ਦੂਜੀ ਵਾਰ ਵੀ ਪੇਸ਼ ਨਹੀਂ ਹੋਏ ਸਪੀਕਰ ਕੋਲ
ਐਸ.ਵਾਈ.ਐਲ ਮੁੱਦੇ ‘ਤੇ 42 ਵਿਧਾਇਕਾਂ ਨੇ ਦਿੱਤਾ ਸੀ ਅਸਤੀਫ਼ਾ, ਪੇਸ਼ ਨਾ ਹੋਣ ਕਾਰਨ ਲਟਕ ਰਹੇ ਹਨ ਅਸਤੀਫ਼ੇ
ਚੰਡੀਗੜ੍ਹ,(ਅਸ਼ਵਨੀ ਚਾਵਲਾ) ਐਸ.ਵਾਈ.ਐਲ. ਦੇ ਮੁੱਦੇ ‘ਤੇ ਕਾਂਗਰਸ ਪ੍ਰਧਾਨ ਅਮਰਿੰਦਰ ਸਿੰਘ ਦੇ ਇਸ਼ਾਰੇ ‘ਤੇ ਅਸਤੀਫ਼ਾ ਦੇਣ ਵਾਲੇ ਪੰਜਾਬ ਦੇ 42 ਕਾਂਗਰਸੀ ਵਿਧਾਇਕ ਹੁਣ ਆਪਣਾ ਅਸਤੀਫ਼ਾ ਮਨਜ਼ੂਰ ਹੋਣ ਦੇ ਡਰ ਤੋਂ ਸਪੀਕਰ ਚਰਨਜੀਤ ਸਿੰਘ ਅਟਵਾਲ ਦੇ ਅੱਗੇ ਪੇਸ਼ ਹੀ ਨਹੀਂ ਹੋ ਰਹੇ ਹਨ, ਜਿਸ ਕਾਰਨ ਸਪੀਕਰ ਚਰਨਜੀਤ ਸਿੰਘ ਅਟਵਾਲ ਨੇ ਅੱਜ ਹੋਣ ਵਾਲੀ ਦੂਜੀ ਵਾਰ ਮੀਟਿੰਗ ਨੂੰ ਮੁਲਤਵੀ ਕਰਦੇ ਹੋਏ ਕਾਂਗਰਸ ਵਿਧਾਇਕ ਦਲ ਦੇ ਲੀਡਰ ਚਰਨਜੀਤ ਸਿੰਘ ਚੰਨੀ ਨੂੰ ਹੀ ਕਹਿ ਦਿੱਤਾ ਹੈ ਕਿ ਜਦੋਂ ਉਨ੍ਹਾਂ ਕੋਲ ਸਮਾਂ ਹੋਵੇ ਤਾਂ ਉਹ ਲਿਖ ਕੇ ਭੇਜ ਦੇਣ, ਉਸ ਤੋਂ ਬਾਅਦ ਮੀਟਿੰਗ ਸੱਦ ਲਈ ਜਾਵੇਗੀ ਤਾਂ ਕਿ ਕਾਂਗਰਸੀ ਵਿਧਾਇਕਾਂ ਦੇ ਅਸਤੀਫ਼ਿਆਂ ਨੂੰ ਮਨਜ਼ੂਰ ਕਰਨ ਦੀ ਪ੍ਰਕਿਰਿਆ ਸ਼ੁਰੂ ਕੀਤੀ ਜਾ ਸਕੇ।
ਜਾਣਕਾਰੀ ਅਨੁਸਾਰ ਐਸ.ਵਾਈ.ਐਲ. ਦੇ ਮੁੱਦੇ ‘ਤੇ ਸੁਪਰੀਮ ਕੋਰਟ ਵੱਲੋਂ ਹਰਿਆਣਾ ਸਰਕਾਰ ਦੇ ਹੱਕ ਵਿੱਚ ਸਲਾਹ ਰਾਸ਼ਟਰਪਤੀ ਨੂੰ ਭੇਜਣ ਦੇ ਰੋਸ ਵਿੱਚ ਪੰਜਾਬ ਕਾਂਗਰਸ ਦੇ ਪ੍ਰਧਾਨ ਅਮਰਿੰਦਰ ਸਿੰਘ ਦੇ ਇਸ਼ਾਰੇ ‘ਤੇ ਪੰਜਾਬ ਦੇ 42 ਕਾਂਗਰਸੀ ਵਿਧਾਇਕਾਂ ਨੇ ਵਿਧਾਨ ਸਭਾ ਵਿੱਚ ਪੇਸ਼ ਹੁੰਦੇ ਹੋਏ ਆਪਣਾ ਅਸਤੀਫ਼ਾ ਦੇ ਦਿੱਤਾ ਸੀ ਪਰ ਮੌਕੇ ‘ਤੇ ਵਿਧਾਨ ਸਭਾ ਦੇ ਸਪੀਕਰ ਚਰਨਜੀਤ ਸਿੰਘ ਅਟਵਾਲ ਮੌਜੂਦ ਨਹੀਂ ਹੋਣ ਦੇ ਕਾਰਨ ਇਨਾਂ ਵਿਧਾਇਕਾਂ ਦਾ ਅਸਤੀਫ਼ਾ ਮਨਜ਼ੂਰ ਨਹੀਂ ਕੀਤਾ ਗਿਆ।
ਸਪੀਕਰ ਚਰਨਜੀਤ ਸਿੰਘ ਅਟਵਾਲ ਨੇ ਇਨਾਂ ਸਾਰੇ ਕਾਂਗਰਸੀਆਂ ਨੂੰ 20,21 ਅਤੇ 22 ਦਸੰਬਰ ਨੂੰ ਪੇਸ਼ ਹੋਣ ਲਈ ਕਿਹਾ ਤਾਂ ਕਿ ਉਨਾਂ ਤੋਂ ਜਾਣਕਾਰੀ ਲੈ ਲਈ ਜਾਵੇ ਕਿ ਅਸਤੀਫ਼ੇ ਉਨਾਂ ਨੇ ਕਿਸੇ ਦਬਾਓ ਵਿੱਚ ਤਾਂ ਨਹੀਂ ਦਿੱਤੇ ਹਨ ਜਾਂ ਫਿਰ ਅਸਤੀਫ਼ਾ ਦੇਣ ਪਿੱਛੇ ਆਖ਼ਰਕਾਰ ਕਾਰਨ ਕੀ ਹੈ ? ਸਪੀਕਰ ਚਰਨਜੀਤ ਸਿੰਘ ਅਟਵਾਲ 20 ਦਸੰਬਰ ਨੂੰ ਦਫ਼ਤਰ ਵਿੱਚ ਤਾਂ ਪੁੱਜ ਗਏ ਪਰ ਕਾਂਗਰਸੀ ਵਿਧਾਇਕਾਂ ਦੀ ਥਾਂ ‘ਤੇ ਵਿਰੋਧੀ ਧਿਰ ਦੇ ਲੀਡਰ ਚਰਨਜੀਤ ਸਿੰਘ ਚੰਨੀ ਦੀ ਉਨਾਂ ਨੂੰ ਚਿੱਠੀ ਮਿਲੀ, ਜਿਸ ‘ਤੇ ਲਿਖਿਆ ਹੋਇਆ ਸੀ ਕਿ ਦਿੱਲੀ ਵਿਖੇ ਟਿਕਟਾਂ ਦੀ ਵੰਡ ਵਿੱਚ ਰੁੱਝੇ ਹੋਣ ਦੇ ਕਾਰਨ ਕੋਈ ਵੀ ਵਿਧਾਇਕ ਪੇਸ਼ ਨਹੀਂ ਹੋ ਸਕਦਾ ਹੈ,
