ਬੇਅਦਬੀ ਮਾਮਲਾ : ਅਦਾਲਤੀ ਹੁਕਮਾਂ ਦੀ ਉਲੰਘਣਾ ’ਚ ਘਿਰੀ ਸਿਟ

ਪ੍ਰੋਡਕਸ਼ਨ ਵਾਰੰਟ ਤੋਂ ਬਿਨ੍ਹਾਂ ਥਾਣੇ ਲਿਜਾਣ ਦਾ ਸਿਟ ਨੂੰ ਨਹੀਂ ਔੜਿਆ ਕੋਈ ਜਵਾਬ

  • ਮਾਣਯੋਗ ਅਦਾਲਤ ਨੇ 2 ਜੂਨ ਤੱਕ ਥਾਣੇ ਦੀ ਸੀਸੀਟੀਵੀ ਫੁਟੇਜ ਤੇ ਹਸਪਤਾਲ ਦਾ ਰਿਕਾਰਡ ਮੰਗਿਆ

ਸੱਚ ਕਹੂੰ ਨਿਊਜ਼, ਫਰੀਦਕੋਟ। 28 ਮਈ ਦੀ ਦੇਰ ਸ਼ਾਮ ਨੂੰ ਗੁਰੂ ਗੋਬਿੰਦ ਸਿੰਘ ਮੈਡੀਕਲ ਕਾਲਜ ਤੇ ਹਸਪਤਾਲ ਫਰੀਦਕੋਟ ’ਚੋਂ ਇਲਾਜ ਅਧੀਨ ਸੁਖਜਿੰਦਰ ਸਿੰਘ ਸੰਨੀ ਤੇ ਬਲਜੀਤ ਸਿੰਘ ਨੂੰ ਥਾਣਾ ਬਾਜਾਖਾਨਾ ’ਚ ਲਿਆਉਣ ਦੇ ਮਾਮਲੇ ’ਚ ਪੰਜਾਬ ਪੁਲਿਸ ਦੀ ਸਿਟ ਅੱਜ ਮਾਣਯੋਗ ਅਦਾਲਤ ’ਚ ਬੁਰੀ ਤਰ੍ਹਾਂ ਘਿਰ ਗਈ ਅਦਾਲਤ ਨੇ ਇਸ ਮਾਮਲੇ ’ਚ ਹੁਣ ਸਿਟ ਨੂੰ 2 ਜੂਨ ਤੱਕ ਥਾਣਾ ਬਾਜਾਖਾਨਾ ਦੀ ਸੀਸੀਟੀਵੀ ਫੁਟੇਜ਼ ਅਤੇ ਹਸਪਤਾਲ ਦਾ ਰਿਕਾਰਡ ਪੇਸ਼ ਕਰਨ ਦੇ ਹੁਕਮ ਦਿੱਤੇ ਹਨ। ਅਦਾਲਤੀ ਹੁਕਮਾਂ ਤੋਂ ਬਾਹਰ ਜਾ ਕੇ ਸਿਟ ਵੱਲੋਂ ਕੀਤੀ ਗਈ ਇਸ ਕਾਰਵਾਈ ਨੇ ਮਾਮਲੇ ’ਚ ਕਈ ਸਵਾਲ ਖੜ੍ਹੇ ਕਰ ਦਿੱਤੇ ਹਨ।

