ਸਿਮਲਾ (ਏਜੰਸੀ)। ਹਿਮਾਚਲ ਪ੍ਰਦੇਸ਼ ਦੇ ਡਲਹੌਜੀ ਵਿਧਾਨ ਸਭਾ ਹਲਕੇ ਤੋਂ ਕਾਂਗਰਸ ਵਿਧਾਇਕਾ ਆਸ਼ਾ ਕੁਮਾਰੀ ਅਤੇ ਇੱਕ ਮਹਿਲਾ ਪੁਲਿਸ ਕਾਂਸਟੇਬਲ ਵਿਚਕਾਰ ਹੱਥੋਪਾਈ ਹੋ ਗਈ। ਜਿਸ ਸਮੇਂ ਇਹ ਘਟਨਾ ਵਾਪਰੀ ਉਸ ਸਮੇਂ ਕਾਂਗਰਸ ਪ੍ਰਧਾਨ ਰਾਹੁਲ ਗਾਂਧੀ ਆਗੂਆਂ ਦੀ ਮੀਟਿੰਗ ਲੈ ਰਹੇ ਸਨ। ਹਾਲਾਂਕਿ, ਮਹਿਲਾ ਕਾਂਸਟੇਬਲ ਅਤੇ ਵਿਧਾਇਕਾ ਨੇ ਇੱਕ-ਦੂਜੇ ਨੂੰ ਥੱਪੜ ਜੜਿਆ। ਦੱਸਣਯੋਗ ਹੈ ਕਿ ਆਸ਼ਾ ਕੁਮਾਰੀ ਕਾਂਗਰਸ ਦੇ ਪੰਜਾਬ ਮਾਮਲਿਆਂ ਦੀ ਇੰਚਾਰਜ ਹੈ। ਜਾਣਕਾਰੀ ਅਨੁਸਾਰ ਕਾਂਗਰਸ ਦੇ ਦਫ਼ਤਰ ਰਾਜੀਵ ਭਵਨ ਸ਼ਿਮਲਾ ਵਿੱਚ ਰਾਹੁਲ ਗਾਂਧੀ ਵਰਕਰਾਂ ਨਾਲ ਰਾਜ ਵਿੱਚ ਪਾਰਟੀ ਦੀ ਹਾਰ ਦੀ ਸਮੀਖਿਆ ਕਰ ਰਹੇ ਸਨ। ਇਸ ਦਰਮਿਆਨ ਦੋਵਾਂ ਵਿੱਚ ਬਹਿਸ ਹੋ ਗਈ। (Punjab Congress)
ਵੇਖਦੇ ਹੀ ਵੇਖਦੇ ਗੱਲ ਇੰਨੀ ਵਧ ਗਈ ਕਿ ਕਾਂਗਰਸ ਵਿਧਾਇਕਾ ਆਸ਼ਾ ਕੁਮਾਰੀ ਨੇ ਪਹਿਲਾਂ ਮਹਿਲਾ ਪੁਲਿਸ ਕਾਂਸਟੇਬਲ ਨੂੰ ਥੱਪੜ ਮਾਰਿਆ ਅਤੇ ਨਾਲ ਹੀ ਮਹਿਲਾ ਪੁਲਿਸ ਕਾਂਸਟੇਬਲ ਨੇ ਵੀ ਆਸ਼ਾ ਕੁਮਾਰੀ ਨੂੰ ਥੱਪੜ ਮਾਰ ਦਿੱਤਾ। ਘਟਨਾ ਦੌਰਾਨ ਸੋਲਨ ਤੋਂ ਕਾਂਗਰਸ ਵਿਧਾਇਕ ਧਨੀ ਰਾਮ ਸ਼ਾਂਡਿਲ ਵੀ ਉੱਥੇ ਮੌਜ਼ੂਦ ਸਨ। ਮੌਕੇ ‘ਤੇ ਮੌਜ਼ੂਦ ਲੋਕਾਂ ਨੇ ਮਾਮਲਾ ਸ਼ਾਂਤ ਕਰਵਾਇਆ। ਇਹ ਵੀ ਖ਼ਬਰ ਹੈ ਕਿ ਕਾਂਗਰਸ ਪ੍ਰਧਾਨ ਰਾਹੁਲ ਗਾਂਧੀ ਨੇ ਇਸ ਮਾਮਲੇ ‘ਤੇ ਆਸ਼ਾ ਕੁਮਾਰੀ ਨੂੰ ਝਿੜਕਾਂ ਦਿੱਤੀਆਂ ਹਨ। (Punjab Congress)