ਸਿਰਫ਼ 2 ਵਿਧਾਇਕਾਂ ਤੇ 2 ਮੰਤਰੀਆਂ ਨੇ ਕੀਤੀ ਮੁੱਖ ਮੰਤਰੀ ਦੀ ਸ਼ਿਕਾਇਤ
- ਕਾਂਗਰਸ ਹਾਈ ਕਮਾਨ ਦੀ ਟੀਮ ਵੱਲੋਂ ਪਹਿਲੀ ਮੀਟਿੰਗ ’ਚ 13 ਮਾਲਵੇ ਅਤੇ 6-6 ਦੁਆਬੇ ਤੇ ਮਾਝੇ ਦੇ ਸੱਦੇ ਗਏ ਸਨ ਕੁੱਲ 25 ਵਿਧਾਇਕ
ਅਸ਼ਵਨੀ ਚਾਵਲਾ, ਚੰਡੀਗੜ੍ਹ। ਪੰਜਾਬ ਦੇ ਮੁੱਖ ਮੰਤਰੀ ਅਮਰਿੰਦਰ ਸਿੰਘ ਦੇ ਖ਼ਿਲਾਫ਼ ਸੂਬੇ ’ਚ ਬਗਾਵਤ ਕਰਨ ਵਾਲੇ ਵਿਧਾਇਕਾਂ ਅਤੇ ਮੰਤਰੀਆਂ ਨੂੰ ਸ਼ਾਂਤ ਕਰਨ ਲਈ ਇਸ ਮਾਮਲੇ ਵਿੱਚ ਸੁਲ੍ਹਾ ਕਰਵਾਉਣ ਲਈ ਮਲਿਕਾਅਰਜੁਨ ਖੜਗੇ ਦੀ ਅਗਵਾਈ ਹੇਠ ਬਣਾਈ ਗਈ ਕਮੇਟੀ ਅੱਗੇ ਸੋਮਵਾਰ ਨੂੰ ਪੇਸ਼ ਹੋਏ ਜਿਆਦਾਤਰ ਵਿਧਾਇਕਾਂ ਅਤੇ ਮੰਤਰੀਆਂ ਨੇ ਅਮਰਿੰਦਰ ਸਿੰਘ ਦੇ ਖ਼ਿਲਾਫ਼ ਇੱਕ ਸ਼ਬਦ ਵੀ ਨਹੀਂ ਬੋਲਿਆ, ਸਗੋਂ ਅਮਰਿੰਦਰ ਸਿੰਘ ਦੀ ਵਿਧਾਇਕਾਂ ਵੱਲੋਂ ਤਾਰੀਫ਼ ਕਰਦੇ ਹੋਏ ਬਾਗੀਆਂ ਨੂੰ ਸਬਕ ਸਿਖਾਉਣ ਤੱਕ ਦੀ ਗੱਲ ਆਖੀ।
ਹਾਲਾਂਕਿ ਸਰਕਾਰ ਵਿੱਚ ਕੰਮ ਕਰ ਰਹੇ ਕੁਝ ਮੰਤਰੀਆਂ ਅਤੇ ਅਫ਼ਸਰਸ਼ਾਹੀ ਬਾਰੇ ਤਾਂ ਉਨਾਂ ਨੇ ਸ਼ਿਕਾਇਤ ਕੀਤੀ ਪਰ ਅਮਰਿੰਦਰ ਸਿੰਘ ਨੂੰ ਹਟਾਉਣ ਜਾਂ ਫਿਰ ਕਿਸੇ ਹੋਰ ਨੂੰ ਮੁੱਖ ਮੰਤਰੀ ਬਣਾਉਣ ਬਾਰੇ ਕਿਸੇ ਵੀ ਵਿਧਾਇਕ ਨੇ ਕੁਝ ਨਹੀਂ ਕਿਹਾ। ਦਿੱਲੀ ਵਿਖੇ ਮੀਟਿੰਗ ਕਰਨ ਲਈ ਪੁੱਜੇ 13 ਮਾਲਵੇ ਅਤੇ 6-6 ਦੁਆਬੇ ਤੇ ਮਾਝੇ ਦੇ ਵਿਧਾਇਕਾਂ ਅਤੇ ਮੰਤਰੀਆਂ ਵਿੱਚੋਂ ਸਿਰਫ਼ 2 ਮੰਤਰੀਆਂ ਅਤੇ 2 ਵਿਧਾਇਕਾਂ ਨੇ ਅਮਰਿੰਦਰ ਸਿੰਘ ਦੀ ਸ਼ਿਕਾਇਤ ਜਰੂਰ ਕੀਤੀ ਹੈ ਪਰ ਉਨ੍ਹਾਂ ਵੀ ਆਪਣੀ ਸ਼ਿਕਾਇਤ ਵਿੱਚ ਬਾਦਲਾਂ ਖ਼ਿਲਾਫ਼ ਕਾਰਵਾਈ ਨਾ ਹੋਣ ਅਤੇ ਜਿਹੜੇ ਵਾਅਦੇ ਕੀਤੇ ਗਏ ਸਨ, ਉਨਾਂ ਨੂੰ ਮੁਕੰਮਲ ਨਾ ਕੀਤੇ ਜਾਣ ਸਬੰਧੀ ਕਿਹਾ।
ਦਿੱਲੀ ਦਰਬਾਰ ਵਿੱਚ ਪੇਸ਼ ਹੋਏ ਵਿਧਾਇਕਾਂ ਅਤੇ ਮੰਤਰੀਆਂ ਦੀ ਮੀਟਿੰਗ ਦੌਰਾਨ ਅਮਰਿੰਦਰ ਸਿੰਘ ਦੇ ਖ਼ਿਲਾਫ਼ ਜ਼ਿਆਦਾ ਕੁਝ ਨਹੀਂ ਹੋਇਆ ਹੈ। ਮਲਿਕਾਰਜੁਨ ਖੜਗੇ, ਹਰੀਸ਼ ਰਾਵਤ ਅਤੇ ਜੇ.ਪੀ. ਅਗਰਵਾਲ ਦੀ ਕਮੇਟੀ ਵਲੋਂ ਵਿਧਾਇਕਾਂ ਨੂੰ ਮੀਟਿੰਗ ਦੌਰਾਨ ਸੁਆਲ ਵੀ ਕੀਤੇ ਗਏ ਸਨ ਅਤੇ ਹਰ ਕਿਸੇ ਨੇ ਆਪਣੇ ਜੁਆਬ ਵੀ ਦਿੱਤੇ ਸਨ। ਵਿਧਾਇਕਾਂ ਵੱਲੋਂ ਦਿੱਤੇ ਗਏ ਸੁਝਾਅ ਅਤੇ ਸ਼ਿਕਾਇਤਾਂ ਨੂੰ ਦਰਜ਼ ਕਰਦੇ ਹੋਏ ਇਹ ਕਮੇਟੀ ਰਿਪੋਰਟ ਤਿਆਰ ਕਰੇਗੀ, ਜਿਸ ਨੂੰ ਕਿ ਬਾਅਦ ਵਿੱਚ ਕਾਂਗਰਸ ਹਾਈ ਕਮਾਨ ਕੋਲ ਪੇਸ਼ ਕੀਤਾ ਜਾਏਗਾ।
ਜਲਦ ਮਿਲੇਗੀ ਦਲਿਤਾਂ ਨੂੰ ਵੱਡੀ ਖ਼ੁਸ਼ੀ : ਵੇਰਕਾ
ਰਾਜ ਕੁਮਾਰ ਵੇਰਕਾ ਨੇ ਮੀਟਿੰਗ ਤੋਂ ਬਾਅਦ ਦੱਸਿਆ ਕਿ ਉਨਾਂ ਵਲੋਂ ਮੀਟਿੰਗ ਵਿੱਚ ਦਲਿਤਾਂ ਦੇ ਮਾਮਲੇ ਚੁੱਕੇ ਗਏ ਸਨ ਅਤੇ ਜਲਦ ਹੀ ਪੰਜਾਬ ਦੇ ਦਲਿਤਾਂ ਨੂੰ ਵੱਡੀ ਖ਼ੁਸ਼ੀ ਮਿਲ ਸਕਦੀ ਹੈ। ਉਨਾਂ ਕਿਹਾ ਕਿ ਜਿਹੜਾ ਪੰਜਾਬ ਕਾਂਗਰਸ ਅਤੇ ਸਰਕਾਰ ਵਿੱਚ ਜੰਗ ਚਲ ਰਹੀ ਹੈ, ਉਹ ਜਲਦ ਹੀ ਖ਼ਤਮ ਹੋ ਜਾਏਗੀ। ਹਾਈ ਕਮਾਨ ਵਲੋਂ ਬਣਾਈ ਗਈ ਕਮੇਟੀ ਹਰ ਕਿਸੇ ਦੀ ਸੁਣਵਾਈ ਕਰਦੇ ਹੋਏ ਇਸ ਦਾ ਜਲਦ ਹੀ ਨਿਪਟਾਰਾ ਕਰ ਦੇਵੇਗੀ।
ਅੱਜ ਪੇਸ਼ ਹੋਣਗੇ ਨਵਜੋਤ ਸਿੱਧੂ ਤੇ ਪਰਗਟ ਸਿੰਘ
ਪਿਛਲੇ ਦੋ ਹਫ਼ਤਿਆਂ ਤੋਂ ਮੁੱਖ ਮੰਤਰੀ ਅਮਰਿੰਦਰ ਸਿੰਘ ਅਤੇ ਕਾਂਗਰਸ ਸਰਕਾਰ ਖ਼ਿਲਾਫ਼ ਬਗਾਵਤੀ ਸੁਰ ਅਲਾਪ ਰਹੇ ਨਵਜੋਤ ਸਿੱਧੂ ਅਤੇ ਪਰਗਟ ਸਿੰਘ ਅੱਜ ਕਾਂਗਰਸ ਹਾਈ ਕਮਾਨ ਵਲੋਂ ਬਣਾਈ ਕਮੇਟੀ ਅੱਗੇ ਪੇਸ਼ ਹੋਣਗੇ। ਇਨ੍ਹਾਂ ਵਿਧਾਇਕਾਂ ਨੂੰ ਮੰਗਲਵਾਰ ਨੂੰ ਦਿੱਲੀ ਵਿਖੇ ਸੱਦਿਆ ਗਿਆ ਹੈ। ਅੱਜ ਉਹ ਇਸ ਤਿੰਨ ਮੈਂਬਰੀ ਕਮੇਟੀ ਕੋਲ ਆਪਣੀ ਗੱਲ ਰੱਖਣਗੇ।ਦੋਵੇਂ ਆਗੂ ਅਮਰਿੰਦਰ ਸਿੰਘ ਦੇ ਖਿਲਾਫ ਬੋਲਣ ਵਾਲੇ ਵਿਧਾਇਕਾਂ ਅਤੇ ਵਿਜੀਲੈਂਸ ਦੀ ਰੇਡ ਕਰਵਾਉਣ ਅਤੇ ਮੁੱਖ ਮੰਤਰੀ ਵੱਲੋਂ ਪਰਗਟ ਸਿੰਘ ਨੂੰ ਧਮਕੀਆਂ ਦੇਣ ਦੀਆਂ ਸ਼ਿਕਾਇਤਾਂ ਕਰ ਸਕਦੇ ਹਨ
ਰਾਜ ਸਭਾ ਮੈਂਬਰ ਪ੍ਰਤਾਪ ਸਿੰਘ ਬਾਜਵਾ ਦੀ ਸ਼ਿਕਾਇਤ ਕਰਕੇ ਆਏ ਸੁਨੀਲ ਜਾਖੜ
ਤਿੰਨ ਮੈਂਬਰੀ ਕਮੇਟੀ ਅੱਗੇ ਸਾਰਿਆਂ ਤੋਂ ਪਹਿਲਾਂ ਪੇਸ਼ ਹੋਏ ਕਾਂਗਰਸ ਪ੍ਰਧਾਨ ਸੁਨੀਲ ਜਾਖੜ ਨੇ ਸਲਾਹਾਂ ਘੱਟ ਦਿੱਤੀਆਂ, ਜਦੋਂ ਕਿ ਰਾਜ ਸਭਾ ਮੈਂਬਰ ਪ੍ਰਤਾਪ ਸਿੰਘ ਬਾਜਵਾ ਦੀਆਂ ਸ਼ਿਕਾਇਤਾਂ ਜ਼ਿਆਦਾ ਕੀਤੀਆਂ। ਸੁਨੀਲ ਜਾਖੜ ਨੇ ਵੀ ਖ਼ੁਦ ਬਾਹਰ ਆ ਕੇ ਮੀਡੀਆ ਅੱਗੇ ਕਿਹਾ ਕਿ ਜਿਹੜੇ ਸੀਬੀਆਈ ਜਾਂਚ ਦੀ ਮੰਗ ਕਰ ਰਹੇ ਹਨ, ਉਨਾਂ ਨੂੰ ਜੁਆਬ ਦੇਣਾ ਪਏਗਾ। ਉਨਾਂ ਕਿਹਾ ਕਿ ਜਿੰਨ੍ਹਾਂ ਵੱਲੋਂ ਪਾਰਟੀ ਵਿੱਚ ਰਹਿੰਦੇ ਹੋਏ ਪਿੱਠ ਵਿੱਚ ਛੁਰਾ ਮਾਰਿਆਂ ਜਾ ਰਿਹਾ ਹੈ, ਉਨਾਂ ਨੂੰ ਜੁਆਬ ਦੇਣਾ ਪਏਗਾ।
