ਖ਼ਾਲਿਸਤਾਨ ਖਿਲਾਫ ਅਵਾਜ ਚੁੱਕਣ ਵਾਲੇ ਕਾਂਗਰਸੀ ਆਗੂ ਮੰਡ ਨੂੰ ਮਿਲੀ ਧਮਕੀ
ਰਘਬੀਰ ਸਿੰਘ, ਲੁਧਿਆਣਾ। ਏਥੋਂ ਦੇ ਸਰਾਭਾ ਨਗਰ ਵਿੱਚ ਰਹਿਣ ਵਾਲੇ ਅਤੇ ਆਲ ਇੰਡੀਆ ਕਿਸਾਨ ਕਾਂਗਰਸ ਦੇ ਕੌਮੀ ਕੋ-ਆਰਡੀਨੇਟਰ ਗੁਰਸਿਮਰਨਜੀਤ ਸਿੰਘ ਮੰਡ ਨੂੰ ਅੱਤਵਾਦੀਆਂ ਵੱਲੋਂ ਸੋਸ਼ਲ ਮੀਡੀਆ ਰਾਹੀਂ ਜਾਨ ਤੋਂ ਮਾਰਨ ਦੀ ਧਮਕੀ ਮਿਲੀ ਹੈ। ਵਾਟਸਅਪ ਤੇ ਵਾਇਸ ਮੈਸੇਜ ਅਤੇ ਇੱਕ ਆਦਮੀ ਨੂੰ ਮਾਰਨ ਦੀ ਵੀਡੀਉ ਭੇਜ ਕੇ ਸ. ਮੰਡ ਨੂੰ ਧਮਕੀ ਦਿੱਤੀ ਗਈ ਹੈ ਕਿ ਜਿਸ ਤਰਾਂ ਵੀਡੀਉ ਵਿੱਚ ਵਿਅਕਤੀ ਦਾ ਸਿਰ ਕਲਮ ਕੀਤਾ ਗਿਆ ਹੈ ਉਸੇ ਤਰਾਂ ਸ. ਮੰੰਡ ਦਾ ਸਿਰ ਕਲਮ ਕਰ ਦਿੱਤਾ ਜਾਵੇਗਾ। ਸਥਾਨਕ ਥਾਣਾ ਸਦਰ ਦੀ ਪੁਲਿਸ ਨੇ ਸਿਮਰਨਜੀਤ ਸਿੰਘ ਮੰਡ ਦੀ ਸ਼ਿਕਾਇਤ ਤੇ ਅਣਪਛਾਤੇ ਅੱਤਵਾਦੀਆਂ ਖਿਲਾਫ ਮਾਮਲਾ ਦਰਜ ਕਰ ਲਿਆ ਹੈ।
ਜਾਂਚ ਅਧਿਕਾਰੀ ਏਐਸਆਈ ਪਿ੍ਰਤਪਾਲ ਸਿੰਘ ਨੇ ਦੱਸਿਆ ਕਿ ਸ. ਮੰਡ ਨੇ ਦਿੱਤੀ ਸ਼ਿਕਾਇਤ ਵਿੱਚ ਦੱਸਿਆ ਹੈ ਕਿ ਖ਼ਾਲਿਸਤਾਨੀ ਪੱਖੀ ਵਿਅਕਤੀਆਂ ਵੱਲੋਂ ਉਨਾਂ ਨੂੰ ਜਾਨੋ ਮਾਰਨ ਦੀ ਧਮਕੀ ਦਿੱਤੀ ਗਈ ਹੈ। ਉਨਾਂ ਦੱਸਿਆ ਕਿ 2 ਸਿਤੰਬਰ ਨੂੰ ਰਾਤੀ 12 ਵਜੇ ਦੇ ਕਰੀਬ ਉਨਾਂ ਦੇ ਫੋਨ ਤੇ ਇੱਕ ਵਾਇਸ ਮੈਸੇਜ ਆਇਆ। ਵਾਇਸ ਮੈਸੇਜ ਵਿੱਚ ਬੋਲਣ ਵਾਲੇ ਨੇ ਕਿਹਾ ਕਿ ਸ. ਮੰਡ ਦੀਆਂ ਬਾਹਾਂ ਅਤੇ ਲੱਤਾਂ ਵੱਢ ਦਿੱਤੀਆਂ ਜਾਣਗੀਆਂ। ਕੁਝ ਦੇਰ ਬਾਦ ਇੱਕ ਵੀਡੀਉ ਭੇਜਿਆ ਗਿਆ ਜਿਸ ਦੇ ਹੇਠਾਂ ਲਿਖਿਆ ਸੀ ਕਿ ਇਹ ਵੀਡੀਉ ਵੇਖ ਲਵੋ, ਜਿਸ ਤਰਾਂ ਵੀਡੀਉ ਵਿੱਚ ਵਿਅਕਤੀ ਦਾ ਹਸ਼ਰ ਕੀਤਾ ਜਾ ਰਿਹਾ ਹੈ ਉਸੇ ਤਰਾਂ ਦਾ ਹਸ਼ਰ ਮੰਡ ਦਾ ਹੋਵੇਗਾ। ਸ. ਮੰਡ ਨੇ ਦੱਸਿਆ ਕਿ ਆਏ ਵੀਡੀਉ ਵਿੱਚ ਇੱਕ ਵਿਅਕਤੀ ਦੇ ਦੋਵੇਂ ਹੱਥ ਪਿੱਛੇ ਬੰਨੇ ਹੋਏ ਸਨ ਅਤੇ ਉਸ ਦਾ ਸਿਰ ਧੜ ਨਾਲੋਂ ਵੱਖ ਕਰ ਦਿੱਤਾ ਗਿਆ। ਦੋਵੇਂ ਮੈਸੇਜ ਕਨੇਡਾ ਦੇ ਨੰਬਰਾਂ ਤੋਂ ਆਏ ਸਨ। ਜਾਂਚ ਅਧਿਕਾਰੀ ਨੇ ਦੱਸਿਆ ਕਿ ਜਿਹਨਾਂ ਨੰਬਰਾਂ ਤੋਂ ਮੈਸੇਜ ਆਏ ਸਨ ਉਨਾਂ ਦੀ ਡਿਟੇਲ ਕਢਵਾਉਂਣ ਦੀ ਕਾਰਵਾਈ ਸ਼ੁਰੂ ਹੋ ਚੁੱਕੀ ਹੈ।
ਸ. ਮੰਡ ਨੇ ਦੱਸਿਆ ਕਿ ਸਾਲ 2018 ਵਿੱਚ ਅਕਾਲੀਆਂ ਨੇ ਸਵ. ਰਾਜੀਵ ਗਾਂਧੀ ਦੇ ਪੁਤਲੇ ਤੇ ਕਾਲਖ ਮਲ ਦਿੱਤੀ ਸੀ ਜਿਸ ਨੂੰ ਸ. ਮੰਡ ਨੇ ਆਪਣੀ ਪੱਗ ਨਾਲ ਸਾਫ ਕੀਤਾ ਸੀ। ਇਸ ਕਰਕੇ ਉਸ ਨੂੰ ਖਾਲਿਸਤਾਨੀਆਂ ਵੱਲੋਂ ਧਮਕੀਆਂ ਮਿਲ ਰਹੀਆਂ ਹਨ। ਇਸ ਮਾਮਲੇ ਸਬੰਧੀ ਜਾਣਕਾਰੀ ਦਿੰਦਿਆਂ ਥਾਣਾ ਡਵੀਜ਼ਨ ਨੰਬਰ 8 ਦੇ ਤਫ਼ਤੀਸ਼ੀ ਅਫ਼ਸਰ ਪਿ੍ਰਤਪਾਲ ਸਿੰਘ ਨੇ ਦੱਸਿਆ ਕਿ ਮਾਮਲੇ ਦੀ ਗੰਭੀਰਤਾ ਨੂੰ ਦੇਖਦੇ ਹੋਏ ਪੁਲਿਸ ਨੇ ਤੁਰੰਤ ਅਣਪਛਾਤੇ ਮੁਲਜ਼ਮਾਂ ਦੇ ਖਿਲਾਫ ਐਫਆਈਆਰ ਦਰਜ ਕੀਤੀ ਹੈ ਪੁਲਿਸ ਦੇ ਮੁਤਾਬਕ ਤਕਨੀਕ ਜ਼ਰੀਏ ਮੁਲਜ਼ਮਾਂ ਨੂੰ ਟਰੇਸ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ।
ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter,Instagram, linkedin , YouTube‘ਤੇ ਫਾਲੋ ਕਰੋ