ਪੰਜਾਬ ‘ਚ ਹੁਣ ਤੱਕ ਕਾਂਗਰਸ ਤੇ ਅਕਾਲੀ ਦਲ ਰਿਹੈ ਸੱਤਾ ‘ਤੇ ਕਾਬਜ਼

Congress-2

ਆਮ ਆਦਮੀ ਪਾਰਟੀ ਵੱਲੋਂ ਪਹਿਲੀ ਵਾਰ ਕੁਰਸੀ ‘ਤੇ  ਦਾਅਵਾ (Congress And Akali Dal )

ਬਠਿੰਡਾ, (ਅਸ਼ੋਕ ਵਰਮਾ)। ਪੰਜਾਬ ਦੀ ਸੱਤਾ ‘ਤੇ ਹੁਣ ਤੱਕ ਅਕਾਲੀ ਦਲ ਤੇ ਕਾਂਗਰਸ ਹੀ ਕਾਬਜ਼ ਰਹੀਆਂ ਹਨ ਇਨ੍ਹਾਂ ਨੇ ਕਿਸੇ ਦੂਸਰੀ ਧਿਰ ਨੂੰ ਕੁਰਸੀ ਦੇ ਨੇੜੇ ਫਟਕਣ ਨਹੀਂ ਦਿੱਤਾ ਹੈ ਹਾਲਾਂਕਿ ਅਗਲਾ ਮੁੱਖ ਮੰਤਰੀ ਕਿਸ ਪਾਰਟੀ ਦਾ ਹੋਵੇਗਾ ਇਹ 11 ਮਾਰਚ ਨੂੰ ਆਉਣ ਵਾਲੇ ਚੋਣ ਨਤੀਜੇ ਤੈਅ ਕਰਨਗੇ (Congress And Akali Dal ) ਪਰ ਐਤਕੀਂ ਦੀਆਂ  ਵਿਧਾਨ ਸਭਾ ਚੋਣਾਂ  ‘ਚ ਪਹਿਲੀ ਵਾਰ ਤੀਸਰੀ ਧਿਰ ਆਮ ਆਦਮੀ ਪਾਰਟੀ ਸੱਤਾ ਦੀ ਵੱਡੀ ਦਾਅਵੇਦਾਰ ਵਜੋਂ ਉੱਭਰੀ ਹੈ ਚੋਣ ਮੈਦਾਨ ਵਿੱਚ ਨਿੱਤਰੀਆਂ  ਕਰੀਬ ਅੱਧਾ ਦਰਜਨ ਹੋਰ ਸਿਆਸੀ ਧਿਰਾਂ ਦੇ ਪੱਕੇ ਪੈਰ ਭਾਵੇਂ ਲੱਗਦੇ ਨਜ਼ਰ ਨਹੀਂ ਆ ਰਹੇ, ਫੇਰ ਵੀ ਇਹ ਬਾਕੀ ਤਿੰਨੇ  ਪ੍ਰਮੁੱਖ ਪਾਰਟੀਆਂ ਦਾ ਗਣਿਤ  ਵਿਗਾੜ ਸਕਦੀਆਂ  ਹਨ।