28 ਮਈ ਨੂੰ ਹਸਪਤਾਲ ’ਚੋਂ ਸੁਖਜਿੰਦਰ ਸਿੰਘ ਸੰਨੀ ਤੇ ਬਲਜੀਤ ਸਿੰਘ ਨੂੰ ਥਾਣੇ ਲੈ ਗਈ ਸੀ ਪੁਲਿਸ

ਵੇਰਵਿਆਂ ਮੁਤਾਬਿਕ ਪਵਿੱਤਰ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬੇਅਦਬੀ ਦੇ ਮਾਮਲੇ ਨਾਲ ਸਬੰਧਿਤ ਮੁਕੱਦਮਾ ਨੰਬਰ 128 ’ਚ ਗ੍ਰਿਫ਼ਤਾਰ ਸੁਖਜਿੰਦਰ ਸਿੰਘ ਸੰਨੀ, ਬਲਜੀਤ ਸਿੰਘ ਤੇ ਨਿਸ਼ਾਨ ਸਿੰਘ ਕੋਰੋਨਾ ਪਾਜ਼ਿਟਿਵ ਹੋਣ ਕਾਰਨ ਮਾਣਯੋਗ ਅਦਾਲਤ ਨੇ 1 ਜੂਨ ਤੱਕ ਜੁਡੀਸ਼ੀਅਲ ਰਿਮਾਂਡ ਤਹਿਤ ਇਲਾਜ ਲਈ ਹਸਪਤਾਲ ਭੇਜੇ ਸਨ। ਇਸੇ ਦੌਰਾਨ 28 ਮਈ ਦੇਰ ਸ਼ਾਮ ਨੂੰ ਪੁਲਿਸ ਟੀਮ ਸੁਖਜਿੰਦਰ ਸਿੰਘ ਸੰਨੀ ਅਤੇ ਬਲਜੀਤ ਸਿੰਘ ਨੂੰ ਹਸਪਤਾਲ ’ਚੋਂ ਬਿਨਾ ਕਿਸੇ ਪ੍ਰੋਡਕਸ਼ਨ ਵਾਰੰਟ ਦੇ ਥਾਣਾ ਬਾਜਾਖਾਨਾ ਲੈ ਆਈ ਸੀ।


ਪੁਲਿਸ ਦੀ ਇਸ ਕਾਰਵਾਈ ਦੇ ਖਿਲਾਫ਼ ਬਚਾਅ ਪੱਖ ਦੇ ਵਕੀਲਾਂ ਵੱਲੋਂ ਮਾਣਯੋਗ ਅਦਾਲਤ ’ਚ ਅਰਜੀ ਦਾਇਰ ਕੀਤੀ ਗਈ ਸੀ ਜਿਸ ਦੀ ਅੱਜ ਸੁਣਵਾਈ ਦੌਰਾਨ ਸਿਟ ਟੀਮ ਇਸ ਮਾਮਲੇ ’ਤੇ ਕੋਈ ਤਸੱਲੀਬਖਸ਼ ਜਵਾਬ ਨਹੀਂ ਦੇ ਸਕੀ। ਬਚਾਅ ਪੱਖ ਦੇ ਵਕੀਲਾਂ ਐਡਵੋਕੇਟ ਵਿਨੋਦ ਮੋਂਗਾ, ਬਸੰਤ ਸਿੰਘ ਸਿੱਧੂ ਤੇ ਵਿਵੇਕ ਗੁਲਬਧਰ ਨੇ ਦੱਸਿਆ ਕਿ ਅੱਜ ਉਨ੍ਹਾਂ ਵੱਲੋਂ ਮਾਣਯੋਗ ਅਦਾਲਤ ’ਚ ਇਹ ਪੱਖ ਰੱਖਿਆ ਗਿਆ ਕਿ ਕੋਰੋਨਾ ਪੌਜਟਿਵ ਹੋਣ ਕਾਰਨ ਜਦੋਂ ਸੁਖਜਿੰਦਰ ਸਿੰਘ ਸੰਨੀ ਅਤੇ ਬਲਜੀਤ ਸਿੰਘ ਜੁਡੀਸ਼ੀਅਲ ਰਿਮਾਂਡ ’ਤੇ ਹਸਪਤਾਲ ’ਚ ਦਾਖਲ ਸੀ ਤਾਂ ਅਜਿਹਾ ਕੀ ਕਾਰਨ ਸੀ ਕਿ ਪੁਲਿਸ ਉਕਤ ਦੋਵਾਂ ਜਣਿਆਂ ਨੂੰ ਪ੍ਰੋਡਕਸ਼ਨ ਵਾਰੰਟ ਤੋਂ ਬਿਨ੍ਹਾਂ ਹੀ ਹਸਪਤਾਲ ’ਚੋਂ ਸਿੱਧਾ ਥਾਣੇ ਲੈ ਗਈ? ਵਕੀਲਾਂ ਨੇ ਦੱਸਿਆ ਕਿ ਸਿਟ ਟੀਮ ਵੱਲੋਂ ਇਸ ਮਸਲੇ ’ਤੇ ਕੋਈ ਤਸੱਲੀਬਖਸ਼ ਜਵਾਬ ਨਾ ਦੇਣ ’ਤੇ ਮਾਣਯੋਗ ਅਦਾਲਤ ਨੇ ਹੁਕਮ ਕੀਤੇ ਹਨ ਕਿ 2 ਜੂਨ ਨੂੰ ਥਾਣਾ ਬਾਜਾਖਾਨਾ ਦੇ ਸੀਸੀਟੀਵੀ ਕੈਮਰੇ ਦੀ ਫੁਟੇਜ਼ ਅਤੇ ਹਸਪਤਾਲ ਦਾ ਰਿਕਾਰਡ ਪੇਸ਼ ਕੀਤਾ ਜਾਵੇ।

