ਪ੍ਰਧਾਨ ਮੰਤਰੀ ਨੂੰ ਕੀਤੀ ਜਾਏਗੀ ਅਪੀਲ, ਪੰਜਾਬ ਦੇ ਵਿਦਿਆਰਥੀਆਂ ਨੂੰ ਬਚਾਇਆ ਜਾਵੇ
- ਪੰਜਾਬ ਵਿੱਚ ਲਗਾਤਾਰ ਵੱਧ ਰਹੀ ਐ ਗਿਣਤੀ, ਸਰਕਾਰ ਵੱਲੋਂ ਅੰਕੜੇ ਨਹੀਂ ਕੀਤੇ ਗਏ ਜਾਰੀ
(ਅਸ਼ਵਨੀ ਚਾਵਲਾ) ਚੰਡੀਗੜ। ਯੂਕਰੇਨ ਵਿੱਚ ਫਸੇ ਪੰਜਾਬੀਆਂ ਦੀ ਵਾਪਸੀ ਲਈ ਕਾਂਗਰਸ ਪਾਰਟੀ ਅੱਗੇ ਆਈ ਹੈ ਅਤੇ ਇਸ ਮੁੱਦੇ ’ਤੇ ਕਾਂਗਰਸੀ ਸੰਸਦ ਮੈਂਬਰਾਂ ਵੱਲੋਂ ਨਾ ਸਿਰਫ਼ ਮੀਟਿੰਗ ਕੀਤੀ ਗਈ, ਸਗੋਂ ਪ੍ਰਧਾਨ ਮੰਤਰੀ ਤੋਂ ਅਪੀਲ ਵੀ ਕੀਤੀ ਗਈ ਹੈ ਕਿ ਪੰਜਾਬ ਦੇ ਵਿਦਿਆਰਥੀਆਂ ਅਤੇ ਆਮ ਲੋਕਾਂ ਨੂੰ ਯੂਕ੍ਰੇਨ ਤੋਂ ਵਾਪਸ ਲੈ ਕੇ ਆਉਣ ਲਈ ਜਲਦ ਹੀ ਕਾਰਵਾਈ ਕੀਤੀ ਜਾਵੇ ਤਾਂ ਕਿ ਪੰਜਾਬ ਦਾ ਕੋਈ ਵੀ ਵਿਦਿਆਰਥੀ ਜਾਂ ਫਿਰ ਆਮ ਵਿਅਕਤੀ ਇਸ ਜੰਗ ਦੀ ਭੇਂਟ ਨਾ ਚੜ ਜਾਵੇ। ਕਾਂਗਰਸ ਦੇ ਸੰਸਦ ਮੈਂਬਰਾਂ ਵੱਲੋਂ ਦਿੱਲੀ ਪੰਜਾਬ ਭਵਨ ਵਿਖੇ ਮੀਟਿੰਗ ਕਰਦੇ ਹੋਏ ਇਸ ਸਬੰਧੀ ਪ੍ਰਧਾਨ ਮੰਤਰੀ ਤੋਂ ਸਮਾਂ ਲੈਣ ਲਈ ਵੀ ਫੈਸਲਾ ਕੀਤਾ ਗਿਆ ਹੈ ਤਾਂ ਕਿ ਪੰਜਾਬ ਦੇ ਸਾਰੇ ਕਾਂਗਰਸੀ ਸੰਸਦ ਮੈਂਬਰ ਇੱਕ ਜੁੱਟ ਹੋ ਕੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਕੋਲ ਇਸ ਮੰਗ ਨੂੰ ਰੱਖ ਸਕਣ।
ਸਾਰੇ ਪੰਜਾਬੀ ਵਿਦਿਆਰਥੀ ਪੰਜਾਬ ਸਰਕਾਰ ਅਤੇ ਭਾਰਤੀ ਦੂਤਾਵਾਸ ਦੇ ਸੰਪਰਕ ’ਚ
ਦਿੱਲੀ ਵਿਖੇ ਕਾਂਗਰਸ ਦੇ ਸੰਸਦ ਮੈਂਬਰ ਗੁਰਜੀਤ ਸਿੰਘ ਔਂਜਲਾ, ਮਨੀਸ਼ ਤਿਵਾੜੀ, ਅਮਰ ਸਿੰਘ, ਰਵਨੀਤ ਬਿੱਟੂ ਅਤੇ ਚੌਧਰੀ ਸੰਤੋਖ ਸਿੰਘ ਸਣੇ ਹੋਰ ਵੀ ਕਾਂਗਰਸ ਦੇ ਸੰਸਦ ਮੈਂਬਰ ਮੌਜੂਦ ਸਨ। ਇਨਾਂ ਸੰਸਦ ਮੈਂਬਰਾਂ ਵੱਲੋਂ ਮੀਟਿੰਗ ਕਰਦੇ ਹੋਏ ਕੇਂਦਰ ਸਰਕਾਰ ਨੂੰ ਅਪੀਲ ਕੀਤੀ ਗਈ ਹੈ ਕਿ ਪੰਜਾਬ ਵਿੱਚੋਂ ਵੱਡੀ ਗਿਣਤੀ ਵਿੱਚ ਵਿਦਿਆਰਥੀ ਐਮ.