ਪਰਨੀਤ ਕੌਰ ਦੇ ਮਾਮਲੇ ’ਚ ਕਾਂਗਰਸ ਕਸੂਤੀ ਫਸੀ, ਹਾਈਕਮਾਂਡ ਨਹੀਂ ਲੈ ਰਹੀ ਐਕਸ਼ਨ

Parneet Kaur

ਪਰਨੀਤ ਕੌਰ ਲਗਾਤਾਰ ਵਿਚਰ ਰਹੇ ਨੇ ਲੋਕਾਂ ’ਚ, ਕਾਂਗਰਸ ਤੋਂ ਬਣਾਈ ਹੋਈ ਐ ਦੂਰੀ

  • ਪੰਜਾਬ ਲੋਕ ਕਾਂਗਰਸ ਨੇ ਰਾਜਾ ਵੜਿੰਗ ਅਤੇ ਪ੍ਰਤਾਪ ਬਾਜਵਾ ਨੂੰ ਲਲਕਾਰਿਆ

(ਖੁਸ਼ਵੀਰ ਸਿੰਘ ਤੂਰ) ਪਟਿਆਲਾ। ਪਟਿਆਲਾ ਤੋਂ ਮੈਂਬਰ ਪਾਰਲੀਮੈਂਟ ਪਰਨੀਤ ਕੌਰ ਨੂੰ ਲੈ ਕੇ ਕਾਂਗਰਸ ਪਾਰਟੀ ’ਚ ਕਸੂਤੀ ਸਥਿਤੀ ਬਣੀ ਹੋਈ ਹੈ। ਕਾਂਗਰਸ ਦੇ ਪ੍ਰਧਾਨ ਸਮੇਤ ਕਾਂਗਰਸੀ ਆਗੂਆਂ ਵੱਲੋਂ ਪਰਨੀਤ ਕੌਰ ਨੂੰ ਕਾਂਗਰਸ ਦਾ ਹਿੱਸਾ ਨਹੀਂ ਮੰਨਿਆ ਜਾ ਰਿਹਾ, ਜਦੋਂਕਿ ਦੂਜੇ ਪਾਸੇ ਪੀਐਲਸੀ ਦੇ ਆਗੂਆਂ ਵੱਲੋਂ ਪੱਟਾਂ ’ਤੇ ਹੱਥ ਮਾਰਿਆ ਜਾ ਰਿਹਾ ਹੈ ਕਿ ਜੇਕਰ ਕਾਂਗਰਸ ’ਚ ਦਮ ਹੈ ਤਾਂ ਪਰਨੀਤ ਕੌਰ ਨੂੰ ਬਾਹਰ ਕੱਢ ਕੇ ਦਿਖਾਉਣ। ਇੱਧਰ ਪਰਨੀਤ ਕੌਰ ਵੱਲੋਂ ਖੁਦ ਇਸ ਮਾਮਲੇ ’ਤੇ ਚੁੱਪੀ ਵੱਟੀ ਹੋਈ ਹੈ।

ਦੱਸਣਯੋਗ ਹੈ ਕਿ ਸਾਬਕਾ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਵੱਲੋਂ ਵਿਧਾਨ ਸਭਾ ਚੋਣਾਂ ਤੋਂ ਪਹਿਲਾਂ ਕਾਂਗਰਸ ਨੂੰ ਛੱਡ ਕੇ ਆਪਣੀ ਪੰਜਾਬ ਲੋਕ ਕਾਂਗਰਸ ਪਾਰਟੀ ਬਣਾਉਣ ਤੋਂ ਬਾਅਦ ਮੈਂਬਰ ਪਾਰਲੀਮੈਂਟ ਪਰਨੀਤ ਕੌਰ ਵੱਲੋਂ ਕਾਂਗਰਸ ਦੇ ਕਿਸੇ ਵੀ ਸਮਗਾਮ ਵਿੱਚ ਪੈਰ ਨਹੀਂ ਪਾਇਆ ਗਿਆ। ਇੱਥੋਂ ਤੱਕ ਕਿ ਵਿਧਾਨ ਸਭਾ ਚੋਣਾਂ ’ਚ ਪਰਨੀਤ ਕੌਰ ਵੱਲੋਂ ਕਾਂਗਰਸ ਦੀ ਥਾਂ ਆਪਣੇ ਪਤੀ ਅਮਰਿੰਦਰ ਸਿੰਘ ਸਮੇਤ ਪੀਐਲਸੀ ਦੇ ਉਮੀਦਵਾਰਾਂ ਦੇ ਹੱਕ ਵਿੱਚ ਪ੍ਰਚਾਰ ਕੀਤਾ ਗਿਆ ਸੀ।

