ਸੰਭੂ ਬਾਰਡਰ ‘ਤੇ ਕਾਂਗਰਸ ਪਾਰਟੀ ਨੇ ਲਾਇਆ ਕਿਸਾਨਾਂ ਦੇ ਹੱਕ ‘ਚ ਧਰਨਾ

ਮਨਪ੍ਰੀਤ ਬਾਦਲ ਨੇ ਸਾਇਰੀ ਜ਼ਰੀਏ ਨਰਿੰਦਰ ਮੋਦੀ ਨੂੰ ਦਿੱਤਾ ਜਵਾਬ, ਕਿਹਾ ਜਿਸ ਜੰਨਤ ਦਾ ਤੂੰ ਮਾਨ ਕਰੇ, ਤੇਰੀ ਜੰਨਤ ‘ਚ ਨਹੀਂ ਵੜਦੇ

ਸੰਭੂ/ਪਟਿਆਲਾ, (ਖੁਸ਼ਵੀਰ ਸਿੰਘ ਤੂਰ/ਜਤਿੰਦਰ ਲੱਕੀ)। ਕਾਂਗਰਸ ਪਾਰਟੀ ਵੱਲੋਂ ਅੱਜ ਸ਼ੰਭੂ ਬਾਰਡਰ ‘ਤੇ ਕਿਸਾਨੀ ਸੰਘਰਸ਼ ਦੇ ਹੱਕ ਵਿੱਚ ਰੋਸ ਧਰਨਾ ਦਿੱਤਾ ਗਿਆ ਧਰਨੇ ਦੌਰਾਨ ਕਾਂਗਰਸ ਦੇ ਸੀਨੀਅਰ  ਆਗੂਆਂ ਨੇ ਖੇਤੀ ਕਾਨੂੰਨਾਂ ਦਾ ਵਿਰੋਧ ਕਰਦਿਆਂ ਮੋਦੀ ਸਰਕਾਰ ਦੇ ਨਾਲ-ਨਾਲ ਸ੍ਰੋਮਣੀ ਅਕਾਲੀ ਦਲ ਤੇ ਆਮ ਆਦਮੀ ਪਾਰਟੀ ਨੂੰ ਰਗੜੇ ਲਾਏ ਧਰਨੇ ਦੌਰਾਨ ਮੁੱਖ ਮੰਤਰੀ ਅਮਰਿੰਦਰ ਸਿੰਘ ਸ਼ਾਮਲ ਨਹੀਂ ਹੋਏ

ਸਟੇਜ ਤੋਂ ਗਿੱਦੜਬਾਹਾ ਤੋਂ ਕਾਂਗਰਸੀ ਵਿਧਾਇਕ ਰਾਜਾ ਵੜਿੰਗ ਵੱਲੋਂ ਆਪਣੀ ਸਰਕਾਰ ਅੱਗੇ ਪੰਜਾਬ ਅਤੇ ਦਿੱਲੀ ਦੇ ਅੰਦੋਲਨ ਵਿੱਚ ਜਾਨਾਂ ਦੇਣ ਵਾਲੇ ਕਿਸਾਨਾਂ ਨੂੰ 10 ਲੱਖ ਰੁਪਏ ਅਤੇ ਪਰਿਵਾਰਕ ਮੈਂਬਰ ਨੂੰ ਇੱਕ ਸਰਕਾਰੀ ਨੌਕਰੀ ਦੀ ਮੰਗ ਰੱਖੀ ਗਈ। ਰੋਸ ਧਰਨੇ ਦੀ ਹੈਰਾਨੀਜਨਕ ਗੱਲ ਇਹ ਰਹੀ ਕਿ ਜਦੋਂ ਪੰਜਾਬ ਕਾਂਗਰਸ ਪ੍ਰਧਾਨ ਸੁਨੀਲ ਜਾਖੜ ਸੰਬੋਧਨ ਕਰਨ ਲੱਗੇ ਤਾਂ ਜ਼ਿਆਦਾਤਰ ਲੋਕ ਪੰਡਾਲ ਵਿੱਚੋਂ ਉੱਠ ਗਏ ਅਤੇ ਸਟੇਜ ‘ਤੇ ਬੈਠੇ ਆਗੂ ਆਪਣੀਆਂ ਫੋਟੋ ਖਿਚਵਾਉਣ ਅਤੇ ਮੀਡੀਆ ਨੂੰ ਬਾਈਟਾਂ ਦੇਣ ਲੱਗੇ ਪਏ, ਜਿਸ ‘ਤੇ ਜਾਖੜ ਨੇ ਤਲਖੀ ਭਰੇ ਲਹਿਜੇ ਵਿੱਚ ਕਿਹਾ, ”ਬੈਠੋ, ਫੋਟੋਆਂ ਫੇਰ ਖਿਚਵਾ ਲਿਓ”।