ਬਚਾਅ ਪੱਖ ਦੇ ਵਕੀਲਾਂ ਨੇ ਅੱਜ ਇਹ ਜਿਕਰ ਵੀ ਖਾਸ ਤੌਰ ’ਤੇ ਕੀਤਾ ਕਿ ਸਿਟ ਨੇ ਮਾਣਯੋਗ ਅਦਾਲਤ ’ਚੋਂ ਅੱਜ ਮੁਕੱਦਮਾ ਨੰਬਰ 117 ਦੇ ਸਬੰਧ ’ਚ ਸੰਨੀ ਤੇ ਬਲਜੀਤ ਸਿੰਘ ਦਾ ਦੋ ਦਿਨ ਦਾ ਪ੍ਰੋਡਕਸ਼ਨ ਵਾਰੰਟ ਹਾਸਿਲ ਕੀਤਾ ਹੈ ਤਾਂ ਫਿਰ 28 ਮਈ ਦੀ ਰਾਤ ਨੂੰ ਬਿਨ੍ਹਾਂ ਕਿਸੇ ਪ੍ਰੋਡਕਸ਼ਨ ਵਾਰੰਟ ਦੇ ਥਾਣਾ ਬਾਜਾਖਾਨਾ ’ਚ ਲਿਜਾਣ ਦੀ ਕੀ ਕਾਰਨ ਸੀ ਇਹ ਜਾਂਚ ਦਾ ਵਿਸ਼ਾ ਹੈ।

ਉਨ੍ਹਾਂ ਦੱਸਿਆ ਕਿ ਪੁਲਿਸ ਦੀ ਇਸ ਕਾਰਵਾਈ ਤੋਂ ਸਪੱਸ਼ਟ ਹੈ ਕਿ ਬੇਅਦਬੀ ਦੇ ਇਸ ਕੇਸ ’ਚ ਡੇਰਾ ਸ਼ਰਧਾਲੂਆਂ ਨੂੰ ਜਾਣਬੁੱਝ ਕੇ ਫਸਾਉਣ ਲਈ ਹਰ ਹੀਲਾ ਵਰਤਿਆ ਜਾ ਰਿਹਾ ਹੈ ਜਿਸੇ ਤਹਿਤ ਹੀ ਸੁਖਜਿੰਦਰ ਸਿੰਘ ਸੰਨੀ ਅਤੇ ਬਲਜੀਤ ਸਿੰਘ ਨੂੰ ਦੇਰ ਰਾਤ ਥਾਣੇ ਲਿਜਾ ਕੇ ਉਨ੍ਹਾਂ ’ਤੇ ਪੋਸਟਰਾਂ ਦੀ ਲਿਖਾਈ ਕਬੂਲਣ ਜਾਂ ਉਹੋ ਜਿਹੀ ਹੀ ਲਿਖਾਈ ਕਰਨ ਦਾ ਦਬਾਅ ਬਣਾਇਆ ਗਿਆ ਹੋਵੇਗਾ ਜਦੋਂਕਿ ਪੋਸਟਰ ਮਾਮਲੇ ’ਚ ਸੀਬੀਆਈ ਵੱਲੋਂ ਜਾਂਚ ਕਰਕੇ ਇਸ ’ਚ ਡੇਰਾ ਸ਼ਰਧਾਲੂਆਂ ਨੂੰ ਕਲੀਨ ਚਿੱਟ ਪਹਿਲਾਂ ਹੀ ਦੇ ਦਿੱਤੀ ਗਈ ਹੈ ਜਿਸਦਾ ਜ਼ਿਕਰ ਬਕਾਇਦਾ ਤੌਰ ’ਤੇ ਕਲੋਜਰ ਰਿਪੋਰਟ ’ਚ ਵੀ ਕੀਤਾ ਗਿਆ ਹੈ।

ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।