ਕਾਂਗਰਸ ਪੰਜਾਬ ਤੇ ਪੰਜਾਬੀਆਂ ਦੀ ਵਿਰੋਧੀ ਜਮਾਤ: ਬਾਦਲ
ਜਲਾਲਾਬਾਦ, ਰਜਨੀਸ਼ ਰਵੀ । ਲੋਕ ਸਭਾ ਹਲਕਾ ਫਿਰੋਜ਼ਪੁਰ ਤੋਂ ਸ਼੍ਰੋਮਣੀ ਅਕਾਲੀ ਦਲ ਦੇ ਉਮੀਦਵਾਰ ਸੁਖਬੀਰ ਸਿੰਘ ਬਾਦਲ ਦੇ ਹੱਕ ਵਿਚ ਚੋਣ ਰੈਲੀ ਕਰਨ ਉਨ੍ਹਾਂ ਦੇ ਪਿਤਾ ਅਤੇ ਸਾਬਕਾ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਅੱਜ ਵਿਧਾਨ ਸਭਾ ਹਲਕਾ ਜਲਾਲਾਬਾਦ ਦੇ ਸਰਹੱਦੀ ਪਿੰਡ ਪ੍ਰਭਾਤ ਸਿੰਘ ਵਾਲਾ ਵਿਖੇ ਪੁੱਜੇ ਅਤੇ ਇਥੇ ਭਰਵੀਂ ਜਨ ਸਭਾ ਨੂੰ ਸੰਬੋਧਨ ਕੀਤਾ ਇਸ ਮੌਕੇ ਉਨ੍ਹਾਂ ਦੇ ਨਾਲ ਸ਼੍ਰੋਮਣੀ ਅਕਾਲੀ ਦਲ ਜਿਲ੍ਹਾ ਫਾਜ਼ਿਲਕਾ ਦੇ (ਸ਼ਹਿਰੀ) ਪ੍ਰਧਾਨ ਸ੍ਰੀ ਅਸ਼ੋਕ ਕੁਮਾਰ ਅਨੇਜਾ ਅਤੇ ਹਲਕਾ ਇੰਚਾਰਜ ਸਤਿੰਦਰਜੀਤ ਸਿੰਘ ਮੰਟਾ ਵੀ ਮੌਜੂਦ ਸਨ। ਸਾਬਕਾ ਮੁੱਖ ਮੰਤਰੀ ਦਾ ਭਾਸ਼ਣ ਜ਼ਿਆਦਾਤਰ ਕੇਂਦਰੀ ਮੁੱਦਿਆਂ ਤੇ ਕੇਂਦਰਿਤ ਰਿਹਾ । ਆਪਣੇ ਸੰਬੋਧਨ ਚ ਉਨ੍ਹਾਂ ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਜੰਮ ਕੇ ਤਰੀਫ ਕੀਤੀ ਅਤੇ ਉੱਥੇ ਹੀ ਕਾਂਗਰਸ ਦੇ ਪ੍ਰਧਾਨ ਰਾਹੁਲ ਗਾਂਧੀ ਨੂੰ ਅਣਜਾਣ ਸਿਆਸਤਦਾਨ ਦੱਸਿਆ ।
ਕਾਂਗਰਸ ਪਾਰਟੀ ਤੇ ਸ਼ਬਦੀ ਤੀਰ ਚਲਾਉਂਦਿਆਂ ਉਨ੍ਹਾਂ ਕਾਂਗਰਸ ਨੂੰ ਪੰਜਾਬ ਤੇ ਪੰਜਾਬੀਆਂ ਦੀ ਵਿਰੋਧੀ ਜਮਾਤ ਕਰਾਰ ਦਿੱਤਾ ਉਨ੍ਹਾਂ ਕਿਹਾ ਕਿ ਦੇਸ਼ ਦੀ ਆਜ਼ਾਦੀ ਤੋਂ ਬਾਅਦ ਪੰਡਿਤ ਜਵਾਹਰ ਲਾਲ ਨਹਿਰੂ ਨੇ ਪੰਜਾਬੀ ਸੂਬਾ ਬਣਨ ਵਿੱਚ ਰੋੜੇ ਅਟਕਾਏ ਸਨ ਅਤੇ ਸ਼ਰੇਆਮ ਕਿਹਾ ਸੀ ਕਿ ਪੰਜਾਬੀ ਸੂਬਾ ਉਨ੍ਹਾਂ ਦੀ ਲਾਸ਼ ਦੇ ਬਣੇਗਾ।