ਕਾਂਗਰਸ ਨੇ ਕੀਤੇ ‘ਫੱਟੇ ਚੱਕ’ ਵਾਅਦੇ

Congress, Promises

ਦੇਸ਼ਧ੍ਰੋਹ ਦੀ ਧਾਰਾ ਹੋਵੇਗੀ ਖਤਮ ਤੇ ਗਰੀਬਾਂ ਨੂੰ ਸਾਲਾਨਾ ਮਿਲਣਗੇ 72 ਹਜ਼ਾਰ ਰੁਪਏ

ਕਾਂਗਰਸ ਦਾ ਐਲਾਨਨਾਮਾ : ਰਾਫੇਲ ਸਮੇਤ ਭਾਜਪਾ ਸਰਕਾਰ ਵੱਲੋਂ ਕੀਤੇ ਗਏ ਸੌਦਿਆਂ ਦੀ ਜਾਂਚ ਕਰਵਾਵਾਂਗੇ

ਮਨਰੇਗਾ ‘ਚ ਰੁਜ਼ਗਾਰ 150 ਦਿਨਾਂ ਤੱਕ ਕੀਤਾ ਜਾਵੇਗਾ

ਏਜੰਸੀ, ਨਵੀਂ ਦਿੱਲੀ

ਪੰਜ ਸਾਲਾਂ ਤੋਂ ਕੇਂਦਰ ਦੀ ਸੱਤਾ ਤੋਂ ਦੂਰ ਰਹੀ ਕਾਂਗਰਸ ਨੇ ਲੋਕ ਸਭਾ ਚੋਣਾਂ ਲਈ ਵਾਅਦਿਆਂ ਦੀ ਝੜੀ ਲਾਉਂਦਿਆਂ ਆਪਣੀ ਸਰਕਾਰ ਬਣਾਉਣ ‘ਤੇ ਘੱਟੋ-ਘੱਟ ਆਮਦਨ ਯੋਜਨਾ ਤਹਿਤ ਦੇਸ਼ ਦੇ 20 ਫੀਸਦੀ ਸਭ ਤੋਂ ਗਰੀਬ ਪਰਿਵਾਰਾਂ ਨੂੰ 72 ਹਜ਼ਾਰ ਰੁਪਏ ਸਾਲਾਨਾ ਦੇਣਗੇ, 22 ਲੱਖ ਸਰਕਾਰੀ ਅਹੁਦਿਆਂ ਨੂੰ ਭਰਨ, ਕਿਸਾਨਾਂ ਲਈ ਵੱਖਰਾ ਬਜਟ ਲਿਆਉਣ ਤੇ ਸਾਂਸਦ ਦੇ ਪਹਿਲੇ ਸੈਸ਼ਨ ‘ਚ ਹੀ ਮਹਿਲਾ ਰਾਖਵਾਂਕਰਨ ਬਿੱਲ ਪਾਸ ਕਰਾਉਣ ਦਾ ਐਲਾਨ ਕੀਤਾ ਹੈ ਕਾਂਗਰਸ ਪ੍ਰਧਾਨ ਰਾਹੁਲ ਗਾਂਧੀ ਨੇ ਪਾਰਟੀ ਦੇ ਸੀਨੀਅਰ ਆਗੂਆਂ ਦੀ ਮੌਜ਼ੂਦਗੀ ‘ਚ ਅੱਜ ਚੋਣ ਐਲਾਨ ਪੱਤਰ ਜਾਰੀ ਕੀਤਾ, ਜਿਸ ‘ਚ ਇਨ੍ਹਾਂ ਵਾਅਦਿਆਂ ਤੋਂ ਇਲਾਵਾ ਔਰਤਾਂ ਲਈ ਸਰਕਾਰੀ ਨੌਕਰੀਆਂ ‘ਚ 33 ਫੀਸਦੀ ਰਾਖਵਾਂਕਰਨ ਦੀ ਵਿਵਸਥਾ ਕਰਨ, ਮਨਰੇਗਾ ‘ਚ 100 ਦੀ ਬਜਾਇ 150 ਦਿਨ ਦੇ ਰੁਜ਼ਗਾਰ ਦੀ ਗਾਰੰਟੀ, ਸਭ ਦੇ ਲਈ ਸਿਹਤ ਦਾ ਕਾਨੂੰਨ ਬਣਾਉਣ, ਸਿੱਖਿਆ ‘ਤੇ ਸਕਲ ਘਰੇਲੂ ਉਤਪਾਦ ਦਾ 6 ਫੀਸਦੀ ਖਰਚ ਕਰਨ ਤੇ ਗ੍ਰਾਮ ਪੰਚਾਇਤਾਂ ‘ਚ 10 ਲੱਖ ਨੌਜਵਾਨਾਂ ਨੂੰ ਰੁਜ਼ਗਾਰ ਦੇਣ ਦੀ ਗੱਲ ਕਹੀ ਗਈ ਹੈ