1967 ਤੋਂ ਲੈ ਕੇ 2012 ਤੱਕ ਵਿਧਾਨ ਸਭਾ ਲਈ ਗਿਆਰਾਂ ਵਾਰ ਚੋਣਾਂ  ਹੋ ਚੁੱਕੀਆਂ ਹਨ

ਪੰਜਾਬ ਦੇ ਪੁਨਰਗਠਨ ਤੋਂ ਬਾਅਦ 1967 ਤੋਂ ਲੈ ਕੇ 2012 ਤੱਕ ਵਿਧਾਨ ਸਭਾ ਲਈ ਗਿਆਰਾਂ ਵਾਰ ਚੋਣਾਂ  ਹੋ ਚੁੱਕੀਆਂ  ਹਨ ਇਨ੍ਹਾਂ ‘ਚੋਂ ਪੰਜ ਵਾਰ ਕਾਂਗਰਸ ਪਾਰਟੀ ਅਤੇ ਛੇ ਵਾਰ ਸ਼੍ਰੋਮਣੀ ਅਕਾਲੀ ਦਲ ਤੇ ਭਾਜਪਾ ਦੀ ਸਾਂਝੀ ਸਰਕਾਰ ਬਣੀ ਹੈ ਜਾਣਕਾਰੀ ਮੁਤਾਬਕ ਸਾਲ 1967 ਦੀਆਂ  ਵਿਧਾਨ ਸਭਾ ਚੋਣਾਂ  ‘ਚ ਅਕਾਲੀ ਦਲ ਨੇ ਸ਼ਮੂਲੀਅਤ ਨਹੀਂ ਕੀਤੀ ਸੀ, ਪਰ ਇਸ ਤੋਂ ਦੋ ਸਾਲ ਬਾਅਦ 1969 ਦੀਆਂ  ਚੋਣਾਂ  ਮੌਕੇ ਅਕਾਲੀ ਦਲ ਕਾਂਗਰਸ ਦੇ ਮੁਕਾਬਲੇ ਪੰਜ ਸੀਟਾਂ  ਵੱਧ ਲੈਣ ਵਿੱਚ ਸਫਲ ਹੋ ਗਿਆ ਸੀ

ਉਦੋਂ ਤੱਕ ਪੰਜਾਬ ਵਿਧਾਨ ਸਭਾ ਦੀਆਂ  ਕੁੱਲ 104 ਸੀਟਾਂ  ਸਨ ਸਾਲ 1977 ਦੀਆਂ  ਚੋਣਾਂ  ਵੇਲੇ ਸੀਟਾਂ ਦੀ ਗਿਣਤੀ ਵਧ ਕੇ 117 ਹੋ ਗਈ ਸੀ ਪੰਜਾਬ ਦੀ ਰਾਜਸੱਤਾ ਤੇ ਕਾਂਗਰਸ ਅਤੇ ਅਕਾਲੀ ਦਲ ਦੇ ਸੱਤਾ ‘ਤੇ ਵਾਰੋ-ਵਾਰੀ ਕਾਬਜ਼ ਹੋਣ ਸਬੰਧੀ ਮਿਲੇ ਵੇਰਵਿਆਂ ਮੁਤਾਬਕ 1972 ਦੀਆਂ  ਚੋਣਾਂ  ਵਿੱਚ ਕਾਂਗਰਸ ਨੂੰ 66 ਸੀਟਾਂ  ਮਿਲੀਆਂ ਸਨ ਜਦੋਂ ਕਿ ਅਕਾਲੀ ਦਲ ਕੇਵਲ 24 ਸੀਟਾਂ  ‘ਤੇ ਜਿੱਤ ਪ੍ਰਾਪਤ ਕਰ ਸਕਿਆ ਸੀ ਸਾਲ 1977 ਵਿੱਚ ਐਮਰਜੈਂਸੀ ਖਿਲਾਫ ਲੋਕ ਰੋਹ ਦੇ ਝੱਖੜ ਦੌਰਾਨ ਅਕਾਲੀ ਦਲ ਨੇ 58 ਸੀਟਾਂ  ਜਿੱਤ ਲਈਆਂ , ਅਤੇ ਕਾਂਗਰਸ ਨੂੰ ਕੇਵਲ 17 ਸੀਟਾਂ ਨਾਲ ਹੀ ਸਬਰ ਕਰਨਾ ਪਿਆ ਸੀ ਸਾਲ 1980 ਦੀਆਂ  ਚੋਣਾਂ  ਮੌਕੇ ਕਾਂਗਰਸ 63 ਸੀਟਾਂ  ਲੈਣ ਵਿੱਚ ਕਾਮਯਾਬ ਹੋ ਗਈ ਅਤੇ ਅਕਾਲੀ ਦਲ ਨੂੰ 37 ਸੀਟਾਂ  ਮਿਲੀਆਂ  ਸਨ।

