ਪੰਜਾਬ ਭਰ ਦੀਆਂ ਸਰਕਾਰੀ ਇਮਾਰਤਾਂ ਵਿੱਚ ਲਗਾਈ ਜਾਏਗੀ 65 ਇੰਚ ਦੀ ਇਹ ਐਲ.ਐਫ.ਡੀ.
- ਸਰਕਾਰ ਦੇ ਤਿੰਨ ਸਾਲ ਮੁਕੰਮਲ ਹੋਣ ਤੋਂ ਪਹਿਲਾਂ ਪ੍ਰਚਾਰ ਦੀ ਤਿਆਰੀ, ਪੀ.ਆਰ. ਵਿਭਾਗ ਨੇ ਸੰਭਾਲੀ ਕਮਾਨ
- ਐਲ.ਈ.ਡੀ. ਤੋਂ ਵੱਡੀ ਅਤੇ ਪ੍ਰਚਾਰ ਲਈ ਕਾਰਗਰ ਸਾਬਤ ਹੁੰਦੀ ਐ ਐਲ.ਐਫ.ਡੀ., ਤਾਂ ਹੀ ਇਸ ਨੂੰ ਖਰੀਦ ਰਹੀ ਐ ਸਰਕਾਰ
- ਪੰਜਾਬ ਭਰ ਵਿੱਚ 3 ਸਾਲ ਲਈ ਲੱਗਣਗੀਆਂ ਇਹ ਐਲ.ਐਫ.ਡੀ. ਸਕਰੀਨ, ਸਰਕਾਰ ਤਿਆਰ ਕਰੇਗੀ ਸਪੈਸ਼ਲ ਪ੍ਰੋਗਰਾਮ
ਚੰਡੀਗੜ, (ਅਸ਼ਵਨੀ ਚਾਵਲਾ)। ਪੰਜਾਬ ‘ਚ ਅਮਰਿੰਦਰ ਸਿੰਘ ਦੀ ਸਰਕਾਰ ਆਪਣੇ ਤਿੰਨ ਸਾਲ ਮੁਕੰਮਲ ਕਰਨ ਤੋਂ ਪਹਿਲਾਂ ਹੀ ਪ੍ਰਚਾਰ ਕਰਨ ਦੀ ਤਿਆਰੀ ਵਿੱਚ ਜੁਟ ਗਈ ਹੈ।ਇਸ ਕੰਮ ਲਈ ਸਰਕਾਰੀ ਇਮਾਰਤਾਂ ਨੂੰ ਵਰਤਿਆ ਜਾਏਗਾ ਪੰਜਾਬ ਭਰ ‘ਚ ਸਰਕਾਰੀ ਇਮਾਰਤਾਂ ਦੇ ਅੰਦਰ ਖ਼ਾਸ ਕਿਸਮ ਦੀ 65 ਇੰਚ ਦੀ ਐਲ.ਐਫ.ਡੀ. ਲਗਾਈ ਜਾ ਰਹੀਂ ਹੈ, ਜਿਸ ਵਿੱਚ ਹੁਣ ਤੱਕ ਦੀ ਸਾਰੀਆਂ ਖੂਬੀਆਂ ਮੌਜੂਦ ਰਹਿਣਗੇ। ਇਸ ਐਲ.ਐਫ.ਡੀ. ਰਾਹੀਂ ਡਿਜੀਟਲ ਤਰੀਕੇ ਨਾਲ ਸਰਕਾਰੀ ਕੰਮਾਂ ਦਾ ਵੇਰਵਾ ਦਿੰਦੇ ਹੋਏ ਸਰਕਾਰ ਦਾ ਪ੍ਰਚਾਰ ਕਰਨ ਦੀ ਕੋਸ਼ਸ਼ ਕੀਤੀ ਜਾਏਗੀ।