ਪਾਰਟੀ ਨੇ ਰਾਫੇਲ ਜਹਾਜ਼ ਸੌਦੇ ਸਮੇਤ ਭਾਜਪਾ ਦੇ ਸ਼ਾਸਨ ‘ਚ ਪੰਜ ਸਾਲਾਂ ‘ਚ ਹੋਏ ਸਾਰੇ ਸੌਦਿਆਂ ਦੀ ਜਾਂਚ ਕਰਾਉਣ, ਚੋਣ ਬਾਂਡ ਸਮਾਪਤ ਕਰਕੇ ਕੌਮੀ ਚੋਣ ਫੰਡ ਸਥਾਪਿਤ, ਕੌਮੀ ਸੁਰੱਖਿਆ ਸਲਾਹਾਕਾਰ ਬੋਰਡ ਬਣਾਉਣ ਤੇ ਭਾਰਤੀ ਦੰਡ ਸੰਹਿਤਾ ‘ਚ ਸੋਧ ਕਰਕੇ ਦੇਸ਼ਧ੍ਰੋਹ ਦੇ ਅਪਰਾਧ ਸਬੰਧੀ ਧਾਰਾ ਨੂੰ ਖਤਮ ਕਰਨ ਦਾ ਵੀ ਵਾਅਦਾ ਕੀਤਾ ਹੈ ਉਸਨੇ ਕਰਜ਼ਾ ਮੋੜਨ ‘ਚ ਅਸਮਰੱਥ ਕਿਸਾਨਾਂ ਖਿਲਾਫ਼ ਅਪਰਾਧਿਕ ਮੁਕੱਦਮਾ ਦਰਜ ਨਾ ਕਰਨ ਦਾ ਵੀ ਐਲਾਨ ਕੀਤਾ ਹੈ

ਗਰੀਬ, ਕਿਸਾਨ, ਅਰਥਵਿਵਸਥਾ ਨੂੰ ਮਜ਼ਬੂਤ ਬਣਾਉਣ ਵਾਲਾ ਐਲਾਨਨਾਮਾ ਪੱਤਰ : ਰਾਹੁਲ

ਕਾਂਗਰਸ ਪ੍ਰਧਾਨ ਰਾਹੁਲ ਗਾਂਧੀ ਨੇ ਮੋਦੀ ਸਰਕਾਰ ‘ਤੇ ਅਰਥਵਿਵਸਥਾ ਨੂੰ ਮੰਦਾ ਕਰਨ ਤੇ ਸਮਾਜ ਦੇ ਵੱਖ-ਵੱਖ ਵਰਗਾਂ ਦੇ ਹਿੱਤਾਂ ਨੂੰ ਖਤਮ ਕਰਨ ਦਾ ਦੋਸ਼ ਲਾਉਂਦਿਆਂ ਕਿਹਾ ਕਿ ਕੇਂਦਰ ‘ਚ ਕਾਂਗਰਸ ਦੀ ਸਰਕਾਰ ਬਣਨ ‘ਤੇ ਗਰੀਬ ਤੇ ਕਿਸਾਨ ਦੀ ਸਥਿਤੀ ‘ਚ ਸੁਧਾਰ ਲਿਆ ਕੇ ਦੇਸ਼ ਦੀ ਅਰਥਵਿਵਸਥਾ ਨੂੰ ਦਰੁਸਤ ਕੀਤਾ ਜਾਵੇਗਾ