1985 ਵਿੱਚ ਕਾਂਗਰਸ ਨੂੰ ਕੇਵਲ 32 ਸੀਟਾਂ  ‘ਤੇ ਸੀਮਤ ਹੋਣਾ ਪਿਆ  ਸੀ

ਇਸ ਤੋਂ ਅਗਲੀ ਵਾਰ 1985 ਵਿੱਚ ਕਾਂਗਰਸ ਨੂੰ ਕੇਵਲ 32 ਸੀਟਾਂ  ‘ਤੇ ਸੀਮਤ ਹੋਣਾ ਪਿਆ  ਸੀ, ਜਦੋਂ ਕਿ ਅਕਾਲੀ ਦਲ ਦੇ ਉਮੀਦਵਾਰ 73 ਸੀਟਾਂ  ‘ਤੇ ਜਿੱਤ ਗਏ ਸਨ ਪੰਜਾਬ ਦੇ ਕਾਲੇ ਦੌਰ ਦੌਰਾਨ ਸਾਲ 1992 ‘ਚ ਕਾਂਗਰਸ ਉਦੋਂ 83 ਸੀਟਾਂ ਲੈ ਗਈ ਸੀ, ਜਦੋਂ ਅਕਾਲੀ ਦਲ ਚੋਣਾਂ ਤੋਂ ਦੂਰ ਰਿਹਾ ਸੀ ਇਸ ਮੌਕੇ ਭਾਜਪਾ 6 ਅਤੇ ਬਸਪਾ 9 ਸੀਟਾਂ  ਉੱਤੇ ਜੇਤੂ ਰਹੀ ਸੀ ਇੱਕ ਵਾਰ ਫਿਰ ਤੋਂ ਕਾਂਗਰਸ ਦੀ ਸਰਕਾਰ ਵਿਰੁੱਧ ਬਣੀ ਸੱਤਾ ਵਿਰੋਧੀ ਲਹਿਰ ਦੌਰਾਨ ਅਕਾਲੀ ਦਲ ਨੇ 1997 ‘ਚ 75 ਸੀਟਾਂ  ‘ਤੇ ਜਿੱਤ ਪ੍ਰਾਪਤ ਕੀਤੀ  ਅਤੇ ਕਾਂਗਰਸ 14 ‘ਤੇ ਆ ਅਟਕੀ ਜਦੋਂਕਿ ਭਾਜਪਾ ਦੇ ਉਮੀਦਵਾਰ 16 ਸੀਟਾਂ  ‘ਤੇ ਜਿੱਤੇ ਸਨ।

ਅਕਾਲੀ ਸਰਕਾਰ ਖਿਲਾਫ ਬਣੇ ਲੋਕ ਰੋਹ ਕਾਰਨ ਸਾਲ 2002 ਦੀਆਂ  ਚੋਣਾਂ  ਵਿੱਚ ਕਾਂਗਰਸ 63 ਸੀਟਾਂ  ‘ਤੇ ਜੇਤੂ ਰਹੀ, ਜਦੋਂ ਕਿ ਅਕਾਲੀ ਦਲ ਦੇ ਹਿੱਸੇ 41 ਅਤੇ ਭਾਜਪਾ ਨੂੰ ਸਿਰਫ ਤਿੰਨ ਸੀਟਾਂ  ਮਿਲੀਆਂ  ਸਨ। ਸਾਲ 2007 ਦੀਆਂ ਵਿਧਾਨ ਸਭਾ ਚੋਣਾਂ ‘ਚ ਅਕਾਲੀ ਦਲ 48 ਹਲਕਿਆਂ ਅਤੇ ਭਾਜਪਾ 19 ਸੀਟਾਂ ‘ਤੇ ਚੋਣ ਜਿੱਤੀ ਸੀ ਜਿਸ ਕਰਕੇ ਦੋਵੇਂ  ਭਾਈਵਾਲ ਮਿਲ ਕੇ ਸਰਕਾਰ ਬਣਾਉਣ ‘ਚ ਸਫਲ ਹੋ ਗਏ ਸਨ ਏਦਾਂ ਹੀ ਸਾਲ 2012 ‘ਚ ਬੇਸ਼ੱਕ ਕਾਂਗਰਸ ਵੱਡੇ ਦਾਅਵੇਦਾਰ ਵਜੋਂ ਉੱਭਰੀ ਪਰ ਆਪਸੀ ਪਾਟੋਧਾੜ ਤੇ ਟਿਕਟਾਂ ਦੀ ਵੰਡ ‘ਚ ਹੋਈ ਦੇਰੀ ਕਾਰਨ ਕਾਂਗਰਸ ਨੂੰ 46 ਸੀਟਾਂ ਹੀ ਮਿਲੀਆਂ ਸਨ।