ਜਾਣਕਾਰੀ ਅਨੁਸਾਰ ਸੂਚਨਾ ਅਤੇ ਲੋਕ ਸੰਪਰਕ ਵਿਭਾਗ ਵਲੋਂ ਸਰਕਾਰ ਦੇ ਇਸ਼ਾਰੇ ‘ਤੇ 65 ਇੰਚ ਦੀ ਐਲ.ਐਫ.ਡੀ ਦਾ ਟੈਂਡਰ ਜਾਰੀ ਕਰ ਦਿੱਤੀ ਹੈ। ਸ਼ੁਰੂਆਤੀ ਦੌਰ ਵਿੱਚ 100 ਐਲ.ਐਫ.ਡੀ. ਦੀ ਖਰੀਦ ਕੀਤੀ ਜਾ ਰਹੀਂ ਹੈ। ਜਿਸ ਨੂੰ ਪਹਿਲਾਂ ਤੋਂ ਤੈਅ ਕੀਤੇ ਗਏ ਪ੍ਰੋਗਰਾਮ ਅਨੁਸਾਰ ਹੀ ਸਰਕਾਰੀ ਇਮਾਰਤਾਂ ਦੇ ਅੰਦਰ ਲਗਾਇਆ ਜਾਏਗਾ ਅਤੇ ਉਸ ਥਾਂ ਨੂੰ ਟਾਰਗੈਟ ਕੀਤਾ ਜਾਏਗਾ, ਜਿਥੇ ਕਿ ਸਭ ਤੋਂ ਜਿਆਦਾ ਆਮ ਲੋਕ ਆਉਂਦੇ ਹੋਏ ਆਪਣਾ ਸਮਾਂ ਜਿਆਦਾ ਬਿਤਾਉਂਦੇ ਹੋਣ। ਇਨਾਂ ਸਰਕਾਰੀ ਇਮਾਰਤਾਂ ਵਿੱਚ ਸਾਂਝ ਕੇਂਦਰਾਂ ਅਤੇ ਸੇਵਾ ਕੇਂਦਰ ਨੂੰ ਮੁੱਖ ਰੂਪ ਵਿੱਚ ਸ਼ਾਮਲ ਕੀਤਾ ਜਾਏਗਾ
ਐਲ.ਐਫ.ਡੀ. ਦੇ ਲੱਗਣ ਤੋਂ ਬਾਅਦ ਇਨਾਂ ਦਾ ਕੰਟਰੋਲ ਸੂਚਨਾ ਅਤੇ ਲੋਕ ਸੰਪਰਕ ਵਿਭਾਗ ਦੇ ਕੋਲ ਹੀ ਰਹੇਗਾ ਅਤੇ ਉਹ ਆਪਣੇ ਵਲੋਂ ਤਿਆਰ ਕੀਤੇ ਗਏ ਇਸ਼ਤਿਹਾਰ ਚਲਾਉਣ ਦੇ ਨਾਲ ਹੀ ਸਰਕਾਰੀ ਕੰਮਕਾਜ ਦਾ ਪ੍ਰਚਾਰ ਕਰਨਗੇ। ਇਥੇ ਹੀ ਮੁੱਖ ਮੰਤਰੀ ਅਮਰਿੰਦਰ ਸਿੰਘ ਵੱਲੋਂ ਲਏ ਗਏ ਫੈਸਲੇ ਅਤੇ ਉਨਾਂ ਵਲੋਂ ਕੀਤੇ ਗਏ ਵਾਅਦੇ ਦਾ ਵੇਰਵਾ ਵੀ ਦਿੱਤਾ ਜਾਏਗਾ। ਇਥੇ ਹੀ ਇਸ ਐਲ.ਐਫ.ਡੀ. ਵਿੱਚ ਨਸ਼ੇ ਦੇ ਖ਼ਾਤਮੇ ਨੂੰ ਲੈ ਕੇ ਸਰਕਾਰ ਵਲੋਂ ਕੀਤੇ ਗਏ ਕੰਮਾਂ ਦਾ ਵੇਰਵਾ ਖਾਸ ਤੌਰ ‘ਤੇ ਦੇਣ ਦੀ ਕੋਸ਼ਸ਼ ਕੀਤੀ ਜਾਏਗੀ ਤਾਂ ਕਿ ਆਮ ਲੋਕਾਂ ਨੂੰ ਇਹ ਵਿਸ਼ਵਾਸ ਦਿਵਾਇਆ ਜਾਵੇ ਕਿ ਇਸ ਅਮਰਿੰਦਰ ਸਿੰਘ ਦੀ ਸਰਕਾਰ ਨੇ ਨਸ਼ੇ ਦੇ ਖ਼ਾਤਮੇ ਲਈ ਵੱਡੇ ਪੱਧਰ ‘ਤੇ ਕੰਮ ਕੀਤਾ ਹੈ। ਪੰਜਾਬ ਸਰਕਾਰ ਵਲੋਂ ਇਨਾਂ ਐਲ.ਐਫ.ਡੀ. ਨੂੰ ਸ਼ੁਰੂਆਤੀ ਦੌਰ ਵਿੱਚ ਤਿੰਨ ਸਾਲਾਂ ਲਈ ਲਗਾਇਆ ਜਾ ਰਿਹਾ ਹੈ