ਇਸ ਦੇ ਬਾਵਜ਼ੂਦ ਕਾਂਗਰਸ ਹਾਈਕਮਾਂਡ ਵੱਲੋਂ ਪਰਨੀਤ ਕੌਰ ਖਿਲਾਫ਼ ਕੋਈ ਐਕਸ਼ਨ ਨਹੀਂ ਲਿਆ ਗਿਆ। ਪਿਛਲੇ ਦਿਨੀਂ ਪਟਿਆਲਾ ਵਿਖੇ ਪੁੱਜੇ ਵਿਰੋਧੀ ਧਿਰ ਦੇੇ ਆਗੂ ਪ੍ਰਤਾਪ ਸਿੰਘ ਬਾਜਵਾ ਵੱਲੋਂ ਸਪੱਸ਼ਟ ਆਖਿਆ ਗਿਆ ਸੀ ਕਿ ਪਰਨੀਤ ਕੌਰ ਕਾਂਗਰਸ ਦਾ ਹਿੱਸਾ ਨਹੀਂ ਹਨ ਅਤੇ ਜਦੋਂਕਿ ਲੰਘੇ ਦਿਨੀਂ ਪੰਜਾਬ ਕਾਂਗਰਸ ਦੇ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਵੜਿੰਗ ਵੱਲੋਂ ਵੀ ਪਰਨੀਤ ਕੌਰ ਨੂੰ ਕਾਂਗਰਸ ਦੀ ਥਾਂ ਭਾਜਪਾ ਦਾ ਹਿੱਸਾ ਦੱਸਿਆ ਗਿਆ ਹੈ ਅਤੇ ਮੀਟਿੰਗ ਦੌਰਾਨ ਬਾਕੀ ਕਾਂਗਰਸੀਆਂ ਵੱਲੋਂ ਪਰਨੀਤ ਕੌਰ ਨੂੰ ਕਾਂਗਰਸ ’ਚੋਂ ਬਾਹਰ ਕੱਢਣ ਦੀ ਮੰਗ ਕੀਤੀ ਗਈ। ਪੰਜਾਬ ਦੇ ਕਾਂਗਰਸੀ ਤਾਂ ਪਰਨੀਤ ਕੌਰ ਨੂੰ ਕਾਂਗਰਸ ਦਾ ਹਿੱਸਾ ਨਹੀਂ ਦੱਸ ਰਹੇ ਜਦੋਂਕਿ ਕਾਂਗਰਸ ਹਾਈਕਮਾਂਡ ਪਰਨੀਤ ਕੌਰ ਦੇ ਮਸਲੇ ’ਤੇ ਕੋਈ ਐਕਸ਼ਨ ਨਹੀਂ ਲੈ ਰਹੀ।

ਇੱਥੋਂ ਤੱਕ ਕਿ ਪਟਿਆਲਾ ਵਿਖੇ ਮੇਅਰ ਦੀ ਕੁਰਸੀ ਸਬੰਧੀ ਚੱਲ ਰਹੀ ਖਿਚੋਤਾਣ ਵਿੱਚ ਵੀ ਮੋਤੀ ਮਹਿਲਾ ਵੱਲੋਂ ਸਿੱਧਾ ਕਾਂਗਰਸ ਖਿਲਾਫ਼ ਉੱਤਰਿਆ ਗਿਆ ਅਤੇ ਹਾਈਕੋਰਟ ਦੇ ਦਖਲ ਤੋਂ ਬਾਅਦ ਮੇਅਰ ਦੀ ਕੁਰਸੀ ਮੋਤੀ ਮਹਿਲਾ ਦੇ ਨਜ਼ਦੀਕੀ ਸੰਜੀਵ ਬਿੱਟੂ ਦੇ ਹੱਥ ਵਿੱਚ ਹੀ ਰਹੀ। ਪਰਨੀਤ ਕੌਰ ਵੱਲੋਂ ਪਟਿਆਲਾ ਅੰਦਰ ਲਗਾਤਾਰ ਵਿਚਰਿਆ ਜਾ ਰਿਹਾ ਹੈ, ਪਰ ਕਾਂਗਰਸ ਦੇ ਕਿਸੇ ਵੀ ਸਮਾਗਮ ਵਿੱਚ ਉਨ੍ਹਾਂ ਵੱਲੋਂ ਹਿੱਸਾ ਨਹੀਂ ਲਿਆ ਗਿਆ। ਪਿਛਲੇ ਦਿਨੀਂ ਪਰਨੀਤ ਕੌਰ ਵੱਲੋਂ ਔਰਤਾਂ ਦਾ ਵੱਡਾ ਇਕੱਠ ਕਰਕੇ ਆਮ ਆਦਮੀ ਪਾਰਟੀ ਵਿਰੁੱਧ ਔਰਤਾਂ ਨੂੰ ਇੱਕ ਹਜ਼ਾਰ ਰੁਪਏ ਨਾ ਦੇਣ ਸਬੰਧੀ ਧਰਨਾ ਪ੍ਰਦਰਸ਼ਨ ਕੀਤਾ ਗਿਆ ਸੀ। ਇੱਧਰ ਪਟਿਆਲਾ ਦੇ ਕਾਂਗਰਸੀਆਂ ਵੱਲੋਂ ਪਰਨੀਤ ਕੌਰ ਖਿਲਾਫ਼ ਖੁੱਲ੍ਹ ਕੇ ਬੋਲਣ ਤੋਂ ਸੰਕੋਚ ਕੀਤਾ ਜਾ ਰਿਹਾ ਹੈ।