ਇਸ ਨਹੀਂ 10 ਦਿਨ ਦਾ ਸਮਾਂ ਦਿੱਤਾ ਜਾਵੇ ਤਾਂ ਕਿ ਹੋਰ ਵਿਧਾਇਕ ਪੇਸ਼ ਹੋ ਕੇ ਆਪਣੀ ਗਲ ਰੱਖ ਸਕੇ। ਜਿਸ ‘ਤੇ ਸਪੀਕਰ ਚਰਨਜੀਤ ਸਿੰਘ ਅਟਵਾਲ ਨੇ 10 ਦਿਨ ਦਾ ਸਮਾਂ ਦਿੰਦੇ ਹੋਏ 3 ਜਨਵਰੀ ਦੀ ਮੀਟਿੰਗ ਰੱਖ ਦਿੱਤੀ ਅਤੇ ਸਾਰੇ ਕਾਂਗਰਸੀ ਵਿਧਾਇਕਾਂ ਨੂੰ ਸੂਚਿਤ ਵੀ ਕਰ ਦਿੱਤਾ ਗਿਆ ਕਿ ਉਹ 3 ਜਨਵਰੀ ਨੂੰ ਹਰ ਹਾਲਤ ਵਿੱਚ ਪੇਸ਼ ਹੋਣ ਪਰ ਮੀਟਿੰਗ ਤੋਂ ਇੱਕ ਦਿਨ ਪਹਿਲਾਂ ਵਿਰੋਧੀ ਧਿਰ ਦੇ ਲੀਡਰ ਚਰਨਜੀਤ ਸਿੰਘ ਨੇ ਆਪਣੇ ਦਫ਼ਤਰ ਦੇ ਸਕੱਤਰ ਏ.ਕੇ. ਕੌਸ਼ਿਕ ਨੂੰ ਭੇਜਦੇ ਹੋਏ ਸੁਨੇਹਾ ਦੇ ਦਿੱਤਾ ਕਿ ਅਜੇ ਉਹ ਦਿੱਲੀ ਹੀ ਹਨ, ਜਿਸ ਕਾਰਨ ਮੀਟਿੰਗ ਵਿੱਚ ਪੇਸ਼ ਨਹੀਂ ਹੋ ਸਕਦੇ ਹਨ। ਇਸ ਲਈ ਕਾਂਗਰਸੀ ਵਿਧਾਇਕਾਂ ਨੂੰ 10 ਦਿਨ ਦਾ ਸਮਾਂ ਹੋ ਦਿੱਤਾ ਜਾਵੇ।
ਇਸ ‘ਤੇ ਸਪੀਕਰ ਚਰਨਜੀਤ ਸਿੰਘ ਅਟਵਾਲ ਨੇ ਅੱਜ ਦੀ ਮੀਟਿੰਗ ਨੂੰ ਮੁਲਤਵੀ ਕਰਦੇ ਹੋਏ ਚਰਨਜੀਤ ਸਿੰਘ ਚੰਨੀ ਨੂੰ ਹੀ ਸੁਨੇਹਾ ਭੇਜ ਦਿੱਤਾ ਹੈ ਕਿ ਜਦੋਂ ਉਹ ਅਤੇ ਉਨਾਂ ਦੇ ਵਿਧਾਇਕ ਫ੍ਰੀ ਹੋ ਜਾਣ ਤਾਂ ਉਨਾਂ ਨੂੰ ਲਿਖਤੀ ਰੂਪ ਵਿੱਚ ਭੇਜ ਦਿੱਤਾ ਜਾਵੇ, ਜਿਸ ਤੋਂ ਬਾਅਦ ਉਹ ਮੀਟਿੰਗ ਸੱਦ ਲੈਣਗੇ ਪਰ ਉਦੋਂ ਤੱਕ ਸਪੀਕਰ ਚਰਨਜੀਤ ਸਿੰਘ ਅਟਵਾਲ ਆਪਣੇ ਵਲੋਂ ਕੋਈ ਮੀਟਿੰਗ ਨਹੀਂ ਰੱਖਣਗੇ।
ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter,Instagram, Linkedin , YouTube‘ਤੇ ਫਾਲੋ ਕਰੋ