ਇਸ ਮੌਕੇ ਧਰਨੇ ਨੂੰ ਸੰਬੋਧਨ ਕਰਦਿਆਂ ਪੰਜਾਬ ਕਾਂਗਰਸ ਦੇ ਇੰਚਾਰਚ ਹਰੀਸ਼ ਰਾਵਤ ਨੇ ਕਿਹਾ ਕਿ ਕਾਂਗਰਸ ਪਾਰਟੀ ਆਪਣੇ ਕਿਸਾਨਾਂ ਦੀ ਆਵਾਜ਼ ਬੁਲੰਦ ਕਰਦੀ ਰਹੇਗੀ ਅਤੇ ਸਾਨੂੰ ਫਖ਼ਰ ਹੈ ਕਿ ਅਸੀਂ ਕਿਸਾਨ ਦੇ ਨਾਲ ਖੜ੍ਹੇ ਹਾਂ। ਉਨ੍ਹਾਂ ਤਾਅਨਾ ਮਾਰਦਿਆਂ ਕਿਹਾ ਕਿ ਜੋ ਕਿਸਾਨਾਂ ਦੇ ਨਾਂਅ ‘ਤੇ ਜਿੱਤ ਕੇ ਗਏ ਸਨ ਉਨ੍ਹਾਂ ਨੇ ਤਾਂ ਭਾਜਪਾ ਨਾਲ ਮਿਲ ਕੇ ਇਹ ਕਾਨੂੰਨ ਲਾਗੂ ਕਰਵਾਏ। ਉਨ੍ਹਾਂ ਕਿਹਾ ਕਿ ਕਾਂਗਰਸ ਪਾਰਟੀ ਹੀ ਪਹਿਲੀ ਅਜਿਹੀ ਪਾਰਟੀ ਹੈ, ਜਿਸ ਨੇ ਪਹਿਲੇ ਦਿਨ ਤੋਂ ਹੀ ਇਨ੍ਹਾਂ ਤਿੰਨੇ ਕਾਨੂੰਨਾਂ ਦਾ ਵਿਰੋਧ ਕੀਤਾ ਸੀ। ਉਨ੍ਹਾਂ ਕਿਹਾ ਕਿ ਮੋਦੀ ਸਰਕਾਰ ਆਪਣੀ ਨਫ਼ਰਤ ਦੀ ਰਾਜਨੀਤੀ ਨਾਲ ਦੇਸ਼ ਨੂੰ ਵੰਡਣਾ ਚਾਹੁੰਦੀ ਹੈ,

ਜੇਕਰ ਕੋਈ ਆਪਣਾ ਹੱਕ ਮੰਗਦਾ ਹੈ ਜਾਂ ਉਨ੍ਹਾਂ ਦਾ ਵਿਰੋਧ ਕਰਦਾ ਹੈ, ਤਾਂ ਮੋਦੀ ਸਰਕਾਰ ਵੱਲੋਂ ਅੱਤਵਾਦੀ, ਵੱਖਵਾਦੀ ਅਤੇ ਟੁਕੜੇ ਟੁਕੜੇ ਗੈਂਗ ਕਹਿ ਦਿੱਤਾ ਜਾਂਦਾ ਹੈ। ਇਸ ਮੌਕੇ ਪੰਜਾਬ ਦੇ ਖਜਾਨਾ ਮੰਤਰੀ ਮਨਪ੍ਰੀਤ ਸਿੰਘ ਬਾਦਲ ਨੇ ਕਿਹਾ ਕਿ ਜੇਕਰ ਮੇਰੀਆਂ ਅੱਖਾਂ ਧੋਖਾ ਨਾ ਖਾਦੀਆਂ ਹੋਣ ਤਾ ਮੈਨੂੰ ਅੱਜ ਦੇ ਜੋਸ਼ ‘ਚੋਂ ਹਿੰਦੁਸਤਾਨ ਦੀ ਤਕਦੀਰ ਬਦਲਦੀ ਨਜ਼ਰ ਆ ਰਹੀ ਹੈ। ਉਨ੍ਹਾਂ ਸਰ ਛੋਟੂ ਰਾਮ ਦਾ ਜ਼ਿਕਰ ਕਰਦਿਆਂ ਕਿਹਾ ਕਿ ਉਨ੍ਹਾਂ ਨੇ ਕਿਹਾ ਸੀ ਕਿ ਜੇਕਰ ਪੰਜਾਬ ਦਾ ਕਿਸਾਨ ਸੁਖੀ ਤਾਂ ਪੰਜਾਬ ਸੁਖੀ ਅਤੇ ਜੇਕਰ ਕਿਸਾਨ ਦੁਖੀ ਤਾਂ ਪੰਜਾਬ ਦੁਖੀ। ਇਸ ਲਈ ਮੋਦੀ ਸਰਕਾਰ ਵੱਲੋਂ ਪਾਸ ਕੀਤੇ ਗਏ ਕਾਲੇ ਕਾਨੂੰਨਾਂ ਨੇ ਅੱਜ ਮੁੜ ਤੋਂ ਪੰਜਾਬ ਕੀ ਪੂਰੇ ਹਿੰਦੁਸਤਾਨ ਦੇ ਕਿਸਾਨਾਂ ਨੂੰ ਦੁਖੀ ਕੀਤਾ ਹੈ।

ਉਨ੍ਹਾਂ ਆਪਣੀ ਸ਼ੇਅਰੋ-ਸ਼ਾਇਰੀ ਰਾਹੀਂ ਪ੍ਰਧਾਨ ਮੰਤਰੀ ਮੋਦੀ ਤੇ ਨਿਸ਼ਾਨੇ ਵਿੰਨ੍ਹਦਿਆਂ ਕਿਹਾ ਕਿ ‘ਨਾ ਤੂੰ ਸਾਡਾ ਰੱਬ, ਨਾ ਅਸੀਂ ਤੇਰੇ ਬੰਦੇ, ਨਾ ਤੇਰੇ ਮਾਰਿਆ ਅਸੀਂ ਮਰਦੇ, ਜਿਸ ਜੰਨਤ ਦਾ ਤੂੰ ਮਾਨ ਕਰੇ, ਤੇਰੀ ਜੰਨਤ ‘ਚ ਨਹੀਂ ਵੜਦੇ।” ਉਨ੍ਹਾਂ ਕਿਹਾ ਕਿ ਭਾਜਪਾ ਸਰਕਾਰ ਨੇ ਤਬਾਹਕੁੰਨ ਫੈਸਲੇ ਕਰਕੇ ਦੇਸ਼ ਨੂੰ ਬਰਬਾਦੀ ਦੇ ਕੰਢੇ ਲੈ ਆਂਦਾ ਹੈ।  ਇਸ ਮੌਕੇ ਗਿੱਦੜਵਾਹਾ ਤੋਂ ਕਾਂਗਰਸੀ ਵਿਧਾਇਕ ਰਾਜਾ ਵੜਿੰਗ ਨੇ ਕਿਹਾ ਕਿ ਭਾਵੇਂ ਕਿਸਾਨ ਯੂਨੀਅਨਾਂ ਅੰਦਰ ਕਈ ਨੌਵਜਾਨਾਂ ਵੱਲੋਂ ਵਿਰੋਧ ਕੀਤਾ ਜਾਂਦਾ ਹੈ ਕਿ ਆਗੂਆਂ ਨੂੰ ਇਸ ਸੰਘਰਸ ਤੋਂ ਦੂਰ ਰੱਖਿਆ ਜਾਵੇ, ਚੱਲੋਂ ਕੋਈ ਗੱਲ ਨਹੀਂ, ਉਨ੍ਹਾਂ ਨੂੰ ਭੜਕਾਇਆ ਹੋਇਆ ਹੈ। ਉਨ੍ਹਾਂ ਕਿਹਾ ਕਿ ਉਹ ਰਾਜਨੀਤਿਕ ਆਗੂ ਵੀ ਕਿਸਾਨ ਹਨ ਅਤੇ ਉਹ ਇਨ੍ਹਾਂ ਕਾਨੂੰਨਾਂ ਦਾ ਵਿਰੋਧ ਕਰਦੇ ਰਹਿਣਗੇ।

