ਕੈਪਟਨ ਸਰਕਾਰ ਸਮੂਹ ਵਿਭਾਗਾਂ ਦੇ ਠੇਕਾ ਕਾਮਿਆਂ ਨੂੰ ਤੁਰੰਤ ਰੈਗੂਲਰ ਕਰਨ ਦਾ ਐਲਾਨ ਕਰੇ : ਸੰਦੀਪ ਖਾਨ
ਫਾਜਿਲਕਾ, (ਰਜਨੀਸ਼ ਰਵੀ) | ਪੰਜਾਬ ਸਰਕਾਰ ਅਧੀਨ ਵੱਖ-ਵੱਖ ਸਰਕਾਰੀ ਵਿਭਾਗਾਂ ਜਿਵੇਂ ਕਿ ਬਿਜਲੀ, ਵਿੱਦਿਆ, ਜਲ ਸਪਲਾਈ, ਸੀਵਰੇਜ, ਟਰਾਂਸਪੋਰਟ, ਕਿਰਤ ਵਿਭਾਗ, ਮਗਨਰੇਗਾ ’ਚ ਪਿਛਲੇ 12-13 ਸਾਲਾਂ ਦੇ ਵੱਧ ਸਮੇਂ ਤੋਂ ਨਿਗੂਣੀਆਂ ਤਨਖਾਹਾਂ ’ਤੇ ਕੰਮ ਕਰਦੇ ਆ ਰਹੇ ਕੱਚੇ ਮੁਲਾਜ਼ਮਾਂ ਵੱਲੋਂ ਸਬੰਧਤ ਵਿਭਾਗਾਂ ਵਿੱਚ ਰੈਗੂਲਰ ਹੋਣ ਦੀ ਮੰਗ ਅਤੇ ਹੋਰ ਮੰਗਾਂ ਨੂੰ ਲੈ ਕੇ ਠੇਕਾ ਮੁਲਾਜ਼ਮ ਸੰਘਰਸ਼ ਮੋਰਚਾ ਪੰਜਾਬ ਵੱਲੋਂ ਉਲੀਕੇ ਪ੍ਰੋਗਰਾਮ ਤਹਿਤ ਅੱਜ ਫਾਜ਼ਿਲਕਾ ਡਿਪਟੀ ਕਮਿਸ਼ਨਰ ਦਫਤਰ ਵਿੱਚ ਕੈਬਨਿਟ ਮੰਤਰੀ ਗੁਰਪ੍ਰੀਤ ਸਿੰਘ ਕਾਂਗੜ ਦੀ ਆਮਦ ’ਤੇ ਕਾਲੇ ਝੰਡਿਆਂ ਨਾਲ ਵਿਰੋਧ ਪ੍ਰਦਰਸ਼ਨ ਕੀਤਾ ਗਿਆ।
ਇਸ ਮੌਕੇ ਜਲ ਸਪਲਾਈ ਅਤੇ ਸੈਨੀਟੇਸ਼ਨ ਕੰਟਰੈਕਟ ਵਰਕਰਜ਼ ਯੂਨੀਅਨ ਪੰਜਾਬ (ਰਜਿ.31) ਦੇ ਸੂਬਾ ਮੀਤ ਪ੍ਰਧਾਨ ਸੰਦੀਪ ਖਾਨ ਬਠਿੰਡਾ, ਸੂਬਾ ਮੀਡੀਆ ਸਕੱਤਰ ਸਤਨਾਮ ਸਿੰਘ ਫਲੀਆਂਵਾਲਾ, ਜਿਲ੍ਹਾ ਪ੍ਰਧਾਨ ਜਸਵਿੰਦਰ ਸਿੰਘ ਚੱਕ ਜਾਨੀਸਰ, ਬ੍ਰਾਂਚ ਪ੍ਰਧਾਨ ਗੁਰਮੀਤ ਸਿੰਘ ਆਲਮਕੇ, ਪਾਵਰਕੌਮ ਕੰਟਰੈਕਟ ਵਰਕਰਜ਼ ਯੂਨੀਅਨ ਦੇ ਸ਼ਿਵ ਸ਼ੰਕਰ, ਨਰਿੰਦਰ ਸਿੰਘ, ਪਨਬਸ ਕੰਟਰੈਕਟ ਵਰਕਰਜ਼ ਯੂਨੀਅਨ ਤੋਂ ਉਡੀਕ ਚੰਦ, ਪਿ੍ਰੰਸ ਕੁਮਾਰ, ਤੇਜਿੰਦਰ ਸਿੰਘ, ਰਵਿੰਦਰ ਸਿੰਘ ਆਦਿ ਵੱਖ-ਵੱਖ ਬੁਲਾਰਿਆਂ ਨੇ ਸੰਬੋਧਨ ਕਰਦਿਆਂ ਕਿਹਾ ਕਿ ਕੈਪਟਨ ਅਮਰਿੰਦਰ ਸਿੰਘ ਦੀ ਅਗੁਵਾਈ ਵਾਲਾ ਪੰਜਾਬ ਸਰਕਾਰ ਵੱਲੋਂ ਸੱਤਾ ਵਿੱਚ ਆਉਣ ਤੋਂ ਪਹਿਲਾਂ ਵੱਖ-ਵੱਖ ਵਿਭਾਗਾਂ ਦੇ ਠੇਕਾ ਕਾਮਿਆਂ ਨੂੰ ਪੱਕਾ ਕਰਨ ਦਾ ਵਾਅਦਾ ਕੀਤਾ ਗਿਆ ਸੀ,
