ਪ੍ਰਮੋਦ ਧੀਰ ਜੈਤੋ
ਬੀਤੇ ਦਿਨੀਂ ਜਲੰਧਰ ਜ਼ਿਲ੍ਹੇ ਦੇ ਥਾਣਾ ਰਾਮਾ ਮੰਡੀ ਸਬ ਚੌਕੀ ਦਕੋਹਾ ਦੇ ਇਲਾਕੇ ਵਿੱਚ ਪੈਂਦੇ ਗਣੇਸ਼ ਨਗਰ ‘ਚ ਇੱਕ ਸ਼ਰਾਬੀ ਵਿਅਕਤੀ ਵੱਲੋਂ ਇੱਕ ਘਰ ਵਿਚ ਵੜ ਕੇ ਉਸ ਵੇਲੇ ਘਰ ‘ਚ ਇਕੱਲੀ ਇੱਕ ਦਸਾਂ ਸਾਲਾਂ ਦੀ ਬੱਚੀ ਨਾਲ ਕੀਤੇ ਦੁਰਾਚਾਰ ਦੀ ਘਟਨਾ ਨੇ ਸਭ ਦੇ ਹਿਰਦੇ ਵਲੂੰਧਰ ਕੇ ਰੱਖ ਦਿੱਤੇ ਜਦ ਘਰ ਵਾਲੇ ਵਾਪਸ ਪੁੱਜੇ ਤਾਂ ਉਸ ਵਿਅਕਤੀ ਨੂੰ ਆਪਣੇ ਘਰ ਦੇਖ ਤੇ ਆਪਣੀ ਬੱਚੀ ਦੀ ਹਾਲਤ ਦੇਖ ਕੇ ਜਦ ਰੌਲਾ ਪਾਇਆ ਤਾਂ ਲੋਕਾਂ ਨੇ ਘਟਨਾ ਦਾ ਪਤਾ ਲੱਗਦੇ ਹੀ ਗੁੱਸੇ ਵਿੱਚ ਆ ਕੇ ਦੁਰਾਚਾਰੀ ਨੂੰ ਕੁੱਟ ਕੁੱਟ ਕੇ ਮਾਰ ਦੇਣ ਦੀ ਖਬਰ ਪੂਰੇ ਦੇਸ਼ ਵਿੱਚ ਚਰਚਾ ਦਾ ਵਿਸ਼ਾ ਬਣੀ ਹੋਈ ਹੈ। ਇਸ ਤੋਂ ਪਹਿਲਾਂ ਵੀ ਦੇਸ਼ ਵਿੱਚ ਅਣਗਿਣਤ ਐਸੀਆਂ ਦੁਰਾਚਾਰ ਦੀਆਂ ਘਟਨਾਵਾਂ ਵਾਪਰ ਚੁੱਕੀਆਂ ਹਨ ਜੋ ਕਿ ਸਾਡੇ ਦੇਸ਼ ਲਈ ਚਿੰਤਾ ਦਾ ਵਿਸ਼ਾ ਹਨ। ਇਸ ਸਮੱਸਿਆ ਕਾਰਨ ਸਾਡੇ ਦੇਸ਼ ਵਿੱਚ ਲੋਕ ਕੁੜੀਆਂ ਦੀ ਸੁਰੱਖਿਆ ਤੋਂ ਚਿੰਤਤ ਹਨ। ਪੁਰਾਤਨ ਤੇ ਅਜੋਕੇ ਸਮੇਂ ‘ਚ ਹੁਣ ਕਾਫ਼ੀ ਫ਼ਰਕ ਪੈ ਚੁੱਕਾ ਹੈ।
ਅੱਜ ਤੋਂ ਚਾਰ-ਪੰਜ ਦਹਾਕੇ ਪਹਿਲਾਂ ਲੋਕਾਂ ਦੀ ਸੋਚ ਤੇ ਵਿਚਾਰਧਾਰਾ ਬਹੁਤ ਵਧੀਆ ਹੁੰਦੀ ਸੀ ਜੋ ਕਿ ਇਨਸਾਨੀਅਤ, ਆਪਣਾਪਣ, ਉਸਾਰੂ ਖ਼ਿਆਲਾਤ, ਰੂਹਾਂ ‘ਚ ਖਿੱਚ, ਮਨਾਂ ‘ਚ ਪਿਆਰ ਤੇ ਸਭਨਾਂ ਲਈ ਖ਼ੁਸ਼ੀ ਤੇ ਸਨੇਹ ਭਰਪੂਰ ਹੁੰਦੀ ਸੀ। ਜਿਸ ਤੋਂ ਚੰਗੀ ਪ੍ਰੇਰਣਾ ਲੈ ਕੇ ਸਮੂਹ ਸੰਸਾਰ ਵਾਸੀ ਆਪਸ ਵਿੱਚ ਇੱਕਜੁਟ ਹੋ ਕੇ ਰਹਿੰਦੇ ਸਨ। ਇੱਥੋਂ ਤੱਕ ਕਿ ਉਸ ਵੇਲੇ ਵਿਸ਼ੇਸ਼ ਤੌਰ ‘ਤੇ ਸਮਾਜ ਵੱਲੋਂ ਹਰ ਇੱਕ ਦੀ ਧੀ-ਭੈਣ ਨੂੰ ਆਪਣੀ ਧੀ-ਭੈਣ ਸਮਝਿਆ ਜਾਂਦਾ ਸੀ। ਕੋਈ ਵੀ ਇਨਸਾਨ ਕਿਸੇ ਦੀ ਧੀ-ਭੈਣ ਨੂੰ ਪਰਾਈ ਨਹੀਂ ਕਹਿੰਦਾ ਸੀ। ਉਦੋਂ ਸਮਾਜਵਾਸੀਆਂ ਦੀ ਸੋਚ ਵਧੀਆ ਹੀ ਨਹੀਂ ਸਗੋਂ ਬਹੁਤ ਵਧੀਆ ਸੀ। ਸਮਾਂ ਪੈਣ ਨਾਲ ਵਕਤ ਦੀ ਚਾਲ ਪੁਰਾਤਨ ਭਵਿੱਖ ਤੋਂ ਅਜੋਕੇ ਭਵਿੱਖ ਵਿੱਚ ਤਬਦੀਲ ਹੋ ਗਈ। ਜਿੱਥੇ ਆ ਕੇ ਸਮਾਜ ਦੀ ਸੋਚ ਬੱਚੀਆਂ ਪ੍ਰਤੀ ਵੀ ਹਵਸ ਵਾਲੀ ਵਿਚਾਰਧਾਰਾ ਵਿੱਚ ਬਦਲ ਗਈ। ਅੱਜ-ਕੱਲ੍ਹ ਗੰਦੀ ਸੋਚ ਕਾਰਨ ਬੱਚੀਆਂ ਨਾਲ ਦੁਰਾਚਾਰ ਦੀਆਂ ਘਟਨਾਵਾਂ ਵਾਪਰ ਰਹੀਆਂ ਹਨ। ਬੁਰਾਈਆਂ ਦਾ ਤਾਂ ਪਹਿਲਾਂ ਹੀ ਪੂਰੇ ਸਮਾਜ ਵਿਚ ਕੋਈ ਅੰਤ ਨਹੀਂ, ਪਰ ਨਬਾਲਗ ਬੱਚੀਆਂ ਨਾਲ ਵਧ ਰਹੇ ਇਹ ਸਨਸਨੀਖੇਜ ਮਾਮਲਿਆਂ ਨੇ ਅੱਜ ਹਰ ਨੰਨ੍ਹੀ ਛਾਂ ਦੇ ਮਾਪਿਆਂ ਨੂੰ ਅਤਿ ਫ਼ਿਕਰਮੰਦ ਕਰਕੇ ਰੱਖ ਦਿੱਤਾ ਹੈ। ਜਿਸ ਕਾਰਨ ਇਨ੍ਹਾਂ ਮਾਸੂਮ ਬਾਲੜੀਆਂ ਦੀ ਜਾਨ ਨੂੰ ਹੁਣ ਚਾਰ-ਚੁਫੇਰਿਓਂ ਖ਼ਤਰਾ ਹੀ ਖ਼ਤਰਾ ਪੈਦਾ ਹੋ ਚੁੱਕਾ ਹੈ। ਵਿਦੇਸ਼ਾਂ ਵਾਂਗ ਲੜਕੀਆਂ ਦੀ ਆਜ਼ਾਦੀ ਸਾਡੇ ਦੇਸ਼ ਵਿੱਚ ਆਉਣੀ ਹਾਲੇ ਦੂਰ ਦੀ ਗੱਲ ਜਾਪਦੀ ਹੈ।
