ਹਰਦੀਪ ਸਿੰਘ ਡਿੰਪੀ ਢਿੱਲੋਂ ਨੂੰ ਐਲਾਨਿਆ ਗਿੱਦੜਬਾਹਾ ਤੋਂ ਉਮੀਦਵਾਰ
ਗਿੱਦੜਬਾਹਾ, (ਰਾਜਵਿੰਦਰ ਬਰਾੜ) | ਸ਼੍ਰੋਮਣੀ ਅਕਾਲੀ ਦਲ ਪ੍ਰਧਾਨ ਸੁਖਬੀਰ ਬਾਦਲ ‘100 ਦਿਨ 100 ਹਲਕੇ, ਗੱਲ ਪੰਜਾਬ ਦੀ’ ਪ੍ਰੋਗਰਾਮ ਦੌਰਾਨ ਅੱਜ 5ਵੇਂ ਹਲਕੇ ’ਚ ਵਰਕਰ ਮੀਟਿੰਗ ਲਈ ਹਲਕਾ ਗਿੱਦੜਬਾਹਾ ਵਿਖੇ ਪੁੱਜੇ। ਅਕਾਲੀ ਵਰਕਰਾਂ ਨੇ ਹਲਕਾ ਇੰਚਾਰਜ ਹਰਦੀਪ ਸਿੰਘ ਡਿੰਪੀ ਢਿੱਲੋਂ ਦੀ ਅਗਵਾਈ ’ਚ ਸੁਖਬੀਰ ਬਾਦਲ ਦਾ ਸਥਾਨਕ ਲੰਬੀ ਰੋਡ ’ਤੇ ਸਵਾਗਤ ਕੀਤਾ
ਬਠਿੰਡਾ ਰੋਡ ਸਥਿਤ ਮੱਕੜ ਪੈਲੇਸ ਵਿਖੇ ਰੱਖੀ ਮੀਟਿੰਗ ਮੌਕੇ ਹਲਕੇ ਦੇ ਮੁੱਖ ਸੇਵਾਦਾਰ ਹਰਦੀਪ ਸਿੰਘ ਡਿੰਪੀ ਢਿੱਲੋਂ ਦੀ ਅਗਵਾਈ ਵਿੱਚ ਵਰਕਰਾਂ ਦੇ ਇਕੱਠ ਨੂੰ ਸੰਬੋਧਨ ਕਰਦਿਆਂ ਸੁਖਬੀਰ ਬਾਦਲ ਨੇ ਕਿਹਾ ਕਿ ਕਾਂਗਰਸ ਪਾਰਟੀ ਨੇ ਹਮੇਸ਼ਾ ਪੰਜਾਬ ਦੇ ਲੋਕਾਂ ਨਾਲ ਧੋਖਾ ਕੀਤਾ ਹੈ ਕਾਂਗਰਸ ਦੇ ਰਾਜ ਵਿੱਚ ਲੋਕਾਂ ਨੂੰ ਕੁੱਟਿਆਂ ਅਤੇ ਲੁੱਟਿਆ ਗਿਆ ਹੈ ਉਹਨਾਂ ਕਿਹਾ ਕਿ ਪੰਜਾਬ ਵਿਧਾਨ ਸਭਾ ਚੋਣਾਂ ਵਿੱਚ 6 ਮਹੀਨਿਆਂ ਤੋਂ ਵੀ ਘੱਟ ਦਾ ਸਮਾਂ ਰਹਿ ਗਿਆ ਹੈ,
ਇਸ ਲਈ ਪੰਜਾਬ ਦੇ ਲੋਕਾਂ ਨੂੰ ਇਹ ਸੋਚ ਸਮਝ ਕੇ ਫੈਸਲਾ ਕਰਨਾ ਪਵੇਗਾ ਕਿ ਉਨ੍ਹਾਂ ਦੀ ਹਿਤੈਸ਼ੀ ਪਾਰਟੀ ਕਿਹੜੀ ਹੈ। ਉਨ੍ਹਾਂ ਕਿਹਾ ਇੱਕ ਪਾਸੇ ਕੈਪਟਨ ਸਰਕਾਰ ਹੈ, ਜਿਸ ਨੇ ਸਾਢੇ 4 ਸਾਲਾਂ ਵਿੱਚ ਪੰਜਾਬ ਨੂੰ ਲੁੱਟਣ ਅਤੇ ਵਰਕਰਾਂ ’ਤੇ ਝੂਠੇ ਪਰਚੇ ਦਰਜ ਕਰਨ ਤੋਂ ਇਲਾਵਾ ਕੋਈ ਕੰਮ ਨਹੀਂ ਕੀਤਾ, ਦੂਜੇ ਪਾਸੇ ਆਮ ਆਦਮੀ ਪਾਰਟੀ ਹੈ, ਜਿਸ ਦੇ ਮੁਖੀ ਅਰਵਿੰਦ ਕੇਜਰੀਵਾਲ ਨੇ ਕਿਸੇ ਵੀ ਪਾਰਟੀ ਨਾਲ ਸਮਝੌਤਾ ਨਾ ਕਰਨ ਦੀ ਸੌਂਹ ਖਾ ਕੇ ਪਿਛਲੀਆਂ ਚੋਣਾਂ ਦੌਰਾਨ ਕਾਂਗਰਸ ਪਾਰਟੀ ਨਾਲ ਅੰਦਰੂਨੀ ਗੱਠਜੋੜ ਕਰਕੇ ਦਿੱਲੀ ਦੀ ਸੱਤਾ ’ਤੇ ਕਬਜਾ ਕੀਤਾ ਜਦੋਂਕਿ ਤੀਜੀ ਪਾਰਟੀ ਸ੍ਰੋਮਣੀ ਅਕਾਲੀ ਦਲ ਬਾਦਲ ਹੈ, ਜਿਸ ਨੇ ਸ. ਪ੍ਰਕਾਸ਼ ਸਿੰਘ ਬਾਦਲ ਦੀ ਅਗਵਾਈ ਹੇਠ ਪੰਜਾਬ ਦਾ ਵਿਕਾਸ ਕੀਤਾ। ਉਨ੍ਹਾਂ ਕਿਹਾ ਕਿ ਸ੍ਰੋਮਣੀ ਅਕਾਲੀ ਦਲ ਕਿਸਾਨਾਂ ਦੀ ਹਿਤੈਸ਼ੀ ਪਾਰਟੀ ਹੈ, ਜੋ ਹਮੇਸ਼ਾ ਕਿਸਾਨਾਂ ਦੇ ਨਾਲ ਖੜ੍ਹੀ ਅਤੇ ਖੜ੍ਹੇਗੀ।
ਉਨ੍ਹਾਂ ਕਿਹਾ ਕਿ ਪੰਜਾਬ ਵਿੱਚ ਅਕਾਲੀ-ਬਸਪਾ ਸਰਕਾਰ ਆਉਣ ’ਤੇ ਕਿਸਾਨ ਵਿਰੋਧੀ ਕਾਲੇ ਕਾਨੂੰਨਾਂ ਨੂੰ ਪੰਜਾਬ ਵਿੱਚ ਲਾਗੂ ਨਹੀਂ ਹੋਣ ਦਿੱਤਾ ਜਾਵੇਗਾ। ਇਸ ਮੌਕੇ ਹਲਕਾ ਵਿਧਾਇਕ ’ਤੇ ਵਰ੍ਹਦਿਆਂ ਸੁਖਬੀਰ ਸਿੰਘ ਬਾਦਲ ਨੇ ਕਿਹਾ ਕਿ ਉਨ੍ਹਾਂ ਨੇ ਅਕਾਲੀ ਵਰਕਰਾਂ ਦੇ ਨੀਲੇ ਕਾਰਡ ਹਲਕੇ ਦਰਜੇ ਦੀ ਰਾਜਨੀਤੀ ਕਰਦਿਆਂ ਰੱਦ ਕਰ ਦਿੱਤੇ ਹਨ, ਜਿੰਨ੍ਹਾਂ ਨੂੰ ਅਕਾਲੀ-ਬਸਪਾ ਸਰਕਾਰ ਆਉਣ ’ਤੇ ਤੁਰੰਤ ਚਾਲੂ ਕੀਤਾ ਜਾਵੇਗਾ। ਇਸ ਮੌਕੇ ਸ਼੍ਰੋਮਣੀ ਅਕਾਲੀ ਦਲ ਹਲਕਾ ਗਿੱਦੜਬਾਹਾ ਦੇ ਮੁੱਖ ਸੇਵਾਦਾਰ ਹਰਦੀਪ ਸਿੰਘ ਡਿੰਪੀ ਢਿੱਲੋਂ ਨੂੰ ਹਲਕੇ ਦੀ ਕੀਤੀ ਗਈ ਸੇਵਾ ਦੀ ਬਦੌਲਤ ਹਲਕਾ ਗਿੱਦੜਬਾਹਾ ਤੋਂ ਅਕਾਲੀ ਦਲ ਤੇ ਬਸਪਾ ਗੱਠਜੋੜ ਦਾ ਸਾਂਝਾ ਉਮੀਦਵਾਰ ਐਲਾਨਿਆ ਗਿਆ। ਵਰਕਰਾਂ ਨੂੰ ਡਿੰਪੀ ਢਿੱਲੋਂ ਨੂੰ ਵੱਡੀ ਗਿਣਤੀ ਵਿੱਚ ਵੋਟਾਂ ਪਾ ਕੇ ਜਿਤਾਉਣ ਦੀ ਅਪੀਲ ਕੀਤੀ।
ਇਸ ਮੌਕੇ ਡਿੰਪੀ ਢਿੱਲੋਂ ਨੇ ਸ ਬਾਦਲ ਅਤੇ ਸੀਨੀਅਰ ਲੀਡਰਸ਼ਿਪ ਦਾ ਧੰਨਵਾਦ ਕਰਦਿਆਂ ਕਿਹਾ ਕਿ ਸ੍ਰੋਮਣੀ ਅਕਾਲੀ ਦਲ ਅਤੇ ਬਹੁਜਨ ਸਮਾਜ ਪਾਰਟੀ ਪੰਜਾਬ ਵਿੱਚ ਅਮਨ ਸ਼ਾਂਤੀ, ਭਾਈਚਾਰਕ ਸਾਂਝ ਕਾਇਮ ਕਰਨ ਅਤੇ ਲੋਕਾਂ ਦੇ ਦੁੱਖ ਸੁੱਖ ਵਿੱਚ ਹਰ ਸਮੇਂ ਦੀ ਭਾਈਵਾਲ ਲੋਕਾਂ ਦੀ ਆਪਣੀ ਪਾਰਟੀ ਹੈ। ਇਸ ਮੌਕੇ ਸ. ਬਾਦਲ ਨੇ ਕੋਰਟ ਕੰਪਲੈਕਸ ਵਿੱਚ ਬਾਰ ਐਸੋਸ਼ੀਏਸ਼ਨ ਦੇ ਮੈਬਰ ਵਕੀਲਾਂ ਨਾਲ ਵਿਚਾਰਾਂ ਕਰਨ ਤੋਂ ਇਲਾਵਾ ਵਾਰਡ ਨੰਬਰ 10 ਪਾਰਕ ਵਾਲੀ ਧਰਮਸ਼ਾਲਾ, ਬੈਂਟਾਂਬਾਦ (ਨਾਨਕਸਰ) ਵਿਖੇ ਹਨੂੰਮਾਨ ਮੰਦਰ ਕੇ ਕੋਲ, ਬਾਬਾ ਗੰਗਾ ਰਾਮ ਬਾਸਕਿਟਬਾਲ ਸਟੇਡੀਅਮ ਵਿਖੇ ਵਰਕਰ ਮੀਟਿੰਗ ਨੂੰ ਵੀ ਸੰਬੋਧਨ ਕੀਤਾ।
ਸਾਂਝੇ ਕਿਸਾਨ ਮੋਰਚੇ ਨੇ ਸੁਖਬੀਰ ਨੂੰ ਦਿਖਾਈਆਂ ਕਾਲੀਆਂ ਝੰਡੀਆਂ