ਜਿਸਨੂੰ ਆਪਣੇ ਸਾਢੇ ਚਾਰ ਸਾਲਾਂ ਦੇ ਸ਼ਾਸਨਕਾਲ ਵਿੱਚ ਪੂਰਾ ਨਹੀਂ ਕੀਤਾ ਗਿਆ ਹੈ, ਜਿਸ ਕਾਰਨ ਕੈਪਟਨ ਸਰਕਾਰ ਵਿਰੁੱਧ ਠੇਕਾ ਮੁਲਾਜਮ ਸੰਘਰਸ਼ ਮੋਰਚਾ ਪੰਜਾਬ ਨੇ ਐਲਾਨ ਕੀਤਾ ਹੈ ਅਤੇ ਜਿੱਥੇ ਵੀ ਮੁੱਖ ਮੰਤਰੀ, ਕੈਬਨਿਟ ਮੰਤਰੀਆਂ ਨੂੰ ਕਾਲੀਆਂ ਝੰਡੀਆਂ ਦਿਖਾ ਕੇ ਵਿਰੋਧ ਪ੍ਰਦਰਸ਼ਨ ਕੀਤਾ ਜਾ ਰਿਹਾ ਹੈ। ਇਸੇ ਕੜੀ ਤਹਿਤ ਅੱਜ ਇੱਥੇ ਕੈਬਨਿਟ ਮੰਤਰੀ ਗੁਰਪ੍ਰੀਤ ਸਿੰਘ ਕਾਂਗੜ ਦੇ ਆਉਣ ਸਮੇਂ ਠੇਕਾ ਕਾਮਿਆਂ ਵੱਲੋਂ ਕਾਲੀਆਂ ਝੰਡੀਆਂ ਦਿਖਾ ਕੇ ਵਿਰੋਧ ਕੀਤਾ ਜਾ ਰਿਹਾ ਹੈ।
ਉਨ੍ਹਾਂ ਅੱਗੇ ਰਿਹਾ ਕਿ ਪਿਛਲੇ ਦਿਨੀਂ ਪੰਜਾਬ ਸਰਕਾਰ ਵੱਲੋਂ ਸੰਘਰਸ਼ ਦੇ ਦਬਾਅ ਵਿੱਚ ਆ ਕੇ ਇਹ ਕਿਹਾ ਹੈ ਕਿ ਸਰਕਾਰ ਸਿਰਫ ਉਨ੍ਹਾਂ ਹੀ ਠੇਕਾ ਮੁਲਾਜ਼ਮਾਂ ਨੂੰ ਰੈਗੂਲਰ ਕਰਨ ਬਾਰੇ ਵਿਚਾਰ ਕਰ ਰਹੀ ਹੈ ਜੋਕਿ ਸਰਕਾਰ ਵੱਲੋਂ ਸਿੱਧੇ ਭਰਤੀ ਕੀਤੇ ਗਏ ਹਨ। ਇਸ ਤੋਂ ਇਲਾਵਾ ਜਿਹੜੇ ਠੇਕਾ ਕਾਮੇ ਆਊਟਸੋਰਸਿਸ, ਇਨਲਿਸਟਮੈਂਟ, ਕੰਪਨੀਆਂ, ਸਕੀਮਾਂ ਆਦਿ ਰਾਹੀਂ ਭਰਤੀ ਕੀਤੇ ਗਏ ਹਨ, ਉਨ੍ਹਾਂ ਨੂੰ ਰੈਗੂਲਰ ਨਹੀਂ ਕੀਤਾ ਜਾਵੇਗਾ। ਜਿਸ ’ਤੇ ਕੁਝ ਕੁ ਸਰਕਾਰ ਦੇ ਭਗਤਾਂ ਵੱਲੋਂ ਇਸ ਸਰਕਾਰੀ ਪੱਤੇ ਨੂੰ ਆਧਾਰ ਬਣਾ ਕੇ ਠੇਕਾ ਕਾਮਿਆਂ ਵਿੱਚ ਕਈ ਕਿਸਮ ਦੇ ਭਰਮ ਭੁਲੇਖੇ ਖੜ੍ਹੇ ਕੀਤੇ ਜਾ ਰਹੇ ਹਨ।
