ਕਾਂਗਰਸ ਨੇ ਲਗਾਈ ‘ਬਾਦਲ ਦੀ ਹੱਟੀ’

Congress, launched, 'Badal's shop', Budget session

ਬਾਦਲਾਂ ‘ਤੇ ਲਗਾਇਆ ਪਿਛਲੀ ਸਰਕਾਰ ‘ਚ ਘਪਲੇਬਾਜ਼ੀ ਕਰਨ ਦਾ ਦੋਸ਼

ਅਸ਼ਵਨੀ ਚਾਵਲਾ, ਚੰਡੀਗੜ੍ਹ, 20 ਜੂਨ :ਬਜਟ ਸੈਸ਼ਨ ਦਰਮਿਆਨ ਵਿਧਾਨ ਸਭਾ ਦੇ ਅੰਦਰ ਕਾਂਗਰਸ ਸਰਕਾਰ ਨੂੰ ਘੇਰਨ ਵਿੱਚ ਪਿਛਲੇ ਕਈ ਦਿਨਾਂ ਤੋਂ ਕੋਈ ਕਸਰ ਨਾ ਛੱਡ ਰਹੇ ਸ਼੍ਰੋਮਣੀ ਅਕਾਲੀ ਦਲ ਨੂੰ ਸਦਨ ਤੋਂ ਬਾਹਰ ਘੇਰਦੇ ਹੋਏ ਕਾਂਗਰਸ ਨੇ ‘ਬਾਦਲ ਦੀ ਹੱਟੀ’ ਖੋਲ ਦਿੱਤੀ। ਵਿਧਾਨ ਸਭਾ ਦੀ ਚਾਰ-ਦਿਵਾਰੀ ਦੇ ਅੰਦਰ ਕਾਂਗਰਸ ਨੇ ਇੱਕ ਟੈਂਟ ਵਿੱਚ ਦੁਕਾਨ ਖੋਲਦੇ ਹੋਏ ਉਸ ਨੂੰ ਬਾਦਲਾਂ ਦੀ ਹੱਟੀ ਦਾ ਨਾਅ ਦੇ ਦਿੱਤਾ। ਜਿਸ ਵਿੱਚ ਕਈ ਤਰਾਂ ਦੀਆਂ ਚੀਜ਼ਾਂ ਦੀ ਨੁਮਾਇਸ਼ ਲਾ ਕੇ ਉਨ੍ਹਾਂ ‘ਤੇ ਮਾਰਕੀਟ ਅਤੇ ਬਾਦਲਾਂ ਦਾ ਰੇਟ ਦਰਜ਼ ਕਰ ਰੱਖਿਆ ਹੋਇਆ ਸੀ।

ਰਾਜ ਨਹੀਂ ਮੇਵਾ ਤਹਿਤ ਚਲਾਇਆ ਬਾਦਲਾਂ ਨੇ ਆਪਣਾ ਕੰਮ : ਵੜਿੰਗ

 ਇਸ ‘ਬਾਦਲਾਂ ਦੀ ਹੱਟੀ’ ਲਗਾਉਣ ਵਾਲੇ ਕਾਂਗਰਸੀ ਵਿਧਾਇਕ ਅਮਰਿੰਦਰ ਸਿੰਘ ਰਾਜਾ ਵੜਿੰਗ ਨੇ ਕਿਹਾ ਕਿ ਬਾਦਲਾਂ ਨੇ ਆਪਣੇ ਰਾਜ ਵਿੱਚ ਹਮੇਸ਼ਾ ਹੀ ਸਰਕਾਰੀ ਪੈਸੇ ਦੀ ਲੁੱਟ ਕੀਤੀ ਹੈ ਅਤੇ ਪੰਜਾਬ ਵਿੱਚ ਰਾਜ ਨਹੀਂ ਸੇਵਾ ਦੇ ਨਾਅਰੇ ਤਹਿਤ ਆਏ ਅਕਾਲੀਆਂ ਨੇ ਰਾਜ ਨਹੀਂ ਮੇਵਾ ਦੇ ਤਹਿਤ 10 ਸਾਲ ਆਪਣਾ ਕੰਮ ਚਲਾਇਆ ਅਤੇ ਪੰਜਾਬੀਆਂ ਨੂੰ ਜੰਮ ਕੇ ਲੁੱਟ ਦਾ ਸ਼ਿਕਾਰ ਬਣਾਇਆ। ਉਨ੍ਹਾਂ ਦੱਸਿਆ ਕਿ ਸਰਕਾਰੀ ਖਰੀਦ ਜਿਹੜੀ ਵੀ ਹੁੰਦੀ ਸੀ, ਉਸ ਵਿੱਚ ਵੱਡੇ ਪੱਧਰ ‘ਤੇ ਲੁੱਟ ਕੀਤੀ ਗਈ। ਉਨ੍ਹਾਂ ਕਿਹਾ ਕਿ ਰੇਤ ਬੱਜਰੀ ਮਾਫੀਆ ਸਣੇ ਸਰਕਾਰ ਵਿੱਚ ਰਹਿੰਦੇ ਹੋਏ ਇਨ੍ਹਾਂ ਬਾਦਲਾਂ ਨੇ ਕੋਈ ਵੀ ਵਰਗ ਨਹੀਂ ਛੱਡਿਆ ਜਿਸ ਨੂੰ ਲੁੱਟ ਦਾ ਸ਼ਿਕਾਰ ਬਣਾਕੇ ਕਮਾਈ ਨਾ ਕੀਤੀ ਹੋਵੇ। ਉਨ੍ਹਾਂ ਕਿਹਾ ਕਿ ਕਹਿਣ ਨੂੰ ਤਾਂ ਕਈ ਸਕੀਮਾਂ ਬਾਦਲਾਂ ਨੇ ਲੋਕਾਂ ਲਈ ਚਲਾਈਆਂ ਸਨ ਪਰ ਅਸਲ ਵਿੱਚ ਉਨ੍ਹਾਂ ਨੇ ਇਸ ਦੀ ਆੜ ਵਿੱਚ ਆਪਣਾ ਹੀ ਘਰ ਭਰਿਆ ਹੈ।