ਉਨ੍ਹਾਂ ਸਟੇਜ਼ ਤੋਂ ਸੁਨੀਲ ਜਾਖੜ ਨੂੰ ਸੰਬੋਧਨ ਕਰਦਿਆਂ ਆਖਿਆ ਕਿ ਉਨ੍ਹਾਂ ਦੀ ਮੰਗ ਪੰਜਾਬ ਸਰਕਾਰ ਜ਼ਰੂਰ ਮੰਨੇ, ਕਿ ਜੇਕਰ ਕਿਸਾਨੀ ਸੰਘਰਸ਼ ਅੰਦਰ ਪੰਜਾਬ ਜਾਂ ਦਿੱਲੀ ਡਟੇ ਕਿਸਾਨਾਂ ਚੋਂ ਕੋਈ ਸ਼ਹੀਦ ਹੁੰਦਾ ਹੈ ਤਾਂ ਸਾਡੀ ਸਰਕਾਰ ਉਨ੍ਹਾਂ ਦੇ ਪਰਿਵਾਰ ਨੂੰ ਇੱਕ ਸਰਕਾਰੀ ਨੌਕਰੀ ਅਤੇ 10 ਲੱਖ ਰੁਪਏ ਜ਼ਰੂਰ ਦੇਵੇ। ਉਨ੍ਹਾਂ ਕਿਹਾ ਕਿ ਜੇਕਰ ਸਾਡੀ ਸਰਕਾਰ ਨੇ ਇਹ ਮੰਗ ਨਾ ਮੰਨੀ ਤਾ ਰਾਜ ਵੜਿੰਗ ਖੁਦ ਉਨ੍ਹਾਂ ਪਰਾਵਰਾਂ ਨੂੰ 10 ਲੱਖ ਰੁਪਏ ਜ਼ਰੂਰ ਦੇਵੇਗਾ, ਚਾਹੇ ਕਿੱਥੋਂ ਮਰਜ਼ੀ ਲਿਆ ਕੇ ਦੇਵੇ। ਉਨ੍ਹਾਂ ਕਿਹਾ ਕਿ ਮੋਦੀ ਸਰਕਾਰ ਕਿਸਾਨੀ ਧਰਨੇ ਨੂੰ ਫੇਲ੍ਹ ਕਰਨ ‘ਤੇ ਲੱਗੀ ਹੋਈ ਹੈ, ਇਸ ਲਈ ਇਨ੍ਹਾਂ ਨੂੰ ਧਰਨਿਆਂ ਦੀ ਸਫ਼ਲਤਾ ਲਈ ਹਰੇਕ ਕਾਂਗਰਸ ਦੇ ਐਮਐਲਏ ਨੂੰ 100-100 ਟਰਾਲੀ ਜ਼ਰੂਰ ਭੇਜਣੀ ਚਾਹੀਦੀ ਹੈ। ਉਨ੍ਹਾਂ ਆਪਣੇ ਭਾਵੁਕ ਭਾਸ਼ਨ ਵਿੱਚ ਸ਼ਹੀਦ ਭਗਤ ਸਿੰਘ, ਸ਼ਹੀਦ ਊਧਮ ਸਿੰਘ ਅਤੇ ਸ਼ਹੀਦ ਕਰਤਾਰ ਸਿੰਘ ਸਰਾਭੇ ਨਾਲ ਸਬੰਧਿਤ ਤਕਰੀਰਾਂ ਦਾ ਜਿਕਰ ਕਰਦਿਆ ਜੋਸ਼ ਭਰ ਦਿੱਤਾ।

