ਕੁਵੰਰ ਵਿਜੇ ਪ੍ਰਤਾਪ ਨੇ ਖੁਦ ਸੋਸ਼ਲ ਮੀਡੀਆ ‘ਤੇ ਲਿਖਿਆ ਸੀ ਕਿ ਅੱਗੇ ਅੱਗੇ ਦੇਖੋਂ ਹੁੰਦਾ ਕੀ ਐ?
ਚੰਡੀਗੜ੍ਹ (ਅਸ਼ਵਨੀ ਚਾਵਲਾ) | ਪੰਜਾਬ ਦੀ ਕਾਂਗਰਸ ਸਰਕਾਰ ਬਦਲਾਖੋਰੀ ਕਰ ਰਹੀ ਹੈ ਅਤੇ ਕੁਵੰਰ ਵਿਜੇ ਪ੍ਰਤਾਪ ਪੁਲਿਸ ਅਧਿਕਾਰੀ ਨਹੀਂ, ਸਗੋਂ ਇੱਕ ਸਿਆਸੀ ਲੀਡਰ ਦੇ ਤੌਰ ‘ਤੇ ਕੰਮ ਕਰ ਰਿਹਾ ਹੈ। ਇਸ ਲਈ ਬੀਤੇ ਦਿਨੀਂ ਅਦਾਲਤ ਵਿੱਚ ਪੇਸ਼ ਕੀਤੀ ਗਈ ਚਾਰਜ਼ਸੀਟ ਦੇ ਮਾਮਲੇ ਵਿੱਚ ਸੁਪਰੀਮ ਕੋਰਟ ਦੇ ਜਸਟਿਸ ਦੀ ਅਗਵਾਈ ਵਿੱਚ ਕੋਈ ਵੀ ਸੁਤੰਤਰ ਏਜੰਸੀ ਤੋਂ ਜਾਂਚ ਕਰਵਾਉਣੀ ਚਾਹੀਦੀ ਹੈ। ਸਾਨੂੰ ਕਾਂਗਰਸ ਸਰਕਾਰ ਤੇ ਪੰਜਾਬ ਪੁਲਿਸ ‘ਤੇ ਬਿਲਕੁਲ ਹੀ ਵਿਸ਼ਵਾਸ ਨਹੀਂ ਹੈ।
ਇਹ ਦੋਸ਼ ਸ਼੍ਰੋਮਣੀ ਅਕਾਲੀ ਦਲ ਦੀ ਲੀਡਰਸ਼ਿਪ ਨੇ ਵੀਰਵਾਰ ਨੂੰ ਚੰਡੀਗੜ੍ਹ ਵਿਖੇ ਇੱਕ ਪ੍ਰੈਸ ਕਾਨਫਰੰਸ ‘ਚ ਲਾਏ। ਸ਼੍ਰੋਮਣੀ ਅਕਾਲੀ ਦਲ ਦੇ ਆਗੂ ਡਾ. ਦਲਜੀਤ ਚੀਮਾ ਨੇ ਕਿਹਾ ਕਿ ਸਾਡੀ ਪਾਰਟੀ ਕੋਟਕਪੂਰਾ ਤੇ ਬਹਿਬਲ ਕਲਾਂ ਪੁਲਿਸ ਕਾਰਵਾਈ ਦੀ ਸਿਆਸਤ ਤੇ ਬਦਲੇਖੋਰੀ ਤੋਂ ਪ੍ਰੇਰਿਤ ਸਿਟ ਜਾਂਚ ਕਰਨ ਲਈ ਕਾਂਗਰਸ ਸਰਕਾਰ ਦੀ ਸਖ਼ਤ ਨਿਖੇਧੀ ਕਰਦੀ ਹੈ। ਉਨ੍ਹਾਂ ਕਿਹਾ ਹੈ ਕਿ ਫਰੀਦਕੋਟ ਦੀ ਅਦਾਲਤ ਵਿੱਚ ਪੇਸ਼ ਕੀਤੇ ਗਏ ਗੈਰਕਾਨੂੰਨੀ ਚਲਾਨ ਨਾਲ ਇਸ ਜਾਂਚ ਦੀ ਪਿਛਲੀ ਅਸਲੀ ਨੀਅਤ ਦਾ ਪਰਦਾਫਾਸ਼ ਹੋ ਚੁੱਕਿਆ ਹੈ।