ਦੇਸ਼ ਦੀ ਏਕਤਾ ਖਿਲਾਫ਼ ਹਨ ਐਲਾਨਨਾਮਾ ਪੱਤਰ ਦੇ ਕਈ ਵਾਅਦੇ : ਜੇਤਲੀ

ਅਰੁਣ ਜੇਤਲੀ ਨੇ ਕਿਹਾ ਕਿ, ਕਾਂਗਰਸ ਪਾਰਟੀ ਦੇ ਮੈਨੀਫੈਸਟੋ ‘ਚ ਅਜਿਹਾ ਏਜੰਡਾ ਹੈ ਜੋ ਦੇਸ਼ ਨੂੰ ਤੋੜਨ ਦਾ ਕੰਮ ਕਰਦੇ ਹਨ ਕਾਂਗਰਸ ਦੇ ਐਲਾਨਨਾਮਾ ਪੱਤਰ ‘ਚ ਕਿਹਾ ਗਿਆ ਕਿ ਜੋ ਉਹ ਵਾਅਦੇ ਕਰਦੇ ਹਨ ਉਸ ਨੂੰ ਨਿਭਾਉਂਦੇ ਹਨ ਇਸ ਐਲਾਨਨਾਮੇ ਪੱਤਰ ‘ਚ ਅਜਿਹੀਆਂ ਗੱਲਾਂ ਹਨ ਜੋ ਦੇਸ਼ ਨੂੰ ਤੋੜਨ ਵਾਲੀਆਂ ਹਨ ਤੇ ਦੇਸ਼ ਦੀ ਏਕਤਾ ਖਿਲਾਫ਼ ਹਨ ਉਨ੍ਹਾਂ ਕਿਹਾ ‘ਨਹਿਰੂ-ਗਾਂਧੀ ਪਰਿਵਾਰ ਦੀ ਜੰਮੂ-ਕਸ਼ਮੀਰ ਸਬੰਧੀ ਜੋ ਇਤਿਹਾਸਕ ਭੁੱਲ ਸੀ, ਉਸ ਏਜੰਡੇ ਨੂੰ ਇਹ ਅੱਗੇ ਵਧਾ ਰਹੇ ਹਨ ਅਰੁਣ ਜੇਤਲੀ ਨੇ ਇਹ ਵੀ ਕਿਹਾ, ‘ਰਾਹੁਲ ਗਾਂਧੀ ਆਪਣੀ ਅਗਿਆਨਤਾ ‘ਚ ਖਤਰਨਾਕ ਵਾਅਦੇ ਕਰੀ ਜਾਂਦੇ ਹਨ

ਦੇਸ਼ਧ੍ਰੋਹ ਸਬੰਧੀ ਤਜਵੀਜ਼ ਨੂੰ ਕਾਨੂੰਨ ਦੀ ਕਿਤਾਬ ਤੋਂ ਹਟਾਏਗੀ ਕਾਂਗਰਸ

ਕਾਂਗਰਸ ਨੇ ਸੱਤਾ ‘ਚ ਆਉਣ ‘ਤੇ ਦੇਸ਼ਧ੍ਰੋਹ ਸਬੰਧੀ ਤਜਵੀਜ਼ ਨੂੰ ਕਾਨੂੰਨ ਦੀ ਕਿਤਾਬ ‘ਚੋਂ ਬਾਹਰ ਕਰਨ ਦਾ ਵਾਅਦਾ ਕੀਤਾ ਹੈ ਕਾਂਗਰਸ ਨੇ ਅੱਜ ਜਾਰੀ ਆਪਣੇ ਐਲਾਨਨਾਮੇ ਪੱਤਰ ‘ਚ ਨਾਗਰਿਕਾਂ ਦੀ ਅਜ਼ਾਦੀ ਪ੍ਰਭਾਵਿਤ ਕਰਨ ਵਾਲੇ ਤੇ ਪੁਰਾਣੇ ਬੇਕਾਰ ਹੋ ਚੁੱਕੇ ਕਾਨੂੰਨਾਂ ਨੂੰ ਖਤਮ ਕਰਨ ਤੇ ਸੋਧਾਂ ਰਾਹੀਂ ਸੰਵਿਧਾਨਿਕ ਮੁੱਲਾਂ ਅਨੁਸਾਰ ਬਣਾਉਣ ਦਾ ਵਾਅਦਾ ਕੀਤਾ ਮੁੱਖ ਵਿਰੋਧੀ ਪਾਰਟੀ ਨੇ ਮੋਦੀ ਸਰਕਾਰ ‘ਦੇ ਕਾਰਜਕਾਲ ਦੌਰਾਨ ਕਥਿਤ ਤੌਰ ‘ਤੇ ਦੇਸ਼ਧ੍ਰੋਹ ਦੇ ਕਾਨੂੰਨਾਂ ਦੀ ਦੁਰਵਰਤੋਂ ਦੇ ਪਰਿਪੇਖ ‘ਚ ਭਾਰਤੀ ਦੰਡ ਸੰਹਿਤਾ ਦੀ ਧਾਰਾ 124 ਏ ਨੂੰ ਰੱਦ ਕਰਨ, ਧਾਰਾ 499 ਨੂੰ ਸਮਾਪਤ ਕਰਕੇ ਮਾਣਹਾਨੀ ਨੂੰ ਦੀਵਾਨੀ ਅਪਰਾਧ ਬਣਾਏ ਜਾਣ ਤੇ ਨਾਗਰਿਕਾਂ ਵੱਲੋਂ ਸਾਮਾਨਯਤਾ ਉਲੰਘਣਾ ਕੀਤੇ ਜਾਣ ਵਾਲੇ ਕਾਨੂੰਨਾਂ ਨੂੰ ਗੈਰ ਅਪਰਾਧਿਕ ਬਣਾ ਕੇ ਦੀਵਾਨੀ ਕਾਨੂੰਨਾਂ ਦੇ ਦਾਇਰੇ ‘ਚ ਲਿਆਉਣ ਦਾ ਵੀ ਵਾਅਦਾ ਕੀਤਾ ਕਾਂਗਰਸ ਨੇ ਤਿੰਨ ਸਾਲ ਜਾਂ ਉਸ ਤੋਂ ਘੱਟ ਦੀ ਸਜ਼ਾ ਵਾਲੇ ਅਪਰਾਧਾਂ ‘ਚ ਤਿੰਨ ਮਹੀਨਿਆਂ ਜਾਂ ਉਸ ਤੋਂ ਵੱਧ ਜੇਲ੍ਹ ‘ਚ ਬਿਤਾ ਚੁੱਕੇ ਕੈਦੀਆਂ ਤੇ ਤਿੰਨ ਤੋਂ ਸੱਤ ਸਾਲ ਜੇਲ੍ਹ ਦੀ ਸਜ਼ਾ ਦੀ ਤਜਵੀਜ਼ ਵਾਲੇ ਅਪਰਾਧਾਂ ‘ਚ ਛੇ ਮਹੀਨਿਆਂ ਤੋਂ ਵੱਧ ਜੇਲ੍ਹ ‘ਚ ਬਿਤਾ ਚੁੱਕੇ ਅਪਰਾਧੀਆਂ ਨੂੰ ਤੁਰੰਤ ਰਿਹਾਅ ਕੀਤੇ ਜਾਣ ਦਾ ਵੀ ਐਲਾਨ ਕੀਤਾ ਹੈ

Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।