ਜ਼ਿਮਨੀ ਚੋਣਾਂ ‘ਚ ਅਕਾਲੀ ਦਲ ਕੋਲ ਕੋਈ ਮੁੱਦਾ ਨਹੀਂ : ਸਿੱਧੂ
ਲੁਧਿਆਣਾ (ਰਾਮ ਗੋਪਾਲ ਰਾਏਕੋਟੀ)। ਕੈਪਟਨ ਅਮਰਿੰਦਰ ਸਿੰਘ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਵੱਲੋਂ ਆਪਣੇ ਢਾਈ ਸਾਲ ਦੇ ਕਾਰਜਕਾਲ ਦੌਰਾਨ ਸੂਬੇ ‘ਚ ਜਿਹੜੇ ਲੋਕ ਹਿੱਤਾਂ ਲਈ ਕੰਮ ਕੀਤੇ ਗਏ ਹਨ, ਉਨ੍ਹਾਂ ਕਾਰਨ ਸ਼੍ਰੋਮਣੀ ਅਕਾਲੀ ਦਲ ਕੋਲ ਅਗਾਮੀ ਜ਼ਿਮਨੀ ਚੋਣਾਂ ਵਿੱਚ ਲੋਕਾਂ ਵਿੱਚ ਜਾਣ ਲਈ ਕੋਈ ਮੁੱਦਾ ਨਹੀਂ ਬਚਿਆ ਹੈ। ਇਨ੍ਹਾਂ ਵਿਚਾਰਾਂ ਦਾ ਪ੍ਰਗਟਾਵਾ ਪੰਜਾਬ ਦੇ ਸਿਹਤ ਅਤੇ ਪਰਿਵਾਰ ਭਲਾਈ ਮੰਤਰੀ ਬਲਬੀਰ ਸਿੰਘ ਸਿੱਧੂ ਨੇ ਅੱਜ ਇਤਿਹਾਸਕ ਛਪਾਰ ਮੇਲੇ ‘ਤੇ ਕਾਂਗਰਸ ਪਾਰਟੀ ਵੱਲੋਂ ਕੀਤੀ ਗਈ ਰਾਜਸੀ ਕਾਨਫਰੰਸ ਨੂੰ ਸੰਬੋਧਨ ਕਰਦਿਆਂ ਕੀਤਾ। (Chhapar Mela)
ਸ੍ਰ. ਸਿੱਧੂ ਨੇ ਕਿਹਾ ਕਿ ਸ਼੍ਰੋਮਣੀ ਅਕਾਲੀ ਦਲ ਅਤੇ ਭਾਜਪਾ ਗਠਜੋੜ ਨੇ ਆਪਣੇ 10 ਸਾਲਾਂ ਦੇ ਕਾਰਜਕਾਲ ਦੌਰਾਨ ਪੰਜਾਬ ਦੇ ਲੋਕਾਂ ਨੂੰ ਰੱਜ ਕੇ ਕੁੱੱਟਿਆ ਅਤੇ ਲੁੱਟਿਆ ਸੀ। ਸ਼੍ਰੋਮਣੀ ਅਕਾਲੀ ਦਲ, ਜੋ ਕਿ 1920 ਵਿੱਚ ਸਿਰਮੌਰ ਜਥੇਬੰਦੀ ਜਾਣੀ ਜਾਂਦੀ ਸੀ ਪਰ ਹੁਣ ਬਾਦਲ ਪਰਿਵਾਰ ਦੀ ਪ੍ਰਾਈਵੇਟ ਲਿਮਿਟਡ ਕੰਪਨੀ ਬਣ ਕੇ ਰਹਿ ਗਈ। ਉਨ੍ਹਾਂ ਹਲਕਾ ਦਾਖਾ ਦੇ ਵਿਕਾਸ ਪੱਖੋਂ ਪਛੜਨ ਲਈ ਆਪ ਪਾਰਟੀ ਦੇ ਸਾਬਕਾ ਵਿਧਾਇਕ ਐੱਚ. ਐੱਸ. ਫੂਲਕਾ ਨੂੰ ਦੋਸ਼ੀ ਗਰਦਾਨਿਆ।