ਉਨ੍ਹਾਂ ਦੱਸਿਆ ਕਿ ਚਾਰਜਸ਼ੀਟ ‘ਤੇ ਆਈ ਕੁੰਵਰ ਵਿਜੈ ਪ੍ਰਤਾਪ ਸਿੰਘ ਵੱਲੋਂ 23 ਮਈ ਨੂੰ ਦਸਤਖ਼ਤ ਕੀਤੇ ਗਏ ਸਨ ਜਦਕਿ ਚੋਣ ਜ਼ਾਬਤਾ 26 ਮਈ ਨੂੰ ਚੁੱਕਿਆ ਗਿਆ ਸੀ ਤੇ ਇਸ ਪੁਲਿਸ ਅਧਿਕਾਰੀ ਨੂੰ ਦੁਬਾਰਾ 27 ਮਈ ਨੂੰ ਸਿਟ ਟੀਮ ਦਾ ਮੈਂਬਰ ਲਾਇਆ ਗਿਆ ਸੀ, ਉਸ ਤੋਂ ਪਹਿਲਾਂ ਆਈਜੀ ਨੂੰ ਸਿਆਸਤ ਤੋਂ ਪ੍ਰੇਰਿਤ ਬਿਆਨਬਾਜ਼ੀ ਕਰਨ ਕਰਕੇ ਚੋਣ ਕਮਿਸ਼ਨ ਵੱਲੋਂ ਸਿਟ ਤੋਂ ਹਟਾ ਦਿੱਤਾ ਗਿਆ ਸੀ।
ਉਨ੍ਹਾਂ ਕਿਹਾ ਕਿ ਇਹ ਮਾੜੀ ਨੀਅਤ ਨਾਲ ਤਿਆਰ ਕੀਤੇ ਮਨਘੜਤ ਦਸਤਾਵੇਜ਼ਾਂ ਦਾ ਮਾਮਲਾ ਹੈ ਤੇ ਇਸ ਕਾਰਵਾਈ ਨੇ ਸਾਬਿਤ ਕਰ ਦਿੱਤਾ ਹੈ ਕਿ ਚੋਣ ਕਮਿਸ਼ਨ ਵੱਲੋਂ ਹਟਾਏ ਜਾਣ ਤੋਂ ਬਾਅਦ ਵੀ ਆਈਜੀ ਸਿਟ ਮੈਂਬਰ ਵਜੋਂ ਕੰਮ ਕਰਦਾ ਰਿਹਾ ਅਤੇ ਉਸ ਨੇ ਆਪਣੇ ਦਸਤਖ਼ਤਾਂ ਥੱਲੇ ਉਸ ਸਮੇਂ ਫਰੀਦਕੋਟ ਦੀ ਅਦਾਲਤ ਵਿਚ ਚਾਰਜਸ਼ੀਟ ਦਾਖ਼ਲ ਕੀਤੀ, ਜਦੋਂ ਉਸ ਕੋਲ ਸਿਟ ਮੈਂਬਰ ਦਾ ਅਹੁਦਾ ਵੀ ਨਹੀਂ ਸੀ। ਉਨ੍ਹਾਂ ਕਿਹਾ ਕਿ ਇਹ ਸਪੱਸ਼ਟ ਤੌਰ ਤੇ ਚੋਣ ਕਮਿਸ਼ਨ ਦੇ ਨਿਰਦੇਸ਼ਾਂ ਦੀ ਉਲੰਘਣਾ ਦਾ ਮਾਮਲਾ ਹੈ ਤੇ ਆਪਣੇ ਆਪ ਵਿੱਚ ਇੱਕ ਅਪਰਾਧਿਕ ਕਾਰਵਾਈ ਹੈ।
