International Airport: ਅੰਤਰਰਾਸ਼ਟਰੀ ਹਵਾਈ ਅੱਡੇ ’ਤੇ ਯਾਤਰੀਆਂ ਦੀਆਂ ਮੁਸ਼ਕਲਾਂ ਲਈ ਕੰਟਰੋਲ ਰੂਮ ਸਥਾਪਤ

International Airport
International Airport: ਅੰਤਰਰਾਸ਼ਟਰੀ ਹਵਾਈ ਅੱਡੇ ’ਤੇ ਯਾਤਰੀਆਂ ਦੀਆਂ ਮੁਸ਼ਕਲਾਂ ਲਈ ਕੰਟਰੋਲ ਰੂਮ ਸਥਾਪਤ

International Airport: ਸਕੱਤਰ ਸ਼ਹਿਰੀ ਹਵਾਬਾਜ਼ੀ ਨੇ ਸਾਰੇ ਹਿੱਸੇਦਾਰਾਂ ਨਾਲ ਸਮੀਖਿਆ ਮੀਟਿੰਗ ਕੀਤੀ

International Airport: ਮੁਹਾਲੀ (ਐੱਮਕੇ ਸ਼ਾਇਨਾ)। ਦੇਸ਼ ਵਿੱਚ ਚੱਲ ਰਹੇ ਇੰਡੀਗੋ ਸੰਕਟ ਦੇ ਮੱਦੇਨਜ਼ਰ ਪੰਜਾਬ ਸਰਕਾਰ ਨੇ ਯਾਤਰੀਆਂ ਦੀ ਸਹੂਲਤ ਲਈ 247 ਕੰਟਰੋਲ ਰੂਮ ਸਥਾਪਤ ਕਰਕੇ ਸ਼ਹੀਦ ਭਗਤ ਸਿੰਘ ਅੰਤਰਰਾਸ਼ਟਰੀ ਹਵਾਈ ਅੱਡੇ ’ਤੇ ਕੋਈ ਵੀ ਮੁਸ਼ਕਲ ਨਾ ਆਉਣ ਦੇਣ ਲਈ ਕਦਮ ਚੁੱਕਿਆ ਹੈ। ਪੰਜਾਬ ਸ਼ਹਿਰੀ ਹਵਾਬਾਜ਼ੀ ਵਿਭਾਗ ਦੇ ਸਕੱਤਰ ਸੋਨਾਲੀ ਗਿਰੀ ਨੇ ਸਥਿਤੀ ਨੂੰ ਸੁਚਾਰੂ ਬਣਾਉਣ ਲਈ ਹਵਾਈ ਅੱਡਾ ਅਧਿਕਾਰੀਆਂ, ਸੀਆਈਐੱਸਐੱਫ ਅਤੇ ਏਅਰਲਾਈਨ ਕੰਪਨੀਆਂ ਨਾਲ ਵਿਸਥਾਰ ’ਚ ਗੱਲਬਾਤ ਕੀਤੀ।

ਸਕੱਤਰ, ਸ਼ਹਿਰੀ ਹਵਾਬਾਜ਼ੀ ਨੇ ਕਿਹਾ ਕਿ ਫਲਾਈਟ ਚ ਦੇਰੀ/ਰੱਦ ਹੋਣ ਤੋਂ ਪ੍ਰਭਾਵਿਤ ਯਾਤਰੀਆਂ ਦੀ ਸਹੂਲਤ ਲਈ ਕੰਟਰੋਲ ਰੂਮ ਤੁਰੰਤ ਸ਼ੁਰੂ ਕਰ ਦਿੱਤਾ ਗਿਆ ਹੈ। ਉਨ੍ਹਾਂ ਕਿਹਾ ਕਿ ਰਿਫੰਡ ਅਤੇ ਰੀਸ਼ਡਿਊਲਿੰਗ, ਸਮਾਨ ਦੀ ਡਿਲੀਵਰੀ ਅਤੇ ਫਲਾਈਟ ਅਪਡੇਟਸ ਨਾਲ ਸਬੰਧਿਤ ਅਸਲ-ਸਮੇਂ ਦੀ ਜਾਣਕਾਰੀ ਅਤੇ ਸਹਾਇਤਾ ਲਈ, ਡਿਊਟੀ ਟਰਮੀਨਲ ਮੈਨੇਜ਼ਰ ਦੇ ਦਫ਼ਤਰ ਵਿਖੇ ਇੱਕ ਕੰਟਰੋਲ ਰੂਮ ਸਥਾਪਤ ਕੀਤਾ ਗਿਆ ਹੈ। ਸੋਨਾਲੀ ਗਿਰੀ ਨੇ ਕਿਹਾ ਕਿ ਟੀਮਾਂ ਸਮੇਂ ਸਿਰ ਸਹਾਇਤਾ ਅਤੇ ਅਪਡੇਟਸ ਨੂੰ ਯਕੀਨੀ ਬਣਾਉਣ ਲਈ ਫਲਾਈਟ ਓਪਰੇਸ਼ਨ, ਦੇਰੀ, ਰੱਦ ਕਰਨ ਅਤੇ ਸਮਾਨ ਦੇ ਮੁੱਦਿਆਂ ਦੀ ਨਿਰੰਤਰ ਨਿਗਰਾਨੀ ਕਰ ਰਹੀਆਂ ਹਨ।

