ਸ਼ਬਦਾਂ ਦੀ ਮਰਿਆਦਾ ਭੁੱਲੀ ਕਾਂਗਰਸ-ਭਾਜਪਾ

Raj Kumar Verka

( Congress-BJP ) ਡੁੱਬ ਕੇ ਮਰ ਜਾਣਾ ਚਾਹੀਦੈ ਭਾਜਪਾ ਨੂੰ : ਵੇਰਕਾ, ਭਾਜਪਾ ਨੂੰ ਨਹੀਂ ਵੇਰਕਾ ਤੇ ਕਾਂਗਰਸ ਨੂੰ ਡੁੱਬ ਕੇ ਮਰ ਜਾਣਾ ਚਾਹੀਦੈ, ਜਿਹੜੀ ਦੇ ਰਹੀ ਐ ਚੋਰਾਂ ਦਾ ਸਾਥ : ਅਸ਼ਵਨੀ

  • ਕਾਂਗਰਸ ਦੇ ਮੰਤਰੀ ਰਾਜ ਕੁਮਾਰ ਵੇਰਕਾ ਨੇ ਭਾਜਪਾ ਪ੍ਰਤੀ ਵਰਤੀ ਗਲਤ ਸ਼ਬਦਾਵਲੀ ਤਾਂ ਭਾਜਪਾ ਪ੍ਰਧਾਨ ਅਸ਼ਵਨੀ ਸ਼ਰਮਾ ਨੇ ਦਿੱਤਾ ਜੁਆਬ
  •  ਕਾਂਗਰਸ ਚੋਰਾਂ ਨਾਲ ਮਿਲੀ ਹੋਈ ਪਾਰਟੀ, ਦਲਿਤ ਕਾਰਡ ਖੇਡਣ ਦੀ ਥਾਂ ’ਤੇ ਜੇਲ ਯਾਤਰਾ ਦੀ ਤਿਆਰੀ ਕਰਨ ਕਾਂਗਰਸੀ : ਸ਼ਰਮਾ

(ਅਸ਼ਵਨੀ ਚਾਵਲਾ) ਚੰਡੀਗੜ੍ਹ। ਚਰਨਜੀਤ ਸਿੰਘ ਚੰਨੀ ਦੇ ਭਾਣਜੇ ਭੁਪਿੰਦਰ ਹਨੀ ਦੇ ਘਰ ਈ.ਡੀ. ਦਾ ਛਾਪਾ ਵੱਜਣ ਤੋਂ ਬਾਅਦ ਬੌਖਲਾਹਟ ਵਿੱਚ ਕਾਂਗਰਸ ਪਾਰਟੀ ਸ਼ਬਦਾਂ ਦੀ ਮਰਿਆਦਾ ਹੀ ਭੁੱਲ ਗਈ ਹੈ। ਕਾਂਗਰਸ ਵੱਲੋਂ ਅਪਸ਼ਬਦਾਂ ਦੀ ਵਰਤੋਂ ਕੀਤੀ ਜਾ ਰਹੀ ਹੈ ਅਤੇ ਭਾਜਪਾ ਵੱਲੋਂ ਵੀ ਉਸੇ ਲਹਿਜੇ ਵਿੱਚ ਵਾਪਸੀ ਕੀਤੀ ਜਾ ਰਹੀ ਹੈ। ਵੀਰਵਾਰ ਨੂੰ ਬਾਅਦ ਦੁਪਹਿਰ ਰਾਜ ਕੁਮਾਰ ਵੇਰਕਾ ਵੱਲੋਂ ਪ੍ਰੈਸ ਕਾਨਫਰੰਸ ਕਰਦੇ ਹੋਏ ਭਾਜਪਾ ’ਤੇ ਦੋਸ਼ ਲਗਾਇਆ ਗਿਆ ਕਿ ਈ.ਡੀ. ਦੀ ਗਲਤ ਵਰਤੋਂ ਕਰਦੇ ਹੋਏ ਭਾਜਪਾ ਵੱਲੋਂ ਦਲਿਤ ਮੁੱਖ ਮੰਤਰੀ ਨੂੰ ਡਰਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ, ਜਿਸ ਨੂੰ ਕਿ ਬਰਦਾਸ਼ਤ ਨਹੀਂ ਕੀਤਾ ਜਾਏਗਾ।

ਉਨਾਂ ਕਿਹਾ ਕਿ ਪ੍ਰਧਾਨ ਮੰਤਰੀ ਦੀ ਰੈਲੀ ਫੇਲ੍ਹ ਸਾਬਤ ਹੋਣ ਵਾਲੀ ਸੀ ਤਾਂ ਉਸ ਨੂੰ ਕਵਰ ਕਰਨ ਲਈ ਇਨਾਂ ਨੇ ਸੁਰੱਖਿਆ ਦਾ ਮੁੱਦਾ ਬਣਾਇਆ ਪਰ ਹੁਣ ਉਸੇ ਮੁੱਦੇ ’ਤੇ ਭਾਜਪਾ ਈਡੀ ਦੀ ਵਰਤੋਂ ਕਰਦੇ ਹੋਏ ਚਰਨਜੀਤ ਸਿੰਘ ਚੰਨੀ ਦੇ ਪਰਿਵਾਰਕ ਮੈਂਬਰਾਂ ਨੂੰ ਪਰੇਸ਼ਾਨ ਕਰਨ ਦੀ ਕੋਸ਼ਿਸ਼ ਕਰ ਰਹੀ ਹੈ। ਇਹੋ ਜਿਹੀ ਹਰਕਤ ਕਰਨ ਤੋਂ ਪਹਿਲਾਂ ਭਾਜਪਾ ਨੂੰ ਡੁੱਬ ਕੇ ਮਰ ਜਾਣਾ ਚਾਹੀਦਾ ਹੈ। ਰਾਜ ਕੁਮਾਰ ਵੇਰਕਾ ਵੱਲੋਂ ਇਹ ਸ਼ਬਦ ਬੋਲਣ ਤੋਂ ਬਾਅਦ ਇਸ ’ਤੇ ਕੋਈ ਪਛਤਾਵਾ ਵੀ ਨਹੀਂ ਕੀਤਾ ਗਿਆ, ਸਗੋਂ ਉਨਾਂ ਇਨਾਂ ਵਿਵਾਦਤ ਸ਼ਬਦਾਂ ’ਤੇ ਡਟੇ ਰਹਿਣ ਤੱਕ ਦੀ ਗੱਲ ਆਖ ਦਿੱਤੀ ਹੈ।