ਹਾਈਕਮਾਂਡ ਨੇ ਦੇਖਣਾ, ਅਸੀਂ ਕੁਝ ਨਹੀਂ ਕਹਿ ਸਕਦੇ : ਹਰਦਿਆਲ ਕੰਬੋਜ

ਹਲਕਾ ਰਾਜਪੁਰਾ ਤੋਂ ਕਾਂਗਰਸ ਦੇ ਸਾਬਕਾ ਵਿਧਾਇਕ ਹਰਦਿਆਲ ਸਿੰਘ ਕੰਬੋਜ ਨਾਲ ਜਦੋਂ ਗੱਲ ਕੀਤੀ ਗਈ ਤਾਂ ਉਨ੍ਹਾਂ ਕਿਹਾ ਕਿ ਜਦੋਂ ਪੰਜਾਬ ਕਾਂਗਰਸ ਵੱਲੋਂ ਹੀ ਇਹ ਮੰਗ ਕਰ ਦਿੱਤੀ ਹੈ ਤਾਂ ਉਹ ਆਪਣੇ ਵੱਲੋਂ ਕੋਈ ਮੰਗ ਨਹੀਂ ਕਰ ਸਕਦੇ। ਜਦੋਂ ਉਨ੍ਹਾਂ ਨੂੰ ਪੁੱਛਿਆ ਪਰਨੀਤ ਕੌਰ ਦੇ ਮਾਮਲੇ ’ਚ ਕਾਂਗਰਸ ਵਿੱਚ ਦੁਚਿੱਤੀ ਪੈਦੀ ਹੋਈ ਪਈ ਹੈ ਅਤੇ ਹਾਈਕਮਾਂਡ ਕੋਈ ਐਕਸ਼ਨ ਨਹੀਂ ਲੈ ਰਹੀ ਤਾਂ ਉਨ੍ਹਾਂ ਕਿਹਾ ਕਿ ਉਹ ਇਸ ਬਾਰੇ ਕੁਝ ਨਹੀਂ ਕਹਿ ਸਕਦੇ, ਇਹ ਤਾਂ ਕਾਂਗਰਸ ਹਾਈਕਮਾਂਡ ਨੇ ਦੇਖਣਾ ਹੈ।

ਇਸ ਮਾਮਲੇ ’ਤੇ ਕੁਝ ਨਹੀਂ ਕਹਿਣਾ : ਪਰਨੀਤ ਕੌਰ

ਇਸ ਸਬੰਧੀ ਜਦੋਂ ਮੈਂਬਰ ਪਾਰਲੀਮੈਂਟ ਪਰਨੀਤ ਕੌਰ ਨਾਲ ਗੱਲ ਕੀਤੀ ਗਈ ਤਾਂ ਉਨ੍ਹਾਂ ਕਿਹਾ ਕਿ ਉਹ ਟੂਰ ’ਤੇ ਗਏ ਹੋਏ ਹਨ ਅਤੇ ਇਸ ਮਾਮਲੇ ਸਬੰਧੀ ਕੁਝ ਨਹੀਂ ਕਹਿਣਾ। ਉਨ੍ਹਾਂ ਇਸ ਮਾਮਲੇ ’ਤੇ ਕੁਝ ਵੀ ਕਹਿਣ ਤੋਂ ਇਨਕਾਰ ਕਰ ਦਿੱਤਾ।