ਸਾਂਝੇ ਕਿਸਾਨ ਮੋਰਚੇ ਵੱਲੋਂ ਸੁਖਬੀਰ ਬਾਦਲ ਦੇ ਕਾਫ਼ਲੇ ਨੂੰ ਕਾਲੀਆਂ ਝੰਡੀਆਂ ਦਿਖਾਈਆਂ ਗਈਆਂ ਤੇ ਸੁਖਬੀਰ ਬਾਦਲ ਬਦਲਵੇਂ ਹੋਰ ਰਸਤੇ ਰਾਹੀਂ ਮੱਕੜ ਪੈਲੇਸ ਪੁੱਜੇ। ਕਿਸਾਨਾਂ ਵੱਲੋਂ ਸੁਖਬੀਰ ਸਿੰਘ ਬਾਦਲ ਦੇ ਵਿਰੋਧ ਕਰਨ ਬਾਰੇ ਸਮੇਂ ਤੋਂ ਪਹਿਲਾਂ ਪਤਾ ਲੱਗਣ ’ਤੇ ਡੀ.ਐੱਸ.ਪੀ. ਨਰਿੰਦਰ ਸਿੰਘ ਅਤੇ ਐੱਸ.ਐੱਚ.ਓ. ਹਰਜੀਤ ਸਿੰਘ ਮਾਨ ਦੀ ਅਗਵਾਈ ਹੇਠ ਭਾਰੀ ਪੁਲਿਸ ਫੋਰਸ ਨੇ ਕਿਸਾਨਾਂ ਨੂੰ ਨਵੀਂ ਦਾਣਾ ਮੰਡੀ ਅੰਦਰ ਹੀ ਰੋਕ ਲਿਆ ਅਤੇ ਉਨ੍ਹਾਂ ਨੂੰ ਮੀਟਿੰਗ ਵਾਲੀ ਜਗ੍ਹਾ ’ਤੇ ਨਹੀਂ ਜਾਣ ਦਿੱਤਾ ਗਿਆ। ਜਿਸ ’ਤੇ ਕਿਸਾਨਾਂ ਨੇ ਉਸੇ ਜਗ੍ਹਾ ’ਤੇ ਹੀ ਸ੍ਰੋਮਣੀ ਅਕਾਲੀ ਦਲ ਵਿਰੁੱਧ ਨਾਅਰੇਬਾਜ਼ੀ ਕਰਦਿਆਂ ਕਿਹਾ ਕਿ ਜਿੰਨਾਂ ਸਮਾਂ ਕਾਲੇ ਖੇਤੀ ਕਾਨੂੰਨ ਰੱਦ ਨਹੀਂ ਹੁੰਦੇ ਉਹ ਸਾਰੀਆਂ ਰਾਜਨੀਤਕ ਪਾਰਟੀਆਂ ਦੇ ਆਗੂਆਂ ਦਾ ਵਿਰੋਧ ਕਰਦੇ ਰਹਿਣਗੇ। ਇਸ ਸੰਬੰਧੀ ਡੀ.ਐੱਸ.ਪੀ. ਨਰਿੰਦਰ ਸਿੰਘ ਨੇ ਕਿਹਾ ਕਿ ਸ਼ਾਂਤਮਈ ਪ੍ਰਦਰਸ਼ਨ ਕਰਨ ਦਾ ਸਭ ਨੂੰ ਹੱਕ ਹੈ ਪਰੰਤੂ ਕਿਸੇ ਵੀ ਤਰ੍ਹਾਂ ਦੀ ਅਣਸੁਖਾਵੀਂ ਘਟਨਾ ਨੂੰ ਰੋਕਣ ਲਈ ਉਨ੍ਹਾਂ ਨੇ ਕਿਸਾਨਾਂ ਨੂੰ ਮੀਟਿੰਗ ਵਾਲੀ ਜਗ੍ਹਾ ਤੋਂ ਕਰੀਬ ਅੱਧਾ ਕਿਲੋਮੀਟਰ ਦੂਰ ਰੋਕਿਆ ਗਿਆ।
ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter,Instagram, linkedin , YouTube‘ਤੇ ਫਾਲੋ ਕਰੋ