ਚੰਡੀਗੜ੍ਹ ਵਿਖੇ ਸਪੈਸ਼ਲ ਜਾਂਚ ਟੀਮ ਵੱਲੋਂ ਪੁੱਛ-ਗਿੱਛ ਤੋਂ ਬਾਅਦ ਬੋਲੇ ਪਰਕਾਸ਼ ਸਿੰਘ ਬਾਦਲ
ਕਿਹਾ, ਗਵਾਹ ਬਣਾ ਕੇ ਕੀਤਾ ਗਿਆ ਐ ਸ਼ਾਮਲ, ਅਸਲ ‘ਚ ਇਨ੍ਹਾਂ ਬਣਾਉਣਾ ਐ ਮੁਜ਼ਰਮ
ਜਿਹੜੀ ਸਿੱਟ ਅਸੀਂ ਬਣਾਈ ਸੀ, ਉਹ ਹੀ ਕੰਮ ਕਰ ਰਹੀ ਐ, ਜੇਕਰ ਅਸੀਂ ਹੁੰਦੇ ਗਲਤ ਤਾਂ ਬਦਲ ਦਿੱਤੀ ਜਾਂਦੀ ਜਾਂਚ ਟੀਮ
ਅਸ਼ਵਨੀ ਚਾਵਲਾ, ਚੰਡੀਗੜ੍ਹ
ਸਪੈਸ਼ਲ ਜਾਂਚ ਟੀਮ ਵੱਲੋਂ ਬਤੌਰ ਗਵਾਹ ਪੁੱਛ-ਗਿੱਛ ਕਰਵਾਉਣਾ ਤਾਂ ਮਹਿਜ ਇੱਕ ਡਰਾਮਾ ਹੈ, ਜਦੋਂ ਕਿ ਰਿਪੋਰਟ ਤਾਂ ਅਮਰਿੰਦਰ ਸਿੰਘ ਅਤੇ ਸੁਨੀਲ ਜਾਖੜ ਨੇ ਹੀ ਤਿਆਰ ਕਰਨੀ ਹੈ, ਜਿਸ ਵਿੱਚ ਉਨ੍ਹਾਂ ਨੂੰ ਗਵਾਹ ਤੋਂ ਬਾਅਦ ਮੁਜ਼ਰਮ ਬਣਾਉਣਾ ਤੈਅ ਕੀਤਾ ਹੋਇਆ ਹੈ। ਇਹ ਤਾਂ ਹੋਣਾ ਹੀ ਸੀ ਕਿਉਂਕਿ ਅਮਰਿੰਦਰ ਸਿੰਘ ਨੇ ਸੱਤਾ ਵਿੱਚ ਆਉਂਦੇ ਸਾਰ ਹੀ ਕਿਹਾ ਸੀ ਕਿ ਉਹ ਬਾਦਲਾਂ ਨੂੰ ਜੇਲ੍ਹ ਵਿੱਚ ਭੇਜੇਗਾ, ਉਸੇ ਲੜੀ ਤਹਿਤ ਹੀ ਇਹ ਡਰਾਮੇਬਾਜ਼ੀ ਚਲ ਰਹੀ ਹੈ ਪਰ ਉਹ ਜੇਲ੍ਹ ਜਾਣ ਤੋਂ ਨਹੀਂ ਡਰਦੇ। ਇਹ ਪ੍ਰਗਟਾਵਾ ਪੰਜਾਬ ਦੇ 5 ਵਾਰ ਮੁੱਖ ਮੰਤਰੀ ਰਹੇ ਪਰਕਾਸ਼ ਸਿੰਘ ਬਾਦਲ ਨੇ ਚੰਡੀਗੜ੍ਹ ਵਿਖੇ ਸਪੈਸ਼ਲ ਜਾਂਚ ਟੀਮ ਦਾ ਸਾਹਮਣਾ ਕਰਨ ਤੋਂ ਬਾਅਦ ਕੀਤਾ।