ਰਾਜ ਕੁਮਾਰ ਵੇਰਕਾ ਨੂੰ ਆਪਣੀ ਜ਼ਬਾਨ ਸੰਭਾਲ ਕੇ ਚਲਾਉਣੀ ਚਾਹੀਦੀ : ਅਸ਼ਵਨੀ ਸ਼ਰਮਾ

ਰਾਜ ਕੁਮਾਰ ਵੇਰਕਾ ਦੇ ਇਸ ਬਿਆਨ ‘ਤੇ ਭਾਜਪਾ ਪ੍ਰਧਾਨ ਅਸ਼ਵਨੀ ਸ਼ਰਮਾ ਨੇ ਕਿਹਾ ਕਿ ਰਾਜ ਕੁਮਾਰ ਵੇਰਕਾ ਨੂੰ ਆਪਣੀ ਜ਼ਬਾਨ ਸੰਭਾਲ ਕੇ ਚਲਾਉਣੀ ਚਾਹੀਦੀ ਹੈ, ਕਿਉਂਕਿ ਚੋਰੀ ਵੀ ਕਾਂਗਰਸ ਪਾਰਟੀ ਦੇ ਮੁੱਖ ਮੰਤਰੀ ਦੇ ਰਿਸ਼ਤੇਦਾਰ ਨੇ ਕੀਤੀ ਹੈ ਅਤੇ ਹੁਣ ਅੱਖਾਂ ਵੀ ਉਹ ਵਿਖਾਉਣ ਲੱਗ ਪਏ ਹਨ। ਉਨਾਂ ਕਿਹਾ ਕਿ ਕਾਂਗਰਸ ਪਾਰਟੀ ਚੋਰਾਂ ਨੂੰ ਬਚਾਉਣ ਲਈ ਕਈ ਕੈਬਨਿਟ ਮੰਤਰੀਆਂ ਨਾਲ ਮਿਲ ਕੇ ਪ੍ਰੈਸ ਕਾਨਫਰੰਸ ਤੱਕ ਕਰ ਰਹੇ ਹਨ। ਇਸ ਦੇ ਨਾਲ ਹੀ ਰਾਜ ਕੁਮਾਰ ਵੇਰਕਾ ਇਹੋ ਜਿਹੀ ਸ਼ਬਦਾਵਲੀ ਬੋਲ ਰਹੇ ਹਨ ਤਾਂ ਖ਼ੁਦ ਰਾਜ ਕੁਮਾਰ ਵੇਰਕਾ ਅਤੇ ਸਾਰੀ ਕਾਂਗਰਸ ਪਾਰਟੀ ਨੂੰ ਡੁੱਬ ਕੇ ਮਰ ਜਾਣਾ ਚਾਹੀਦਾ ਹੈ, ਜਿਹੜੇ ਕਿ ਚੋਰਾਂ ਦਾ ਸਾਥ ਦੇ ਰਹੇ ਹਨ।

ਅਸ਼ਵਨੀ ਸ਼ਰਮਾ ਨੇ ਕਿਹਾ ਕਿ 10 ਕਰੋੜ ਰੁਪਏ ਕਿਥੋਂ ਆਏ, ਕਿਵੇਂ ਆਏ ਅਤੇ ਭੁਪਿੰਦਰ ਹਨੀ ਦੇ ਘਰ ਵਿੱਚ ਏਨਾ ਪੈਸਾ ਕਿਵੇ? ਇਸ ਦਾ ਜੁਆਬ ਕਾਂਗਰਸ ਪਾਰਟੀ ਨੂੰ ਦੇਣਾ ਚਾਹੀਦਾ ਹੈ ਪਰ ਕਾਂਗਰਸ ਪਾਰਟੀ ਭੁਪਿੰਦਰ ਹਨੀ ਦਾ ਬਚਾਅ ਕਰਨ ਵਿੱਚ ਲੱਗੀ ਹੋਈ ਹੈ ਅਤੇ ਇਹ ਤਾਂ ਸ਼ੁਰੂਆਤ ਹੈ, ਕਿਉਂਕਿ ਰੇਤ ਮਾਫ਼ੀਆਂ ਦਾ ਕੰਮ ਕਰਨ ਵਾਲੇ ਪਤਾ ਨਹੀਂ ਕਿੰਨੇ ਹਨੀ ਮੌਜੂਦ ਹਨ, ਜਿਨਾਂ ਦੇ ਖ਼ਿਲਾਫ਼ ਅਜੇ ਕਾਰਵਾਈ ਹੋਣੀ ਬਾਕੀ ਹੈ। ਅਸ਼ਵਨੀ ਸ਼ਰਮਾ ਨੇ ਇਹ ਵੀ ਕਿਹਾ ਕਿ ਚਰਨਜੀਤ ਸਿੰਘ ਚੰਨੀ ਨੂੰ ਕਿਹੜੀ ਗੱਲ ਦਾ ਡਰ ਲਗ ਰਿਹਾ ਹੈ, ਜਿਹੜਾ ਉਹ ਰੋਜ਼ਾਨਾ ਹੀ ਮੀਡੀਆ ਅੱਗੇ ਬਿਆਨ ਦੇ ਰਿਹਾ ਹੈ ਕਿ ਦਲਿਤਾਂ ਨਾਲ ਧੱਕਾ ਹੋ ਰਿਹਾ ਹੈ ਅਤੇ ਉਸ ਨੂੰ ਗਿ੍ਰਫ਼ਤਾਰ ਕੀਤਾ ਜਾ ਸਕਦਾ ਹੈ। ਉਨਾਂ ਕਿਹਾ ਕਿ ਜੇਕਰ ਚਰਨਜੀਤ ਸਿੰਘ ਚੰਨੀ ਦੋਸ਼ੀ ਨਹੀਂ ਹੈ ਤਾਂ ਉਨਾਂ ਨੂੰ ਡਰਨ ਦੀ ਜਰੂਰਤ ਨਹੀਂ ਹੈ, ਕਿਉਂਕਿ ਈਡੀ ਇਮਾਨਦਾਰੀ ਨਾਲ ਆਪਣਾ ਕੰਮ ਕਰੇਗੀ।