ਇਸ ਮੌਕੇ ਸਿਹਤ ਮੰਤਰੀ ਬਲਬੀਰ ਸਿੱਧੂ ਵੱਲੋਂ ਸੱਦਾ ਦਿੰਦਿਆ ਕਿਹਾ ਕਿ ਕਾਂਗਰਸ ਪਾਰਟੀ ਵੱਲੋਂ ਪੰਜ ਲੱਖ ਵਿਅਕਤੀ ਨਾਲ ਲਿਜਾਕੇ ਦਿੱਲੀ ਧਰਨਾ ਦੇਣਾ ਚਾਹੀਦਾ ਹੈ। ਇਸ ਮੌਕੇ ਕਈ ਮੰਤਰੀਆਂ ਨੇ ਅਕਾਲੀ ਦਲ ਦੇ ਨਿਸ਼ਾਨੇ ਲਾਉਂਦਿਆ ਕਿਹਾ ਕਿ ਅੱਜ ਅਕਾਲੀ ਦਲ ਦਾ 100 ਸਾਲਾ ਸਥਾਪਨਾ ਦਿਵਸ ਹੈ ਪਰ ਇਸ ਦੇ ਆਗੂਆਂ ਵੱਲੋਂ ਆਪਣੇ ਲੋਕਾਂ ਨਾਲ ਕੀਤੀ ਗੱਦਾਰੀ ਕਾਰਨ ਇਹ ਲੋਕ ਆਪਣੀ ਪਾਰਟੀ ਦਾ ਸਥਾਪਨਾ ਦਿਵਸ ਮਨਾਉਣ ਜੋਗੇ ਵੀ ਨਹੀਂ ਰਹੇ। ਜਦਕਿ ਆਮ ਆਦਮੀ ਪਾਰਟੀ ਦੀ ਦਿੱਲੀ ਸਰਕਾਰ ਇੰਨਾਂ ਕਾਲੇ ਕਾਨੂੰਨਾਂ ਨੂੰ ਲਾਗੂ ਕਰ ਚੁੱਕੀ ਹੈ। ਅਜਿਹੇ ਦੂਹਰੇ ਕਿਰਦਾਰ ਦੇ ਲੋਕਾਂ ਦਾ ਸੱਚ ਪੰਜਾਬ ਦੇ ਲੋਕ ਖੂਬ ਸਮਝਦੇ ਹਨ।

ਇਸ ਮੌਕੇ ਸਾਧੂ ਸਿੰਘ ਧਰਮਸੌਤ, ਵਿਧਾਇਕ ਹਰਦਿਆਲ ਸਿੰਘ ਕੰਬੋਜ, ਮਦਨ ਲਾਲ ਜਲਾਲਪੁਰ, ਗੁਰਕੀਰਤ ਸਿੰਘ ਕੋਟਲੀ, ਤਰਸੇਮ ਸਿੰਘ ਡੀਸੀ,  ਕੁਲਜੀਤ ਸਿੰਘ ਨਾਗਰਾ, ਹਰਮਿੰਦਰ ਸਿੰਘ ਗਿੱਲ, ਚੇਅਰਮੈਨ ਡਾ. ਰਾਜ ਕੁਮਾਰ ਵੇਰਕਾ, ਲੋਕ ਸਭਾ ਮੈਂਬਰ ਮਨੀਸ਼ ਤਿਵਾੜੀ, ਮੁਹੰਮਦ ਸਦੀਕ, ਮੰਡੀ ਬੋਰਡ ਦੇ ਚੇਅਰਮੈਨ ਲਾਲ ਸਿੰਘ, ਲੋਕ ਨਿਰਮਾਣ ਮੰਤਰੀ ਵਿਜੈ ਇੰਦਰ ਸਿੰਗਲਾ, ਤ੍ਰਿਪਤ ਰਾਜਿੰਦਰ ਸਿੰਘ ਬਾਜਵਾ,  ਸੁੰਦਰ ਸ਼ਾਮ ਅਰੋੜਾ, ਭਾਰਤ ਭੂਸ਼ਨ ਆਸ਼, ਗੁਰਪ੍ਰੀਤ ਸਿੰਘ ਕਾਂਗੜ, ਗੁਰਸ਼ਰਨ ਕੌਰ ਰੰਧਾਵਾ, ਗੇਜ਼ਾ ਰਾਮ, ਅਮਰੀਕ ਸਿੰਘ ਆਲੀਵਾਲ, ਕ੍ਰਿਸ਼ਨ ਕੁਮਾਰ ਬਾਵਾ ਸਮੇਤ ਵੱਡੀ ਗਿਣਤੀ ਵਿੱਚ ਕਾਂਗਰਸੀ ਵਰਕਰ ਹਾਜ਼ਰ ਸਨ।