ਪਰਕਾਸ਼ ਸਿੰਘ ਬਾਦਲ ਨੇ ਕਿਹਾ ਕਿ ਜਿਹੜੇ ਸੁਆਲ ਜਾਂਚ ਟੀਮ ਪੁੱਛਣ ਲਈ ਆਈ ਸੀ, ਉਨ੍ਹਾਂ ਨੂੰ ਸੁਣ ਕੇ ਉਹ ਖ਼ੁਦ ਹੈਰਾਨ ਸਨ ਕਿ ਇਹ ਕਿਹੋ ਜਿਹੇ ਸੁਆਲ ਪੁੱਛੇ ਜਾ ਰਹੇ ਹਨ। ਉਨ੍ਹਾਂ ਕਿਹਾ ਕਿ ਜਾਂਚ ਟੀਮ ਦੇ ਅਧਿਕਾਰੀ ਤਾਂ ਇੱਧਰ ਉੱਧਰ ਦੀਆਂ ਹੀ ਗੱਲਾਂ ਕਰ ਰਹੇ ਸਨ, ਜਦੋਂ ਕਿ ਜਿਹੜੇ ਮਾਮਲੇ ਵਿੱਚ ਸੰਮਨ ਕੀਤੇ ਗਏ ਸਨ ਉਸ ਮਾਮਲੇ ਵਿੱਚ ਕੋਈ ਜਿਆਦਾ ਸੁਆਲ ਉਨ੍ਹਾਂ ਨੇ ਕੀਤੇ ਹੀ ਨਹੀਂ। ਪਰਕਾਸ਼ ਸਿੰਘ ਬਾਦਲ ਨੇ ਕਿਹਾ ਕਿ ਜਾਂਚ ਟੀਮ ਵੱਲੋਂ ਜਿਹੜੇ ਸੁਆਲ ਕੀਤੇ ਗਏ, ਉਨ੍ਹਾਂ ਸੁਆਲਾਂ ਦਾ ਜੁਆਬ ਉਨ੍ਹਾਂ ਨੇ ਦਿੱਤਾ ਕਿ ਜਿਹੜਾ ਕੰਮ ਮੌਕੇ ਦੇ ਮੁੱਖ ਮੰਤਰੀ ਨੂੰ ਕਰਨਾ ਚਾਹੀਦਾ ਸੀ, ਉਹ ਉਨ੍ਹਾਂ ਨੇ ਕੀਤਾ ਹੈ।
ਪਰਕਾਸ਼ ਸਿੰਘ ਬਾਦਲ ਨੇ ਕਿਹਾ ਕਿ ਬਹਿਬਲ ਕਲਾਂ ਅਤੇ ਬਰਗਾੜੀ ਵਿਖੇ ਗੋਲੀ ਚਲਾਉਣ ਦੇ ਸੁਆਲ ‘ਤੇ ਉਨ੍ਹਾਂ ਸਾਫ਼ ਕਿਹਾ ਕਿ ਉਨ੍ਹਾਂ ਕਦੇ ਵੀ ਕਿਸੇ ਵੀ ਪੁਲਿਸ ਅਧਿਕਾਰੀ ਨੂੰ ਗੋਲੀ ਚਲਾਉਣ ਦੇ ਆਦੇਸ਼ ਹੀ ਨਹੀਂ ਦਿੱਤੇ ਸਨ। ਇਸ ਸਬੰਧੀ ਸਾਬਕਾ ਡੀ.ਜੀ.ਪੀ. ਸੁਮੇਧ ਸੈਣੀ ਵੱਲੋਂ ਵੀ ਇਸ ਤਰ੍ਹਾਂ ਦਾ ਕੋਈ ਬਿਆਨ ਨਹੀਂ ਦਿੱਤਾ ਗਿਆ ਹੈ। ਪਰਕਾਸ਼ ਸਿੰਘ ਬਾਦਲ ਨੇ ਕਿਹਾ ਕਿ ਜੇਕਰ ਅਮਰਿੰਦਰ ਸਿੰਘ ਨੂੰ ਇਸ ਮਾਮਲੇ ਵਿੱਚ ਇੰਨੀ ਹੀ ਜਿਆਦਾ ਪਿਛਲੀ ਸਰਕਾਰ ਦਾ ਕੰਮ ਮਾੜਾ ਲੱਗ ਰਿਹਾ ਹੈ ਤਾਂ ਉਨ੍ਹਾਂ ਨੇ ਪਿਛਲੇ 18 ਮਹੀਨੇ ਤੋਂ ਪਿਛਲੀ ਸਰਕਾਰ ਵੱਲੋਂ ਬਣਾਈ ਗਈ ਜਾਂਚ ਟੀਮ ਨੂੰ ਹੀ ਕਿਉਂ ਨਹੀਂ ਬਦਲਿਆ। ਉਨ੍ਹਾਂ ਕਿਹਾ ਅੱਜ ਵੀ ਉਹ ਹੀ ਜਾਂਚ ਟੀਮ ਕੰਮ ਕਰ ਰਹੀ ਹੈ ਜਿਹੜੀ ਕਿ ਉਨ੍ਹਾਂ ਦੀ ਸਰਕਾਰ ਸਮੇਂ ਬਣਾਈ ਗਈ ਸੀ। ਉਨ੍ਹਾਂ ਕਿਹਾ ਕਿ ਪਰਕਾਸ਼ ਸਿੰਘ ਬਾਦਲ ਨੇ ਪਿਛਲੀ ਸਰਕਾਰ ਸਮੇਂ ਵੀ ਉਨ੍ਹਾਂ ਨੂੰ ਜੇਲ੍ਹ ਭੇਜਿਆ ਸੀ ਅਤੇ ਹੁਣ ਵੀ ਜੇਲ੍ਹ ਭੇਜਣ ਦੀ ਤਿਆਰੀ ਕੀਤੀ ਜਾ ਰਹੀਂ ਹੈ। ਉਨ੍ਹਾਂ ਕਿਹਾ ਕਿ ਅਮਰਿੰਦਰ ਸਿੰਘ ਦੇ ਮਨਸੂਬੇ ਉਨ੍ਹਾਂ ਨੂੰ ਸਾਫ਼ ਨਜ਼ਰ ਆ ਰਹੇ ਹਨ।
ਚੰਡੀਗੜ ਵਿਖੇ ਜਾਂਚ ‘ਚ ਸ਼ਾਮਲ ਹੋਣਗੇ ਸੁਖਬੀਰ ਬਾਦਲ
ਸੁਖਬੀਰ ਬਾਦਲ ਭਲਕੇ ਜਾਂਚ ਵਿੱਚ ਸ਼ਾਮਲ ਹੋਣਗੇ ਪਰ ਉਹ ਵੀ ਅੰਮ੍ਰਿਤਸਰ ਨਹੀਂ ਜਾਣਗੇ ਅਤੇ ਚੰਡੀਗੜ ਵਿਖੇ ਹੀ ਉਹ ਸਿੱਟ ਅੱਗੇ ਪੇਸ਼ ਹੋਣਗੇ। ਸ਼੍ਰੋਮਣੀ ਅਕਾਲੀ ਦਲ ਦੇ ਸੀਨੀਅਰ ਲੀਡਰ ਐਚ.ਐਸ. ਬੈਂਸ ਨੇ ਦੱਸਿਆ ਕਿ ਜਾਂਚ ਟੀਮ ਨਾਲ ਗੱਲਬਾਤ ਹੋਈ ਹੈ ਕਿ ਜਦੋਂ ਜਾਂਚ ਟੀਮ ਦੇ ਸਾਰੇ ਅਧਿਕਾਰੀ ਚੰਡੀਗੜ ਵਿਖੇ ਹੀ ਬੈਠਦੇ ਹਨ ਤਾਂ ਉਹ ਅੰਮ੍ਰਿਤਸਰ ਦੀ ਥਾਂ ‘ਤੇ ਚੰਡੀਗੜ ਵਿਖੇ ਹੀ ਜਾਂਚ ਦੀ ਕਾਰਵਾਈ ਕੀਤੀ ਜਾਵੇ ਜਿੱਥੇ ਕਿ ਪੁਲਿਸ ਅਧਿਕਾਰੀ ਨੇ ਹਾਮੀ ਭਰ ਦਿੱਤੀ ਹੈ। ਉਨ੍ਹਾਂ ਦੱਸਿਆ ਕਿ ਹੁਣ ਅਧਿਕਾਰੀਆਂ ਨੇ ਦੱਸਣਾ ਹੈ ਕਿ ਉਹ ਸੁਖਬੀਰ ਬਾਦਲ ਤੋਂ ਪੁੱਛ-ਗਿੱਛ ਲਈ ਕਿਥੇ ਸੱਦਣਾ ਹੈ।
ਕੁੰਵਰ ਵਿਜੈ ਪ੍ਰਤਾਪ ਨੂੰ ਕੀਤਾ ਇਨਕਾਰ, 15 ਮਿੰਟ ਬਾਅਦ ਪੁੱਜੇ ਪ੍ਰਬੋਧ ਕੁਮਾਰ
ਪਰਕਾਸ਼ ਸਿੰਘ ਬਾਦਲ ਕੋਲੋਂ ਪੁੱਛ-ਗਿੱਛ ਕਰਨ ਲਈ ਕੁੰਵਰ ਵਿਜੈ ਪ੍ਰਤਾਪ ਲਗਭਗ 2:30 ‘ਤੇ ਉਨ੍ਹਾਂ ਦੇ ਸਰਕਾਰੀ ਫਲੈਟ ‘ਤੇ ਪੁੱਜ ਗਏ ਸਨ ਪਰ ਪਰਕਾਸ਼ ਸਿੰਘ ਬਾਦਲ ਨੇ ਕੁੰਵਰ ਵਿਜੈ ਪ੍ਰਤਾਪ ਨੂੰ ਸਾਫ਼ ਕਹਿ ਦਿੱਤਾ ਕਿ ਉਨ੍ਹਾਂ ਦੀ ਪਾਰਟੀ ਨੂੰ ਇਤਰਾਜ਼ ਹੈ, ਇਸ ਲਈ ਉਹ ਜਾਂਚ ਟੀਮ ਮੁਖੀ ਪ੍ਰਬੋਧ ਕੁਮਾਰ ਨਾਲ ਗੱਲ ਕਰਵਾਉਣ। ਜਿਸ ‘ਤੇ ਪਰਕਾਸ਼ ਸਿੰਘ ਬਾਦਲ ਨੇ ਏ.ਡੀ.ਜੀ.ਪੀ. ਪ੍ਰਬੋਧ ਕੁਮਾਰ ਨੂੰ ਖ਼ੁਦ ਜਾਂਚ ਲਈ ਆਉਣ ਨੂੰ ਕਿਹਾ। ਪਰਕਾਸ਼ ਸਿੰਘ ਬਾਦਲ ਦੇ ਕਹਿਣ ਦੇ ਬਾਅਦ ਖ਼ੁਦ ਏ.ਡੀ.ਜੀ.ਪੀ. ਪ੍ਰਬੋਧ ਕੁਮਾਰ ਮੌਕੇ ‘ਤੇ ਲਗਭਗ 2:45 ‘ਤੇ ਇੱਕ ਹੋਰ ਅਧਿਕਾਰੀ ਨਾਲ ਪੁੱਜੇ ਅਤੇ ਇਸ ਤੋਂ ਬਾਅਦ ਲਗਭਗ ਪੌਣਾ ਘੰਟਾ ਪੁੱਛ-ਗਿੱਛ ਹੋਈ। ਕੀ ਅਮਰਿੰਦਰ ਸਿੰਘ ਤੋਂ ਅੰਮ੍ਰਿਤਸਰ ਰੇਲ ਹਾਦਸੇ ਲਈ ਪੁੱਛ-ਗਿੱਛ ਹੋਵੇਗੀ