ਸ੍ਰ. ਸਿੱਧੂ ਨੇ ਕੇਂਦਰ ਦੀ ਮੋਦੀ ਸਰਕਾਰ ਨੂੰ ਕਰੜੇ ਹੱਥੀਂ ਲੈਂਦਿਆਂ ਕਿਹਾ ਕਿ ਦੇਸ਼ ਆਰਥਿਕ ਤੌਰ ‘ਤੇ ਉਦਯੋਗਿਕ ਘਰਾਣਿਆਂ ਦਾ ਗੁਲਾਮ ਹੁੰਦਾ ਜਾ ਰਿਹਾ ਹੈ। ਉਨ੍ਹਾਂ ਮੌਜੂਦਾ ਪ੍ਰਧਾਨ ਮੰਤਰੀ ਨੂੰ ਹੁਣ ਤੱਕ ਦਾ ਸਭ ਤੋਂ ਨਲਾਇਕ ਪ੍ਰਧਾਨ ਮੰਤਰੀ ਦਾ ਦਰਜਾ ਦਿੰਦਿਆਂ ਕਿਹਾ ਕਿ ਭਾਜਪਾ ਦੀ ਅਗਵਾਈ ਵਾਲੀ ਸਰਕਾਰ ਵੱਲੋਂ ਪੰਜਾਬ ਦਾ ਕੁਝ ਵੀ ਨਹੀਂ ਸਵਾਰਿਆ ਜਾ ਸਕਦਾ ਹੈ। ਇਸ ਮੌਕੇ ਉਨ੍ਹਾਂ ਪਿੰਡ ਛਪਾਰ ਵਿਖੇ ਚੱਲ ਰਹੇ ਸਬ ਸੈਂਟਰ ਨੂੰ ਮੁੱਢਲਾ ਸਿਹਤ ਕੇਂਦਰ ਵਜੋਂ ਅਪਗ੍ਰੇਡ ਕਰਨ ਦਾ ਐਲਾਨ ਕੀਤਾ। ਉਨ੍ਹਾਂ ਕਿਹਾ ਕਿ ਇਹ ਮੁੱਢਲਾ ਸਿਹਤ ਕੇਂਦਰ ਅਗਲੇ ਦੋ ਮਹੀਨੇ ਵਿੱਚ ਚਾਲੂ ਕਰ ਦਿੱਤਾ ਜਾਵੇਗਾ। ਸਮਾਗਮ ਨੂੰ ਸੰਬੋਧਨ ਕਰਦਿਆਂ ਲੋਕ ਸਭਾ ਮੈਂਬਰ ਰਵਨੀਤ ਸਿੰਘ ਬਿੱਟੂ ਨੇ ਕਾਂਗਰਸ ਪਾਰਟੀ ਦੇ ਜੁਝਾਰੂ ਆਗੂਆਂ ਅਤੇ ਵਰਕਰਾਂ ਨੂੰ ਸੱਦਾ ਦਿੱਤਾ ਕਿ ਉਹ ਇਕਜੁੱਟਤਾ ਦਿਖਾਉਂਦੇ ਹੋਏ ਆਗਾਮੀ ਵਿਧਾਨ ਸਭਾ ਜ਼ਿਮਨੀ ਚੋਣਾਂ ਵਿੱਚ ਹਲਕਾ ਦਾਖਾ ਤੋਂ ਕਾਂਗਰਸੀ ਉਮੀਦਵਾਰ ਨੂੰ ਵੱਧ ਤੋਂ ਵੱਧ ਵੋਟਾਂ ਨਾਲ ਜਿਤਾਉਣ।
ਇਹ ਵੀ ਪੜ੍ਹੋ : ਮੇਰੀ ਮਿੱਟੀ ਮੇਰਾ ਦੇਸ਼ ਤਹਿਤ ਸਕੂਲ ’ਚ ਪ੍ਰੋਗਰਾਮ ਕਰਵਾਇਆ
ਸ੍ਰ. ਬਿੱਟੂ ਨੇ ਕਿਹਾ ਕਿ ਕਰਤਾਰਪੁਰ ਕੋਰੀਡੋਰ ਦਾ ਕੰਮ ਜੰਗੀ ਪੱਧਰ ‘ਤੇ ਜਾਰੀ ਹੈ। ਇਸ ਮੌਕੇ ਹਲਕਾ ਫਤਹਿਗੜ੍ਹ ਸਾਹਿਬ ਤੋਂ ਲੋਕ ਸਭਾ ਮੈਂਬਰ ਡਾ. ਅਮਰ ਸਿੰਘ ਨੇ ਵੀ ਸੰਬੋਧਨ ਕੀਤਾ ਇਸ ਮੌਕੇ ਹੋਰਨਾਂ ਤੋਂ ਇਲਾਵਾ ਅਮਰੀਕ ਸਿੰਘ ਢਿੱਲੋਂ, ਕੁਲਦੀਪ ਸਿੰਘ ਵੈਦ ਅਤੇ ਲਖਬੀਰ ਸਿੰਘ ਲੱਖਾ (ਤਿੰਨੇ ਵਿਧਾਇਕ), ਸਾਬਕਾ ਮੰਤਰੀ ਮਲਕੀਤ ਸਿੰਘ ਦਾਖਾ, ਸਾਬਕਾ ਲੋਕ ਸਭਾ ਮੈਂਬਰ ਅਮਰੀਕ ਸਿੰਘ ਆਲੀਵਾਲ, ਚੇਅਰਮੈਨ ਕੇ. ਕੇ. ਬਾਵਾ, ਚੇਅਰਮੈਨ ਅਮਰਜੀਤ ਸਿੰਘ ਟਿੱਕਾ, ਕਰਨਜੀਤ ਸਿੰਘ ਸੋਨੀ ਤੇ ਅਸ਼ਵਨੀ ਕੁਮਾਰ (ਦੋਵੇਂ ਜ਼ਿਲਾ ਕਾਂਗਰਸ ਪ੍ਰਧਾਨ), ਰਾਜੀਵ ਰਾਜਾ ਜ਼ਿਲ੍ਹਾ ਯੂਥ ਕਾਂਗਰਸ ਪ੍ਰਧਾਨ ਅਤੇ ਵੱਡੀ ਗਿਣਤੀ ਵਿੱਚ ਵਰਕਰ ਸ਼ਾਮਲ ਸਨ।
ਕਾਂਗਰਸ ਸਰਕਾਰ ਦੀ ਪੁੱਠੀ ਗਿਣਤੀ ਸ਼ੁਰੂ : ਸੁਖਬੀਰ
ਲੁਧਿਆਣਾ ਛਪਾਰ ਦੇ ਸਾਲਾਨਾ ਲੱਗਣ ਵਾਲੇ ਮੇਲੇ ਦੌਰਾਨ ਇੱਕ ਵੱਡੇ ਇਕੱਠ ਨੂੰ ਸੰਬੋਧਨ ਕਰਦਿਆਂ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ ਕਿਹਾ ਕਿ ਪੰਜਾਬੀਆਂ ਵੱਲੋਂ ਆ ਰਹੀਆਂ ਜ਼ਿਮਨੀ ਚੋਣਾਂ ਵਿਚ ਕਾਂਗਰਸ ਨੂੰ ਸਬਕ ਸਿਖਾਉਣ ਦੀ ਕੀਤੀ ਤਿਆਰੀ ਨਾਲ ਕਾਂਗਰਸ ਸਰਕਾਰ ਦੀ ਪੁੱਠੀ ਗਿਣਤੀ ਸ਼ੁਰੂ ਹੋ ਗਈ ਹੈ ਉਹਨਾਂ ਕਿਹਾ ਕਿ ਇਹ ਚੋਣਾਂ 2022 ਦੀਆਂ ਵਿਧਾਨ ਸਭਾ ਚੋਣਾਂ ਵਿਚ ਪੰਜਾਬ ਵਿੱਚੋਂ ਕਾਂਗਰਸੀ ਝੰਡੇ ਦਾ ਸਫਾਇਆ ਕਰਨ ਵੱਲ ਪਹਿਲਾ ਕਦਮ ਹੋਣਗੀਆਂ।
ਅਕਾਲੀ ਦਲ ਪ੍ਰਧਾਨ ਨੇ ਕਿਹਾ ਕਿ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਅਤੇ ਕਾਂਗਰਸ ਪਾਰਟੀ ਵੱਲੋਂ ਲੋਕਾਂ ਨਾਲ ਕੀਤੇ ਸਾਰੇ ਵਾਅਦਿਆਂ ਤੋਂ ਮੁੱਕਰਨ ਮਗਰੋਂ ਪੰਜਾਬ ਵਿਚੋਂ ਪ੍ਰਸ਼ਾਸਨ ਅਤੇ ਵਿਕਾਸ ਨੂੰ ਪੂਰੀ ਤਰ੍ਹਾਂ ਲਕਵਾ ਮਾਰ ਗਿਆ ਹੈ ਉਹਨਾਂ ਕਿਹਾ ਕਿ ਪੰਜਾਬ ਵਿੱਚ ਹੋਣ ਜਾ ਰਹੀਆਂ ਚਾਰ ਜ਼ਿਮਨੀ ਚੋਣਾਂ ਸਰਕਾਰ ਨੂੰ ਲੋਕਾਂ ਦੀ ਅਣਦੇਖੀ ਕਰਨ ਲਈ ਸਬਕ ਸਿਖਾਉਣ ਅਤੇ ਨੀਂਦ ‘ਚੋਂ ਜਗ੍ਹਾ ਕੇ ਲੋਕਾਂ ਨਾਲ ਕੀਤੇ ਵਾਅਦੇ ਪੂਰੇ ਕਰਨ ਵਾਸਤੇ ਮਜ਼ਬੂਰ ਕਰਨ ਲਈ ਇੱਕ ਬਹੁਤ ਵਧੀਆ ਮੌਕਾ ਹਨ।
ਲੋਕਾਂ ਦੇ ਵੱਡੇ ਇਕੱਠ ਅਤੇ ਅਕਾਲੀ ਆਗੂਆਂ ਅਤੇ ਵਰਕਰਾਂ ਦੇ ਉਤਸ਼ਾਹ ਬਾਰੇ ਟਿੱਪਣੀ ਕਰਦਿਆਂ ਬਾਦਲ ਨੇ ਸਾਬਕਾ ਦਾਖਾ ਵਿਧਾਇਕ ਮਨਪ੍ਰੀਤ ਸਿੰਘ ਇਯਾਲੀ ਨੂੰ ਮੁਬਾਰਕਬਾਦ ਦਿੱਤੀ ਅਤੇ ਕਿਹਾ ਕਿ ਇਹ ਇਕੱਠ ਉਹਨਾਂ ਵੱਲੋਂ ਕੀਤੇ ਲੋਕ ਪੱਖੀ ਵਿਕਾਸ ਕਾਰਜਾਂ ਕਰਕੇ ਉਮੜਿਆ ਹੈ ਮੁੱਖ ਮੰਤਰੀ ਵੱਲੋਂ ਦਿੱਤੇ ਬਿਆਨ ਕਿ ‘ਸਤਲੁਜ ਯਮੁਨਾ ਲਿੰਕ ਨਹਿਰ ਬਾਰੇ ਫੈਸਲਾ ਲਿਆ ਜਾ ਰਿਹਾ ਹੈ’, ਦਾ ਹਵਾਲਾ ਦਿੰਦਿਆਂ ਬਾਦਲ ਨੇ ਕੈਪਟਨ ਅਮਰਿੰਦਰ ਨੂੰ ਚਿਤਾਵਨੀ ਦਿੱਤੀ।
ਕਿ ਉਸ ਨੂੰ ਹਰਿਆਣਾ ਨੂੰ ਇੱਕ ਤੁਪਕਾ ਵੀ ਪਾਣੀ ਦੇਣ ਦਾ ਕੋਈ ਹੱਕ ਨਹੀਂ ਹੈ ਉਹਨਾਂ ਕਿਹਾ ਕਿ ਅਕਾਲੀ ਦਲ ਕਿਸੇ ਵੀ ਕੀਮਤ ‘ਤੇ ਹਰਿਆਣਾ ਨੂੰ ਪਾਣੀ ਨਹੀਂ ਦੇਣ ਦੇਵੇਗਾਇਸ ਮੌਕੇ ਸਾਬਕਾ ਮੰਤਰੀ ਬਿਕਰਮ ਸਿੰਘ ਮਜੀਠੀਆ, ਸਾਬਕਾ ਮੰਤਰੀ ਅਤੇ ਸੀਨੀਅਰ ਭਾਜਪਾ ਆਗੂ ਤੀਕਸ਼ਣ ਸੂਦ ਨੇ ਵੀ ਸਮਾਗਮ ਨੂੰ ਸੰਬੋਧਨ ਕੀਤਾ ਇਸ ਤੋਂ ਇਲਾਵਾ ਇਸ ਸਮਾਗਮ ਵਿਚ ਚਰਨਜੀਤ ਸਿੰਘ ਅਟਵਾਲ, ਮਹੇਸ਼ਇੰਦਰ ਸਿੰਘ ਗਰੇਵਾਲ, ਸ਼ਰਨਜੀਤ ਸਿੰਘ ਢਿੱਲੋਂ, ਰਣਜੀਤ ਸਿੰਘ ਤਲਵੰਡੀ ਆਦਿ ਹਾਜ਼ਰ ਸਨ।