ਬੀ.ਬੀ.ਐਸ. ਅਤੇ ਹੋਰ ਡਿਗਰੀਆਂ ਕਰਨ ਲਈ ਯੂਕਰੇਨ ਵਿੱਚ ਗਏ ਹੋਏ ਹਨ। ਬੀਤੇ ਹਫ਼ਤੇ ਰੂਸ ਅਤੇ ਯੂਕਰੇਨ ਵਿੱਚ ਜੰਗ ਛਿੜਨ ਤੋਂ ਬਾਅਦ ਇਹ ਸਾਰੇ ਵਿਦਿਆਰਥੀ ਯੂਕਰੇਨ ਵਿੱਚ ਹੀ ਫਸ ਗਏ ਹਨ ਅਤੇ ਇਨਾਂ ਨੂੰ ਉਥੋਂ ਨਿਕਲਣ ਦਾ ਕੋਈ ਰਾਹ ਨਹੀਂ ਮਿਲ ਪਾ ਰਿਹਾ ਹੈ ਪਰ ਇਹ ਸਾਰੇ ਪੰਜਾਬੀ ਵਿਦਿਆਰਥੀ ਪੰਜਾਬ ਸਰਕਾਰ ਅਤੇ ਭਾਰਤੀ ਦੂਤਾਵਾਸ ਦੇ ਸੰਪਰਕ ਵਿੱਚ ਹਨ।
ਇਨਾਂ ਵਿਦਿਆਰਥੀਆਂ ਨੂੰ ਹੁਣ ਤੱਕ ਕੋਈ ਵੀ ਰਾਹਤ ਨਹੀਂ ਮਿਲੀ ਹੈ ਅਤੇ ਇਨਾਂ ਵਿਦਿਆਰਥੀਆਂ ਨੂੰ ਕੱਢਣ ਲਈ ਵੀ ਕੋਈ ਜਿਆਦਾ ਕੋਸ਼ਿਸ਼ ਨਹੀਂ ਹੋਈ ਹੈ। ਇਸ ਲਈ ਭਾਰਤ ਦੀ ਸਰਕਾਰ ਇਨਾਂ ਵਿਦਿਆਰਥੀਆਂ ਨੂੰ ਤੁਰੰਤ ਯੂਕਰੇਨ ਵਿੱਚੋਂ ਕੱਢਣ ਦੀ ਕੋਸ਼ਸ਼ ਕਰਦੇ ਹੋਏ ਇਨਾਂ ਦੀ ਪੰਜਾਬੀ ਵਾਪਸੀ ਕਰਵਾਈ ਜਾਵੇ। ਇਨਾਂ ਸੰਸਦ ਮੈਂਬਰਾਂ ਵੱਲੋਂ ਜਲਦ ਹੀ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨਾਲ ਵੀ ਮੁਲਾਕਾਤ ਕਰਨ ਸਬੰਧੀ ਪ੍ਰੋਗਰਾਮ ਬਣਾਇਆ ਗਿਆ ਹੈ ਅਤੇ ਜਲਦ ਹੀ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਤੋਂ ਮਿਲਣ ਲਈ ਸਮਾਂ ਮੰਗਿਆ ਜਾਏਗਾ। ਇੱਥੇ ਹੀ ਪੰਜਾਬ ਦੀ ਕਾਂਗਰਸ ਸਰਕਾਰ ਵੱਲੋਂ ਤਿਆਰ ਕੀਤੀ ਗਈ ਪੰਜਾਬੀ ਵਿਦਿਆਰਥੀਆਂ ਦੀ ਲਿਸਟ ਵੀ ਇਨਾਂ ਸੰਸਦ ਮੈਂਬਰਾਂ ਵੱਲੋਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਸੌਂਪੀ ਜਾਏਗੀ।
ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter,Instagram, Linkedin , YouTube‘ਤੇ ਫਾਲੋ ਕਰੋ