ਪਰਕਾਸ਼ ਸਿੰਘ ਬਾਦਲ ਨੇ ਕਿਹਾ ਕਿ ਕਦੇ ਵੀ ਮੁੱਖ ਮੰਤਰੀ ਨੂੰ ਕਿਸੇ ਵੀ ਘਟਨਾ ਸਬੰਧੀ ਜਾਂਚ ਲਈ ਨਹੀਂ ਸੱਦਿਆ ਜਾਂਦਾ ਪਰ ਇਸ ਸਰਕਾਰ ਨੇ ਨਵਾਂ ਹੀ ਟ੍ਰੈਡ ਸ਼ੁਰੂ ਕਰ ਦਿੱਤਾ ਹੈ। ਉਨ੍ਹਾਂ ਕਿਹਾ ਕਿ ਕੀ ਅਮਰਿੰਦਰ ਸਿੰਘ ਨੂੰ ਅੰਮ੍ਰਿਤਸਰ ਰੇਲ ਹਾਦਸੇ ਲਈ ਪੁੱਛ-ਗਿੱਛ ਲਈ ਸੱਦਿਆ ਜਾਵੇਗਾ। ਅੰਮ੍ਰਿਤਸਰ ਰੇਲ ਹਾਦਸੇ ਮੌਕੇ ਅਮਰਿੰਦਰ ਸਿੰਘ ਮੁੱਖ ਮੰਤਰੀ ਹਨ ਅਤੇ ਇਸ ਹਿਸਾਬ ਨਾਲ ਤਾਂ ਉਨ੍ਹਾਂ ਤੋਂ ਵੀ ਪੁੱਛ-ਗਿੱਛ ਹੋਣੀ ਚਾਹੀਦੀ ਹੈ।
ਗਾਂਧੀ ਪਰਿਵਾਰ ਅਤੇ ਅਮਰਿੰਦਰ ਸਿੰਘ ਦੇ ਰਹੇ ਹਨ ਅੱਤਵਾਦ ਨੂੰ ਹੁਲਾਰਾ
ਪਰਕਾਸ਼ ਸਿੰਘ ਬਾਦਲ ਨੇ ਕਿਹਾ ਕਿ ਗਾਂਧੀ ਪਰਿਵਾਰ ਅਤੇ ਅਮਰਿੰਦਰ ਸਿੰਘ ਪੰਜਾਬ ਵਿੱਚ ਅੱਤਵਾਦ ਨੂੰ ਹੁਲਾਰਾ ਦੇ ਰਹੇ ਹਨ, ਜਿਸ ਕਰਕੇ ਹੀ ਇਸ ਤਰ੍ਹਾਂ ਦੀਆਂ ਕੋਝੀਆਂ ਚਾਲਾਂ ਵਿੱਚ ਉਨ੍ਹਾਂ ਨੂੰ ਫਸਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਤਾਂ ਕਿ ਬਾਦਲ ਪਰਿਵਾਰ ਪੰਜਾਬ ਤੋਂ ਦੂਰ ਹੋ ਜਾਵੇ ਅਤੇ ਉਹ ਪੰਜਾਬ ਵਿੱਚ ਮੁੜ ਤੋਂ ਅੱਤਵਾਦ ਨੂੰ ਲੈ ਕੇ ਆ ਸਕਣ। ਉਨ੍ਹਾਂ ਕਿਹਾ ਕਿ ਇਸ ਕੋਸ਼ਿਸ਼ ਨੂੰ ਕਾਮਯਾਬ ਨਹੀਂ ਹੋਣ ਦਿੱਤਾ ਜਾਵੇਗਾ।
Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।