ ਹਫ਼ਤੇ 1-2 ਦੀ ਮੌਤ ਓਵਰ ਡੋਜ ਲੈਣ ਕਰਕੇ ਹੀ ਹੋ ਰਹੀ ਹੈ। ਉਨ੍ਹਾਂ ਕਿਹਾ ਕਿ ਪੰਜਾਬ ਦੇ ਲੋਕਾਂ ਨੇ ਹਿਮਾਚਲ ’ਚ ਨਸ਼ੇ ਦੀ ਸਪਲਾਈ ਕਰਨ ਲਈ ਆਪਣੀ ਸਾਰੀ ਤਾਕਤ ਲਾਈ ਹੋਈ ਹੈ ਤਾਂਕਿ ਹਿਮਾਚਲ ਦੀ ਨੌਜਵਾਨ ਪੀੜ੍ਹੀ ਨੂੰ ਬਰਬਾਦ ਕੀਤਾ ਜਾ ਸਕੇ।