ਰਾਜਾ ਵੜਿੰਗ ਦੇ ਗੋਡਿਆਂ ’ਚ ਦਮ ਤਾਂ ਬਾਹਰ ਕੱਢਣ ਵਾਲੀ ਚਿੱਠੀ ਜਾਰੀ ਕਰੇ : ਬਲੀਏਵਾਲ

ਇੱਧਰ ਪੰਜਾਬ ਲੋਕ ਕਾਂਗਰਸ ਦੇ ਆਗੂ ਪ੍ਰਿਤਪਾਲ ਸਿੰਘ ਬਲੀਏਵਾਲ ਦਾ ਕਹਿਣਾ ਹੈ ਕਿ ਕਾਂਗਰਸ ਦੇ ਪ੍ਰਧਾਨ ਦੇ ਮੂੰਹੋਂ ਚਾਰ ਮਹੀਨਿਆਂ ਤੋਂ ਇਹ ਗੱਲ ਸੁਣੀ ਜਾ ਰਹੀ ਹੈ ਕਿ ਪਰਨੀਤ ਕੌਰ ਨੂੰ ਕਾਂਗਰਸ ’ਚੋਂ ਬਾਹਰ ਕੱਢ ਦਿੱਤਾ, ਉਹ ਕਾਂਗਰਸ ਦਾ ਹਿੱਸਾ ਨਹੀਂ ਹੈ। ਉਨ੍ਹਾਂ ਰਾਜਾ ਵੜਿੰਗ ਨੂੰ ਚੈਲੇਂਜ ਕਰਦਿਆਂ ਆਖਿਆ ਕਿ ਜੇਕਰ ਤੁਹਾਡੇ ਗੋਡਿਆ ’ਚ ਜਾਨ ਹੈ ਤਾਂ ਉਹ ਚਿੱਠੀ ਜਾਰੀ ਕਰੋ, ਜਿਸ ਵਿੱਚ ਲਿਖਿਆ ਹੋਵੇ ਕਿ ਪਰਨੀਤ ਕੌਰ ਨੂੰ ਕਾਂਗਰਸ ’ਚੋਂ ਬਾਹਰ ਕੱਢ ਦਿੱਤਾ ਹੈ।

ਉਨ੍ਹਾਂ ਕਿਹਾ ਕਿ ਵਿਰੋਧੀ ਧਿਰ ਦੇ ਆਗੂ ਕਹਿ ਰਹੇ ਹਨ ਕਿ ਪਰਨੀਤ ਕੌਰ ਅਸਤੀਫ਼ਾ ਦੇਵੇ , ਜਦੋਂਕਿ ਤੁਸੀ ਕਹਿ ਰਹੇ ਹੋ ਕਿ ਬਾਹਰ ਕੱਢ ਦਿੱਤਾ। ਉਨ੍ਹਾਂ ਕਿਹਾ ਕਿ ਬਿਆਨ ਦੇਣ ਤੋਂ ਪਹਿਲਾਂ ਤੁਸੀਂ ਸਲਾਹ ਕਰ ਲਿਆ ਕਰੋ, ਐਵੇਂ ਬੜਕਾਂ ਮਾਰਨ ਦਾ ਕੋਈ ਫਾਇਦਾ ਨਹੀਂ। ਬਲੀਏਵਾਲ ਨੇ ਕਿਹਾ ਕਿ ਲੋਕ ਸਭਾ ’ਚ ਮਸਾਂ ਤੁਹਾਡੇ 54 ਨੰਬਰ ਹਨ, ਜੇਕਰ ਇੱਕ ਵੀ ਘੱਟ ਗਿਆ ਤਾਂ ਵਿਰੋਧੀ ਧਿਰ ਦੀ ਕੁਰਸੀ ਹਿੱਲ ਜਾਣੀ ਹੈ ਅਤੇ ਕਾਂਗਰਸ ਨੂੰ ਮਿਲ ਰਹੀਆਂ ਸਹੂਲਤਾਂ ਖਤਮ ਹੋ ਜਾਣੀਆਂ ਹਨ, ਜਿਸ ਕਾਰਨ ਕਾਂਗਰਸ ਹਾਈਕਮਾਂਡ ਇਹ ਰਿਸਕ ਲੈਣਾ ਨਹੀਂ ਚਾਹੁੰਦੀ।

ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter,InstagramLinkedin , YouTube‘ਤੇ ਫਾਲੋ ਕਰੋ