International Airport

ਸਕੱਤਰ, ਸ਼ਹਿਰੀ ਹਵਾਬਾਜ਼ੀ ਨੇ ਕਿਹਾ ਕਿ ਕਿਸੇ ਵੀ ਤਰ੍ਹਾਂ ਦੀ ਸਹਾਇਤਾ ਲਈ ਯਾਤਰੀ ਹੈਲਪਲਾਈਨ ਨੰਬਰ 95010-15832 ’ਤੇ ਸੰਪਰਕ ਕਰ ਸਕਦੇ ਹਨ ਅਤੇ ਲੋਕ ਏਅਰਪੋਰਟ ਅਥਾਰਟੀ ਦੇ ਅਧਿਕਾਰਤ ਸੋਸ਼ਲ ਮੀਡੀਆ ਹੈਂਡਲਾਂ ’ਤੇ ਖਾਸ ਕਰਕੇ 0 ’ਤੇ ਵੀ ਆਪਣੇ ਸਵਾਲਾਂ ਦਾ ਜੁਆਬ ਲੈ ਸਕਦੇ ਹਨ। ਇਸੇ ਤਰ੍ਹਾਂ ਉਨ੍ਹਾਂ ਕਿਹਾ ਕਿ ਯਾਤਰੀ ਆਪਣੀਆਂ ਸਮੱਸਿਆਵਾਂ ਦੇ ਨਿਪਟਾਰੇ ਲਈ ਇੰਡੀਗੋ ਏਅਰਲਾਈਨਜ਼ ਦੇ 92899-38532, ਏਅਰ ਇੰਡੀਆ ਦੇ 88001- 97833 / 0172-2242201, ਏਅਰ ਇੰਡੀਆ ਐਕਸਪ੍ਰੈਸ ਦੇ 92055- 08549, ਅਲਾਇੰਸ ਏਅਰ ਦੇ 98184-28648, ਹੈਲਪਲਾਈਨ ਨੰਬਰਾਂ ’ਤੇ ਵੀ ਕਾਲ ਕਰ ਸਕਦੇ ਹਨ।

Read Also : ਨਾਭਾ ਵਿਖੇ ਗੈਸ ਗੁਦਾਮ ’ਚ ਸਿਲੰਡਰ ਫਟਿਆ, ਚਾਰ ਵਿਅਕਤੀ ਫੱਟੜ

ਸੋਨਾਲੀ ਗਿਰੀ ਨੇ ਕਿਹਾ ਕਿ ਇੰਡੀਗੋ ਦੀਆਂ ਉਡਾਣਾਂ ਵਿੱਚ ਵਿਘਨ ਦੇ ਵਿਚਕਾਰ ਯਾਤਰੀਆਂ ਦੀ ਸਹੂਲਤ ਨੂੰ ਯਕੀਨੀ ਬਣਾਉਣਾ ਉਨ੍ਹਾਂ ਦਾ ਇੱਕੋ ਇੱਕ ਉਦੇਸ਼ ਹੈ। ਉਨ੍ਹਾਂ ਇਹ ਵੀ ਕਿਹਾ ਕਿ ਸੰਕਟ ਦੀ ਇਸ ਘੜੀ ਵਿੱਚ ਟੈਕਸੀ ਆਪਰੇਟਰਾਂ ਅਤੇ ਹੋਟਲਾਂ ਵੱਲੋਂ ਯਾਤਰੀਆਂ ਤੋਂ ਕਿਸੇ ਵੀ ਤਰ੍ਹਾਂ ਦੀ ਮੁਨਾਫ਼ਾਖੋਰੀ ਦੀ ਇਜਾਜ਼ਤ ਨਹੀਂ ਦਿੱਤੀ ਜਾਵੇਗੀ ਅਤੇ ਸੂਬਾ ਸਰਕਾਰ ਇਸ ’ਤੇ ਸਖ਼ਤ ਨਜ਼ਰ ਰੱਖ ਰਹੀ ਹੈ।

ਸੋਨਾਲੀ ਗਿਰੀ ਨੇ ਕਿਹਾ ਕਿ ਹਵਾਈ ਅੱਡਾ ਅਥਾਰਟੀ ਅਤੇ ਸੂਬਾ ਸਰਕਾਰ ਵੱਲੋਂ ਯਾਤਰੀਆਂ ਦੀਆਂ ਦਵਾਈਆਂ, ਭੋਜਨ ਅਤੇ ਹੋਰ ਚਿੰਤਾਵਾਂ ਦਾ ਧਿਆਨ ਰੱਖਿਆ ਜਾ ਰਿਹਾ ਹੈ। ਸਕੱਤਰ ਨੇ ਅੱਗੇ ਕਿਹਾ ਕਿ ਹਵਾਈ ਅੱਡੇ ਦੇ ਨੇੜੇ ਸਥਿਤ ਟੂ-ਟੀਅਰ, ਥਰੀ-ਟੀਅਰ ਅਤੇ ਹੋਰ ਹੋਟਲਾਂ ਦੀਆਂ ਸੂਚੀਆਂ ਵੀ ਸੂਬਾ ਸਰਕਾਰ ਵੱਲੋਂ ਸਾਂਝੀਆਂ ਕੀਤੀਆਂ ਜਾਣਗੀਆਂ ਤਾਂ ਜੋ ਬਾਹਰੀ ਯਾਤਰੀਆਂ ਨੂੰ ਕਿਸੇ ਵੀ ਤਰ੍ਹਾਂ ਦੀ ਅਸੁਵਿਧਾ ਦਾ ਸਾਹਮਣਾ ਨਾ ਕਰਨਾ ਪਵੇ।