ਪਿੱਚ ਹੀ ਰੇਤ ਦੀ ਦਲਾਲੀ ਨਾਲ ਗਿੱਲੀ ਤਾਂ ਸਿੱਧੂ ਕਿਵੇਂ ਕਰਨਗੇ ਬੈਟਿੰਗ

ਅਸ਼ਵਨੀ ਸ਼ਰਮਾ ਨੇ ਚੁਟਕੀ ਲੈਂਦੇ ਹੋਏ ਕਿਹਾ ਕਿ ਨਵਜੋਤ ਸਿੱਧੂ ਈਡੀ ਦੀ ਛਾਪੇਮਾਰੀ ਦੇ ਮਾਮਲੇ ਵਿੱਚ ਮੁੱਖ ਮੰਤਰੀ ਦਾ ਸਾਥ ਦਿੰਦੇ ਹੋਏ ਦਿਖਾਈ ਨਹੀਂ ਦੇ ਰਹੇ, ਕਿਉਂਕਿ ਉਨਾਂ ਨੂੰ ਪਤਾ ਹੈ ਕਿ ਇਸ ਵਾਰ ਪਿੱਚ ਰੇਤ ਦੀ ਦਲਾਲੀ ਨਾਲ ਪੂਰੀ ਤਰਾਂ ਗਿੱਲੀ ਹੈ ਅਤੇ ਇਹੋ ਜਿਹੀ ਪਿੱਚ ’ਤੇ ਬੈਟਿੰਗ ਹੋ ਹੀ ਨਹੀਂ ਸਕਦੀ ਹੈ। ਜਿਸ ਕਾਰਨ ਨਵਜੋਤ ਸਿੱਧੂ ਬੈਟਿੰਗ ਕਰਨ ਦੀ ਥਾਂ ’ਤੇ ਚਰਨਜੀਤ ਸਿੰਘ ਚੰਨੀ ਤੋਂ ਦੂਰੀ ਬਣਾ ਕੇ ਬੈਠੇ ਹਨ। ਅਸ਼ਵਨੀ ਸ਼ਰਮਾ ਨੇ ਕਿਹਾ ਕਿ ਜੇਕਰ ਇਸ ਰੇਤ ਦੀ ਦਲਾਲੀ ਵਾਲੀ ਪਿੱਚ ’ਤੇ ਨਵਜੋਤ ਸਿੱਧੂ ਬੈਟਿੰਗ ਕਰਨ ਆਏ ਤਾਂ ਉਹ ਆਪਣੀ ਗੋਡੇ-ਗਿੱਟੇ ਤੁੜਵਾ ਲੈਣਗੇ, ਇਸ ਲਈ ਉਹ ਇਹੋ ਜਿਹੀ ਪਿੱਚ ’ਤੇ ਕਦੇ ਬੈਟਿੰਗ ਨਹੀਂ ਕਰਨਗੇ।

ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter,InstagramLinkedin , YouTube‘ਤੇ ਫਾਲੋ ਕਰੋ