ਅਕਾਲੀ ਆਗੂਆਂ, ਜਿਨ੍ਹਾਂ ‘ਚ ਸਿਕੰਦਰ ਸਿੰਘ ਮਲੂਕਾ, ਪਰਮਿੰਦਰ ਸਿੰਘ ਢੀਂਡਸਾ ਤੇ ਦਰਬਾਰਾ ਸਿੰਘ ਗੁਰੂ ਵੀ ਸ਼ਾਮਲ ਸਨ, ਨੇ ਕਾਂਗਰਸੀ ਸਿਟ ਦੀਆਂ ਲੱਭਤਾਂ ‘ਤੇ ਵੀ ਸੁਆਲ ਉਠਾਇਆ। ਉਨ੍ਹਾਂ ਕਿਹਾ ਕਿ ਇੱਕ ਵੱਖਰੀ ਸਿਟ ਸੀਨੀਅਰ ਪੁਲਿਸ ਅਧਿਕਾਰੀ ਰਣਬੀਰ ਸਿੰਘ ਖੱਟੜਾ ਦੀ ਅਗਵਾਈ ਹੇਠ ਬੇਅਦਬੀ ਦੇ ਕੇਸਾਂ ਦੀ ਜਾਂਚ ਕਰ ਰਹੀ ਹੈ। ਉਨ੍ਹਾਂ ਕਿਹਾ ਕਿ ਇਹ ਸਿਟ ਆਪਣੀ ਚਾਰਜਸ਼ੀਟ ਦਾਖ਼ਲ ਕਰ ਚੁੱਕੀ ਹੈ ਤੇ ਇਸ ਦੀ ਰਿਪੋਰਟ ਵਿੱਚ ਕਿਸੇ ਵੀ ਅਕਾਲੀ ਆਗੂ ਦਾ ਕੋਈ ਸੰਕੇਤਕ ਹਵਾਲਾ ਵੀ ਨਹੀਂ ਹੈ। ਉਨ੍ਹਾਂ ਕਿਹਾ ਕਿ ਇਸ ਤੋਂ ਪਹਿਲਾਂ ਕਾਂਗਰਸ ਪਾਰਟੀ ਵੱਲੋਂ ਸਿੱਖਾਂ ਨੂੰ ਵੱਖਵਾਦੀ ਤੇ ਅੱਤਵਾਦੀ ਵਜੋਂ ਪੇਸ਼ ਕੀਤਾ ਗਿਆ ਸੀ। ਉਨ੍ਹਾਂ ਕਿਹਾ ਕਿ ਜਦੋਂ ਕਾਂਗਰਸ ਪਾਰਟੀ ਨੇ 2017 ‘ਚ ਸੂਬੇ ਦੀ ਸੱਤਾ ਸੰਭਾਲੀ ਸੀ ਤਾਂ ਇਸ ਨੇ ਅਕਾਲੀ ਆਗੂਆਂ ਨੂੰ ਨਿਸ਼ਾਨਾ ਬਣਾਉਣ ਲਈ ਰਣਜੀਤ ਸਿੰਘ ਕਮਿਸ਼ਨ ਬਣਾਇਆ ਸੀ। ਹੁਣ ਇਸ ਨੇ ਇੱਕ ਝੂਠੀ ਤੇ ਮਨਘੜਤ ਚਾਰਜਸ਼ੀਟ ਤਿਆਰ ਕੀਤੀ ਹੈ।
ਦਲਜੀਤ ਚੀਮਾ ਨੇ ਕਿਹਾ ਕਿ ਅਕਾਲੀ ਦਲ ਇਸ ਤਰ੍ਹਾਂ ਨਹੀਂ ਝੁਕੇਗਾ ਤੇ ਅਸੀਂ ਇਸ ਫਰੇਬੀ ਕਾਰਵਾਈ ਨੂੰ ਚੁਣੌਤੀ ਦਿਆਂਗੇ ਤੇ ਇਹ ਯਕੀਨੀ ਬਣਾਵਾਂਗੇ ਕਿ ਝੂਠੇ ਤੇ ਮਨਘੜਤ ਦਸਤਾਵੇਜ਼ ਤਿਆਰ ਕਰਨ ਲਈ ਆਈਜੀ ਖ਼ਿਲਾਫ ਕਾਰਵਾਈ ਕੀਤੀ ਜਾਵੇ।
Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।