ਉਨ੍ਹਾਂ ਪੰਜਾਬ ਸਰਕਾਰ ਤੋਂ ਮੰਗ ਕੀਤੀ ਕਿ ਸਰਕਾਰੀ ਵਿਭਾਗਾਂ ’ਚ ਕੰਮ ਕਰਦੇ ਸਮੂਹ ਠੇਕਾ ਕਾਮੇ, ਭਾਵੇਂ ਉਹ ਸਿੱਧੀ ਭਰਤੀ ਰਾਹੀਂ ਜਾਂ ਆਊਟਸੋਰਸਿਸ, ਇਨਲਿਸਟਮੈਂਟ, ਕੰਪਨੀਆਂ, ਸਕੀਮਾਂ, ਦਿਹਾੜੀਦਾਰਾਂ ਦੇ ਰੂਪ ’ਚ ਭਰਤੀ ਕੀਤੇ ਗਏ ਹਨ, ਉਹ ਬਿਨਾਂ ਕਿਸੇ ਸ਼ਰਤ ਤੇ ਤੁਰੰਤ ਸਬੰਧਤ ਵਿਭਾਗਾਂ ’ਚ ਰੈਗੂਲਰ ਕੀਤੇ ਜਾਣ। ਕੱਚੇ ਮੁਲਾਜਮਾਂ ਲਈ ਪੰਜਾਬ ਸਰਕਾਰ ਵਲੋਂ ਬਣਾਏ ਜਾ ਰਹੇ ਐਕਟ ਵਿੱਚ ਸਮੁੱਚੇ ਇਨਲਿਸਟਮੈਂਟ ਠੇਕਾ ਮੁਲਾਜਮਾਂ ਨੂੰ ਉਸ ਵਿੱਚ ਕਵਰ ਕੀਤਾ ਜਾਵੇ। ਮਾਣਯੋਗ ਸੁਪਰੀਮ ਕੋਰਟ ਦੇ ਫੈਸਲੇ ਮੁਤਾਬਿਕ ਸਮੁੱਚੇ ਕਾਮਿਆਂ ਤੇ ਬਰਾਬਰ ਕੰਮ ਬਰਾਬਰ ਤਨਖਾਹ ਦਾ ਨਿਯਮ ਲਾਗੂ ਕੀਤਾ ਜਾਵੇ।
ਨਵੇਂ ਲੇਬਰ ਅਤੇ ਖੇਤੀ ਕਾਨੂੰਨ ਰੱਦ ਕੀਤੇ ਜਾਣ। ਸਮੂਹ ਵਿਭਾਗਾਂ ਦਾ ਪੰਚਾਇਤੀਕਰਣ/ਨਿੱਜੀਕਰਣ ਬੰਦ ਕੀਤਾ ਜਾਵੇ ਅਤੇ ਪੁਨਰਗਠਨ ਦੇ ਨਾਮ ’ਤੇ ਪੋਸਟਾਂ ਖਤਮ ਕਰਨਾ ਬੰਦ ਕੀਤਾ ਜਾਵੇ ਅਤੇ ਖਤਮ ਕੀਤੀਆਂ ਪੋਸਟਾਂ ਬਹਾਲ ਕੀਤੀਆਂ ਜਾਣ। ਸਮੂਹ ਵਿਭਾਗਾਂ ਦੇ ਠੇਕਾ ਮੁਲਾਜ਼ਮਾਂ ਦੀਆਂ ਛਾਂਟੀਆਂ ਬੰਦ ਕੀਤੀਆਂ ਜਾਣ ਅਤੇ ਕੱਢੇ ਵਰਕਰ ਬਹਾਲ ਕੀਤੇ ਜਾਣ, ਆਦਿ ਮੰਗਾਂ ਦਾ ਹੱਲ ਕੀਤਾ ਜਾਵੇ। ਨਹੀਂ ਤਾਂ ਸੰਘਰਸ਼ ਇਸੇ ਤਰ੍ਹਾਂ ਜਾਰੀ ਰੱਖਿਆ ਜਾਵੇਗਾ। ਇਸ ਮੌਕੇ ਹੋਰਨਾਂ ਤੋਂ ਇਲਾਵਾ ਸੁਖਚੈਨ ਸਿੰਘ ਸੋਢੀ, ਰਾਕੇਸ਼ ਸਿੰਘ ਹੀਰੇਵਾਲਾ, ਬਲਵਿੰਦਰ ਸਿੰਘ ਨੂਰ ਸਮੰਦ, ਪਰਮਜੀਤ ਸਿੰਘ ਫਾਜਿਲਕਾ, ਰਾਜਿੰਦਰ ਕੁਮਾਰ ਫਾਜਿਲਕਾ ਆਦਿ ਆਗੂਆਂ ਨੇ ਵੀ ਸੰਬੋਧਨ ਕੀਤਾ।
ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter,Instagram, linkedin , YouTube‘ਤੇ ਫਾਲੋ ਕਰੋ