ਮੁੱਖ ਮੰਤਰੀ ਦੀ ਰਿਹਾਇਸ਼ ਵਿੱਚ ਵੀ ਲੱਗੇਗੀ ਖ਼ਾਸ ਸਕਰੀਨ
ਪੰਜਾਬ ਭਰ ਦੀਆਂ ਸਰਕਾਰੀ ਇਮਾਰਤਾਂ ਦੇ ਅੰਦਰ ਐਲ.ਐਫ.ਡੀ. ਲਗਾਉਣ ਦੇ ਨਾਲ ਹੀ ਮੁੱਖ ਮੰਤਰੀ ਅਮਰਿੰਦਰ ਸਿੰਘ ਦੀ ਰਿਹਾਇਸ਼ ਵਿੱਚ ਵੀ ਐਲ.ਐਫ.ਡੀ. ਲਗਾਈ ਜਾਏਗੀ ਤਾਂ ਕਿ ਮੁੱਖ ਮੰਤਰੀ ਅਮਰਿੰਦਰ ਸਿੰਘ ਨੂੰ ਮਿਲਣ ਲਈ ਆਉਣ ਵਾਲੇ ਵਿਧਾਇਕ ਅਤੇ ਸਿਆਸੀ ਆਗੂ ਸਰਕਾਰੀ ਪ੍ਰਚਾਰ ਨੂੰ ਦੇਖ ਸਕਣ
ਕਿਥੇ ਕਿਥੇ ਲਗਣਗੀਆ ਕਿੰਨੀ ਐਲ.ਐਫ.ਡੀ. ?
ਸਥਾਨ ਐਲ.ਐਫ.ਡੀ. ਦੀ ਗਿਣਤੀ
ਸੇਵਾ ਕੇਂਦਰ (ਸਾਰੇ ਜ਼ਿਲੇ) 44
ਸਾਂਝ ਕੇਂਦਰ (ਸਾਰੇ ਜ਼ਿਲੇ) 22
ਸਾਰੇ ਨਗਰ ਨਿਗਮ 6
ਸਿਵਲ ਸਕੱਤਰੇਤ 4
ਮਿੰਨੀ ਸਕੱਤਰੇਤ 3
ਪੰਜਾਬ ਭਵਨ ਦਿੱਲੀ 2
ਸਾਇੰਸ ਸਿਟੀ ਜਲੰਧਰ 2
ਵਿਰਾਸਤ ਏ ਖਾਲਸਾ 1
ਜੰਗ ਏ ਆਜ਼ਾਦੀ ਮੈਮੋਰੀਅਲ 1
ਵਾਰ ਮੈਮੋਰੀਅਲ 1
ਗਮਾਡਾ ਮੁਹਾਲੀ 1
ਸਿੱਖਿਆ ਬੋਰਡ ਮੁਹਾਲੀ 1
ਵਿਕਾਸ ਭਵਨ ਮੁਹਾਲੀ 1
ਸਥਾਨਕ ਸਰਕਾਰਾਂ ਵਿਭਾਗ 1
ਮੁੱਖ ਮੰਤਰੀ ਦਫ਼ਤਰ 1
ਪੰਜਾਬ ਭਵਨ ਚੰਡੀਗੜ 1
ਬਾਕੀ ਰਿਜ਼ਰਵ 7
ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।