ਕਾਂਗਰਸ ਨੂੰ ਟਾਈਫ਼ਾਈਡ ਹੋ ਗਿਐ : ਪ੍ਰਤਾਪ ਬਾਜਵਾ
ਰਾਜ ਸਭਾ ਮੈਂਬਰ ਪ੍ਰਤਾਪ ਸਿੰਘ ਬਾਜਵਾ ਨੇ ਇੱਕ ਵਾਰ ਫਿਰ ਅਮਰਿੰਦਰ ਸਿੰਘ ’ਤੇ ਹਮਲਾ ਕੀਤਾ। ਉਨਾਂ ਕਿਹਾ ਕਿ ਕਾਂਗਰਸ ਪਾਰਟੀ ਨੂੰ ਟਾਈਫ਼ਾਈਡ ਹੋ ਗਿਆ ਹੈ ਜੇਕਰ ਜਲਦ ਹੀ ਇਲਾਜ ਨਾ ਕੀਤਾ ਗਿਆ ਤਾਂ ਵੱਡਾ ਨੁਕਸਾਨ ਹੋਏਗਾ। ਉਨਾਂ ਕਿਹਾ ਕਿ ਪਾਰਟੀ ਦੇ ਸੰਗਠਨ ਦਾ ਬੁਰਾ ਹਾਲ ਹੈ, ਸੰਗਠਨ ’ਚ ਕੋਈ ਕੰਮ ਨਹੀਂ ਹੋ ਰਿਹਾ। ਪਿਛਲੇ ਸਮੇਂ ਤੋਂ ਬਲਾਕ ਜਾਂ ਫਿਰ ਜ਼ਿਲ੍ਹਾ ਪੱਧਰ ਦੀ ਮੀਟਿੰਗ ਨਹੀਂ ਹੋ ਸਕੀ। ਉਹ ਆਉਣ ਵਾਲੇ ਦਿਨਾਂ ’ਚ ਮੀਟਿੰਗ ਦੌਰਾਨ ਆਪਣੀ ਗੱਲ ਰੱਖਣਗੇ।
ਪੇਸ਼ ਹੋਏ ਮੰਤਰੀ
ਰਾਣਾ ਕੇ.ਪੀ. ਸਿੰਘ ਸਪੀਕਰ
ਅਜਾਇਬ ਸਿੰਘ ਭੱਟੀ, ਡਿਪਟੀ ਸਪੀਕਰ
ਬ੍ਰਹਮ ਮਹਿੰਦਰਾ
ਮਨਪ੍ਰੀਤ ਬਾਦਲ
ਓ.ਪੀ. ਸੋਨੀ
ਸ਼ਾਮ ਸੁੰਦਰ ਅਰੋੜਾ
ਸੁਖਜਿੰਦਰ ਸਿੰਘ ਰੰਧਾਵਾ
ਪੇਸ਼ ਹੋਏ ਵਿਧਾਇਕ
ਪਵਨ ਆਦੀਆ
ਇੰਦਰਬੀਰ ਬੁਲਾਰੀਆ
ਰਾਜ ਕੁਮਾਰ ਵੇਰਕਾ
ਸੰਗਤ ਸਿੰਘ ਗਿਲਚੀਆਂ
ਕੁਲਜੀਤ ਸਿੰਘ ਨਾਗਰਾ
ਸੁਰਜੀਤ ਸਿੰਘ ਧੀਮਾਨ
ਅਮਰਿੰਦਰ ਸਿੰਘ ਰਾਜਾ ਵੜਿੰਗ
ਅੰਗਤ ਸਿੰਘ
ਸੁਖਪਾਲ ਭੁੱਲਰ
ਸੁਖਵਿੰਦਰ ਸਿੰਘ ਡੈਨੀ
ਗੁਰਕੀਰਤ ਕੋਟਲੀ
ਰਣਦੀਪ ਸਿੰਘ ਨਾਭਾ
ਰਾਣਾ ਗੁਰਜੀਤ ਸਿੰਘ
ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।