ਨਵਜੋਤ ਸਿੱਧੂ ਰਹੇ ਗੈਰ-ਹਾਜ਼ਰ

ਇਸ ਰੋਸ ਧਰਨੇ ਵਿੱਚ ਲਗਭਗ ਸਾਰੇ ਹੀ ਵਿਧਾਇਕ ਅਤੇ ਮੰੰਤਰੀ ਪੁੱਜੇ ਹੋਏ ਸਨ, ਪਰ ਤੇਜ ਤਰਾਰ ਆਗੂ ਨਵਜੋਤ ਸਿੰਘ ਸਿੱਧੂ ਗੈਰਹਾਜਰ ਰਹੇ। ਇੱਥੋਂ ਤੱਕ ਕਿ ਉਨ੍ਹਾਂ ਦੇ ਸਾਥੀ ਵਿਧਾਇਕ ਪ੍ਰਗਟ ਸਿੰਘ ਵੀ ਪੁੱਜੇ ਹੋਏ ਸਨ ਅਤੇ ਉਨ੍ਹਾਂ ਵੱਲੋਂ ਸੰਬੋਧਨ ਵੀ ਕੀਤਾ ਗਿਆ। ਪੰਡਾਲ ‘ਚ ਬੈਠੇ ਲੋਕਾਂ ਨੂੰ ਵੀ ਨਵਜੋਤ ਸਿੰਘ ਸਿੱਧੂ ਦੀ ਘਾਟ ਰੜਕੀ।

ਆਵਜਾਈ ਹੋਈ ਪ੍ਰਭਾਵਿਤ

ਕਾਂਗਰਸ ਦੇ ਧਰਨੇ ਦੌਰਾਨ ਸੰਭੂ ਬਾਰਡਰ ‘ਤੇ ਆਵਾਜਾਈ ਬੂਰੀ ਤਰ੍ਹਾਂ ਪ੍ਰਭਾਵਿਤ ਹੋਈ। ਇੱਕ ਵਾਰ ਤਾਂ ਹਾਈਵੇ ‘ਤੇ ਦੋਵੇਂ ਪਾਸਿਓ ਹੀ ਜਾਮ ਵਰਗੀ ਸਥਿਤੀ ਪੈਦਾ ਹੋ ਗਈ। ਕਾਂਗਰਸੀਆਂ ਵੱਲੋਂ ਆਪਣੇ ਵਾਹਣ ਸੜਕਾਂ ਦੇ ਆਲੇ ਦੁਆਲੇ ਹੀ ਲਗਾ ਦਿੱਤੇ ਗਏ। ਆਉਣ ਜਾਣ ਵਾਲੇ ਆਮ ਰਾਹਗੀਰਾਂ ਨੂੰ ਕਾਫੀ ਦਿੱਕਤਾ ਦਾ ਸਾਹਮਣਾ ਕਰਨਾ ਪਿਆ।

ਝਲਕੀਆਂ:

  • ਧਰਨੇ ‘ਚ ਪਹੁੰਚਣ ਲਈ ਗੱਡੀਆਂ ਤੇ ਟਰੈਕਟਰ ਟਰਾਲੀਆਂ ਦੀਆਂ ਲੱਗੀਆਂ ਦੂਰ-ਦੁਰ ਤੱਕ ਕਤਾਰਾਂ
  • ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਨਹੀਂ ਕੀਤੀ ਧਰਨੇ ਵਿੱਚ ਸ਼ਮੂਲੀਅਤ
  • ਰਾਸ ਸਭਾ ਮੈਂਬਰ ਸ਼ਮੇਸ਼ਰ ਸਿੰਘ ਦੂਲੋ ਤੇ ਪ੍ਰਤਾਪ ਸਿੰਘ ਬਾਜਵਾ ਵੀ ਰਹੇ ਗੈਰ ਹਾਜ਼ਰ

ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ.