ਤਿੰਨ ਵਾਰ ਕੈਬਨਿਟ ਮੰਤਰੀ ਵਜੋਂ ਵੀ ਨਿਭਾਈਆਂ ਸੇਵਾਵਾਂ
- ਸਾਲ 1977 ਵਿੱਚ ਹਲਕਾ ਡਕਾਲਾ ਤੋਂ ਬਣੇ ਸਨ ਪਹਿਲੀ ਵਾਰ ਵਿਧਾਇਕ
Lal Singh Passed Away: (ਖੁਸ਼ਵੀਰ ਸਿੰਘ ਤੂਰ) ਪਟਿਆਲਾ। ਕਾਂਗਰਸ ਦੀ ਰਾਜਨੀਤੀ ਦੇ ਬਾਬਾ ਬੋਹੜ ਮੰਨੇ ਜਾਂਦੇ ਅਤੇ 6 ਵਾਰ ਵਿਧਾਇਕ ਰਹੇ ਲਾਲ ਸਿੰਘ ਦਾ 85 ਸਾਲ ਦੀ ਉਮਰ ਵਿੱਚ ਦਿਹਾਂਤ ਹੋ ਗਿਆ। ਉਹ ਪਿਛਲੇ ਕੁਝ ਦਿਨਾਂ ਤੋਂ ਬਿਮਾਰ ਚੱਲ ਰਹੇ ਸਨ ਤੇ ਮੋਹਾਲੀ ਵਿਖੇ ਹਸਪਤਾਲ ਵਿੱਚ ਦਾਖਲ ਸਨ। ਲਾਲ ਸਿੰਘ ਕਾਂਗਰਸ ਵਿੱਚ ਤਿੰਨ ਵਾਰ ਕੈਬਨਿਟ ਮੰਤਰੀ ਵਜੋਂ ਆਪਣੀਆਂ ਸੇਵਾਵਾਂ ਵੀ ਨਿਭਾ ਚੁੱਕੇ ਹਨ। ਇਸ ਦੇ ਨਾਲ ਹੀ ਉਹ ਕਾਂਗਰਸ ਦੇ ਕਾਰਜਕਾਰੀ ਪ੍ਰਧਾਨ ਸਮੇਤ ਪੰਜਾਬ ਮੰਡੀ ਬੋਰਡ ਦੇ ਚੇਅਰਮੈਂਨ ਵੀ ਰਹੇ ਹਨ।
ਦੱਸਣਯੋਗ ਹੈ ਕਿ ਲਾਲ ਸਿੰਘ ਵੱਲੋਂ ਆਪਣਾ ਸਿਆਸੀ ਜੀਵਨ ਕਾਂਗਰਸ ਪਾਰਟੀ ਅੰਦਰ ਵਿਧਾਇਕ ਵਜੋਂ 1977 ਵਿੱਚ ਪਹਿਲੀ ਵਾਰ ਡਕਾਲਾ ਹਲਕੇ ਤੋਂ ਜਿੱਤ ਕੇ ਸ਼ੁਰੂ ਕੀਤਾ ਸੀ, ਪਰ ਇਸ ਤੋਂ ਪਹਿਲਾ ਉਹ ਸਹਿਕਾਰੀ ਬੈਕ, ਮਾਰਕਿਟ ਕਮੇਟੀ, ਪੰਚਾਇਤ ਸੰਮਤੀ ਆਦਿ ਸੰਸਥਾਵਾਂ ਵਿੱਚ ਜਿੱਤ ਦਰਜ਼ ਕਰਕੇ ਜ਼ਮੀਨੀ ਰਾਜਨੀਤੀ ਵਿੱਚੋਂ ਅੱਗੇ ਵੱਧੇ ਸਨ। ਲਾਲ ਸਿੰਘ 1977 ਤੋਂ ਬਾਅਦ ਦੂਜੀ ਵਾਰ ਮੁੜ 1980 ਵਿੱਚ ਹਲਕਾ ਡਕਾਲਾ ਤੋਂ ਕਾਂਗਰਸ ਪਾਰਟੀ ਤੋਂ ਹੀ ਵਿਧਾਇਕ ਜਿੱਤੇ। ਸਾਲ 1992 ਵਿੱਚ ਮੁੜ ਚੋਣਾਂ ਹੋਈਆਂ ਅਤੇ ਲਾਲ ਸਿੰਘ ਵੱਲੋਂ ਤੀਜੀ ਵਾਰ ਹਲਕਾ ਡਕਾਲਾ ਤੋਂ ਜਿੱਤੇ ਦਰਜ਼ ਕਰਕੇ ਵਿਧਾਇਕ ਬਣੇ।
ਇਹ ਵੀ ਪੜ੍ਹੋ: Haryana News: ਹਰਿਆਣਾ ’ਚ 4,032 ਸਰਕਾਰੀ ਪੈਟਰੋਲ ਪੰਪ ਚਾਲੂ: ਮੁੱਖ ਮੰਤਰੀ ਨਾਇਬ ਸੈਣੀ
ਸਾਲ 1992 ਵਿੱਚ ਲਾਲ ਸਿੰਘ ਨੂੰ ਬੇਅੰਤ ਸਿੰਘ ਦੀ ਅਗਵਾਈ ਵਾਲੀ ਸਰਕਾਰ ਵਿੱਚ ਸਿਹਤ ਅਤੇ ਪਰਿਵਾਰ ਭਲਾਈ, ਡਾਕਟਰੀ ਸਿੱਖਿਆ ਅਤੇ ਖੋਜ, ਖੁਰਾਕ ਅਤੇ ਸਿਵਲ ਸਪਲਾਈ ਦੇ ਕੈਬਨਿਟ ਮੰਤਰੀ ਵਜੋਂ ਆਪਣੀ ਸੇਵਾ ਨਿਭਾਈ। ਸਾਲ 1996 ਅੰਦਰ ਮੁੱਖ ਮੰਤਰੀ ਹਰਚਰਨ ਸਿੰਘ ਬਰਾੜ ਦੀ ਅਗਵਾਈ ਵਾਲੇ ਮੰਤਰੀ ਮੰਡਲ ਵਿੱਚ ਖੁਰਾਕ ਅਤੇ ਸਿਵਲ ਸਪਲਾਈ ਦੇ ਕੈਬਨਿਟ ਮੰਤਰੀ ਬਣੇ। ਸਾਲ 1997 ਦੀਆਂ ਵਿਧਾਨ ਸਭਾ ਚੋਣਾਂ ਵਿੱਚ ਲਾਲ ਸਿੰਘ ਨੂੰ ਹਾਰ ਦਾ ਸਾਹਮਣਾ ਕਰਨਾ ਪਿਆ। ਇਸ ਤੋਂ ਬਾਅਦ ਸਾਲ 2002 ਵਿੱਚ ਲਾਲ ਸਿੰਘ ਵੱਲੋਂ ਮੁੜ ਹਲਕਾ ਡਕਾਲਾ ਤੋਂ ਚੋਣ ਜਿੱਤ ਦੇ ਵਿਧਾਇਕ ਬਣੇ ਅਤੇ ਕੈਪਟਨ ਅਮਰਿੰਦਰ ਸਿੰਘ ਪਹਿਲੀ ਵਾਰ ਮੁੱਖ ਮੰਤਰੀ ਬਣੇ।
ਕੈਪਟਨ ਅਮਰਿੰਦਰ ਸਿੰਘ ਦੀ ਅਗਵਾਈ ਵਾਲੀ ਸਰਕਾਰ ਵਿੱਚ ਲਾਲ ਸਿੰਘ ਖਜ਼ਾਨਾ ਮੰਤਰੀ ਬਣੇ ਅਤੇ ਨਾਲ ਹੀ ਉਨ੍ਹਾਂ ਕੋਲ ਯੋਜਨਾਬੰਦੀ, ਖੁਰਾਕ, ਸਿਵਲ ਸਪਲਾਈ ਅਤੇ ਖਪਤਕਾਰ ਮਾਮਲੇ, ਸਿੰਚਾਈ, ਪਾਵਰ, ਪੇਂਡੂ ਵਿਕਾਸ ਅਤੇ ਪੰਚਾਇਤ, ਜੇਲ ਅਤੇ ਸਿਵਲ ਏਵੀਏਸ਼ਨ ਵਰਗੇ ਵਿਭਾਗ ਵੀ ਸਨ। ਇਸ ਤੋਂ ਬਾਅਦ ਸਾਲ 2012 ਵਿੱਚ ਹਲਕਾ ਡਕਾਲਾ ਤੋੜ ਕੇ ਹਲਕਾ ਸਨੌਰ ਬਣਾ ਦਿੱਤਾ ਗਿਆ ਅਤੇ ਲਾਲ ਸਿੰਘ ਹਲਕਾ ਸਨੌਰ ਤੋਂ 2012 ਵਿੱਚ ਜਿੱਤ ਕੇ ਵਿਧਾਇਕ ਬਣੇ। ਇਸ ਤੋਂ ਬਾਅਦ ਸਾਲ 2017 ਦੀ ਚੋਣ ਵਿੱਚ ਇਨ੍ਹਾਂ ਵੱਲੋਂ ਆਪਣੇ ਬੇਟੇ ਕਾਕਾ ਰਜਿੰਦਰ ਸਿੰਘ ਨੂੰ ਰਾਜਨੀਤੀ ਵਿੱਚ ਅੱਗੇ ਤੋਰਿਆ ਅਤੇ ਉਹ ਸਮਾਣਾ ਤੋਂ ਜਿੱਤ ਕੇ ਵਿਧਾਇਕ ਬਣੇ। ਸਾਲ 2017 ਦੀ ਕੈਪਟਨ ਅਮਰਿੰਦਰ ਵਾਲੀ ਸਰਕਾਰ ਵਿੱਚ ਉਹ ਮੰਡੀ ਬੋਰਡ ਪੰਜਾਬ ਦੇ ਚੇਅਰਮੈਂਨ ਬਣੇ। ਲਾਲ ਸਿੰਘ ਸ੍ਰੀਮਤੀ ਇੰਦਰਾ ਗਾਂਧੀ ਅਤੇ ਸੋਨੀਆ ਗਾਂਧੀ ਦੇ ਨਜਦੀਕੀਆਂ ਵਿੱਚੋਂ ਰਹੇ ਹਨ ਅਤੇ ਦਿੱਲੀ ਤੋਂ ਹੀ ਟਿਕਟ ਲੈ ਕੇ ਪੁੱਜਦੇ ਸਨ। Lal Singh Passed Away