ਇਸ ਤਰ੍ਹਾਂ ਅਕਾਲੀ ਦਲ 56 ਤੇ ਭਾਜਪਾ 12 ਹਲਕਿਆਂ ‘ਚ ਜਿੱਤ ਕੇ ਸਰਕਾਰ ਬਣਾਉਣ ‘ਚ ਇੱਕ ਅੰਕ ਨਾਲ ਮੋਹਰੀ ਬਣ ਗਏ ਇਨ੍ਹਾਂ ਚੋਣਾਂ ‘ਚ ਮਨਪ੍ਰੀਤ ਬਾਦਲ ਦੀ ਪੀਪਲਜ਼ ਪਾਰਟੀ ਦੀ ਅਗਵਾਈ ਵਾਲੇ ਤੀਸਰੇ ਮੋਰਚੇ ਨੇ ਕਾਫੀ ਜੋਰ ਸ਼ੋਰ ਨਾਲ ਐਂਟਰੀ ਮਾਰੀ ਪਰ ਇਹ ਮੋਰਚਾ ਵੀ ਕੋਈ ਕ੍ਰਿਸ਼ਮਾ ਦਿਖਾਉਣ ‘ਚ ਫੇਲ੍ਹ ਰਿਹਾ ਸੀ ਪੰਜਾਬ ਦੇ ਚੋਣ ਇਤਿਹਾਸ ਤੇ ਨਜ਼ਰ ਮਾਰੇ ਤੋਂ ਸਪਸ਼ਟ ਹੋ ਜਾਂਦਾ ਹੈ ਕਿ ਹਾਲ ਤੱਕ ਕੋਈ ਤੀਜੀ ਧਿਰ ਰਾਜ ਸੱਤਾ ਹਾਸਲ ਕਰਨ ਵਿੱਚ ਸਫਲ ਨਹੀਂ ਹੋ ਸਕੀ ਹੈ

ਭਾਜਪਾ ਵੀ ਆਪਣੇ ਬਲਬੂਤੇ ਸਰਕਾਰ ਬਣਾਉਣ ਦੀ ਸਥਿਤੀ ਵਿੱਚ ਨਹੀਂ ਆ ਸਕੀ

ਉਂਜ ਕਈ ਵਾਰ ਆਜ਼ਾਦ ਉਮੀਦਵਾਰ ਫੈਸਲਾਕੁੰਨ ਭੂਮਿਕਾ ਨਿਭਾਉਣ ਵਿੱਚ ਸਫਲ ਜ਼ਰੂਰ ਰਹੇ ਹਨ ਭਾਜਪਾ ਵੀ ਆਪਣੇ ਬਲਬੂਤੇ ਸਰਕਾਰ ਬਣਾਉਣ ਦੀ ਸਥਿਤੀ ਵਿੱਚ ਨਹੀਂ ਆ ਸਕੀ ਬਲਕਿ ਭਾਜਪਾ ਨੇਤਾ ਅਕਾਲੀ ਦਲ ਸਹਾਰੇ ਹੀ ਸੱਤਾ ਦਾ ਆਨੰਦ ਮਾਣਦੇ ਆ ਰਹੇ ਹਨ ਪੰਜਾਬ ‘ਚ ਦੋ ਵਾਰ ਖੱਬੇ ਪੱਖੀ ਅਤੇ ਇੱਕ ਦੋ ਵਾਰ ਬਸਪਾ ਵੀ ਕਰੀਬ ਇੱਕ ਦਰਜਨ ਸੀਟਾਂ  ਜਿੱਤਣ ‘ਚ ਸਫਲ ਰਹੀ ਹੈ ਸਮਾਜਸੇਵੀ ਨੇਤਾ ਸਾਧੂ ਰਾਮ ਕੁਸਲਾ ਦਾ ਕਹਿਣਾ ਸੀ ਕਿ ਆਮ ਆਦਮੀ ਪਾਰਟੀ ਵੱਲੋਂ ਆਪਣੇ ਆਪ ਨੂੰ ਮਜ਼ਬੂਤ ਦਾਅਵੇਦਾਰ ਦੱਸਿਆ ਜਾ ਰਿਹਾ ਹੈ ਪਰ ਅਸਲੀਅਤ ਸਾਹਮਣੇ ਤਾਂ  ਨਤੀਜੇ ਹੀ ਲਿਆਉਣਗੇ।
ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter,InstagramLinkedin , YouTube‘ਤੇ ਫਾਲੋ ਕਰੋ