ਹਾਲੇ ਵੀ ਕੁੜੀਆਂ ਨੂੰ ਮੁੰਡਿਆਂ ਦੇ ਬਰਾਬਰ ਦਾ ਰੁਤਬਾ ਨਹੀਂ ਮਿਲਦਾ। ਕਈ ਕੁੜੀਆਂ ਨੂੰ ਤਾਂ ਜਨਮ ਤੋਂ ਪਹਿਲਾਂ ਹੀ ਮਾਰ ਦਿੱਤਾ ਜਾਂਦਾ ਹੈ। ਹੋਰ ਤਾਂ ਕੋਈ ਚੰਗੀ ਖ਼ਬਰ ਸ਼ਾਇਦ ਹੀ ਅਖ਼ਬਾਰਾਂ ‘ਚੋਂ ਪੜ੍ਹਨ ਨੂੰ ਮਿਲੇ, ਪਰ ਮੁੱਖ ਪੰਨੇ ‘ਤੇ ਬੱਚੀਆਂ ਨਾਲ ਦੁਰਾਚਾਰ ਦੀਆਂ ਨਸ਼ਰ ਹੁੰਦੀਆਂ ਸੁਰਖੀਆਂ ਧੁਰ ਅੰਦਰ ਤੱਕ ਨੂੰ ਝੰਜੋੜ ਕੇ ਰੱਖ ਦਿੰਦੀਆਂ ਹਨ। ਇੱਕ ਪਾਸੇ ਬੱਚੀਆਂ ਦੀ ਘਟ ਰਹੀ ਗਿਣਤੀ ਤੇ ਦੂਜੇ ਪਾਸੇ ਨਬਾਲਗ ਬਾਲੜੀਆਂ ਦੇ ਦੁਰਾਚਾਰੀਆਂ ਦੀ ਇਕੱਤਰ ਹੋ ਰਹੀ ਭੀੜ ਅੱਜ ਸਾਡੇ ਮੱਥੇ ‘ਤੇ ਕਲੰਕ ਦੀ ਮੋਹਰ ਬਣ ਲੱਗ ਚੁੱਕੀ ਹੈ। ਛੋਟੀਆਂ ਬਾਲੜੀਆਂ ਨਾਲ ਹੋ ਰਹੀਆਂ ਮੰਦਭਾਗੀਆਂ ਘਟਨਾਵਾਂ ਕਾਰਨ ਹਿਰਦਾ ਵਲੂੰਧਰਿਆ ਪਿਆ ਹੈ। ਹਰ ਕਿਸੇ ਦੇ ਅੰਦਰੋਂ ਗੁੱਸੇ ਨਾਲ ਇਹੀ ਭਾਵ ਨਿੱਕਲ ਰਹੇ ਹਨ ਕਿ ਮਾਸੂਮ ਬੱਚੀਆਂ ਦੇ ਕਾਤਲੋ ਅੱਜ ਤੁਸੀਂ ਹਵਸ ਖ਼ਾਤਰ ਐਨਾ ਗਿਰ ਚੁੱਕੇ ਹੋ ਕਿ ਤੁਹਾਡਾ ਕੋਈ ਦੀਨ-ਈਮਾਨ ਹੀ ਨਹੀਂ ਹੈ! ਸਮਝ ਨਹੀਂ ਆਉਂਦੀ 4-5 ਸਾਲ ਦੀ ਬੱਚੀ ਨਾਲ ਏਦਾਂ ਦੀ ਘਿਨੌਣੀ ਹਰਕਤ ਕਰਨ ਵਾਲੇ ਇਹ ਦੈਂਤ ਕਿਸ ਜਨਮ ਭੂਮੀ ਦੇ ਵਸਨੀਕ ਨੇ? ਬੱਚੀਆਂ ਲਈ ਮਾੜੀ ਸੋਚ ਰੱਖਣ ਵਾਲੇ ਇਨ੍ਹਾਂ ਰਾਵਣਾਂ ਨੂੰ ਸਰਕਾਰਾਂ ਕਿਉਂ ਨਹੀਂ ਨੱਥ ਪਾਉਂਦੀਆਂ? ਕਿਤੇ ਨਾ ਕਿਤੇ ਕੋਈ ਨਾ ਕੋਈ ਗੜਬੜ ਜ਼ਰੂਰ ਹੈ। ਮਾਸੂਮੀਅਤ ਦੀਆਂ ਮੂਰਤਾਂ ਨੂੰ ਅੱਜ ਭੈੜੀਆਂ ਨਜ਼ਰਾਂ ਨਾਲ ਕਿਉਂ ਤੱਕਿਆ ਜਾ ਰਿਹਾ?