ਉਨ੍ਹਾਂ ਅੱਗੇ ਕਿਹਾ ਕਿ ਕੇਂਦਰ ਵਿੱਚ ਕਾਂਗਰਸ ਪਾਰਟੀ ਦੇ ਤਿੰਨ ਪ੍ਰਧਾਨ ਮੰਤਰੀ ਬਣੇ ਅਤੇ ਤਿੰਨਾਂ ਨੇ ਹੀਂ ਪੰਜਾਬ ਅਤੇ ਪੰਜਾਬੀ ਦਾ ਘਾਣ ਕੀਤਾ ਜਿੱਥੇ ਇੰਦਰਾ ਗਾਂਧੀ ਨੇ ਪਵਿੱਤਰ ਸ੍ਰੀ ਅਕਾਲ ਤਖ਼ਤ ਨੂੰ ਟੈਂਕਾਂ ਦੇ ਨਾਲ ਢੇਹਢੇਰੀ ਦੇ ਹੁਕਮ ਜ਼ਾਰੀ ਕੀਤੇ ਉੱਥੇ ਹੀ ਸਾਬਕਾ ਪ੍ਰਧਾਨ ਮੰਤਰੀ ਰਾਜੀਵ ਗਾਂਧੀ ਨੇ ਚੌਰਾਸੀ ਵਿੱਚ ਜੋ ਕਰਵਾਇਆ ਉਸ ਦੇ ਜ਼ਖਮ ਅਜੇ ਤੱਕ ਹਰੇ ਹਨ ।
ਜਲਾਲਾਬਾਦ ਦੇ ਵਿਕਾਸ ਵਿੱਚ ਸੁਖਬੀਰ ਸਿੰਘ ਬਾਦਲ ਵਲੋਂ ਕੋਈ ਕਸਰ ਨਹੀਂ ਛੱਡੀ ਗਈ
ਹਲਕੇ ਦੇ ਵਿਕਾਸ ਦੀ ਗੱਲ ਕਰਦਿਆਂ ਸਾਬਕਾ ਮੁੱਖ ਮੰਤਰੀ ਨੇ ਕਿਹਾ ਕਿ ਹਲਕਾ ਜਲਾਲਾਬਾਦ ਦੇ ਵਿਕਾਸ ਵਿੱਚ ਸੁਖਬੀਰ ਸਿੰਘ ਬਾਦਲ ਵਲੋਂ ਕੋਈ ਕਸਰ ਨਹੀਂ ਛੱਡੀ ਗਈ ਸਾਰਾ ਪੰਜਾਬ ਜਲਾਲਾਬਾਦ ਚ ਹੋਏ ਵਿਕਾਸ ਦੀ ਗੱਲ ਕਰਦਾ ਹੈ ।ਕਾਂਗਰਸੀ ਉਮੀਦਵਾਰ ਸ਼ੇਰ ਸਿੰਘ ਘੁਬਾਇਆ ਦੀ ਗੱਲ ਕਰਦਿਆਂ ਉਨ੍ਹਾਂ ਕਿਹਾ ਕਿ ਉਸ ਨੂੰ ਪਿੰਡ ਦੇ ਸਰਪੰਚ ਤੋਂ ਦੋ ਵਾਰ ਵਿਧਾਇਕ ਅਤੇ ਦੋ ਵਾਰ ਲੋਕ ਸਭਾ ਦਾ ਮੈਂਬਰ ਸ਼੍ਰੋਮਣੀ ਅਕਾਲੀ ਦਲ ਵੱਲੋਂ ਪਾਰਟੀ ਵਰਕਰਾਂ ਦੇ ਸਹਿਯੋਗ ਨਾਲ ਬਣਾਇਆ ਪਰ ਉਸ ਨੇ ਪਾਰਟੀ ਦੀ ਪਿੱਠ ਵਿੱਚ ਛੁਰਾ ਮਾਰਿਆ ।ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਤੇ ਵਰਦਿਆਂ ਉਨ੍ਹਾਂ ਕਿਹਾ ਕਿ ਉਨ੍ਹਾਂ ਦੀ ਸਰਕਾਰ ਦੇ ਦੋ ਸਾਲ ਦੇ ਕਾਰਜਕਾਲ ਵਿੱਚ ਹੀ ਸ਼੍ਰੋਮਣੀ ਅਕਾਲੀ ਦਲ ਦੀ ਸਰਕਾਰ ਵੱਲੋਂ ਦਿੱਤੀਆਂ ਸਹੂਲਤਾਂ ਨੂੰ ਬੰਦ ਕੀਤਾ ਜਾ ਰਿਹਾ ਹੈ ।ਇਸ ਜਨ ਸਭਾ ਵਿੱਚ ਵੱਡੀ ਗਿਣਤੀ ਚ ਸ਼੍ਰੋਮਣੀ ਅਕਾਲੀ ਦਲ ਨਾਲ ਸਬੰਧਿਤ ਰਾਏ ਸਿੱਖ ਆਗੂ ਸ਼ਾਮਲ ਸਨ ।
Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।