ਕਿੰਨੀ ਸ਼ਰਮ ਦੀ ਗੱਲ ਹੈ ਕਿ ਨਬਾਲਗ ਬੱਚੀਆਂ ਨਾਲ ਦੁਰਾਚਾਰ ਕਰਨ ਵਾਲੇ ਨੂੰਹਾਂ, ਪੁੱਤਰਾਂ, ਪੋਤੇ, ਦੋਹਤਿਆਂ ਵਾਲੇ ਹੁੰਦੇ ਹਨ। ਜਦੋਂ ਏਢੀ ਵੱਡੀ ਉਮਰ ਦਾ ਵਿਅਕਤੀ ਇੱਕ ਨਬਾਲਗ ਬੱਚੀ ਬਾਰੇ ਗੰਦੀ ਸੋਚ ਪਾਲਦਾ ਹੈ, ਕੀ ਉਹ ਸ਼ੈਤਾਨ ਤੋਂ ਘੱਟ ਹੈ? ਨਹੀਂ, ਇਹ ਤਾਂ ਬਹੁਤ ਹੀ ਘਟੀਆ ਕਿਸਮ ਦਾ ਸ਼ੈਤਾਨ ਹੈ। ਬੱਚੀਆਂ ਨੇ ਸਕੂਲ, ਕਾਲਜ ਆਦਿ ਪੜ੍ਹਨ ਵੀ ਜਾਣਾ ਹੁੰਦਾ ਹੈ। ਗਲੀ-ਗੁਆਂਢ ਦੇ ਬੱਚਿਆਂ ਨਾਲ ਖੇਡਣਾ ਵੀ ਹੁੰਦਾ ਹੈ। ਕਈ ਵਾਰ ਬੱਚੀਆਂ ਖੇਡਦੀਆਂ-ਖੇਡਦੀਆਂ ਕਿਤੇ ਘਰ ਤੋਂ ਥੋੜ੍ਹੀ ਦੂਰ ਚਲੀਆਂ ਜਾਂਦੀਆਂ ਹਨ। ਹੁਣ ਇੱਥੇ ਖੇਡਦੇ ਨੇ ਤੇ 10 ਮਿੰਟਾਂ ਨੂੰ ਉੱਥੇ। ਸਭ ਤੋਂ ਵੱਡੀ ਗੱਲ ਤਾਂ ਇਹ ਹੈ ਕਿ ਸਮਾਜ ਬੱਚੀਆਂ ਪ੍ਰਤੀ ਚੰਗੀ ਸੋਚ ਉਜਾਗਰ ਕਰੇ। ਜੋ ਦਰਿੰਦੇ ਅਜਿਹਾ ਅਪਰਾਧ ਕਰਦੇ ਨੇ, ਸਰਕਾਰਾਂ ਉਨ੍ਹਾਂ ਨੂੰ ਫਾਂਸੀ ਵਰਗੀ ਸਖ਼ਤ ਸਜਾ ਦੇਣ ਅਤੇ ਅੱਗੇ ਤੋਂ ਬੱਚੀਆਂ ਨਾਲ ਛੇੜ-ਛਾੜ ਕਰਨ ਵਾਲੇ ਨੂੰ ਤੇ ਜ਼ੁਲਮ ਕਰਨ ਵਾਲੇ ਨੂੰ ਪੱਕੇ ਤੌਰ ‘ਤੇ ਫਾਂਸੀ ਵਰਗੀ ਸਖਤ ਸਜ਼ਾ ਤੈਅ ਕਰਨ। ਇਹਨਾਂ ਘਟਨਾਵਾਂ ਕਾਰਨ ਲਕੋ ਕੁੜੀਆਂ ਜੰਮਣ ਤੋਂ ਡਰਦੇ ਹਨ ਜਿਸ ਕਾਰਨ ਸਾਡੇ ਬਹੁਤੇ ਸੂਬਿਆਂ ਵਿੱਚ ਲੜਕੀਆਂ ਦੀ ਗਿਣਤੀ ਲੜਕਿਆਂ ਦੇ ਮੁਕਾਬਲੇ ਬਹੁਤ ਘਟਦੀ ਜਾ ਰਹੀ ਹੈ। ਜਿਸ ਦੇ ਨਤੀਜੇ ਬਹੁਤ ਹੀ ਚਿੰਤਾਜਨਕ ਸਾਹਮਣੇ ਆ ਰਹੇ ਹਨ। ਸਮੇਂ ਦੀਆਂ ਸਰਕਾਰਾਂ ਨਬਾਲਿਗ ਬੱਚੀਆਂ ਨਾਲ ਹੋਰ ਰਹੀਆਂ ਇਸ ਤਰ੍ਹਾਂ ਦੀਆਂ ਗੰਦੀਆਂ ਘਟਨਾਵਾਂ ਪ੍ਰਤੀ ਆਪਣੀ ਚੌਕਸੀ ਹੋਰ ਵਧਾਉਣ ਤਾਂ ਕਿ ਬੱਚੀਆਂ ਨੂੰ ਖੁੱਲ੍ਹ ਕੇ ਜੀਣ ਦਾ ਮੌਕਾ ਮਿਲ ਸਕੇ ਤੇ ਉਨ੍ਹਾਂ ਦਾ ਆਉਣ ਵਾਲਾ ਸਮਾਂ ਸੁਰੱਖਿਅਤ ਹੋ ਸਕੇ। ਸਮਾਜ ਵਾਸੀਆਂ ਨੂੰ ਵੀ ਅਪੀਲ ਹੈ ਕਿ ਅਸੀਂ ਬੱਚੀਆਂ ਦੀ ਹਿਫ਼ਾਜ਼ਤ ਕਰਕੇ ਆਪਣਾ ਵਧੀਆ ਕਿਰਦਾਰ ਅਦਾ ਕਰੀਏ ਤਾਂ ਕਿ ਇਹ ਸਾਡੀਆਂ ਧੀਆਂ-ਭੈਣਾਂ ਬੇਫਿਕਰ ਹੋ ਕੇ ਆਪਣੀ ਜਿੰਦਗੀ ਦਾ ਅਨੰਦ ਮਾਣ ਸਕਣ ਅਤੇ ਮਾਪੇ ਕੁੜੀਆਂ ਨੂੰ ਜਨਮ ਦੇਣ ਤੋਂ ਨਾ ਝਿਜਕਣ। ਅਸੀਂ ਇਸ ਤਰ੍ਹਾਂ ਦਾ ਸਮਾਜ ਤੇ ਆਪਣੀ ਸੋਚ ਸਿਰਜੀਏ ਕਿ ਸਾਡੀਆਂ ਸਭ ਦੀਆਂ ਧੀਆਂ-ਭੈਣਾਂ ਸੰਸਾਰ ਵਿੱਚ ਹਰ ਖੇਤਰ ਵਿੱਚ ਤਰੱਕੀ ਕਰਨ ਤੇ ਆਪਣੇ-ਆਪ ਨੂੰ ਕਲਪਨਾ ਚਾਵਲਾ, ਸੁਨੀਤਾ ਵਿਲੀਅਮ, ਸਰੋਜਨੀ ਨਾਇਡੂ, ਲਕਸ਼ਮੀ ਬਾਈ, ਝਾਂਸੀ ਦੀ ਰਾਣੀ ਆਦਿ ਵਾਂਗ ਤਰੱਕੀ ਕਰਕੇ ਆਪਣਾ ਤੇ ਦੇਸ਼ ਦਾ ਨਾਂਅ ਰੌਸ਼ਨ ਕਰ ਸਕਣ। ‘ਬੇਟੀ ਬਚਾਓ ਬੇਟੀ ਪੜ੍ਹਾਓ’ ਜਿਹੀ ਮੁਹਿੰਮ ਨੂੰ ਹੋਰ ਬੁਲੰਦ ਕਰਕੇ ਚੰਗੇ ਸਮਾਜ ਦੀ ਸਿਰਜਣਾ ਕਰੀਏ ਤੇ ਦੁਰਾਚਾਰ ਜਿਹੀਆਂ ਹਰਕਤਾਂ ਕਰਨ ਵਾਲੇ ਦੋਸ਼ੀਆਂ ਨੂੰ ਸਖਤ ਤੋਂ ਸਖਤ ਸਜਾ ਦਵਾਈਏ।
ਕੰਪਿਊਟਰ ਅਧਿਆਪਕ,
ਸਰਕਾਰੀ ਹਾਈ ਸਕੂਲ ਢੈਪਈ
(ਫਰੀਦਕੋਟ)
Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।